
ਪਰੀਤ ਖੁਰਮੀ
ਮਹਿਫ਼ਲ ਦੇ ਵਿੱਚ ਗੱਲ ਤੁਰ ਪਈ,
ਗੱਲ ਤੁਰ ਪਈ ਪਿਆਰਾਂ ਦੀ
ਦਿਲ ਵਿੱਚ ਵੱਸਦੇ ਗੱਭਰੂਆਂ ਦੀ ਤੇ
ਰੂਹ ‘ਚ ਵੱਸਦੀਆਂ ਨਾਰਾਂ ਦੀ
ਕੋਈ ਲਾਈ ਜਾਵੇ ਠਹਾਕੇ
ਕਈ ਅਸ਼ਕ ਵਹਾਈ ਜਾਂਦੇ ਸੀ
ਆਪੋ ਆਪਣੇ ਇਸ਼ਕਾਂ ਦੇ
ਕਿੱਸੇ ਸੁਣਾਈ ਜਾਂਦੇ ਸੀ !!
ਮੈਨੂੰ ਵੀ ਫਿਰ ਸੁਣ ਸੁਣਾਕੇ
ਚੇਤਾ ਉਸਦਾ ਆਗਿਆ ਸੀ
ਪਹਿਲੀ ਨਜ਼ਰੇ ਹੀ ਜੋ ਮੇਰੇ
ਦਿਲ ਨੂੰ ਬੜਾ ਹੀ ਭਾਅ ਗਿਆ ਸੀ
ਮੇਰੀ ਵੀ ਰੂਹ ਮਹਿਕਣ ਲੱਗੀ
ਚੇਤੇ ਕਰਕੇ ਦਿਲਭਰ ਨੂੰ
ਦੁਨੀਆਂ ਸਾਰੀ ਬਦਲ ਗਈ
ਜਿਵੇਂ ਅੱਖ ਝਪਕਦੇ ਪਲ-ਭਰ ਨੂੰ !!
ਮੁੱਖ ਮੇਰੇ ਦੀ ਰੌਣਕ ਵੱਧ ਗਈ
ਰੰਗ ਗੁਲਾਬੀ ਹੋ ਗਿਆ
ਭੱਜ-ਭੱਜ ਨਾਂਮ ਲਬਾਂ ਤੇ ਆਵੇ
ਅੰਗ-ਅੰਗ ਸ਼ਰਾਬੀ ਹੋ ਗਿਆ
ਆਖਣ ਲੱਗੇ ਹੁਣ ਨਾਂਮ ਦਸੋ ਜੀ
ਤੁਹਾਡੇ ਦਿਲ ਦੇ ਜਾਨੀਂ ਦਾ
ਪੰਨਾ ਹੀ ਕੋਈ ਫੋਲ ਦਿਉ ਜੀ
ਆਪਣੀ ਪ੍ੇਮ ਕਹਾਣੀਂ ਦਾ !!
ਨਾ ਜਾਣੇ ਫਿਰ ਕੀ ਹੋਇਆ ਕਿ
ਮੈਨੂੰ ਕੀ ਔੜ ਗਈ
ਮਹਿਫ਼ਲ ਦੇ ਵਿੱਚ ਬੈਠੀ ਮੈਂ
ਗੱਲ ਹੋਰ ਹੀ ਪਾਸੇ ਤੋਰ ਗਈ
ਮੈਂ ਆਖਾਂ, ਜੀ ਗੱਲ ਹੀ ਛੱਡੋ ਐਸੇ
ਇਸ਼ਕ ਪਿਆਰਾਂ ਦੀ
ਮੁੱਦਾ ਹੀ ਜੇ ਲੱਭਣਾ ਹੈ ਤਾਂ
ਗੱਲ ਕਰੋ ਸਰਕਾਰਾਂ ਦੀ !!
ਸੁਣਕੇ ਗੱਲ ਇਹ ਅਣਚਾਹੀ
ਸਾਰੇ ਹੀ ਕਰ ਚੁੱਪ ਗਏ
ਜਿੱਦਾਂ ਸਭਦੇ ਹਾਸੇ ਖੋਹ ਲਏ
ਸੁੰਘ ਸਭ ਨੂੰ ਸੱਪ ਗਏ
ਪਤਾ ਨਹੀਂ ਫਿਰ ਕੀ-ਕੀ ਹੋਇਆ
ਸਾਰੇ ਬਾਗ਼ੀ ਹੋ ਗਏ
ਇਸ਼ਕ ਦੇ ਤੂਤਾਂ ਵਾਲੇ ਖੂਹ ਤੋਂ
ਪਾਰਲੀਮੈਂਟ ਵੱਲ ਹੋ ਗਏ !!
ਆਪਾਂ ਵੀ ਅੱਖ ਜਿਹੀ ਬਚਾਕੇ
ਵੱਲ ਘਰਾਂ ਦੇ ਮੁੜ ਪਏ
ਤੇਰਾ ਜ਼ਿਕਰ ਵੀ ਕਰ ਹੀ ਆਏ
ਬਿਨਾਂ ਕਿਸੇ ਨੂੰ ਕੁਝ ਕਹੇ
ਤੇਰੇ ਇਸ਼ਕ ਦੀ ਲੋਰ ‘ਚ ਚੰਨਾ
ਵਕਤ ਕਿਵੇਂ ਅੱਜ ਗਿਆ ਬੀਤ
ਦਿਲ ਵੀ ਖੁਸ਼ ਸੀ ਮੈਂ ਵੀ ਖੁਸ਼ ਸੀ
ਚੇਤੇ ਕਰਕੇ ਮਨ ਦਾ ਮੀਤ
…….!!!!!