15.2 C
United Kingdom
Wednesday, May 8, 2024

More

    ਨਾਵਲ- ‘ਬੋਦੀ ਵਾਲ਼ਾ ਤਾਰਾ ਚੜ੍ਹਿਆ’ (15) ਆਖ਼ਰੀ ਕਾਂਡ

    ਕਾਂਡ 15
    (ਆਖਰੀ ਕਾਂਡ)

    ਓਧਰ ਜੰਗੀਰੋ ਨੂੰ ਵੀ ਉੱਕਾ ਹੀ ਚੈਨ ਨਹੀਂ ਆ ਰਹੀ ਸੀ।
    ਚਾਚੇ ਦੇ ਕਹਿਣ-ਸਮਝਾਉਣ ‘ਤੇ ਉਹ ਤੁਰ ਤਾਂ ਆਈ ਸੀ। ਪਰ ਹੁਣ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਕਿ ਨੇਕੇ ਤੋਂ “ਸਦਕੇ ਜਾਣ” ਵਾਲ਼ੀ ਜੰਗੀਰੋ ਉਸ ਨੂੰ ਇੱਕ ਦਮ “ਛੱਡ ਕੇ” ਕਿਵੇਂ ਤੁਰ ਆਈ ਸੀ…? ਉਸ ਦੇ ਦਿਮਾਗ ‘ਤੇ ਪਰਦਾ ਪੈ ਗਿਆ ਸੀ। ਉਸ ਨੇ ਤਾਂ ਨੇਕੇ ਨਾਲ਼ ਜਨਮ-ਜਨਮ ਇਕੱਠੇ ਰਹਿਣ ਦਾ ਪ੍ਰਣ, ਵਾਅਦੇ ਅਤੇ ਦਾਅਵੇ ਕੀਤੇ ਸਨ, ਫ਼ਿਰ ਚਾਚੇ ਦੇ ਕਹਿਣ ‘ਤੇ ਉਹ ਆਪਣੇ ਮਹਿਰਮ ਦਿਲਾਂ ਦੇ ਮਾਹੀ ਨੂੰ ਛੱਡ ਕੇ ਕਿਵੇਂ ਆ ਗਈ ਸੀ…? ਪ੍ਰਣ, ਦਾਅਵੇ ਅਤੇ ਵਾਅਦੇ ਕਰ ਕੇ ਦਗ਼ਾ ਦੇਣਾ ਤਾਂ ਆਸ਼ਕਾਂ ਨੂੰ ਮਿਹਣੈਂ, ਜੰਗੀਰੋ…! ਦਰਗਾਹ ਤਾਂ ਕੀ, ਤੈਨੂੰ ਕਿਸੇ ਜਨਮ ਵਿਚ ਵੀ ਢੋਈ ਨੀ ਮਿਲਣੀ…! ਸੋਚ ਕੇ ਉਸ ਦਾ ਹਿਰਦਾ ਡੋਲ ਗਿਆ। …ਤੈਨੂੰ ਤਾਂ ਰੱਬ ਵੀ ਮੁਆਫ਼ ਨਹੀਂ ਕਰੂਗਾ, ਜੰਗੀਰੋ…! ਤੈਨੂੰ ਨੇਕੇ ਨੇ ਆਪਣੀ ਜਿੰਦ-ਜਾਨ ਤੋਂ ਵੱਧ ਮੁਹੱਬਤ ਕੀਤੀ…! ਤੇਰੇ ਸਾਹ ਵਿਚ ਸਾਹ ਲਿਆ…! ਸਾਰੀ ਦੁਨੀਆਂ ਤੋਂ ਅੱਗੇ ਰੱਖਿਆ…! ਜਿੱਥੇ ਲੋੜ ਪਈ, ਖ਼ੂਨ ਡੋਲ੍ਹਿਆ, ਪਰ ਤੂੰ ਉਸ ਨੂੰ ਅੱਧ-ਵਿਚਾਲ਼ੇ, ਮੰਝਧਾਰ ਵਿਚ ਛੱਡ ਕੇ ਆ ਗਈ…? ਕਿੱਥੇ ਭਲਾ ਹੋਊਗਾ ਤੇਰਾ ਨੀ ਡੁੱਬ ਜਾਣੀਏਂ…? ਤੇਰੀ ਦੇਹ ਨੂੰ ਤਾਂ ਕੀੜੇ ਕੁੱਤਿਆਂ ਨੇ ਵੀ ਸਿਆਨਣਾ…! ਉਸ ਦੀ ਆਤਮਾਂ ਉਸ ਨੂੰ ਦੁਰਕਾਰੀ ਜਾ ਰਹੀ ਸੀ!
    ਸਵੇਰੇ ਪਹੁ ਫ਼ੁਟਾਲੇ ਨਾਲ਼ ਹੀ ਉਸ ਨੇ ਖੇਸ ਦੀ ਬੁੱਕਲ਼ ਮਾਰੀ ਅਤੇ ਦੱਬਵੇਂ ਪੈਰੀਂ ਰਾਹ ਪੈ ਗਈ।
    ਦਿਨ ਚੜ੍ਹਦੇ ਨਾਲ਼ ਜਦ ਉਹ ਮਸੀਤ ਪਹੁੰਚੀ ਤਾਂ ਮਸੀਤ ਅੰਦਰ ਉਸ ਨੂੰ “ਹਾੜ” ਬੋਲਦਾ ਜਾਪਿਆ। ਮਸੀਤ ਦਾ ਦਰਵਾਜਾ ਖੁੱਲ੍ਹਾ ਸੀ ਅਤੇ ਬਹੁਤੀ ਹੀ ਸੁੰਨ ਸਰਾਂ ਸੀ। ਉਸ ਨੇ ਅੰਦਰ ਬਾਹਰ ਕਰੋਲ਼ੇ ਦਿੱਤੇ। ਪਰ ਦਿਲ ਦਾ ਮਾਹੀ ਨਜ਼ਰ ਨਾ ਆਇਆ। ਉਸ ਨੂੰ ਆਪਣੇ ਦਿਲ ਦੀ ਜੂਹ ਸੁੰਨ-ਮਸੁੰਨ ਜਾਪੀ। ਉਸ ਦੇ ਦਿਲ ਨੂੰ ਕੁਛ ਹੋਇਆ ਤਾਂ ਉਹ ਗੁਆਂਢੀਆਂ ਦੇ ਚਲੀ ਗਈ।
    -“ਹੌਲਦਾਰਨੀਏਂ ਨੇਕੇ ਦਾ ਕੁਛ ਪਤੈ…?”
    ਹੌਲਦਾਰਨੀ ਮੱਝ ਦੀ ਧਾਰ ਚੋਅ ਰਹੀ ਸੀ।
    -“ਕੁੜ੍ਹੇ ਨੇਕੇ ਨੂੰ ਤਾਂ ਤੂੰ ਜਿਉਂਦਾ ਮਾਰ ਕੇ ਸਿੱਟਗੀ ਸੀ, ਜੰਗੀਰੋ…! ਉਹ ਤਾਂ ਤੇਰੇ ਜਾਣ ਤੋਂ ਬਾਅਦ ਰੋਂਦਾ ਧਾਹ ਨੀ ਧਰਦਾ ਸੀ, ਅਖੀਰ ਤੇਰੀਆਂ ਉਡੀਕਾਂ ਕਰਦਾ ਰੋ-ਧੋ ਕੇ ਪਿੰਡ ਚਲਿਆ ਗਿਆ…!”
    -“……………….।” ਨੇਕੇ ਦੀ ਹਾਲਤ ਬਾਰੇ ਸੁਣ ਕੇ ਜੰਗੀਰੋ ਦਾ ਮਨ ਕੀਰਨਾਂ ਪਾਉਣ ਵਾਲ਼ਾ ਹੋ ਗਿਆ। ਪਰ ਹੁਣ ਕਰ ਕੀ ਸਕਦੀ ਸੀ….?
    -“ਬਥੇਰਾ ਉਡੀਕਿਆ ਓਹਨੇ ਤੈਨੂੰ, ਜੰਗੀਰੋ…! ਪਰ ਤੂੰ ਪਤਾ ਨੀ ਕਿਹੜੀ ਮਿੱਟੀ ਦੀ ਬਣੀ ਸੀ, ਫ਼ੁੱਟੀ ਅੱਖ ਨਾਲ਼ ਵੀ ਮੁੜ ਕੇ ਨਾ ਦੇਖਿਆ…! ਤੂੰ ਤਾਂ ਬਾਹਲ਼ੀ ਪੱਥਰ ਦਿਲ ਐਂ, ਭਾਈ…! ਸਾਨੂੰ ਤਾਂ ਵਿਚਾਰੇ ਦਾ ਬਾਹਲ਼ਾ ਈ ਤਰਸ ਆਉਂਦਾ ਸੀ, ਰੋਂਦਾ ਝੱਲਿਆ ਨੀ ਸੀ ਜਾਂਦਾ ਸਾਥੋਂ ਤਾਂ…!” ਹੌਲਦਾਰਨੀ ਨੇ ਖਰੀਆਂ ਸੁਣਾ ਧਰੀਆਂ।
    ਜੰਗੀਰੋ ਧਰਤੀ ‘ਤੇ ਬੈਠ ਗਈ।
    ਉਸ ਦਾ ਜਿਵੇਂ ਸਰੀਰ ਨਿਰਬਲ ਹੋ ਗਿਆ ਸੀ।
    -“ਹੁਣ ਦਿਲ ਨਾ ਸਿੱਟ…! ਕੁਛ ਕਰ…! ਕੁਛ ਕਰਨ ਦਾ ਵੇਲੈ…! ਮਗਰੋਂ ਰੋਣ ਨਾਲ਼ ਕੁਛ ਨੀ ਬਣਨਾ…!” ਹੌਲਦਾਰਨੀ ਧਾਰ ਕੱਢ ਕੇ ਮੱਝ ਨੂੰ ਥਾਪੀ ਦਿੰਦੀ ਬੋਲੀ।
    -“ਹੌਲਦਾਰਨੀਏਂ, ਭੈਣ ਬਣਕੇ ਇੱਕ ਵਾਰ ਨੇਕੇ ਨੂੰ ਮਿਲ਼ਾ ਦਿਓ, ਫ਼ੇਰ ਚਾਹੇ ਮੇਰੀ ਖੜ੍ਹੀ ਦੇ ਪ੍ਰਾਣ ਨਿਕਲ਼ ਜਾਣ…!” ਜੰਗੀਰੋ ਫ਼ਿੱਸ ਪਈ।
    -“ਦਿਲ ਰੱਖ਼…! ਕਰਦੇ ਆਂ ਕੁਛ…!” ਉਸ ਨੇ ਜੰਗੀਰੋ ਨੂੰ ਬਾਹੋਂ ਫ਼ੜ ਕੇ ਉਠਾ ਲਿਆ।
    ਆਂਢ-ਗੁਆਂਢ ਨੇ ਕਿਰਾਏ ਵਾਸਤੇ ਪੈਸੇ ਇਕੱਠੇ ਕਰ ਹੱਟੀ ਵਾਲ਼ੇ ਗੁਰਦਿਆਲ ਨੂੰ ਦੇ ਦਿੱਤੇ ਅਤੇ ਉਹ ਨੇਕੇ ਨੂੰ ਲੈਣ ਚਲਿਆ ਗਿਆ।
    ਜੰਗੀਰੋ ਦਾ ਸੁਨੇਹਾਂ ਸੁਣ ਕੇ ਨੇਕੇ ਲਈ ਵੀ ਚੰਦ ਚੜ੍ਹ ਗਿਆ ਸੀ।
    ਉਹ ਗੁਰਦਿਆਲ ਦੇ ਨਾਲ਼ ਹੀ ਆ ਗਿਆ।
    ਉਸ ਦਿਨ ਤੋਂ ਨੇਕੇ ਅਤੇ ਜੰਗੀਰੋ ਨੇ ਹੌਲਦਾਰਾਂ ਦੇ ਘਰ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੌਲਦਾਰਨੀ ਦਾ ਜੁਆਕ ਘੰਟਿਆਂ ਬੱਧੀ ਜੰਗੀਰੋ ਦੀ ਬੁੱਕਲ਼ ਵਿਚ ਖੇਡਦਾ ਰਹਿੰਦਾ। ਜੰਗੀਰੋ ਨੂੰ ਵੀ ਉਸ ਦਾ ਬਹੁਤਾ ਹੀ ਮੋਹ ਆਉਂਦਾ। ਜਦ ਹੌਲਦਾਰ ਛੁੱਟੀ ਆਇਆ ਤਾਂ ਉਸ ਨੇ ਆਂਢ-ਗੁਆਂਢ ਦੇ ਸਹਿਯੋਗ ਨਾਲ਼ ਮਸੀਤ ਦੇ ਨਾਲ਼ ਲੱਗਦੀ ਜਗਾਹ ਵਿਚ ਇੱਕ ਗੁਜ਼ਾਰੇ ਜੋਕਰਾ ਕਮਰਾ ਉਹਨਾਂ ਲਈ ਛੱਤ ਦਿੱਤਾ। ਔਝੜ ਪਈ ਜ਼ਿੰਦਗੀ ਰਫ਼ਤਾਰ ਨਾਲ਼ ਚਾਲੇ ਪੈ ਗਈ ਸੀ।
    ਪੂਰੇ ਪੰਦਰਾਂ ਵਰ੍ਹੇ ਨੇਕਾ ਅਤੇ ਜੰਗੀਰੋ ਇਸ ਮਸੀਤ ਵਿਚ ਰਹੇ।
    -“ਜੰਗੀਰੋ, ਜਿੱਥੇ ਲੋੜ ਪਈ, ਤੂੰ ਮੇਰਾ ਬੜਾ ਸਾਥ ਦਿੱਤਾ, ਬਥੇਰਾ ਲਹੂ ਡੋਲ੍ਹਿਐ ਤੂੰ ਮੇਰੇ ਲਈ…! ਨਾ ਦੁਨੀਆਂ ਦੀ ਪ੍ਰਵਾਹ ਕੀਤੀ ਤੇ ਨਾ ਪ੍ਰੀਵਾਰ ਦੀ…! ਜ਼ਿੰਦਗੀ ਵੀ ਸਾਲ਼ੀ ਕੀ ਕੁੱਤੀ ਚੀਜ਼ ਐ, ਜੰਗਲ-ਉਜਾੜ, ਰੋਹੀ-ਬੀਆਬਾਨ, ਪਤਾ ਨੀ ਕੀ-ਕੀ ਪਾਰ ਕਰਨਾ ਪੈਂਦੈ ਬੰਦੇ ਨੂੰ…!”
    -“ਤੈਨੂੰ ਛੱਡ ਕੇ ਵੀ ਚਲੀ ਗਈ ਸੀ, ਇੱਕ ਵਾਰ…!” ਜੰਗੀਰੋ ਨੇ ਹੱਸ ਕੇ ਕਿਹਾ।
    -“ਹੋ ਜਾਂਦੈ ਕਈ ਵਾਰ…! ਬੇਵੱਸੀ ਹੋ ਜਾਂਦੀ ਐ…!”
