ਅਜ਼ਾਦੀ ਦਿਵਸ ਤੇ ਕੀ ਲਿਖਾਂ ਕੀ ਬੋਲਾਂ ਵੀਰੋ।
ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜ ਕਰਨ ਕਲੋਲਾਂ ਵੀਰੋ।
ਤਿਹੱਤਰ ਸਾਲ ਲੋਕੋ ਬੀਤ ਗਏ,
ਜਦ ਵਤਨ ਅਜ਼ਾਦ ਹੋਇਆ ਸੀ।
ਮੁਲਕ ਕਰ ਗਿਆ ਬਹੁਤ ਤਰੱਕੀ,
ਪਰ ਕਿਰਤੀ ਬਰਬਾਦ ਹੋਇਆ ਸੀ।
ਵੱਡੇ,ਵੱਡੇ ਬੁੱਤ ਸੀ ਗੲੇ ਉਸਾਰੇ,
ਡੇਰਾ ਮਜ਼੍ਹਬਾਂ ਦਾ ਅਬਾਦ ਹੋਇਆ ਸੀ।
ਜੋ ਸਾਡੇ ਸ਼ਹੀਦਾਂ ਸੀ ਲੲੇ ਸੁਪਨੇ,
ਨਹੀਂ ਉਨ੍ਹਾਂ ਦਾ ਪੂਰਾ ਖ਼ਾਬ ਹੋਇਆ ਸੀ।
ਪੜ੍ਹ ਲਿਖ ਜਵਾਨੀ ਫਿਰੇ ਵਿਹਲੀ,
ਅਨਪ੍ਹੜ ਨੇਤਾ ਨਵਾਬ ਹੋਇਆ ਸੀ।
ਤਕੜਿਆਂ ਦਾ ਸਦਾ ਰਹੇ ਢਿੱਡ ਭਰਦੇ,
ਕਿਰਤੀ ਦਾ ਨਾ ਕਦੇ ਹਿਸਾਬ ਹੋਇਆ ਸੀ।
ਨਹੀਂ ਪਿਆ ਕਦੇ ਗ਼ਦਰੀਆਂ ਦਾ ਮੁੱਲ,
ਬੁੱਚੜ ਨੇਤਾ ਦਾ ਦੂਣਾ ਤਾਬ ਹੋਇਆ ਸੀ।
ਲਹਿਰੀ ਕੀ ਦੋਸ਼ ਦੇਈਏ ਹਾਕਮਾਂ ਨੂੰ,
ਵੋਟਰਾਂ ਦਾ ਹੀ ਖਾਨਾ ਖ਼ਰਾਬ ਹੋਇਆ ਸੀ।
ਵਿਕ ਗਏ ਸਾਰੇ ਸ਼ਰਾਬ ਦੀਆਂ ਧਾਰਾਂ ਤੇ,
ਕਬਾਬ ਦੇ ਨਾਲ ਸ਼ਬਾਬ ਹੋਇਆ ਸੀ।
ਸਾਡੇ ਕਾਲੇ ਨੇ ਕਰ ਬੈਠੇ ਕਬਜ਼ਾ,
ਚਿੱਟਿਆਂ ਤੋਂ ਦੇਸ਼ ਅਜ਼ਾਦ ਹੋਇਆ ਸੀ।
ਬਲਬੀਰ ਸਿੰਘ ਲਹਿਰੀ
ਪਿੰਡ ਮੀਆਂ ਪੁਰ
ਜ਼ਿਲਾ ਤਰਨਤਾਰਨ
9815467002