9.6 C
United Kingdom
Monday, May 20, 2024

More

    ਸੋਚ ਬਨਾਮ ਸਮਝ

    ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਮੈਂ ਸਿਮਰਨ,ਮੋਹਨ ,ਹਨੀ ਅਤੇ ਰਾਮਾਂ ਇਕੱਠੇ ਇੱਕੋ ਜਮਾਤ ਵਿੱਚ ਤੇ ਇੱਕੋ ਹੀ ਕਾਲਜ ਵਿੱਚ ਪੜ੍ਹਦੇ ਸੀ ਅਤੇ ਕਾਲਜ ਇਕੱਠੇ ਹੀ ਘਰੋਂ ਜਾਇਆ ਕਰਦੇ ਸੀ। ਸਾਰਿਆਂ ਨੂੰ ਹੀ ਇੱਕ ਦੂਜੇ ਨਾਲੋਂ ਵੱਧ ਤੋਂ ਵੱਧ ਸੋਹਣੇ ਬਨਣ ਦਾ ਸ਼ੌਂਕ ਚੜ੍ਹਿਆ ਹੁੰਦਾ ਸੀ, ਸੋਹਣੇ- ਸੋਹਣੇ ਕੱਪੜੇ ਪਾਉਣੇ ਬੂਟ ਪਾਲਿਸ਼ ਕਰਨੇ,ਕੰਘੀ ਜੇਬ ਵਿੱਚ ਰੱਖਣੀ ਅਤੇ ਸੈਂਟ ਆਦਿ ਲਗਾਉਣੇ । ਇੱਕ ਦੂਜੇ ਤੋਂ ਸੋਹਣਾ ਬਣਨ ਦਾ ਜ਼ਨੂੰਨ ਜਿਹਾ ਹੁੰਦਾ ਸੀ ।
    ਸਾਰਿਆਂ ਨੇ ਵੱਧ ਤੋਂ ਵੱਧ ਚੰਗਾ ਲੱਗਣ ਦੀ ਕੋਸ਼ਿਸ਼ ਕਰਨੀ ਪਰ ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਸੀ ਕਿ ਸਿਮਰਨ ਸਾਡੇ ਸਾਰਿਆਂ ਵਿੱਚੋਂ ਹੀ ਬਹੁਤ ਸੋਹਣਾ ਹੁੰਦਾ ਸੀ। ਉੱਚਾ ਲੰਮਾ ਕੱਦ ਭਰਵਾਂ ਸਰੀਰ ਜਿਵੇਂ ਕਿਸੇ ਪਹਿਲਵਾਨ ਦਾ ਹੋਵੇ …..ਗੋਰਾ ਗੁਲਾਬੀ ਰੰਗ, ਮੋਟੀਆਂ -ਮੋਟੀਆਂ ਅੱਖਾਂ ਲੰਮਾ ਜਿਹਾ ਚਿਹਰਾ ਅਤੇ ਮੂੰਹ ਤੇ ਨਵੀਂ ਫੁੱਟ ਰਹੀ ਦਾੜ੍ਹੀ ਮੁੱਛ ਉਸ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾ ਰਹੀ ਸੀ……ਪਰ ਉਹ ਜਿੰਨਾ ਸੋਹਣਾ ਸੀ ,ਉਨ੍ਹਾਂ ਹੀ ਸਾਦਾ ਵੀ ਸੀ ਪੜ੍ਹਾਈ ਵਿੱਚ ਵੀ ਸਭ ਤੋਂ ਵਧੀਆ ਅਤੇ ਅੱਗੇ ਹੀ ਹੁੰਦਾ ਸੀ ਸਾਰੇ ਅਧਿਆਪਕ ਉਸ ਦੀ ਤਾਰੀਫ਼ ਕਰਦੇ ਥੱਕਦੇ ਨਹੀਂ ਹੁੰਦੇ ਸਨ ।
    ਕਦੇ -ਕਦੇ ਤਾਂ ਦਿਲ ਵਿੱਚ ਉਸ ਪ੍ਰਤੀ ਜਲਣ ਜਿਹੀ ਹੁੰਦੀ ਸੀ ਕਿ ਇਹਨੂੰ ਹੀ ਸਾਰੇ ਕਿਉਂ ਪਸੰਦ ਕਰਦੇ ਹਨ । ਫਿਰ ਮਨ ਦੇ ਇੱਕ ਕੋਨੇ ਵਿੱਚ ਖੁਸ਼ੀ ਵੀ ਮਹਿਸੂਸ ਹੁੰਦੀ ਸੀ ਕਿ ਯਾਰ ਤਾਂ ਪੱਕਾ ਸਾਡਾ ਹੀ ਹੈ । ਸਾਡੇ ਯਾਰ ਦੀ ਕੋਈ ਤਾਰੀਫ਼ ਕਰੇ ਲੱਗਦਾ ਸੀ ਜਿਵੇਂ ਸਾਡੀ ਹੀ ਹੋ ਰਹੀ ਹੈ।
    ਨਾਲੇ ਚੰਗੇ ਨਾਲ ਰਹਿ ਕੇ ਸਾਡੇ ਵੀ ਨੰਬਰ ਬਣ ਜਾਂਦੇ ਸਨ। ਅਸੀਂ ਹਰ ਰੋਜ਼ ਦੀ ਤਰ੍ਹਾਂ ਘਰੋਂ ਇਕੱਠੇ ਤੁਰ ਕੇ ਬੱਸ ਅੱਡੇ ਜਾਣਾ ,ਜਿਹੜਾ ਸਾਡੇ ਘਰ ਤੋਂ ਥੋੜ੍ਹੀ ਜਿਹੀ ਦੂਰੀ ਤੇ ਹੀ ਸੀ ਨਾਲੇ ਤਾਂ ਗੱਲਾਂ ਕਰੀ ਜਾਣੀਆਂ ਨਾਲ਼ੇ ਤੁਰੇ ਜਾਣਾ ਪਤਾ ਹੀ ਨਹੀਂ ਸੀ ਲੱਗਦਾ ਕਦੋਂ ਬੱਸ ਅੱਡਾ ਆ ਜਾਂਦਾ ।
    ਪੰਜਾਂ ਨੇ ਹੀ ਭੱਜ ਕੇ ਬੱਸ ਫੜ੍ਹ ਲੈਣੀ ਅਤੇ ਬਾਰੀ ਕੋਲ ਸੀਟਾਂ ਮੱਲ ਲੈਣੀਆਂ ,ਮੈਂ ਅੱਜ ਵੀ ਸੋਚਦਾ ਹਾ ਕਿ ਉਹ ਬਾਰੀ ਵਾਲੀਆਂ ਸੀਟਾਂ ਤੇ ਬੈਠਣ ਦਾ ਇੱਕ ਭੂਤ ਜਿਹਾ ਕਿਉਂ ਸਵਾਰ ਰਹਿੰਦਾ ਸੀ ……?
    ਬੱਸ ਫਿਰ ਕੀ ਸੀ ਬੱਸ ਚੱਲ ਪੈਣੀ ਅਤੇ ਅਸੀਂ ਵੀ ਲੱਗ ਪੈਣਾ ਗੱਲਾਂ ਮਾਰਨ ਪਤਾ ਨਹੀਂ ਕਦੋਂ ਕਾਲਜ ਕੋਲ ਪਹੁੰਚ ਜਾਂਦੇ …..?
    ਗੱਲਾਂ ਤਾਂ ਮੁੱਕਦੀਆਾ ਹੀ ਨਹੀਂ ਹੁੰਦੀਆਂ ਸਨ ਜਦੋਂ ਕਿ ਕਹਿੰਦੇ ਹੁੰਦੇ ਹਨ ਕਿ ਬੋਲਣ ਦੀ ਬਹੁਤੀ ਆਦਤ ਜਨਾਨੀਆਂ ਨੂੰ ਹੁੰਦੀ ਹੈ ਪਰ ਅਸੀਂ ਗੱਲਾਂ ਵਿੱਚ ਉਹਨਾਂ ਨੂੰ ਵੀ ਮਾਤ ਪਾ ਦਿੰਦੇ ਸੀ।
