7.5 C
United Kingdom
Sunday, March 8, 2026

More

    ਬਾਦਲ ਤੇ ਕੈਪਟਨ ਆਪਸ ’ਚ ਮਿਲਕੇ ਖੇਡ ਰਹੇ ਸਿਆਸਤ: ਭਗਵੰਤ ਮਾਨ

    ਅਸ਼ੋਕ ਵਰਮਾ
    ਬਠਿੰਡਾ, 14 ਅਗਸਤ ।ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪ੍ਰੀਵਾਰ ਕਥਿਤ ਮਿਲੀਭੁਗਤ ਨਾਲ ਸਿਆਸਤ ਖੇਡ ਰਹੇ ਹਨ। ਉਨਾਂ ਆਖਿਆ ਕਿ ਹਾਲਾਤਾਂ ਨੂੰ ਦੇਖਦਿਆਂ ਮੁੱਖ ਮੰਤਰੀ ਨੂੰ ਕਟਿਹਰੇ ’ਚ ਖੜਾ ਕੀਤਾ ਤੇ ਕਿਹਾ ਕਿ ਵਾਰੀ ਬੰਨ ਕੇ ਰਾਜ ਕਰਨ ਦੇ ਆਪਸੀ ਸਮਝੌਤੇ ਤਹਿਤ ‘ਰਾਜਾ ਸਾਹਿਬ’ ਦਾ ਹੁਣ ਇਹੋ ਜ਼ੋਰ ਲੱਗਿਆ ਹੋਇਆ ਕਿ ਸਿਆਸੀ ਜ਼ਮੀਨ-ਗੁਆ ਚੁੱਕੇ ਬਾਦਲਾਂ (ਸੁਖਬੀਰ ਸਿੰਘ ਬਾਦਲ-ਬਿਕਰਮ ਸਿੰਘ ਮਜੀਠੀਆ) ਨੂੰ 2022 ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਵਿਰੋਧੀ ਧਿਰ ਵਜੋਂ ਕਿਵੇਂ ਉਭਾਰਿਆ ਜਾਵੇ? ਇਸ ਕਾਰਨ ਹੀ ਉਨਾਂ ਨੇ ਆਪਣੀ ਤਰਫੋਂ ਬਾਦਲ ਪਰਿਵਾਰ ਨੂੰ ਮੁੱਖ ਮੰਤਰੀ ਦੀ ਕੁਰਸੀ ਸੌਂਪਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ । ਕੈਪਟਨ ਤੇ ਬਾਦਲਾਂ ਦੀ ‘ਆਪਸੀ ਕਥਿਤ ਗੰਢ ਤੁੱਪ’ ਦਾ ਜ਼ਿਕਰ ਕਰਦਿਆਂ ਉਨਾਂ ਕਿਹਾ ਕਿ ਹੁਣ ਤਾਂ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਵੀ ਰੌਲਾ ਪਾਉਣ ਲੱਗੇ ਹਨ।
    ਬਠਿੰਡਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕੈਪਟਨ ਖਿਲਾਫ ਕਾਫੀ ਤਿੱਖੇ ਹਮਲੇ ਕੀਤੇ। ਉਨਾਂ ਟੇਢੇ ਢੰਗ ਨਾਲ ਕੈਪਟਨ ਦੀ ਪਾਕਿਸਤਾਨੀ ਮਹਿਲਾ ਦੋਸਤ ਨੂੰ ਵੀ ਨਿਸ਼ਾਨਾ ਬਣਾਇਆ। ਉਨਾਂ ਆਖਿਆ ਕਿ ਉਹ ਜਲਦੀ ਹੀ ਰੂਸ ਤੋਂ ਆਏ ਖਾਸ ਮਹਿਮਾਨਾਂ ਨੂੰ ਵੀ ਸਾਹਮਣੇ ਲਿਆਉਣਗੇ। ਉਨਾਂ ਕਰੋਨਾ ਦੀ ਆੜ ’ਚ ਪੰਜਾਬ ਸਰਕਾਰ ਤੇ ਲੋਕ ਵਿਰੋਧੀ ਫੈਸਲੇ ਲੈਣ ਦਾ ਦੋਸ਼ ਲਾਇਆ ਅਤੇ ਮਹਾਂਮਾਰੀ ਦੀ ਆੜ ’ਚ ਮੋਦੀ ਸਰਕਾਰ ਵੱਲੋਂ ਖੇਤੀ ਵਿਰੋਧੀ ਆਰਡੀਨੈਂਸ ਪਾਸ ਕਰਨ ਣਾਂ ਇਲਜਾਮ ਵੀ ਲਾਇਆ। ਭਗਵੰਤ ਮਾਨ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਲੋਕ-ਮਾਰੂ ਨੀਤੀਆਂ ਅਤੇ ਗੈਰ ਜਿੰਮੇਵਾਰਨਾ ਰਵੱਈਏ ਵਿਰੁੱਧ ਜਦ ਆਮ ਆਦਮੀ ਪਾਰਟੀ ਕਿਸਾਨ-ਮਜ਼ਦੂਰ ਜਥੇਬੰਦੀਆਂ ਅਤੇ ਬੇਰੁਜ਼ਗਾਰਾਂ ਸਮੇਤ ਹੋਰ ਸੰਗਠਨਾਂ ਵੱਲੋਂ ਰੋਸ ਮੁਜ਼ਾਹਰੇ ਜਾਂ ਧਰਨੇ ਲਗਾਏ ਜਾਂਦੇ ਹਨ ਤਾਂ ਕੋਰੋਨਾ ਦਿਸ਼ਾ-ਨਿਰਦੇਸ਼ਾਂ (ਡਿਸਾਸਟਰ ਮੈਨੇਜਮੈਂਟ) ਦੇ ਨਾਂ ਥੱਲੇ ਪੁਲਸ ਕੇਸ ਕਰ ਦਿੱਤੇ ਜਾਂਦੇ ਹਨ।
                    ਭਗਵੰਤ ਮਾਨ ਨੇ ਸਵਾਲ ਕੀਤਾ ਕਿ ਬੇਅਦਬੀ ਦੇ ਦੋਸ਼ਾਂ ‘ਚ ਘਿਰੇ ਅਤੇ ਪੰਜਾਬ ‘ਚ ‘ਮਾਫ਼ੀਆ ਰਾਜ’ ਦੀ ਜੜ ਲਾਉਣ ਵਾਲੇ ਸੁਖਬੀਰ ਸਿੰਘ ਬਾਦਲ ‘ਸ਼ਰਾਬ ਮਾਫ਼ੀਆ’  ਵਿਰੁੱਧ ਧਰਨਿਆਂ ਦੇ ਡਰਾਮੇ ਕਰ ਰਹੇ ਹਨ।  ਉਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਕੋਰੋਨਾ ਦਿਸ਼ਾ ਨਿਰਦੇਸ਼ਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨਨ, ਪਰੰਤੂ ਉਨਾਂ ‘ਤੇ ਮੁਕੱਦਮਾ ਦਰਜ ਕਰਨ ਦੀ ਥਾਂ ਉਨਾਂ ਨੂੰ ਅਸਿੱਧੇ ਢੰਗ ਨਾਲ ਪੁਲਸ ਅਤੇ ਪ੍ਰਸ਼ਾਸਨ ਕੋਲੋਂ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।
    ਉਨਾਂ ਆਖਿਆ ਕਿ ਸਿਰਫ਼ ‘ਆਪ’ ਆਗੂਆਂ ਵਲੰਟੀਅਰਾਂ ਅਤੇ ਸਮਰਥਕਾਂ ‘ਤੇ ਹੁਣ ਤੱਕ 300 ਤੋਂ ਵੱਧ ਮੁਕੱਦਮੇ ਦਰਜ ਕੀਤੇ ਜਾ ਚੁੱਕੇ ਹਨ। ਜਦਕਿ ਕਿਸਾਨ ਯੂਨੀਅਨ ਅਤੇ ਮਜ਼ਦੂਰ ਜਥੇਬੰਦੀਆਂ ‘ਤੇ ਹੁਣ ਤੱਕ ਦਰਜ਼ ਕੀਤੇ ਮਾਮਲਿਆਂ ਦੀ ਗਿਣਤੀ 1000 ਤੋਂ ਵੱਧ ਹੈ।