    ਉਹਨਾਂ ਦੀ ਰਾਹ ਪਈ ਜ਼ਿੰਦਗੀ ਵਿਚ ਇੱਕ ਹੋਰ ਪੱਥਰ ਡਿੱਗਿਆ।
    ਮਸੀਤ ਦੇ ਨਾਲ਼ ਦੀ ਜਗਾਹ ਕਿਸੇ ਧਾੜਵੀ ਪ੍ਰੀਵਾਰ ਨੇ ਕਿਰਾਏ ‘ਤੇ ਲੈ ਲਈ ਅਤੇ ਨੇਕੇ ਅਤੇ ਜੰਗੀਰੋ ਦਾ ਮਸੀਤ ਵਿਚ ਰਹਿਣਾਂ ਦੁੱਭਰ ਕਰ ਮਾਰਿਆ। ਜਗਾਹ ਕਿਰਾਏ ‘ਤੇ ਲੈਣ ਵਾਲ਼ੀ ਔਰਤ ਦਾ ਨਾਂ ਕੌੜੋ ਸੀ। ਉਹ ਕੰਨਾਂ ਵਿਚ ਵੱਡੇ-ਵੱਡੇ ਤੁੰਗਲ਼ ਪਾਉਂਦੀ। ਉਸ ਨੇ ਮੱਥੇ ‘ਤੇ ਚੰਦ ਅਤੇ ਛਾਤੀ ‘ਤੇ ਸੱਪ ਖੁਣਾਇਆ ਹੋਇਆ ਸੀ। ਕਈ ਲੋਕ ਉਸ ਨੂੰ “ਬਾਜੀਗਰਨੀ” ਤੱਕ ਆਖ ਦਿੰਦੇ ਸਨ। ਕੌੜੋ ਆਪਣੇ ਨਾਂ ਵਾਂਗ ਸੁਭਾਅ ਦੀ ਅੱਤ ਦੀ “ਕੌੜ” ਸੀ। ਛੇਤੀ ਕੀਤੇ ਕਿਸੇ ਦੀ ਜ਼ੁਅਰਤ ਨਹੀਂ ਪੈਂਦੀ ਸੀ ਕਿ ਕੌੜੋ ਦੀ ਗੱਲ ਕੱਟ ਜਾਂ ਮੋੜ ਦੇਵੇ। ਉਹ ਬੰਦਿਆਂ ਵਾਲ਼ੀਆਂ ਗਾਲ਼ਾਂ ਕੱਢਣ ਵਿਚ ਮਸ਼ਹੂਰ ਸੀ। ਪਲ ਵਿਚ ਅਗਲੇ ਦੀ ਮਾਂ-ਭੈਣ ਇੱਕ ਕਰ ਧਰਦੀ ਸੀ।
    ਕੌੜ ਕੌੜੋ ਨੇ ਨੇਕੇ ਅਤੇ ਜੰਗੀਰੋ ਨੂੰ ਆਪਣੀ ਹਿੱਕ ਦੇ ਜੋਰ ‘ਤੇ ਮਸੀਤ ਵਿਚੋਂ ਕੱਢਣ ਦੀ “ਠਾਣ” ਲਈ ਅਤੇ ਵਧੀਕੀਆਂ ਸ਼ੁਰੂ ਕਰ ਦਿੱਤੀਆਂ। ਹਿੱਕ ਧੱਕੇ ਅਤੇ ਪੈਸੇ ਵਾਲ਼ੀ ਔਰਤ ਅੱਗੇ ਨਿਰਬਲ ਨੇਕੇ ਹੋਰਾਂ ਦਾ ਕੀ ਵੱਟਿਆ ਜਾਣਾਂ ਸੀ…? ਉਹਨਾਂ ਇੱਕ-ਦੋ ਵਾਰ ਠਾਣੇ ਤੱਕ ਵੀ ਪਹੁੰਚ ਕੀਤੀ, ਪਰ ਕੋਈ ਸਾਰਥਿਕ ਸਿੱਟਾ ਨਾ ਨਿਕਲ਼ਿਆ, ਤਕੜੇ ਦਾ ਸੱਤੀਂ ਵੀਹੀਂ ਸੌ ਹੀ ਰਿਹਾ…! ਕੌੜੋ ਉਹਨਾਂ ਨੂੰ ਮਸੀਤ ਵਿਚੋਂ ਕੱਢ ਕੇ ਮਸੀਤ ਵਾਲ਼ੀ ਜਗਾਹ ‘ਤੇ ਕਬਜਾ ਜਮਾਉਣਾ ਚਾਹੁੰਦੀ ਸੀ।
    ਨੇਕੇ ਦੀ ਗ਼ੈਰਹਾਜ਼ਰੀ ਵਿਚ ਕਦੋ ਕੌੜੋ ਅਤੇ ਕਦੇ ਉਸ ਦਾ ਜੇਠ ਆ ਕੇ ਜੰਗੀਰੋ ਨੂੰ ਗਾਲ਼ਾਂ ਕੱਢਣ ਲੱਗ ਜਾਂਦੇ।
    ਜੰਗੀਰੋ ਦਾ ਜਿਉਣਾ ਹਰਾਮ ਹੋ ਗਿਆ ਸੀ!
    ਅਖ਼ੀਰ ਇੱਕ ਦਿਨ ਤਾਂ ਕੌੜੋ ਨੇ ਅੱਤ ਹੀ ਕਰ ਦਿੱਤੀ।
    ਆਪਣੇ ਘਰਵਾਲ਼ੇ ਅਤੇ ਜੇਠ ਨਾਲ਼ ਰਲ਼ ਕੇ ਕੌੜੋ ਨੇ ਨੇਕੇ ਅਤੇ ਜੰਗੀਰੋ ‘ਤੇ ਗੰਡਾਸੇ ਅਤੇ ਕੁਹਾੜੀ ਨਾਲ਼ ਹਮਲਾ ਕਰ ਦਿੱਤਾ। ਵਾਰ ਇਤਨੇ ਘਾਤਕ ਸਨ ਕਿ ਨੇਕਾ ਬੇਹੋਸ਼ ਹੋ ਕੇ ਡਿੱਗ ਪਿਆ। ਪਰ ਲਹੂ ਲੁਹਾਣ ਜੰਗੀਰੋ ਅਜੇ ਹੋਸ਼ ਵਿਚ ਸੀ। ਉਸ ਦੀ ਗੱਲ੍ਹ ‘ਤੇ ਕੌੜੋ ਨੇ ਆਪ ਕੁਹਾੜੀ ਦਾ ਵਾਰ ਕੀਤਾ ਸੀ।
    ਦੁਨੀਆਂ ਇਕੱਠੀ ਹੋ ਗਈ ਸੀ।
    ਪਰ ਕੌੜੋ ਅੱਗੇ ਕਿਸੇ ਨੇ ਵੀ ਕੁਸਕਣ ਦੀ ਹਿੰਮਤ ਤੱਕ ਨਾ ਕੀਤੀ।
    -“ਗਰੀਬ ਪ੍ਰਦੇਸੀਆਂ ‘ਤੇ ਬੜਾ ਜ਼ੁਲਮ ਹੋਇਆ…! ਇਹਨਾਂ ਦਰਵੇਸ਼ਾਂ ਨੂੰ ਮਾਰ ਕੇ ਕੀ ਮਿਲਣੈਂ…?” ਲੋਕ ਗਿੱਦੜਮਾਰ ਤਰੀਕੇ ਨਾਲ਼ ਦੱਬਵੀਂ ਅਵਾਜ਼ ਵਿਚ, ‘ਗੁਪਤ’ ਹੀ “ਹਾਅ ਦਾ ਨਾਅਰਾ” ਮਾਰਦੇ ਸਨ। ਖੁੱਲ੍ਹ ਕੇ ਕੋਈ ਵੀ ਸਾਹਮਣੇ ਨਹੀਂ ਆ ਰਿਹਾ ਸੀ।
    ਪਿੰਡ ਵਾਲ਼ਿਆਂ ਨੇ ਰਲ਼ ਕੇ ਦੋਹਾਂ ਨੂੰ ਹਸਪਤਾਲ਼ ਦਾਖ਼ਲ ਕਰਵਾ ਦਿੱਤਾ।
    ਕੌੜੋ ਦੇ ਪ੍ਰੀਵਾਰ ‘ਤੇ ਕੇਸ ਦਰਜ਼ ਹੋਇਆ, ਪਰ ਪ੍ਰਨਾਲ਼ਾ ਥਾਂ ਦੀ ਥਾਂ ਹੀ ਰਿਹਾ। ਬਣਿਆਂ ਬਣਾਇਆ ਕੁਛ ਵੀ ਨਹੀਂ ਸੀ। ਰਿਸ਼ਵਤਖੋਰ ਢਾਂਚੇ ਨੇ ਪ੍ਰਦੇਸੀ ਪਰਿੰਦਿਆਂ ਨੂੰ ਕੋਈ ਧਰਵਾਸ ਜਾਂ ਰਾਹਤ ਨਾ ਦਿੱਤੀ। ਇਸ ਕੇਸ ‘ਤੇ ਕੌੜੋ ਨੇ ਪੈਲ਼ੀ ਦਾ ਇੱਕ ਕਿੱਲਾ “ਫ਼ੂਕ” ਦਿੱਤਾ ਸੀ। ਉਸ ਨੂੰ ਪੈਸੇ ਦੇ ਅਫ਼ਰੇਵੇਂ ਵਿਚ ਸਾਹ ਨਹੀਂ ਆ ਰਿਹਾ ਸੀ।
    -“ਜਿੱਥੋਂ ਨਿਕਲ਼ੇ ਐ, ਓਥੇ ਵਾੜ ਕੇ ਹਟੂੰ…! ਇਹ ਹਰਾਮ ਦੇ ਕੱਢੇ ਵੱਢੇ ਮੇਰਾ ਕੀ ਮੁਕਾਬਲਾ ਕਰਨਗੇ…?” ਉਹ ਪੂਰੀ ਹੈਂਕੜ ਨਾਲ਼ ਪਿੰਡ ਵਿਚ ਹਿੱਕ ਥਾਪੜਦੀ ਫ਼ਿਰਦੀ ਸੀ। ਗਰੀਬ ਨੇਕੇ ਅਤੇ ਜੰਗੀਰੋ ਨੇ ਕਰਨਾ ਵੀ ਕੀ ਸੀ…? ਉਹਨਾਂ ਨੇ ਜਿਹੜੀ ਮਾੜੀ ਮੋਟੀ ਫ਼ਰਿਆਦ ਪੁਲੀਸ ਨੂੰ ਕਰਨੀ ਸੀ, ਕਰ ਕੇ ਉਹ ਦੇਖ ਹੀ ਚੁੱਕੇ ਸਨ। ਕੋਈ ਫ਼ਾਇਦਾ ਨਹੀਂ ਹੋਇਆ ਸੀ।
    ਉਹ ਡਰ ਅਤੇ ਸਹਿਮ ਦੇ ਸਾਏ ਹੇਠ ਦਿਨ ਕੱਟ ਰਹੇ ਸਨ।
    ਜਦ ਉਹਨਾਂ ਨੂੰ ਹਸਪਤਾਲ਼ ਵਿਚੋਂ ਛੁੱਟੀ ਮਿਲ਼ੀ ਤਾਂ ਘਰਾਂ ਵਿਚੋਂ ਇੱਕ ‘ਦਾਨੀ’ ਔਰਤ ਗੁਰਦੇਵ ਕੌਰ ਦੋਹਾਂ ਨੂੰ ਆਪਣੇ ਘਰ ਲੈ ਗਈ। ਉਹ ਨਹੀਂ ਚਾਹੁੰਦੀ ਸੀ ਕਿ ਉਹਨਾਂ ਪ੍ਰਦੇਸੀ ਜੀਆਂ ‘ਤੇ ਮੁੜ ਕੋਈ ਹਮਲਾ ਹੋਵੇ! ਉਹਨਾਂ ਮਸੀਤ ਖਾਲੀ ਕਰ ਕੇ ਟੈਂਟਾ ‘ਨਬੇੜ’ ਦਿੱਤਾ।
    ਗੁਰਦੇਵ ਕੌਰ ਸੱਤਰ ਕੁ ਸਾਲ ਦੀ ਪਿੰਡ ਵਿਚ ਮੰਨੀ-ਤੰਨੀ ਅਤੇ ਸੁੱਘੜ ਸਿਆਣੀ ਔਰਤ ਸੀ। ਹਰ ਕੋਈ ਉਸ ਦਾ ਸਤਿਕਾਰ ਕਰਦਾ। ਉਹ ਵੀ ਇਨਸਾਨ ਅਤੇ ਇਨਸਾਨੀਅਤ ਨੂੰ ਮੋਹ ਕਰਨ ਵਾਲ਼ੀ ਰੱਬੀ ਅਤੇ ਸਚਿਆਰੀ ਆਤਮਾਂ ਸੀ!