    ਹਰਜਿੰਦਰ ਜਿਸ ਨੂੰ ਅਸੀਂ ਹਨੀ ਹਨੀ ਕਹਿੰਦੇ ਸੀ, ਛੋਟੇ ਕੱਦ, ਥੋੜ੍ਹੇ ਭਾਰੇ ਸਰੀਰ ਦਾ ਚੁੱਪ ਹੀ ਨਹੀਂ ਕਰਦਾ ਸੀ।
    ਹਰ ਗੱਲ ਉਹਨੇ ਟਿੱਚਰ ਨਾਲ ਹੀ ਕਰਨੀ|ਬੱਸ ਫਿਰ ਕੀ ਸੀ ਸਾਰਿਆਂ ਨੇ ਹੱਸਣ ਲੱਗ ਜਾਣਾ ,ਸਾਡੇ ਹਾਸੇ ਨਾਲ ਸਾਰੀ ਬੱਸ ਵਿੱਚ ਰੌਲਾ ਜਿਹਾ ਹੀ ਪਿਆ ਰਹਿੰਦਾ ਸੀ।
    ਕਈ ਵਾਰੀ ਤਾਂ ਉਸ ਦੀਆਂ ਗੱਲਾਂ ਸੁਣ ਕੇ ਦੂਜੀਆਂ ਸਵਾਰੀਆਂ ਵੀ ਨਾ ਚਾਹੁੰਦੀਆਂ ਹੋਈਆਂ ਵੀ ਹੱਸਣ ਲੱਗ ਪੈਂਦੀਆਂ ਸਨ । ਇੱਕ ਦਿਨ ਦੀ ਗੱਲ ਰਾਮਾਂ ਕਹਿੰਦਾ ਯਾਰ ਅੱਜ ਤਾਂ ਭੁੱਖ ਲੱਗੀ ਹੈ।ਘਰੋਂ ਬੱਸ ਦੋ ਹੀ ਰੋਟੀਆਂ ਖਾਧੀਆਂ ਲੇਟ ਹੋ ਗਿਆ ਸੀ ,ਤੁਹਾਡੀਆਂ ਗਾਲੵਾਂ ਦੇ ਡਰ ਤੋਂ ਪਹਿਲਾਂ ਹੀ ਘਰੋਂ ਤੁਰ ਆਇਆਂ, ਸਾਡੀਆਂ ਗਾਲ੍ਹਾਂ, ਅਜੇ ਉਹ ਗੱਲ ਹੀ ਕਰ ਰਿਹਾ ਸੀ ਕਿ ਹਨੀ ਵਿੱਚੋਂ ਬੋਲ ਪਿਆ ਚੁੱਪ ਕਰ, ਪਤਾ ਹੀ ਹੈ ,ਤੇਰਾ…..!
    ਜਿਹੜਾ ਤੂੰ ਸਾਡੀਆਂ ਗਾਲ੍ਹਾਂ ਤੋਂ ਡਰਦਾ ਹੈ ……ਨਾਲੇ ਭੁੱਖਾ ਕਿਸੇ ਪਾਸੇ ਤੋਂ ਲੱਗਦਾ ਤਾਂ ਨਹੀਂ ਢਿੱਡ ਤਾਂ ਦੇਖ ਆਪਣਾ ਅਗਲੀਆਂ ਦੋ ਸੀਟਾਂ ਮੱਲੀ ਜਾਂਦਾ ਹੈ ਤੇਰਾ ।
    ਇੰਨੀ ਗੱਲ ਹੋਈ ਸੀ ਕਿ ਸਾਰੀ ਬੱਸ ਵਿੱਚ ਹਾਸਾ ਛਿੜ ਗਿਆ ਤੇ ਮੋਹਨ ਵਿਚਾਰੇ ਨੂੰ ਲੁਕਣ ਲਈ ਥਾਂ ਨਹੀਂ ਸੀ ਮਿਲ ਰਹੀ।
    “ਯਾਰ ਹਨੀ ਤੂੰ ਐਵੇਂ ਭਕਾਈ ਨਾ ਕਰਿਆ ਕਰ ਮੇਰੇ ਨਾਲ ਬਹੁਤੀ “ਇਹੀ ਰੁਟੀਨ ਸੀ ਯਾਰਾਂ ਦਾ।
