*ਮਿਸ਼ਨ ਫਤਹਿ ਮੁਹਿੰਮ ਦਾ ਮੰਤਵ ਕੋਵਿਡ-19 ਦੇੇ ਫੈਲਾਅ ਨੂੰ ਰੋਕਣਾ
*ਹਰੇਕ ਵਿਅਕਤੀ ਸਾਬਣ ਨਾਲ ਘੱਟੋ ਘੱਟ 20 ਸਕਿੰਟ ਤੱਕ ਹੱਥ ਨੂੰ ਸਾਫ਼ ਕਰੇ
ਮਾਲੇਰਕੋਟਲਾ, 14 ਅਗਸਤ (ਥਿੰਦ/ਜੌੜਾ)-
ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਤੇ ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾ ਦੀ ਅਗਵਾਈ ਵਿਚ ਮੁੱਢਲਾ ਸਿਹਤ ਕੇਂਦਰ ਫ਼ਤਿਹਗੜ੍ਹ ਪੰਜਗਰਾਈਆਂ ਵਿਚ ‘ਗੰਦਗੀ ਮੁਕਤ ਭਾਰਤ’ ਕੈਂਪੇਨ ਲਾਂਚ ਕੀਤੀ ਗਈ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਜਸਪਾਲ ਜਟਾਣਾ ਤੇ ਸੋਨਦੀਪ ਸੰਧੂ ਨੇ ਕਿਹਾ ਕਿ ‘ਗੰਦਗੀ ਮੁਕਤ ਭਾਰਤ’ ਅਭਿਆਨ ਤਹਿਤ ਪਿੰਡਾਂ ਵਿਚ ਮਿਤੀ 8 ਅਗਸਤ ਤੋਂ 15 ਅਗਸਤ ਤੱਕ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਦੇ ਸਹਿਯੋਗ ਨਾਲ ਅੱਜ ਮੁੱਢਲਾ ਸਿਹਤ ਕੇਂਦਰ ਵਿਖੇ ਵਾਧੂ ਖੜੇ ਘਾਹ-ਫ਼ੂਸ ਤੋਂ ਇਲਾਵਾ ਆਸ-ਪਾਸ ਦੀ ਸਫ਼ਾਈ ਵੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਕੋਰੋਨਾਵਾਇਰਸ ਨੂੰ ਲੈ ਕੇਂ ਸਾਫ਼ ਸਫ਼ਾਈ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਿਸ਼ਨ ਫਤਹਿ ਮੁਹਿੰਮ ਦਾ ਮੰਤਵ ਵੀ ਲੋਕਾਂ ਨੂੰ ਕੋਵਿਡ-19 ਦੀ ਸਾਵਧਾਨੀਆਂ ਬਾਰੇ ਪ੍ਰੇਰਿਤ ਕਰਨਾ ਅਤੇ ਇਸਦੇ ਫੈਲਾਅ ਨੂੰ ਰੋਕਣਾ ਹੈ। ਉਨ੍ਹਾਂ ਕਿਹਾ ਕਿ ਅਪਣੇ ਆਲੇ ਦੁਆਲੇ ਤੋਂ ਸਫ਼ਾਈ ਦੇ ਨਾਲ ਨਾਲ ਅੱਜ ਦੇ ਸਮੇਂ ਸਾਬਣ ਨਾਲ ਘੱਟੋ ਘੱਟ 20 ਸਕਿੰਟ ਤੱਕ ਹੱਥ ਜ਼ਰੂਰ ਥੋਣੇ ਚਾਹੀਦੇ ਹਨ, ਸਾਮਾਜਿਕ ਦੂਰੀ ਬਣਾ ਰੱਖਣਾ ਅਤੇ ਮਾਸਕ ਦੀ ਵਰਤੋਂ ਕਰਨਾ ਸਮੇਂ ਦੀ ਲੋੜ ਹੈ।
ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੇ ਇਸ ਅਭਿਆਨ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।ਉਨ੍ਹਾਂ ਕਿਹਾ ਕਿ ਬਰਸਾਤਾਂ ਦੇ ਮੌਸਮ ਵਿਚ ਅਪਣੇ ਆਸ ਪਾਸ ਸਫ਼ਾਈ ਰੱਖਣਾ ਬਹੁਤ ਜ਼ਰੂਰੀ ਹੈ ਤਾਂਜੋ ਇਸ ਮੌਸਮ ਵਿਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਸਿਹਤ ਇੰਸਪੈਕਟਰ ਨਿਰਭੈ ਸਿੰਘ, ਰਾਜੇਸ਼ ਰਿਖੀ, ਜੂਨੀਅਰ ਸਹਾਇਕ ਅਮਨਦੀਪ ਸਿੰਘ, ਅਕਾਊਂਟੈਂਟ ਜੁਲਫਿਕਾਰ ਅਲੀ, ਪੰਚ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।