    ਗੁਰਦੇਵ ਕੌਰ ਨੇ ਰੱਬ ਦੇ ਨਾਂ ਨੂੰ ਉਹਨਾਂ ਦੀ ਬਥੇਰੀ ਸਾਂਭ ਸੰਭਾਲ਼ ਅਤੇ ਦੇਖ ਭਾਲ਼ ਕੀਤੀ।
    ਹੌਲਦਾਰਾਂ ਦਾ ਪ੍ਰੀਵਾਰ ਵੀ ਉਹਨਾਂ ਨੂੰ ਦੁੱਧ ਅਤੇ ਦਲ਼ੀਆ ਦੇ ਜਾਂਦਾ ਸੀ।
    ਮਹੀਨਾਂ ਕੁ ਭਰ ਉਹਨਾਂ ਦਾ ਇਲਾਜ਼ ਚੱਲਿਆ। ਸਾਰਾ ਖਰਚਾ-ਬਰਚਾ ਗੁਰਦੇਵ ਕੌਰ ਨੇ ਦਿੱਤਾ। ਗੁਰਦੇਵ ਕੌਰ ਨੂੰ ਦੇਖ ਕੇ ਕੁਝ ਹੋਰ ਘਰ ਵੀ ਤਰਸ ਕਰ ਕੇ ਉਹਨਾਂ ਦੀ ਮੱਦਦ ‘ਤੇ ਆ ਖੜ੍ਹੇ! ਹੁਣ ਨੇਕਾ ਅਤੇ ਜੰਗੀਰੋ ਬਾਹਵਾ ਤੁਰਨ ਫ਼ਿਰਨ ਲੱਗ ਪਏ ਸਨ। ਅਖ਼ੀਰ ਜਗਾਹ ਬਦਲ ਕੇ ਲੋਕਾਂ ਨੇ ਉਹਨਾਂ ਵਾਸਤੇ ਇੱਕ ਕਮਰਾ ਛੱਤ ਦਿੱਤਾ। ਸੂਖ਼ਮ ਬਿਰਤੀ ਔਰਤ ਗੁਰਦੇਵ ਕੌਰ ਦੀ ਮੱਦਦ ਕਾਰਨ ਉਹਨਾਂ ਨੂੰ ਹੁਣ ਮਸਾਂ ਸੁਖ ਦਾ ਸਾਹ ਆਇਆ ਸੀ। ਪਰ ਬਿਨਾਂ ਕਸੂਰ ਤੋਂ ਪਈ ਕੁੱਟ ਦਾ ਰੰਜ ਨੇਕੇ ਦੇ ਦਿਲੋਂ ਨਾ ਉਤਰਦਾ!
    ਸਮਾਂ ਰੁਕਦਾ ਨਹੀਂ ਅਤੇ ਨਾ ਹੀ ਖੜ੍ਹ ਕੇ ਕਿਸੇ ਦੀ ਉਡੀਕ ਕਰਦਾ ਹੈ!
    ਸਮਾਂ ਆਪਣੀ ਚਾਲ ਨਿਰੰਤਰ ਚੱਲਦਾ ਗਿਆ। ਜਿਸਮ ਅਤੇ ਜ਼ਿਹਨ ਦੇ ਜ਼ਖ਼ਮ ਕਾਫ਼ੀ ਹੱਦ ਤੱਕ ਭਰ ਗਏ। ਨੇਕੇ ਅਤੇ ਜੰਗੀਰੋ ਦੀ ਜੋੜੀ ਮੁੜ ਆਪਣੀ ਮੌਜ ਵਿਚ ਵਸਣ ਲੱਗ ਪਈ।
    ਅਚਾਨਕ ਨੇਕੇ ਦੀ ਕਿਸਮਤ ਖੁੱਲ੍ਹੀ। ਉਸ ਦੇ ਬਾਪ ਦੀ ਰੌਲ਼ੇ ਵਾਲ਼ੀ ਜ਼ਮੀਨ ਉਸ ਦੇ ਨਾਂ ਚੜ੍ਹ ਗਈ। ਚਾਹੇ ਜ਼ਮੀਨ ਬਹੁਤੀ ਨਹੀਂ ਸੀ, ਚਾਰ ਕਿੱਲੇ ਹੀ ਸਨ, ਪਰ ਇਸ ਨਾਲ਼ ਉਸ ਨੂੰ ਕਾਫ਼ੀ ਮੱਦਦ ਅਤੇ ਰਾਹਤ ਮਿਲ਼ ਗਈ। ਦੋ ਕਿੱਲੇ ਉਸ ਨੇ ਗੂੰਗੇ ਸਪੁਰਦ ਕਰ ਦਿੱਤੇ ਅਤੇ ਆਪਣੇ ਦੋ ਕਿੱਲੇ ਵੇਚ ਵੱਟ ਕੇ ਸਾਢੇ ਤਿੰਨ ਲੱਖ ਰੁਪਈਆ ਬੋਝੇ ਪਾ, ਜੰਗੀਰੋ ਕੋਲ਼ ਆ ਗਿਆ।
    ਪੈਸੇ ਉਸ ਨੇ ਬੈਂਕ ਵਿਚ ਰੱਖ ਦਿੱਤੇ।
    ਅਚਾਨਕ ਜੰਗੀਰੋ ਬਿਮਾਰ ਪੈ ਗਈ। ਪਹਿਲਾਂ ਤਾਂ ਨੇਕਾ ਉਸ ਨੂੰ ਪਿੰਡ ਵਾਲ਼ੇ ਡਾਕਟਰ ਤੋਂ ਦੁਆਈ-ਬੂਟੀ ਦਿਵਾਉਂਦਾ ਰਿਹਾ। ਪਰ ਜਦ ਪਿੰਡ ਵਾਲ਼ੇ ਡਾਕਟਰ ਤੋਂ ਉਸ ਨੂੰ ਅਰਾਮ ਨਾ ਆਇਆ ਤਾਂ ਨੇਕਾ ਉਸ ਨੂੰ ਚੁੱਕ ਸ਼ਹਿਰ ਵੱਡੇ ਹਸਪਤਾਲ਼ ਲੈ ਗਿਆ। ਉਹ ਆਪਣੀ ਜਾਨ ਵੇਚ ਕੇ ਵੀ ਜੰਗੀਰੋ ਦੀ ਜਾਨ ਬਚਾਉਣੀ ਚਾਹੁੰਦਾ ਸੀ। ਦਿਨ ਰਾਤ ਉਹ ਡਾਕਟਰਾਂ ਅੱਗੇ ਤਰਲੇ ਅਤੇ ਰੱਬ ਅੱਗੇ ਅਰਦਾਸਾਂ ਕਰਦਾ ਰਹਿੰਦਾ!