    ਇੱਕ ਦਿਨ ਬੱਸ ਵਿੱਚ ਬੈਠੇ ਮੈਂ ਦੇਖਿਆ ਕਿ ਸਿਮਰਨ ਸਾਡੀਆਂ ਗੱਲਾਂ ਵੱਲ ਧਿਆਨ ਨਾ ਦੇ ਕੇ ਚੋਰੀ -ਚੋਰੀ ਉੱਚੀ ਹੋ ਹੋ ਕੇ ਅਗਲੇਰੀਆਂ ਸੀਟਾਂ ਵੱਲ ਚੋਰ ਤੱਕਣੀ ਨਾਲ ਤੱਕੀ ਜਾਂਦਾ ਸੀ । ਆਪਾਂ ਵੀ ਫੜ ਲਿਆ ਕੀ ਗੱਲ ਹੈ, ਯਾਰ ਅੱਜ ਕਿੱਥੇ ਹੈ, ਕਿਸੇ ਨੇ ਆਉਣਾ ਹੈ ,ਤੇਰੀ ਤਬੀਅਤ ਤਾਂ ਠੀਕ ਹੈ ਤੂੰ ਕੋਈ ਗੱਲ ਨਹੀਂ ਕਰ ਰਿਹਾ।
    ਉਹ ਬੋਲਿਆ ,”ਕੁਝ ਨਹੀਂ ਬਸ ਐਵੇਂ ਹੀ ਤੈਨੂੰ ਵਹਿਮ ਹੋ ਗਿਆ ਹੈ,ਮੈਂ ਤਾਂ ਤੇਰੇ ਕੋਲ ਹੀ ਹਾਂ ਨਾਲੇ ਮੈਂ ਕਿਸਨੂੰ ਜੀ ਆਇਆਂ ਆਖਣਾ ਹੈ।
    ਅਸੀਂ ਫਿਰ ਆਪਣੀਆ ਗੱਲਾਂ ਕਰਨ ਵਿੱਚ ਮਸਤ ਹੋ ਗਏ ਦੋ ਤਿੰਨ ਦਿਨ ਇਸੇ ਤਰ੍ਹਾਂ ਹੀ ਲੰਘ ਗਏ ।
    ਇੱਕ ਦਿਨ ਮੇਰੀ ਅਚਾਨਕ ਨਜ਼ਰ ਪਈ ਇੱਕ ਸੋਹਣੀ ਜਿਹੀ ਕੁੜੀ ਜਿਵੇਂ ਪਰੀ ਹੋਵੇ ਪਿੱਛੇ ਮੁੜ- ਮੁੜ ਕੇ ਦੇਖ ਰਹੀ ਸੀ । ਯਾਰ ਵੀ ਉਸ ਵੇਲੇ ਸਮਝ ਕੇ ਕਿ ਦਾਲ ਵਿਚ ਜ਼ਰੂਰ ਕਾਲਾ ਹੈ ਆਪਾਂ ਇੱਕ ਅੱਖ ਨਾਲ ਕਦੇ ਸਿਮਰਨ ਨੂੰ ਤੇ ਕਦੇ ਪਰੀ ਨੂੰ ਦੇਖਣ ਲੱਗ ਪਏ ।
    ਬੱਸ ਰੁੱਕੀ ਆਪਾਂ ਉੱਤਰੇ ਤੇ ਲੱਗ ਗਏ ਛੇੜਨ ਸਿਮਰਨ ਨੂੰ,”ਲੱਗਦੈ ਸਾਡਾ ਯਾਰ ਤਾਂ ਰਾਂਝਾ ਬਣ ਗਿਆ ਹੈ ਰਾਂਝਾ……ਤਾਂਹੀ ਤਾਂ ਜੀਅ ਨਹੀਂ ਲੱਗਦਾ ਸਾਡੀਆਂ ਗੱਲਾਂ ਵਿੱਚ….!
    ਸਿਮਰਨ ਵਿੱਚੋਂ ਹੀ ਟੋਕ ਕੇ ਐਵੇਂ ਹੀ ਬੋਲੀ ਜਾਦੇਂ ਹੋ ਬਿਨਾਂ ਕਿਸੇ ਲੱਤ ਪੈਰ ਦੇ, ਮੈਨੂੰ ਕੀ ਹੋਇਆ ਬੱਸ ਐਵੇਂ ਹੀ ਸ਼ੱਕ ਕਰ ਰਹੇ ਹੋ, ਮੇਰੇ ਤੇ ਜੇਕਰ ਕੀ ਗੱਲ ਹੋਵੇਗੀ ਤਾਂ ਤੁਹਾਨੂੰ ਹੀ ਦੱਸਣੀ ਹੈ ਮੈਂ …..!
