11.3 C
United Kingdom
Sunday, May 19, 2024

More

    ਸ਼ਰਨਾਰਥੀਆਂ ਦੀ ਰਿਹਾਈ ਲਈ ਬ੍ਰਿਸਬੇਨ ‘ਚ ਜੋਰਦਾਰ ਪ੍ਰਦਰਸ਼ਨ

    ਨਿਰਦੇਸ਼ਾਂ ਦੀ ਉਲੰਘਣਾ ਤਹਿਤ ਛੇ ਗ੍ਰਿਫਤਾਰ ਅਤੇ 12 ਦੋਸ਼ ਦਾਇਰ
    45 ਪਨਾਹਗੀਰਾਂ ਦੇ ਸ਼ਰਨਾਰਥੀ ਦਾਅਵਿਆਂ ਨੂੰ ਵਿਭਾਗ ਵੱਲੋਂ ਨਕਾਰਿਆ
    (ਹਰਜੀਤ ਲਸਾੜਾ, ਬ੍ਰਿਸਬੇਨ 16 ਅਗਸਤ)

    ਇੱਥੇ ਸੂਬਾ ਕੁਈਨਜ਼ਲੈਂਡ ਦੇ ਸ਼ਹਿਰ ਬ੍ਰਿਸਬੇਨ ਵਿਖੇ ਪੁਲਿਸ ਦੀ ਭਾਰੀ ਹਾਜ਼ਰੀ ਵਿਚ ਪ੍ਰਦਰਸ਼ਨਕਾਰੀਆਂ ਨੇ ਇਲਾਕਾ ਕੈਂਗਰੂ ਪੁਆਇੰਟ ਸੈਂਟਰਲ ਹੋਟਲ ਅਤੇ ਅਪਾਰਟਮੈਂਟਾਂ ਦੇ ਬਾਹਰ ਸ਼ਰਨਾਰਥੀਆਂ ਅਤੇ ਪਨਾਹ ਮੰਗਣ ਵਾਲਿਆਂ ਦੀ ਚੱਲ ਰਹੀ ਨਜ਼ਰਬੰਦੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਹੈ। ਕੁਈਨਜ਼ਲੈਂਡ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਵਿਰੋਧ ਪ੍ਰਦਰਸ਼ਨ ਦੌਰਾਨ ਜਨਤਕ ਪਰੇਸ਼ਾਨੀ ਅਤੇ ਪੁਲਿਸ ਦੇ ਨਿਰਦੇਸ਼ਾਂ ਦੀ ਉਲੰਘਣਾ ਤਹਿਤ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਹਨਾਂ ਨੂੰ ਕੋਰਟ ਵਿੱਚ 12 ਦੋਸ਼ਾਂ ਦਾ ਸਾਹਮਣਾ ਕਰਨਗੇ। ਗੌਰਤਲਬ ਹੈ ਕਿ ਸੁਪਰੀਮ ਕੋਰਟ ਨੇ ਇਸ ਹਫਤੇ ਸਟੋਰੀ ਬ੍ਰਿਜ ਉੱਤੇ ਬੈਠਕ ‘ਤੇ ਸਮੂਹ ਨੂੰ ਪਾਬੰਦੀ ਲਗਾ ਦਿੱਤੀ ਸੀ। ਪਰ ਪ੍ਰਬੰਧਕਾਂ ਨੇ ਦੁਪਹਿਰ ਦੀ ਰੈਲੀ ਨੂੰ ਕੈਂਗਰੂ ਪੁਆਇੰਟ ਦੇ ਨੇੜਲੇ ਰੇਮੰਡ ਪਾਰਕ ‘ਚ ਭੇਜ ਦਿੱਤਾ ਸੀ। ਤਕਰੀਬਨ 3,000 ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਕਿਹਾ ਸੀ ਕਿ ਉਹ ਇਸ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਬਣਨਗੇ ਪਰ ਭਾਰੀ ਬਾਰਸ਼ ਦੇ ਚੱਲਦਿਆਂ ਲਗਭਗ 200 ਪ੍ਰਦਰਸ਼ਨਕਾਰੀਆਂ ਨੇ ਸਰਕਾਰ ਤੋਂ ਇਹਨਾਂ ਸ਼ਰਨਾਰਥੀਆਂ ਦੀ ਜਲਦ ਆਜ਼ਾਦੀ ਦੀ ਜ਼ੋਰਦਾਰ ਮੰਗ ਨੂੰ ਦੁਹਰਾਇਆ। ਪ੍ਰਦਰਸ਼ਨਕਾਰੀਆਂ ਦੇ ਸਮੂਹ ਦੇ ਇਕ ਬੁਲਾਰੇ (ਰੌਬੀ) ਨੇ ਕਿਹਾ ਕਿ ਇੱਥੇ ਬਹੁਤੇ ਲੋਕ ਨਹੀਂ ਸਨ ਅਤੇ ਕੋਈ ਹੁੱਲੜਬਾਜ਼ੀ ਵੀ ਨਹੀਂ ਹੋਈ। ਪਰ ਪੁਲਿਸ ਦੀ ਉੱਚ ਮੌਜੂਦਗੀ ਡਰਾਉਣੀ ਸੀ। ਉੱਧਰ ਹੋਟਲ ਵਿਚ ਨਜ਼ਰਬੰਦ ਇਕ ਵਿਅਕਤੀ ਨੇ ਫੋਨ ਜਰੀਏ ਮੀਡੀਆ ਨਾਲ ਰਾਬਤੇ ‘ਚ ਸਮੂਹ ਪ੍ਰਦਰਸ਼ਨਕਾਰੀਆਂ ਦਾ ਵਿਅਕਤੀਗਤ ਤੌਰ ਤੇ ਧੰਨਵਾਦ ਕੀਤਾ।
    ਉਸਨੇ ਹੋਰ ਕਿਹਾ ਕਿ ਹਰ ਕਿਸੇ ਵਾਂਗ ਉਹ ਵੀ ਇੰਨਸਾਨ ਹਨ। ਸਾਨੂੰ ਤੁਹਾਡੀ ਮਦਦ ਦੀ ਲੋੜ ਹੈ ਅਤੇ ਇਹ ਕੋਈ ਸੌਖਾ ਯੁੱਧ ਨਹੀਂ ਹੈ। ਦੱਸਣਯੋਗ ਹੈ ਕਿ ਆਸਟ੍ਰੇਲੀਆ ‘ਚ ਇਹਨਾਂ ਸ਼ਰਨਾਰਥੀਆਂ ਨੂੰ ਮੈਡੀਵਾਕ ਕਾਨੂੰਨਾਂ ਤਹਿਤ ਆਫਸ਼ੋਰ ਹਿਰਾਸਤ ਕੇਂਦਰਾਂ ਤੋਂ ਇੱਥੇ ਲਿਆਂਦਾ ਗਿਆ ਸੀ ਅਤੇ ਪ੍ਰਦਰਸ਼ਨਕਾਰੀ ਲੰਬੇ ਸਮੇਂ ਤੋਂ ਇਹਨਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੂਜ ਦਾ ਕਹਿਣਾ ਹੈ ਕਿ ਵਿਭਾਗ ਨੇ 45 ਵਿਅਕਤੀਆਂ ਦੇ ਸ਼ਰਨਾਰਥੀ ਦਾਅਵਿਆਂ ਨੂੰ ਨਕਾਰਦਿਆਂ ਉਹਨਾਂ ਨੂੰ ਸੁਰੱਖਿਅਤ ਆਪਣੇ ਦੇਸ਼ ਵਾਪਸ ਜਾਣ ਦੇ ਹੁਕਮ ਸੁਣਾਏ ਹਨ। ਇਸ ਸਮੇਂ ਹੋਟਲ ਦੇ ਬਾਹਰ 24/7 ਨਾਕਾਬੰਦੀ ਕੀਤੀ ਗਈ ਹੈ ਅਤੇ ਸ਼ਰਨਾਰਥੀਆਂ ਨੂੰ ਹੋਟਲ ਤੋਂ ਬਾਹਰ ਜਾਣ ਉੱਪਰ ਸਖ਼ਤੀ ਹੈ।

    PUNJ DARYA

    Leave a Reply

    Latest Posts

    error: Content is protected !!