    ਡਾਕਟਰਾਂ ਨੂੰ ਜੰਗੀਰੋ ਦੀ ਬਿਮਾਰੀ ਦੀ ਉੱਕਾ ਹੀ ਸਮਝ ਨਹੀਂ ਲੱਗ ਰਹੀ ਸੀ।
    ਆਪਣਾ ਸਿਰੇ ਦਾ ਤਾਣ ਲਾਉਣ ਤੋਂ ਬਾਅਦ ਅਖ਼ੀਰ ਡਾਕਟਰਾਂ ਨੇ ਜਵਾਬ ਦੇ ਦਿੱਤਾ। ਕਿਰਾਏ ਦੀ ਕਾਰ ਕਰ ਨੇਕਾ ਜੰਗੀਰੋ ਨੂੰ ਘਰ ਲੈ ਆਇਆ। ਉਹ ਦਿਨ ਰਾਤ ਜੰਗੀਰੋ ਦਾ ਸਿਰਹਾਣੇ ਬੈਠਾ ਰਹਿੰਦਾ, ਇੱਕ ਪਲ ਵੀ ਉਸ ਦਾ ਮੰਜਾ ਛੱਡ ਕੇ ਨਾ ਜਾਂਦਾ। ਕਦੇ ਵਾਲ਼ਾਂ ‘ਚ ਹੱਥ ਫ਼ੇਰਨ ਲੱਗ ਜਾਂਦਾ ਅਤੇ ਕਦੇ ਚਮਚੇ ਨਾਲ਼ ਉਸ ਦੇ ਮੂੰਹ ‘ਚ ਪਾਣੀ ਪਾਉਣ ਲੱਗ ਜਾਂਦਾ।
    ਪਰ ਜੰਗੀਰੋ ਦੀ ਹਾਲਤ ਨਿੱਘਰਦੀ ਜਾ ਰਹੀ ਸੀ।
    ਰਾਤ ਨੂੰ ਨੇਕਾ ਜੰਗੀਰੋ ਦਾ ਸਿਰ ਆਪਣੀ ਬੁੱਕਲ਼ ‘ਚ ਰੱਖ ਲੈਂਦਾ ਅਤੇ ਸਾਰੀ ਸਾਰੀ ਰਾਤ ਓਸੇ ਤਰ੍ਹਾਂ ਹੀ ਕੱਢ ਦਿੰਦਾ। ਜੰਗੀਰੋ ਬੇਹੋਸ਼ ਸੀ। ਉਸ ਨੇ ਬੋਲਣਾਂ ਤਾਂ ਕੀ, ਅੱਖ ਪੱਟ ਕੇ ਦੇਖਦੀ ਤੱਕ ਵੀ ਨਹੀਂ ਸੀ। ਪਰ ਨੇਕਾ ਉਸ ਦੇ ਮੂੰਹ ਵਿਚ ਕਦੇ ਪਾਣੀ ਅਤੇ ਕਦੇ ਦੁੱਧ ਦਾ ਚਮਚਾ ਪਾਉਂਦਾ ਰਹਿੰਦਾ। ਉਸ ਦੇ ਸਿਰਹਾਣੇ ਬੈਠਾ ਉਹ ਆਪ ਮੁਹਾਰੇ ਹੀ ਉਸ ਨਾਲ਼ ਗੱਲਾਂ ਕਰਨ ਲੱਗ ਪੈਂਦਾ। ਕਮਲ਼ਿਆਂ ਵਾਂਗ!
    ਉਸੇ ਹਾਲਤ ਵਿਚ ਹਫ਼ਤਾ ਲੰਘ ਗਿਆ!
    ਉਹ ਜੰਗੀਰੋ ਦਾ ਸਿਰ ਆਪਣੀ ਲੱਤ ‘ਤੇ ਰੱਖ ਲੈਂਦਾ ਅਤੇ ਪਿੱਛੇ ਇੱਕ ਬਿਸਤਰਾ ਲਾ ਕੇ ਢੋਹ ਲਾ ਲੈਂਦਾ। ਨੇਕਾ ਵੀ ਇਕੱਲਾ ਸੀ। ਦਿਨ ਰਾਤ ਸਿਰਹਾਣੇ ਬੈਠਾ ਹੋਣ ਕਾਰਨ ਉਹ ਥੱਕ ਕੇ ਬੁਰੀ ਤਰ੍ਹਾਂ ਚੂਰ ਹੋ ਚੁੱਕਿਆ ਸੀ। ਪਰ ਜੰਗੀਰੋ ਨੂੰ ਉਹ ਪਿੱਛਾ ਨਹੀਂ ਦੇਣਾ ਚਾਹੁੰਦਾ ਸੀ। ਉਹ ਦਿਨ ਰਾਤ ਬੇਹੋਸ਼ ਪਈ ਜੰਗੀਰੋ ਨਾਲ਼ ਗੱਲਾਂ ਕਰਦਾ ਰਹਿੰਦਾ ਅਤੇ ਢੋਹ ਲਾ ਕੇ ਬੈਠਾ-ਬੈਠਾ ਹੀ ਸੌਂ ਲੈਂਦਾ। ਜੰਗੀਰੋ ਨਾਲ਼ ਗੱਲਾਂ ਕਰਨੀਆਂ ਅਤੇ ਫ਼ਿਰ ਸਿਰਹਾਣੇ ਸੌਂ ਲੈਣਾ ਸੀ ਉਸ ਦਾ ਕਿੱਤਾ-ਕਰਮ ਬਣ ਗਿਆ ਸੀ। ਉਸ ਨੂੰ ਬੇਹੋਸ਼ ਪਈ ਜੰਗੀਰੋ ਦਾ ਹੀ ਬਥੇਰਾ ਆਸਰਾ ਸੀ!
    ਅੰਤ ਇੱਕ ਰਾਤ ਥੱਕ ਕੇ ਟੁੱਟੇ ਨੇਕੇ ਦੀ ਐਸੀ ਅੱਖ ਲੱਗੀ ਕਿ ਉਸ ਦੇ ਸੁੱਤਿਆਂ ਸੁੱਤਿਆਂ ਹੀ ਜੰਗੀਰੋ “ਪੂਰੀ” ਹੋ ਗਈ।
    ਸਵੇਰੇ ਗੁਰਦੁਆਰੇ ਦੇ ਪਾਠੀ ਦੀ ਅਵਾਜ਼ ਨਾਲ਼ ਜਦ ਥੱਕੇ ਨੇਕੇ ਦੀ ਅੱਖ ਖੁੱਲ੍ਹੀ ਤਾਂ ਜੰਗੀਰੋ ਦੇ ਵਜੂਦ ਵਿਚੋਂ ਭੌਰ ਉਡਾਰੀ ਮਾਰ ਚੁੱਕਿਆ ਸੀ।
    ਨੇਕਾ ਅਹਿਲ ਪਈ ਜੰਗੀਰੋ ਉਤੇ ਸਿਰ ਸੁੱਟ ਕੇ ਹੁਬਕੀਏਂ ਰੋਣ ਲੱਗ ਪਿਆ।
    -“ਹੁਣ ਕੀਹਦੇ ਆਸਰੇ ਜੀਊਂਗਾ, ਨੀ ਵੈਰਨੇ…!” ਉਸ ਦੀ ਸਭ ਤੋਂ ਪਿਆਰੀ ਚੀਜ਼ ਇਸ ਦੁਨੀਆਂ ਤੋਂ ਜਾ ਚੁੱਕੀ ਸੀ।
    ਨੇਕਾ ਉਚੀ-ਉਚੀ ਰੋ ਰਿਹਾ ਸੀ।
    ਅੱਖਾਂ ਦੇ ਨਾਲ਼ ਉਸ ਦਾ ਨੱਕ ਵੀ ਵਗੀ ਜਾ ਰਿਹਾ ਸੀ।
    ਉਸ ਦੀ ਜ਼ਿੰਦਗੀ ਅਤੇ ਰੂਹ ਦੀ ਪੂੰਜੀ ਖੁੱਸ ਚੁੱਕੀ ਸੀ। ਹੁਣ ਉਹ ਜੱਗ ਜਹਾਨ ਵਿਚ ਇਕੱਲਾ ਸੀ। ਉਸ ਦਾ ਰੋਣਾਂ ਸੁਣ ਕੇ ਲੋਕ ਇਕੱਠੇ ਹੋ ਗਏ। ਨੇਕਾ ਜੰਗੀਰੋ ਦੇ ਮੁਰਦਾ ਸਰੀਰ ਨੂੰ ਜੱਫ਼ਾ ਮਾਰੀ ਬੈਠਾ, ਜਾਰੋ-ਜਾਰ ਰੋਈ ਜਾ ਰਿਹਾ ਸੀ। ਲੋਕ ਉਸ ਨੂੰ ਦਿਲਾਸਾ ਦੇ ਰਹੇ ਸਨ।
    ਸ਼ਾਮ ਨੂੰ ਜੰਗੀਰੋ ਦਾ ਸਸਕਾਰ ਕਰ ਦਿੱਤਾ ਗਿਆ।
    ਜਦ ਸਸਕਾਰ ਕਰ ਕੇ ਨੇਕਾ ਘਰ ਆਇਆ ਤਾਂ ਘਰ ਜਿਵੇਂ ਉਸ ਨੂੰ ਖਾਣ ਆਇਆ। ਉਸ ਦਾ ਜੀਅ ਕਰਦਾ ਸੀ ਕਿ ਲੋਕ ਉਸ ਨਾਲ਼ ਜੰਗੀਰੋ ਦੀਆਂ ਗੱਲਾਂ ਕਰਨ! ਜੰਗੀਰੋ ਨਾਲ਼ ਹੁਣ ਤੱਕ ਬਿਤਾਏ ਦਿਨ ਉਸ ਦੇ ਜ਼ਿਹਨ ਵਿਚ ਕਿਸੇ ਫ਼ਿਲਮ ਵਾਂਗ ਘੁੰਮ ਰਹੇ ਸਨ।
    ਦਿਨ ਬੀਤਦੇ ਗਏ।
    ਦਿਨ ਚੜ੍ਹਦਾ ਰਿਹਾ, ਛੁਪਦਾ ਰਿਹਾ।