    ਇੱਕ ਦਿਨ ਪਰੀ ਬੱਸ ਵਿੱਚ ਨਹੀਂ ਸੀ ਤੇ ਅਸੀਂ ਹੀ ਜਾਣਦੇ ਹਾਂ ਕਿ ਸਿਮਰਨ ਦਾ ਕੀ ਹਾਲ ਸੀ ਇੱਕ ਤਾਂ ਪਰੀ ਨਹੀਂ ਦਿੱਸ ਰਹੀ ਸੀ ਤੇ ਦੂਸਰਾ ਅਸੀਂ ਤੰਗ ਕਰੀ ਜਾ ਰਹੀ ਸੀ ਭਰਜਾਈ ਲੱਗਦੈ ਬੀਮਾਰ ਤਾਂ ਨਹੀਂ ਹੋ ਗਈ ਹੈ, ਜੇ ਕਹੇ ਤਾਂ ਬੱਸ ਰੋਕ ਲੈਦੇਂ ਹਾਂ ਤੇ ਹੋਰ ਵੀ ਬਹੁਤ ਕੁਝ ਕਹਿ ਕਿ ਤੰਗ ਕਰੀ ਜਾਦੇ ਸੀ।
    ਸਿਮਰਨ ਸਾਡੀਆਂ ਗੱਲਾਂ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਸੀ।ਦੋ ਦਿਨ ਲੰਘੇ ਪਰ ਪਰੀ ਆਈ ਹੀ ਨਹੀਂ ਸੀ ਤੇ ਸਾਡਾ ਯਾਰ ਹੋਰ ਉਦਾਸ ਸੀ।
    ਅੱਜ ਤੀਜਾ ਦਿਨ ਸੀ ਸਿਮਕਨ ਜਿਵੇ ਹੀ ਬੱਸੇ ਚੜ੍ਹਿਆ, ਉਸ ਦਾ ਚਿਹਰਾ ਹਜ਼ਾਰ ਵਾਟ ਦੇ ਬਲਬ ਵਾਂਗ ਚਮਕਣ ਲੱਗਾ ਅਸੀਂ ਬਿਨਾਂ ਦੇਖੇ ਹੀ ਸਮਝ ਗਏ ਕਿ ਅੱਜ ਪਰੀ ਬੱਸ ਵਿੱਚ ਹੀ ਹੈ ਫਿਰ ਕੀ ਸੀ ਦੋਵੇ ਜਾਣੇ ਇੱਕ ਦੂਜੇ ਨੂੰ ਇਕ ਟੁੱਕ ਦੇਖਣ ਲੱਗ ਪਏ ।
    ਪਹਿਲਾਂ ਦੀ ਤਰ੍ਹਾਂ ਅੱਜ ਸਿਮਰਨ ਬਹੁਤ ਹੀ ਖੁਸ਼ ਸੀ ਤੇ ਅਸੀਂ ਵੀ ਬਿਨਾਂ ਸਮਝੇ ਆਖ ਦਿੱਤਾ ਕਿ ਕੱਲ੍ਹ ਪਰੀ ਨਾਲ ਸਿਮਰਨ ਗੱਲ ਕਰ ਲੈਣੀ ਹੈ ਸਿਮਰਨ ਨੇ ਵੀ ਹਾਂ ਕਰ ਦਿੱਤੀ ਤੇ ਜਿਵੇਂ ਤੁਹਾਨੂੰ ਠੀਕ ਲੱਗੇ।
    ਅਗਲੇ ਦਿਨ ਜਦੋਂ ਅਸੀਂ ਬੱਸ ਤੇ ਚੜ੍ਹੇ ਪਰ ਕਾਲਜ ਕੋਲ ਨਹੀਂ ਉਤਰੇ ਕਿਉਂਕਿ ਪਰੀ ਨੇ ਅਗਲੇ ਅੱਡੇ ਤੇ ਜਾਣਾ ਸੀ ।
    ਪਰੀ ਅਗਲੀ ਬਾਰੀ ਉੱਤਰ ਗਈ ਅਸੀਂ ਵੀ ਮਗਰ ਹੀ ਉੱਤਰ ਗਏ, ਪਰੀ ਅੱਗੇ ਚੱਲ ਪਈ ਅਤੇ ਅਸੀਂ ਪਿੱਛੇ ਪਿੱਛੇ ਸਿਮਰਨ ਨੂੰ ਹੌਂਸਲਾ ਦੇ ਕੇ ਪਰੀ ਨੂੰ ਬੁਲਾਉਣ ਲਈ ਕਿਹਾ ।
