ਹਰਪ੍ਰੀਤ ਸਿੰਘ ਲਲਤੋਂ
ਕਰਨੇ ਲਈ ਕਿਨਾਰਾ ,ਨਿੱਤ ਨਵੇਂ ਬਹਾਨੇ ਬਣਾਉਣ ਲੱਗੇ,
ਉਂਗਲੀ ਫੜਕੇ ਤੁਰਦੇ ਸੀ ਜੋ, ਹੁਣ ਉੰਗਲ ਛਡਾਉਣ ਲੱਗੇ।
ਕੈਸੀਆਂ ਵਗਣ ਹਵਾਵਾਂ, ਅੱਜ ਦੁਨੀਆਂ ਦੇ ਹਾਲ ਦੇਖ ਲਉ,
ਇੱਕ ਮਾਂ ਇਕੱਲੀ, ਤਿੰਨ ਤਿੰਨ ਪੁੱਤ ਲੈਂਦੀ ਪਾਲ ਦੇਖ ਲਉ,
ਤਿੰਨ ਪੁੱਤ ਰਲਕੇ,ਇੱਕ ਮਾਂ ਨੀ ਸਕਦੇ, ਸੰਭਾਲ਼ ਦੇਖ ਲਉ।
ਪਿੱਠ ਘੁਮਾ ਔਲਾਦ ਤੋਂ ਸੁੱਤੀ, ਦੁਨੀਆਂ ਤੇ ਕੋਈ ਮਾਂ ਨੀ ਹੋਣੀ,
ਬਣੀ ਨਾ ਹੋਵੇ ਸਰਾਣਾ ਬੱਚੇ ਦਾ, ਕੋਈ ਮਾਂ ਦੀ ਐਸੀ ਬਾਂਹ ਨੀ ਹੋਣੀ,
ਲੱਖਾਂ ਹੋਣਗੇ ਛਾਂ ਦਾਰ ਬੂਟੇ, ਪਰ ਮਾਂ ਦੇ ਆਂਚਲ ਜਿਹੀ ਕਿਤੇ ਛਾਂ ਨੀ ਹੋਣੀ,
ਕੋਈ ਏਸ ਸੱਚ ਨੂੰ ਸਕਦਾ ਨੀ, ਟਾਲ ਦੇਖ ਲਉ।
ਤਿੰਨ ਪੁੱਤ ਰਲਕੇ…….।
ਮਾਂ ਦੀ ਮੰਜੀ ਡਾਹੁਣ ਲਈ, ਅੱਜ ਬਹੁਤੇ ਘਰਾਂ ਵਿੱਚ ਜਗਾ ਨਹੀਂ,
ਪੁੱਤ ਕਪੁੱਤ ਬਣ ਜਾਂਦੇ ਨੇ ਅੱਜ ਦੇ,ਕੋਈ ਹੋਰ ਵੀ ਬਣਦਾ ਸਗਾ ਨਹੀ।
ਬੜਾ ਲੱਭਿਆ ਅੰਤ ਥੱਕਿਆ, ਪੁੱਤ ਸਰਵਣ ਵਰਗਾ ਕਿਤੋਂ ਵੀ ਲੱਭਾ ਨੀ।
ਕੈਸਾ ਚੱਲ ਪਿਆ ਅੱਜ, ਕਾਲ ਵੇਖ ਲਉ,
ਤਿੰਨ ਪੁੱਤ ਰਲਕੇ ….।
ਅੱਜ ਕਾਲੇ ਨੇ ਭਲਕ ਨੂੰ ਤੇਰੇ ਵੀ ਤੇ, ਵਾਲ ਹੋ ਜਾਣੇ ਨੇ ਚਿੱਟੇ,
ਸਾਥ ਸਾਹਾਂ ਤੋਂ ਕਿਤੇ ਪਹਿਲਾਂ ਹੀ ਤੇਰਾ, ਛੱਡਣਗੇ ਗੋਡੇ ਗਿੱਟੇ,
ਕੀਤੇ ਹੋਏ ਕਰਮਾਂ ਦੇ ਸਭਨੂੰ ਏਥੇ ਹੀ , ਪੈਣੇ ਨੇ ਭੁਗਤਣੇ ਸਿੱਟੇ।
ਅੰਤ ਵੇਲੇ ਹੋਣੇ ,ਫਿਰ ਮਲਾਲ ਦੇਖ ਲਉ,
ਤਿੰਨ ਪੁੱਤ ਰਲਕੇ…..।
ਮਾਂ ਤੇ ਨਾ ਕੋਈ ਹੱਕ ਜਤਾਵੇ, ਮੰਗਦੇ ਹਿੱਸਾ ਜਾਇਦਾਦ ਵਿੱਚੋਂ,
ਲੋਰੀ ਇੱਕ ਵੀ ਰਹੇ ਨਾ ਚੇਤੇ, ਬਚਪਨ ਸੁਣੀਆਂ ਲੋਰੀਆਂ ਵਿੱਚੋ
ਨਾਲ ਵਕਤ ਦੇ ਮਾਂ ਨਾ ਬਦਲੇ, ਬਦਲੇ ਔਲਾਦ ਆ ਕੇ ਪਿੱਛੋਂ ।
ਮਾਂ ਦੀ ਚੁੰਨੀ ਬਣਦੀ ਰਹੀ, ਸਦਾ ਢਾਲ ਦੇਖ ਲਉ,
ਤਿੰਨ ਪੁੱਤ ਰਲਕੇ……..।
ਫੁੱਲਾਂ ਦੀ ਮਨਾ ਆਸ ਨਾ ਰੱਖੀ, ਬੀਜ ਬੋਅ ਕੇ ਭੱਖੜੇ ਦਾ,
ਉਹ ਸਦਾ ਤੇਰਾਂ ਤੇਰਾਂ ਤੋਲ਼ੇ , ਪੱਖ ਪੂਰੇ ਨਾ ਕਦੇ ਤੱਕੜੇ ਦਾ,
ਮਿੱਟੀ ਦੇ ਤੁਲ ਮੁੱਲ ਪੈਂਦਾ ,ਸ਼ਹਰ ਇੱਕ ਕਲਬੂਤ ਅਕੜੇ ਦਾ।
ਲਲਤੋਂ ਤੁਰੀ ਜਾਂਦੇ ਲੋਕੀ, ਨਾਲ਼ੋਂ ਨਾਲ ਦੇਖ ਲਉ।
ਤਿੰਨ ਪੁੱਤ ਰਲਕੇ ……..।