ਰਜਨੀ ਵਾਲੀਆ, ਕਪੂਰਥਲਾ
ਮੈਂ ਤੇਰੇ ਮੱਥੇ ਉੱਤੇ ਵਗੀ ਹੋਈ ਲਕੀਰ ਸੱਜਣਾਂ,
ਮੈਂ ਤੈਨੂੰ ਕਰ ਦਿੱਤਾ ਵੇਖ ਲੈ ਫਕੀਰ ਸੱਜਣਾਂ,
ਮੈਂ ਤੇਰੇ ਮੱਥੇ ਉੱਤੇ ਵਗੀ ਹੋਈ ਲਕੀਰ ਸੱਜਣਾਂ |
ਤੇਰੇ ਇਸ਼ਕ ਨੇ ਝੱਲੀ ਵੇ ਮੈਂ ਕਰ ਦਿੱਤੀ ਸਾਰੀ,
ਲਾਉਣ ਲੱਗੀ ਨੇ ਨਾਂ ਮੈਂ ਕੋਈ ਗੱਲ ਵੇ ਵਿਚਾਰੀ,
ਤੂੰ ਰਾਝਾਂ ਤੇ ਮੈਂ ਸੁਣ ਤੇਰੀ ਹੀਰ ਸੱਜਣਾਂ |
ਮੈਂ ਤੇਰੇ ਮੱਥੇ ਉੱਤੇ ਵਗੀ ਹੋਈ ਲਕੀਰ ਸੱਜਣਾਂ
ਤੇਰੇ ਕਾਸੇ ਵਿੱਚ ਹੰਝੂ ਹੌਕੇ ਚੀਸਾਂ ਤੇ ਹਾਵਾਂ,
ਵੇ ਮੈਂ ਪੁੱਛਣ ਨੂੰ ਕੀਹਦੇ ਕੋਲ ਕਦੋਂ-ਕਦੋਂ ਜਾਵਾਂ,
ਮੈਂ ਨੈਣਾਂ ਚੋਂ ਵਗਦਾ ਹਾਏ ਨੀਰ ਸੱਜਣਾਂ |
ਮੈਂ ਤੇਰੇ ਮੱਥੇ ਉੱਤੇ ਵਗੀ ਹੋਈ ਲਕੀਰ ਸੱਜਣਾਂ
ਵੇ ਮੈਂ ਚੰਦਰੀ ਲੁਕਾਈ ਨੂੰ ਦੱਸਦੇ ਕੀ ਜਾਣਾਂ,
ਮੈਂ ਤੇਰੀ ਹੀ ਹੋ ਲਵਾਂ ਦੀਦਾਰ ਤੇਰਾ ਮਾਣਾਂ,
ਤੂੰ ਜਗੀਰਦਾਰ ਮੈਂ ਤੇਰੀ ਜਗੀਰ ਸੱਜਣਾਂ |
ਮੈਂ ਤੇਰੇ ਮੱਥੇ ਉੱਤੇ ਵਗੀ ਹੋਈ ਲਕੀਰ ਸੱਜਣਾਂ
ਵੇ ਤੂੰ ਸੌਣ ਦਾ ਸ਼ਰਾਟਾ ਤੇ ਮੈਂ ਹੁੰਦੀ ਕਿਣ-ਮਿਣ,
ਮੈਨੂੰ ਦੱਸਿਆ ਤਾਂ ਹੁੰਦਾ ਰਾਹ ਰੱਖੇ ਮਿਣ-ਮਿਣ,
ਵੇ ਮੈਂ ਸੌਣ ਵਿੱਚ ਪੂੜਿਅਾਂ ਨਾ ਖੀਰ ਸੱਜਣਾਂ |
ਮੈਂ ਤੇਰੇ ਮੱਥੇ ਉੱਤੇ ਵਗੀ ਹੋਈ ਲਕੀਰ ਸੱਜਣਾਂ
ਮੈਂ ਤੇਰੇ ਦਿਲ ਵਿੱਚੋਂ ਉੱਠੀ ਹੋਈ ਹੂਕ ਵਰਗੀ,
ਵੇ ਮੈਂ ਇੱਛਾਧਾਰੀ ਨਾਗਣ ਦੀ ਛੂਕ ਵਰਗੀ,
ਰਜਨੀ ਤਾਂ ਹੋਈ ਰਹੇ ਲੀਰੋ-ਲੀਰ ਸੱਜਣਾਂ |
ਮੈਂ ਤੇਰੇ ਮੱਥੇ ਉੱਤੇ ਵਗੀ ਹੋਈ ਲਕੀਰ ਸੱਜਣਾਂ