    ਨੇਕਾ ਕਿਸੇ ਅਨਾਥ ਵਾਂਗ ਰੁਲ਼ਦਾ ਖੁਲ਼ਦਾ ਜਿਹਾ ਤੁਰਿਆ ਫ਼ਿਰਦਾ, ਦਿਨ ਕਟੀ ਕਰਦਾ ਰਿਹਾ। ਉਸ ਨੇ ਅਥਾਹ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਉਹ ਦਾਰੂ ਪੀ ਕੇ ਕਮਲ਼ਿਆਂ ਵਾਂਗ ਖੇਤਾਂ, ਸੜਕਾਂ ਅਤੇ ਗਲ਼ੀਆਂ ‘ਚ ਗੇੜੇ ਕੱਢਦਾ ਰਹਿੰਦਾ। ਰਾਤ ਨੂੰ ਦਾਰੂ ਨਾਲ਼ ਰੱਜ ਕੇ ਸੌਂ ਜਾਂਦਾ।
    ਅਚਾਨਕ ਇੱਕ ਦਿਨ ਉਸ ਦਾ ਭਾਣਜਾ ਆ ਬਹੁੜਿਆ। ਉਸ ਨੂੰ ਜੰਗੀਰੋ ਦੇ ਪੂਰੇ ਹੋਣ ਬਾਰੇ ਪਤਾ ਲੱਗ ਗਿਆ ਸੀ, ਅਤੇ ਉਸ ਨੂੰ ਇਹ ਵੀ ਪਤਾ ਸੀ ਕਿ ਵੇਚੀ ਪੈਲ਼ੀ ਦੇ ਪੈਸੇ ਅਜੇ ਵੀ ਮਾਮੇ ਕੋਲ਼ ਸਨ। ਨੇਕਾ ਵੀ ਉਸ ਦੀਆਂ ਚਲਾਕੀਆਂ ਅਤੇ ਬੇਈਮਾਨੀਆਂ ਨੂੰ ਭੁੱਲਿਆ ਨਹੀਂ ਸੀ।
    -“ਤਕੜੈਂ ਮਾਮਾਂ…?” ਉਹ ਆ ਕੇ ਉਸ ਦੇ ਗੋਡੇ ਮੁੱਢ ਬੈਠ ਗਿਆ।
    -“ਕੱਲੇ ਈ ਆਏ ਸੀ, ਭਾਣਜੇ, ਤੇ ‘ਕੱਲਿਆਂ ਨੇ ਈ ਤੁਰ ਜਾਣੈਂ…! ਥੋੜੇ ਜੇ ਚਿਰ ਲਈ ਰੱਬ ਵੱਲੋਂ ਸਾਥਣ ਮਿਲ਼ੀ ਸੀ, ਹੁਣ ਉਹ ਵੀ ਵਿਛੋੜਾ ਦੇ ਕੇ ਤੁਰ ਗਈ, ਆਪਾਂ ਤਾਂ ਹੁਣ ਉਠ ਦੀ ਪੂਛ ਵਰਗੇ ‘ਕੱਲੇ ਆਂ ਭਾਣਜੇ…! ਆਪਣੀ ਤਾਂ ਹੁਣ ਓਹ ਗੱਲ ਐ, ਅਖੇ ਰੇੜ੍ਹੇ ਆਲ਼ਾ ਸਾਰਾ ਕਰਜਾਈ, ਤੇ ਬੋਤੇ ਆਲ਼ਾ ਅੱਧਾ, ਗਧੇ ਆਲ਼ਾ ਸਭ ਤੋਂ ਚੰਗਾ, ਵੱਟਿਆ ਸੋ ਪੱਲੇ ਬੱਧਾ…! ਮਤਲਬ ਪੈਸੇ ਜੇਬ ‘ਚ ਤੇ ਗਧਾ ਰੂੜੀ ‘ਤੇ…!”
    -“ਤੂੰ ਮੇਰੇ ਨਾਲ਼ ਚੱਲ, ਮਾਮਾਂ…! ਐਸ਼ ਕਰੀਂ, ਤੇ ਬੁੱਲੇ ਵੱਢੀਂ…!”
    ਉਸ ਦੀ ਬੇਥਵੀ ਗੱਲ ਸੁਣ ਕੇ ਨੇਕਾ ਹੱਸ ਪਿਆ।
    -“ਹੁਣ ਨਾ ਤਾਂ ਐਸ਼ ਕਰਨ ਦੀ ਉਮਰ ਐ, ਤੇ ਨਾ ਬੁੱਲੇ ਵੱਢਣ ਦੀ, ਭਾਣਜੇ…! ਜਿੰਨੇ ਕੁ ਬੁੱਲੇ ਵੱਢਣੇ ਸੀ, ਜੰਗੀਰੋ ਦੇ ਸਿਰ ‘ਤੇ ਵੱਢ ਲਏ..! ਜਿੰਨੀ ਕੁ ਐਸ਼ ਕਰਮਾਂ ‘ਚ ਲਿਖੀ ਸੀ, ਕਰਮਾਂ ਆਲ਼ੀ ਜੰਗੀਰੋ ਨਾਲ਼ ਕਰ ਲਈ…! ਹੁਣ ਤਾਂ ਬਹੁਤੀ ਲੰਘ’ਗੀ, ਤੇ ਥੋੜ੍ਹੀ ਰਹਿ’ਗੀ, ਅੱਗਾ ਨੇੜੇ ਆਇਆ ਤੇ ਪਿੱਛਾ ਰਹਿ ਗਿਆ ਦੂਰ, ਹੁਣ ਕਾਹਦੇ ਦਾਅਵੇ, ਭਾਣਜੇ…? ਬਥੇਰੀ ਦੁਨੀਆਂਦਾਰੀ ਦੇਖ ਲਈ, ਹੁਣ ਤਾਂ “ਫ਼ੁਰਰ” ਹੋਣ ਦੀ ਉਡੀਕ ‘ਚ ਐਂ, ਓਹ ਦੇਖੋ ਕਦੋਂ ਹੁੰਦੀ ਐ…?” ਉਸ ਨੇ ਬੋਤਲ ਨੂੰ ਹੱਥ ਪਾ ਲਿਆ।
    -“ਮੈਥੋਂ ਤੇਰਾ ਹਾਲ ਦੇਖਿਆ ਨੀ ਜਾਂਦਾ, ਮਾਮਾਂ…!”
    ਨੇਕੇ ਨੂੰ ਚੇਹ ਚੜ੍ਹ ਗਈ ਕਿ ਕੱਲ੍ਹ ਦਾ ਚੀਚਲਾ ਭਾਣਜਾ ਮੇਰੇ ਵਾਲ਼ੇ ਪੈਸਿਆਂ ‘ਤੇ ਅੱਖ ਰੱਖੀ ਬੈਠਾ, ਚੁਸਤੀਆਂ ਖੇਡ ਰਿਹਾ ਸੀ।
    -“ਮੇਰਾ ਆਹ ਹਾਲ ਅੱਜ ਦਾ ਥੋੜ੍ਹੋ ਐ, ਭਾਣਜਾ ਸਿਆਂ…? ਬਥੇਰੀ ਦੁਨੀਆਂ ਨੇ ਭੈਣ ਦੇ ਫ਼ੇਰੇ ਦਿੱਤੇ, ਲਹੂ ਪੀਤਾ, ਹੁਣ ਮੈਂ ਠੀਕ ਐਂ…!” ਉਸ ਨੇ ਗਿਲਾਸ ਭਰ ਕੇ ਅੰਦਰ ਸੁੱਟ ਲਿਆ।
    ਭਾਣਜਾ ਅੰਦਰੋਂ ਖਿਝਿਆ ਪਿਆ ਸੀ। ਉਹ ਸੋਚ ਰਿਹਾ ਸੀ ਕਿ ਸਾਢੇ ਤਿੰਨ ਲੱਖ ਰੁਪਏ ਇਹਨੂੰ ਟੂਟਲ਼ ਜਿਹੇ ਨੂੰ ਜ਼ਮੀਨ ਦੇ ਮਿਲ਼ੇ ਸੀ। ਜੇ ਜੰਗੀਰੋ ਦੀ ਬਿਮਾਰੀ ‘ਤੇ ਪੰਜਾਹ ਹਜ਼ਾਰ ਰੁਪਈਆ ਵੀ ਖਰਚ ਹੋਇਆ ਹੋਇਆ ਤਾਂ ਤਿੰਨ ਲੱਖ ਰੁਪਏ ਅਜੇ ਵੀ ਇਹਦੇ ਪੱਲੇ ਸਨ। ਸਾਹਮਣੇ ਬੈਠੀ ਮੁਰਗੀ ਉਸ ਤੋਂ ਮਰੋੜੀ ਨਹੀਂ ਜਾ ਰਹੀ ਸੀ, ਇਸ ਲਈ ਉਸ ਦੇ ਲੂਹਰੀਆਂ ਉਠੀ ਜਾ ਰਹੀਆਂ ਸਨ।
    -“ਮਾਮਾਂ, ਗੱਲ ਮੰਨ ਲਈਦੀ ਹੁੰਦੀ ਐ…!” ਉਸ ਨੇ ਜੋਰ ਦੇ ਕੇ ਕਿਹਾ ਤਾਂ ਨੇਕਾ ਖਿਝ ਗਿਆ, ਕਿ ਜਿਹਨਾਂ ਨੇ ਕਦੇ ਬਾਤ ਨਹੀਂ ਸੀ ਪੁੱਛੀ, ਪੈਸਿਆਂ ਪਿੱਛੇ ਹੁਣ ਉਹ ਆ ਕੇ ਅਪਣੱਤ ਦਿਖਾਉਂਦੇ ਅਤੇ ਮੇਰਾਂ ਕਰਦੇ ਨੇ?