    ਭਗਵੰਤ ਮਾਨ ਨੇ ਇੱਥੋਂ ਤੱਕ ਕਿਹਾ ਕਿ ਮੁੱਖ ਮੰਤਰੀ ਅਤੇ ਬਾਦਲ ਸਿਸਵਾਂ ਸਥਿਤ ਆਪਣੇ ਫਾਰਮ ਹਾਊਸ ‘ਚ ਮੁਲਾਕਾਤਾਂ-ਮਹਿਫ਼ਲਾਂ ਸਜਾਉਂਦੇ ਹੋ ਸਕਦੇ ਹਨ ਕਿਉਂਕਿ ਸੁਖਬੀਰ ਬਾਦਲ ਦਾ ‘ਸੁੱਖ ਬਿਲਾਸ’ ਅਤੇ ਮਹਾਰਾਜੇ ਦਾ ਸ਼ਾਹੀ ਫਾਰਮ ਹਾਊਸ ਨਾਲ-ਨਾਲ ਹੀ ਹਨ।
    ਭਗਵੰਤ ਮਾਨ ਨੇ ਇਲਜ਼ਾਮ ਲਗਾਇਆ ਕਿ ਮੁੱਖ ਮੰਤਰੀ ਆਪਣੀ ਚੰਡੀਗੜ ਸਥਿਤ ਸਰਕਾਰੀ ਕੋਠੀ ‘ਚ ਇਸ ਲਈ ਨਹੀਂ ਠਹਿਰਦੇ ਕਿਉਂਕਿ ਰੇਤ, ਸ਼ਰਾਬ ਅਤੇ ਹੋਰ ਸਾਰੇ ਮਾਫ਼ੀਆ ਦਾ ਕਥਿਤ ਪੈਸਾ ਇਕੱਠਾ ਉਨਾਂ ਦੇ ਫਾਰਮ ਹਾਊਸ ਜਾਂਦਾ ਹੈ।
    ਮਾਨ ਨੇ ਕਿਹਾ ਕਿ ਪੰਜਾਬ ਦੀ ਇਸ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ ਕਿ ਸੱਤਾਧਾਰੀਆਂ ਦੀ ਸਰਪ੍ਰਸਤੀ ਹੇਠ ਸ਼ਰੇਆਮ ਵਿਕਦੀ ਨਜਾਇਜ਼ ਦਾਰੂ ਦੇ ਜ਼ਹਿਰ ਨਾਲ ਜਦੋਂ ਤਰਨਤਾਰਨ, ਅੰਮਿ੍ਰਤਸਰ ਅਤੇ ਬਟਾਲਾ ‘ਚ ਘਰ ਉਜਾੜੇ ਤਾਂ ਮੁੱਖ ਮੰਤਰੀ ਨੂੰ ਫਾਰਮ ਹਾਊਸ ‘ਚੋਂ ਕੱਢ ਕੇ ਮਾਝੇ ‘ਚ ਭੇਜਣ ਲਈ ਆਮ ਆਦਮੀ ਪਾਰਟੀ ਨੂੰ ਫਾਰਮ ਹਾਊਸ ਘੇਰਨਾ ਪਿਆ। ਭਗਵੰਤ ਮਾਨ ਨੇ ਇਹ ਵੀ ਪੁੱਛਿਆ ਕਿ ਵਿਧਾਇਕਾਂ ਅਤੇ ਕਾਂਗਰਸੀ ਆਗੂਆਂ ਵਰਗੇ ਅਸਲੀ ਤਸਕਰਾਂ ‘ਤੇ ਕਤਲ ਦੇ ਮੁਕੱਦਮੇ ਕਿਉਂ ਨਹੀਂ ਦਰਜ ਕੀਤੇ। ਇਸ ਮੌਕੇ ਉਨਾਂ ਨਾਲ ਨਵਦੀਪ ਸਿੰਘ ਜੀਦਾ, ਨੀਲ ਗਰਗ, ਅਨਿਲ ਠਾਕੁਰ, ਅਮਿ੍ਰਤ ਲਾਲ ਅਗਰਵਾਲ, ਰਾਕੇਸ਼ ਪੁਰੀ, ਮਹਿੰਦਰ ਸਿੰਘ ਫੁੱਲੋਮਿਠੀ ਅਤੇ ਪ੍ਰਦੀਪ ਕਾਲੀਆ ਆਦਿ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!