ਮਿੰਟੂ ਖੁਰਮੀ
ਆਹ ਕੱਲ੍ਹ ਦਸ ਕੁ ਵਜੇ ਫੀਲਾ ਬਾਰਾਂ ਚ ਖੜ੍ਹਾ, ਮੂੰਹ ਚੋਂ ਝੱਗ ਡਿੱਗੇ ਬੁਰਾ ਹਾਲ, ਮੈਂ ਵੀ ਘਬਰਾ ਗਿਆ ਬਾਈ ਪੰਗੇ ਹੱਥੇ ਡੁੱਬੜੇ ਨੇ ਕਰ ਲਿਆ ਓਹੀ ਕੰਮ। ਮੈਂ ਫੜ੍ਹਿਆ ਗਲ ਤੋਂ, ਛਿੱਤਰ ਲਿਆ ਲਾਹ…. ਡਾ. ਰਣਜੀਤ ਜੌੜੇ ਆਂਗੂੰ ਟਿਕਾ ਕੇ ਛਿੱਤਰ ਪੌਲਾ ਕਰਿਆ। ਡਾ. ਸਾਹਿਬ ਦੀ ਬਾਤ ਤਾਂ ਪਾਈ, ਉਹ ਜਦੋਂ ਕੋਈ ਜ਼ਹਿਰ ਪੀਤੀ ਆਲਾ ਕੇਸ ਆ ਜਾਂਦਾ ਸੀ ਤਾਂ ਪਹਿਲਾਂ ਜੂਤ ਫੇਰਦੇ ਹਨ, ਪਰ ਮਾਸਟਰ ਐਨੇ ਕਿ ਕੀ ਕਹਿਣਾ ਕੋਈ ਇੱਕ ਅੱਧਾ ਸਾਹ ਗਵਾ ਜਾਵੇ, ਨਹੀਂ ਮਰਨ ਨਹੀਂ ਦਿੰਦੇ। ਓਹੀ ਫੀਲਿੰਗ ਮੈਂ ਫੀਲੇ ‘ਤੇ ਲੈ ਗਿਆ। ਚੰਗੀ ਭੜਾਸ ਕੱਢ ਕੇ ਜਦੋਂ ਮੈਂ ਸਾਹੋ ਸਾਹ ਹੋ ਗਿਆ, ਜੂਤ ਪਤਾਂਣ ਕਰਾ ਕੇ ਫੀਲਾ ਕਹਿੰਦਾ, “ਬਾਈ ਮੈਂ ਜ਼ਹਿਰ ਨੀ ਪੀਤੀ…. ਆਹ ਤਾਂ ਸਾਬਣ ਖਾਧੀ ਆ।”
-“ਓਏ ਤੇਰਾ ਭਲਾ ਹੋ ਜੇ ਪਤੰਦਰਾ ਇਹ ਕਿਓਂ ਖਾਧੀ ??”
ਕਹਿੰਦਾ, “ਅੱਡੇ ਚ ਤਾਸ ਖੇਡਦੇ ਦੋਦੇ ਕੇ ਰੂਪੇ, ਇਲਮੇ, ਟੀਲੇ ਕੋਲ ਗਿਆ ਤਾਂ ਉਹ ਕਹਿੰਦੇ ਕਰੋਨੇ ਦੀ ਦਵਾਈ ਨੀ ਬਣੀ, ਜੀਹਨੂੰ ਹੋ ਗਿਆ…. ਟੱਟੂ ਪਾਰ, ਮੈਨੂੰ ਜਕਾਮ ਲੱਗਿਆ ਸੀ ਮੈਨੂੰ ਲੱਗਿਆ ਵੀ ਹੁਣ ਨੀ ਬਚਦੇ, ਬੱਸ ਸੱਦ ਲਿਆ ਧਰਮਰਾਜ ਨੇ, ਮੈਂ ਓਥੋਂ ਕਸਮੀਰੇ ਡਾਗਟਰ ਦੇ ਮੁੰਡੇ ਨਿੰਦੇ ਕੋਲ ਗਿਆ…. ਉਹ ਹੈਨੀ ਸੀ, ਓਥੋਂ ਹਰਫਲੇਆ ਮਾਨਾਂ ਦੇ ਬੀਰ੍ਹੇ ਕੋਲ ਮੈਡੀਕਲ ਤੇ ਜਾ ਵੜਿਆ। ਓਥੇ ਬੀਰਾ ਬਾਹਮਣਾਂ ਦੇ ਜਗਨੇ ਕੇ ਬੱਬੀ ਨੂੰ ਦੱਸੀ ਜਾਂਦਾ ਸੀ ਬਈ ਕਰੋਨੇ ਨੂੰ ਸਾਬਣ ਮਾਰਦਾ, ਹੱਥ ਧੋਈ ਚੱਲੋ ਬਸ।”
-“ਉਹਦੀਆਂ ਗੱਲਾਂ ਕਰਕੇ ਦਵਾਈ ਲੈਣ ਨਾਲੋਂ ਡੀਟੋਲ ਸਾਬਣ ਦੀ ਟਿੱਕੀ ਲੈ ਕੇ ਖਾ ਲੀ…… ਤਾਂ ਝੱਗ ਜੀ ਬਣ ਗੀ ਸੀ।”, ਬੁੱਲ੍ਹਾਂ ‘ਤੇ ਆਈ ਝੱਗ ਨੂੰ ਸੱਜੇ ਹੱਥ ਦੀ ਉਂਗਲ ਨਾਲ ਝਿਣਕਦਾ ਬੋਲਿਆ।
ਮੈਂ ਮਾਰਿਆ ਮੱਥੇ ਤੇ ਹੱਥ। ਉਹ ਭੋਲਾ ਪੰਛੀ ਹੱਸੀ ਜਾਵੇ। ਕਹਿੰਦਾ, “ਚਾਹ ਹੈਗੀ ???”
ਮੈਂ ਨਾਲੇ ਚਾਹ ਪਿਆਈ ਨਾਲੇ ਦੱਸਿਆ, “ਸਾਬਣ ਨਾਲ ਹੱਥ ਧੋਣ ਦਾ ਮਤਲਬ ਸਫਾਈ ਤੋਂ ਆ…. ਜੇ ਸਫਾਈ ਨਾ ਹੋਈ, ਅਵਾਰਾ ਗਰਦੀ ਨਾ ਕਰੇਂਗਾ, ਫੇਰ ਨੀ ਕਰੋਨਾ ਕੁਸ ਕਹਿੰਦਾ।”
ਹੱਥਾਂ ਤੇ ਹੱਥ ਮਾਰ ਉੱਚੀ ਉੱਚੀ ਹਸਦਾ ਕਹਿੰਦਾ, “ਫੇਰ ਹੁਣ ਨੀ ਮਰਦਾ ਮੈਂ, ਆਹ ਗੱਲਾਂ ਤਾਂ ਕਿਸੇ ਕੰਜਰ ਨੇ ਪਹਿਲਾਂ ਦੱਸੀਆਂ ਈ ਨੀ ਸੀ।”
ਚਾਹ ਦੀ ਬਾਟੀ ਖਾਲੀ ਕਰਕੇ ਮੈਨੂੰ ਵੀ ਕੰਜਰ ਕਹਿ ਗਿਆ, ਫੀਲਾ ਨਹਿਲੇ ‘ਤੇ ਦਹਿਲਾ ਮਾਰ ਤਿੱਤਰ ਸਿਓਂ ਹੋ ਚੁੱਕਿਆ ਸੀ।