    -“ਭਾਣਜੇ…!”
    -“ਹਾਂ ਮਾਮਾਂ…?”
    -“ਚਾਹ ਚੂਹ ਪੀਣੀ ਐਂ…?”
    -“ਨਹੀਂ…! ਚਾਹ ਤਾਂ ਮੈਂ ਪੀ ਕੇ ਆਇਆ ਸੀ…!”
    -“ਫ਼ੇਰ ਤੂੰ ਜਾਹ, ਤੇ ਮੈਨੂੰ ਆਪਣੀ ਜਿੰਦਗੀ ਜਿਉਣ ਦੇ…!” ਉਸ ਨੇ ਕਰੜਾ ਹੋ ਕੇ ਕਿਹਾ ਤਾਂ ਭਾਣਜਾ ਪੱਤੇ ਤੋੜ ਗਿਆ।
    ਉਸ ਤੋਂ ਬਾਅਦ ਵੀ ਭਾਣਜੇ ਨੇ ਕਈ ਗੇੜੇ ਮਾਰੇ।
    ਪਰ ਨੇਕਾ ਆਪਣੇ ਬਚਨ ‘ਤੇ ਪੱਕਾ ਰਿਹਾ। ਉਸ ਨਾਲ਼ ਨਾ ਗਿਆ।
    ਨੇਕੇ ਕੋਲ਼ ਅਜੇ ਵੀ ਤਿੰਨ ਲੱਖ ਰੁਪਏ ਸਨ।
    ਉਸ ਨੇ ਤਿੰਨ ਲੱਖ ਰੁਪਏ ਪਿੰਡ ਵਾਲ਼ੇ ਵੱਡੇ ਗੁਰਦੁਆਰੇ ਦੀ ਕਮੇਟੀ ਨੂੰ ਸੌਂਪ ਦਿੱਤੇ ਅਤੇ ਇੱਕ ਸ਼ਰਤ ਰੱਖੀ ਕਿ ਜਿੰਨਾਂ ਚਿਰ ਮੈਂ ਜਿਉਂਦਾ ਹਾਂ, ਓਨਾਂ ਚਿਰ ਤਿੰਨ ਲੱਖ ਰੁਪਏ ਦਾ ਵਿਆਜ ਕਮੇਟੀ ਮੈਨੂੰ ਹਰ ਮਹੀਨੇ ਦਿੰਦੀ ਰਹੇਗੀ, ਅਤੇ ਜਦ ਮੈਂ ਨਾ ਰਿਹਾ ਤਾਂ ਇਹ ਪੈਸਾ ਗੁਰਦੁਆਰੇ ਦੇ ਨਮਿੱਤ ਹੀ ਅਰਦਾਸ ਕਰਵਾ ਦਿੱਤਾ ਜਾਵੇ!
    ਮਿਥੀ ਗੱਲ ਅਨੁਸਾਰ ਨੇਕੇ ਨੂੰ ਹਰ ਮਹੀਨੇ ਤਿੰਨ ਲੱਖ ਰੁਪਏ ਦੀ ਰਕਮ ਦਾ ਵਿਆਜ਼ ਮਿਲ਼ ਜਾਂਦਾ।
    ਅਚਾਨਕ ਨੇਕਾ ਵੀ ਬਿਮਾਰ ਪੈ ਗਿਆ।
    ਦਿਨ ਰਾਤ ਦੀ ਬੇਮੋਖੀ ਅਤੇ ਬੇਤਰਤੀਬੀ ਦਾਰੂ ਨੇ ਉਸ ਨੂੰ ਚਰ ਲਿਆ ਸੀ।
    ਡਾਕਟਰ ਨੇ ਉਸ ਨੂੰ ਇੱਕ ਸਖ਼ਤ ਨਸੀਹਤ ਦਿੱਤੀ।
    -“ਜੇ ਦੋ ਚਾਰ ਸਾਲ ਹੋਰ ਜਿਉਣੈ ਤਾਂ ਦਾਰੂ ਬੰਦ ਕਰਦੇ, ਨੇਕਿਆ…! ਨਹੀਂ ਆਪਣੀਆਂ ਲੱਕੜਾਂ ਦਾ ਪ੍ਰਬੰਧ ਕਰਵਾ ਲੈ…!”
    ਨੇਕੇ ਨੇ ਸੋਚਿਆ, ਜੇ ਘਰੇ ਰਹਿੰਦਾ ਰਿਹਾ ਤਾਂ ਇਕੱਲੇ ਤੋਂ ਦਾਰੂ ਮੱਲੋਮੱਲੀ ਪੀਤੀ ਜਾਊਗੀ, ਕਿਉਂ ਨਾ ਕਮੇਟੀ ਦੀ ਇਜ਼ਾਜ਼ਤ ਨਾਲ਼ ਪਿੰਡ ਵਾਲ਼ੇ ਗੁਰਦੁਆਰੇ ਦੇ ਇੱਕ ਕਮਰੇ ਵਿਚ ਰਹਾਇਸ਼ ਕਰ ਲਈ ਜਾਵੇ…? ਉਸ ਨੇ ਕਮੇਟੀ ਪ੍ਰਧਾਨ ਨਾਲ਼ ਗੱਲ ਕੀਤੀ। ਲੋਕ ਪ੍ਰਧਾਨ ਨੂੰ ‘ਜੱਥੇਦਾਰ’ ਘੱਟ, ਪਰ “ਜੱਫ਼ੇਮਾਰ” ਜ਼ਿਆਦਾ ਆਖ ਕੇ ਬੁਲਾਉਂਦੇ ਸਨ। ਖੁੱਲ੍ਹੇ ਡੁੱਲ੍ਹੇ ਸਰੀਰ ਦਾ ਮਾਲਕ ਜੱਫ਼ੇਮਾਰ ਪਿਛਲੇ ਵੀਹ ਸਾਲਾਂ ਤੋਂ ਗੁਰਦੁਆਰੇ ਦੀ ਕਮੇਟੀ ਦੀ ਪ੍ਰਧਾਨਗੀ ਨੂੰ ‘ਜੱਫ਼ਾ’ ਮਾਰੀ ਬੈਠਾ ਸੀ, ਇਸ ਲਈ ਲੋਕਾਂ ਨੇ ਉਸ ਦੀ ਅੱਲ ਹੀ “ਜੱਫ਼ੇਮਾਰ” ਪਾ ਲਈ ਸੀ!
    ਨੇਕੇ ਨੂੰ ਗੁਰਦੁਆਰੇ ਦੀ ਇਮਾਰਤ ਵਿਚ ਇੱਕ ਕਮਰਾ ਅਲਾਟ ਹੋ ਗਿਆ।
    ਦਾਰੂ ਤੋਂ “ਤੌਬਾ” ਕਰ ਕੇ ਉਸ ਨੇ ਓਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ।
    ਚਾਹੇ ਨੇਕੇ ਨੇ ਦਾਰੂ ਦਾ ਤਿਆਗ ਹੀ ਕਰ ਦਿੱਤਾ ਸੀ। ਪਰ ਬੇਥਾਹ ਪੀਤੀ ਦਾਰੂ ਨੇ ਉਸ ਦੇ ਸਰੀਰ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ। ਉਸ ਦਾ ਜਿਗਰ ਅਤੇ ਗੁਰਦੇ ਬੁਰੀ ਤਰ੍ਹਾਂ ਨਾਲ਼ ਨੁਕਸਾਨੇ ਗਏ ਸਨ। ਹੁਣ ਉਸ ਦੀ ਹਾਲਤ ਬਹੁਤ ਹੀ ਤਰਸਯੋਗ ਜਿਹੀ ਬਣ ਗਈ ਸੀ। ਕਮਜ਼ੋਰੀ ਕਾਰਨ ਉਸ ਤੋਂ ਪੂਰੀ ਤਰ੍ਹਾਂ ਤੁਰਿਆ ਨਹੀਂ ਜਾਂਦਾ ਸੀ। ਹੱਥ ਪੈਰ ਕੰਬਦੇ ਸਨ ਅਤੇ ਨਿਰਬਲ ਸਰੀਰ ਡੋਲਦਾ ਸੀ।
    ….ਤੇ ਇੱਕ ਦਿਨ ਜੱਫ਼ੇਮਾਰ ਨੇ ਗੁਰਦੁਆਰੇ ਦੇ ਗ੍ਰੰਥੀ ਸਿੰਘ ਨੂੰ ਅਚਾਨਕ ਪੁੱਛਿਆ।
    -“ਬਾਬਾ ਜੀ, ਨੇਕਾ ਨੀ ਨਜ਼ਰ ਆਇਆ ਕਿਤੇ…?”
    -“ਪਤਾ ਨੀ ਪ੍ਰਧਾਨ ਜੀ, ਕੱਲ੍ਹ ਦਾ ਈ ਨੀ ਰੜਕਿਆ ਕਿਤੇ…!”
    -“ਊਂ ਵੀ ਪਰਸੋਂ ਦਾ ਜਰੇਬਰੇ ਜੇ ਨੇ ਸਿੱਟਿਆ ਵਿਆ ਸੀ…!” ਦੂਜਾ ਬੋਲਿਆ।
    -“ਓਏ ਨੇਕਾ ਸਾਹਣ ਬੰਦੈ, ਜਰੇਬਰੇ ਨੂੰ ਕੀ ਗੌਲ਼ਦੈ…?”
    -“ਪਰ ਜੰਗੀਰੋ ਦਾ ਦਰੇਗ ਮੰਨ ਗਿਆ, ਬੰਦਾ ਹੋ ਕੇ ਹਾਲ ਪਾਹਰਿਆ ਨੀ ਕਰਦਾ, ਪਰ ਦੁਖੀ ਤਾਂ ਬਥੇਰੈ ਬਿਚਾਰਾ…!”
    -“ਆਓ ਓਹਦਾ ਕਮਰਾ ਤਾਂ ਦੇਖੀਏ, ਹਾਲ ਚਾਲ ਪੁੱਛੀਏ ਓਹਦਾ, ਯਾਰ…!”
    ਸਾਰੇ ਨੇਕੇ ਦੇ ਕਮਰੇ ਵੱਲ ਤੁਰ ਗਏ।
    ਜਦ ਉਹਨਾਂ ਨੇ ਕਮਰੇ ਦਾ ਦਰਵਾਜਾ ਖੋਲ੍ਹ ਕੇ ਅੰਦਰ ਤੱਕਿਆ ਤਾਂ ਨੇਕਾ ਵੀ ਇਹ ਵੈਰ-ਵਿਰੋਧ ਕਰਨ ਵਾਲ਼ਾ ਕਲੇਸ਼ੀ ਜਹਾਨ ਛੱਡ, ਆਪਣੀ ਜੰਗੀਰੋ ਕੋਲ਼ ਜਾ ਬਿਰਾਜਿਆ ਸੀ…!
    ….ਨੇਕੇ ਦੇ ਸਸਕਾਰ ਤੋਂ ਤਿੰਨ ਦਿਨ ਬਾਅਦ ਨੇਕੇ ਦੇ ਬੇਲੀ ਚੰਦ ਨੂੰ ਨੇਕੇ ਦੇ ਅਕਾਲ ਚਲਾਣੇ ਬਾਰੇ ਪਤਾ ਲੱਗਿਆ ਤਾਂ ਉਸ ਨੇ ਸਾਰੀ ਕਨਸੋਅ ਲਈ ਅਤੇ ਬੰਦੇ ਲੈ ਕੇ ਕੌੜੋ ਦੇ ਪ੍ਰੀਵਾਰ ਨੂੰ ਢਾਹ ਕੇ ‘ਕੱਲੇ-‘ਕੱਲੇ ਦੀਆਂ ਚੱਪਣੀਆਂ ਭੰਨ ਦਿੱਤੀਆਂ। ਕੁੱਟ ਕੁੱਟ ਕੇ ਲੰਮਾਂ ਪਾਇਆ ਸਾਰਾ ਟੱਬਰ ਧਰਤੀ ‘ਤੇ ਪਿਆ ਬਿਲਕ ਰਿਹਾ ਸੀ। ਕੌੜੋ ਲਹੂ-ਲੁਹਾਣ ਮੂਧੇ ਮੂੰਹ ਪਈ ਸੀ! ਓਸੇ ਤਰ੍ਹਾਂ, ਜਿਸ ਤਰ੍ਹਾਂ ਕਦੇ ਕੁੱਟੀ ਮਾਰੀ ਬੇਕਸੂਰ ਜੰਗੀਰੋ ਪਈ ਸੀ। ਕੌੜੋ ਦੇ ਮੂੰਹ ‘ਚੋਂ ਅਵਾਜ਼ ਤੱਕ ਨਹੀਂ ਨਿਕਲ਼ਦੀ ਸੀ। ਉਸ ਦੇ ਦੋ ਟੁੱਟੇ ਦੰਦ ਸਾਫ਼ ਦਿਸਦੇ ਸਨ।
    ਕਿਸੇ ਨੇ ਠਾਣੇ ਖ਼ਬਰ ਕੀਤੀ ਤਾਂ ਕੌੜੋ ਦਾ ‘ਹਮਦਰਦ’ ਠਾਣੇਦਾਰ ਆਪਣੀ ਫ਼ੋਰਸ ਲੈ ਕੇ ਤੁਰੰਤ ਪਹੁੰਚਿਆ ਅਤੇ ਚੰਦ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
    -“ਤੁਸੀਂ ਦਰਵੇਸ਼ ਬੰਦੇ ਨੇਕੇ ਨੂੰ ਵੰਝ ‘ਤੇ ਚੜ੍ਹਾਈ ਰੱਖਿਐ, ਫ਼ਾਹੇ ਤਾਂ ਮੈਨੂੰ ਪੁਲ਼ਸ ਲਾਉਣੋਂ ਰਹੀ, ਪਰ ਜਿਸ ਦਿਨ ਮੈਂ ਬਰੀ ਹੋ ਕੇ ਆ ਗਿਆ, ਥੋਡੇ ਸਾਰੇ ਪਿੰਡ ਨੂੰ ਅੱਗ ਲਾ ਕੇ ਫ਼ੂਕ’ਦੂੰ…! ਐਸ ਕੁੱਤੀ ਦੇ ਟੱਬਰ ਦੇ ਤਾਂ ਗਿਣ-ਗਿਣ ਕੇ ਬਦਲੇ ਲਊਂਗਾ, ‘ਕੱਲੇ-‘ਕੱਲੇ ਦਾ ਸਿਵਾ ਬਾਲੂੰਗਾ, ਜੀਹਨੇ ਮੇਰੇ ਦਰਵੇਸ਼ ਯਾਰ ਦਾ ਜਿਉਣਾਂ ਹਰਾਮ ਕੀਤਾ ਸੀ…! ਨਿੱਤ ਬਾਂਹਾਂ ‘ਚ ਬੰਗਣੇਂ ਪਾਇਆ ਕਰੂੰਗਾ…!” ਚੰਦ ਹੱਥਕੜੀਆਂ ਵਿਚ ਜਕੜਿਆ ਸ਼ੇਰ ਵਾਂਗ ਗੱਜਦਾ ਜਾ ਰਿਹਾ ਸੀ….!
    …..ਤੇ ਅੱਜ ਚੰਦ ਉਸ ਫ਼ੌਜਦਾਰੀ ਦੇ ਕੇਸ ਵਿਚੋਂ ਬਰੀ ਹੋ ਕੇ ਆਇਆ ਸੀ ਅਤੇ ਭਮੱਤਰਿਆ ਚੌਂਕੀਦਾਰ ਚੰਦ ਦੇ ਬਰੀ ਹੋਣ ਦੀ ਖ਼ਬਰ ਲੈ, ਕੱਸੀ ਪੱਟਣ ਵਾਲ਼ਿਆਂ ਵੱਲ ਦੌੜ ਗਿਆ ਸੀ….!
    -ਸਮਾਪਤ-

    PUNJ DARYA

    Leave a Reply

    Latest Posts

    error: Content is protected !!