    ਸਿਮਰਨ ਨੇ ਹੌਂਸਲਾ ਕਰਕੇ ਪਰੀ ਨੂੰ ਬੁਲਾ ਲਿਆ ,”ਇੱਕ ਮਿੰਟ…..ਪਰੀ ਰੁੱਕ ਗਈ ਸਿਮਰਨ ਨੇ ਬੋਲਣਾ ਜਾਰੀ ਰੱਖਿਆ ਤੁਸੀਂ ਮੈਨੂੰ ਬਹੁਤ ਚੰਗੇ ਲੱਗਦੇ ਹੋ ।
    ਉਸ ਦਾ ਵੀ ਜਵਾਬ ਏਹੀ ਸੀ, ਸਿਮਰਨ ਦਾ ਹੌਸਲਾ ਹੋਰ ਵਧ ਗਿਆ ।
    ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਉਸ ਨੇ ਵੀ ਆਖਿਆ ਮੈਂ ਵੀ ਕਰਨੀ ਹੈ ਤਾਂ ਫਿਰ ਸਿਮਰਨ ਨੇ ਬਿਨਾਂ ਝਿਜਕ ਆਖ ਦਿੱਤਾ ਕਿ ਤੂੰ ਮੇਰੀ ਗਰਲਫਰੈਂਡ ਬਣਨਾ ਪਸੰਦ ਕਰੇਗੀ।
    ਉਸ ਨੇ ਦੱਬੀ ਜਿਹੀ ਆਵਾਜ਼ ਵਿੱਚ ਕਿਹਾ ਨਹੀਂ ਪਰ ਉਸ ਦਾ ਰੰਗ ਪੀਲਾ ਜਿਹਾ ਪੈ ਗਿਆ ਤੇ ਅੱਖਾਂ ਵਿੱਚ ਅੱਥਰੂ ਆਪ ਮੁਹਾਰੇ ਹੀ ਚੱਲ ਪਏ ।
    ਉਹ ਹੋਰ ਕੁਝ ਵੀ ਨਹੀਂ ਬੋਲੀ…..!!
    ਸਿਮਰਨ ਜੇ ਗੱਲ ਹੀ ਨਹੀਂ ਕਰਨੀ ਸੀ ਤਾਂ ਇਸ ਤਰ੍ਹਾਂ ਕਿਉਂ ਤੱਕਦੀ ਰਹੀ ਮੈਨੂੰ ਇੰਨੇ ਦਿਨਾਂ ਤੋਂ ਇਹ ਕੀ ਖੇਡ ਬਣਾਈ ਸੀ।
    “ਨਾਲੇ ਮੈਂ ਤੈਨੂੰ ਵੀ ਚੰਗਾ ਲੱਗਦਾ ਤਾਂ ਫਿਰ ਹਾਂ ਕਰਨ ਵਿੱਚ ਕੀ ਗੱਲ ਹੈ। ਮੈਂ ਤੇਰੇ ਨਾਲ ਵਿਆਹ ਵੀ ਕਰਵਾਵਾਂਗਾ ਇਕੱਲੀ ਦੋਸਤੀ ਦੀ ਗੱਲ ਹੀ ਨਹੀਂ ਕਰਦਾ ਮੈਂ । “
    ਉਸ ਨੇ ਰੋਂਦੇ ਹੋਏ ਕਿਹਾ, “ਨਹੀਂਮੈਂ ਸੋਚ ਵੀ ਨਹੀਂ ਸਕਦੀ ਕੁਝ ਸਾਲ ਪਹਿਲਾਂ ਮੇਰੇ ਛੋਟੇ ਭਰਾ ਦੀ ਅਚਾਨਕ ਮੌਤ ਹੋ ਗਈ ਸੀ ਤੇ ਉਹ ਬਿਲਕੁਲ ਤੇਰੇ ਹੀ ਵਰਗਾ ਲੱਗਦਾ ਹੁੰਦਾ ਸੀ ਮੈਂ ਜਦੋਂ ਵੀ ਤੈਨੂੰ ਦੇਖਦੀ ਹਾਂ ਤਾਂ ਮੈਨੂੰ ਮੇਰੇ ਗੁੱਡੂ ਦੀ ਯਾਦ ਆ ਜਾਂਦੀ ਹੈ” ਕਿਹੜੀ ਭੈਣ ਜਿਸਨੂ ਭਰਾ ਚੰਗੇ ਨਹੀਂ ਲੱਗਦੇ ,ਇਹ ਗੱਲ ਆਖ ਉਹ ਉੱਥੋਂ ਜਲਦੀ ਨਾਲ ਚੱਲੀ ਗਈ ।
    ਸਿਮਰਨ ਇੱਕ ਬੁੱਤ ਜਿਹਾ ਬਣ ਗਿਆ ਸੀ ਜਿਵੇਂ ਉਸ ਦੇ ਪੈਰ ਕਿਸੇ ਨੇ ਜੰਜੀਰ ਨਾਲ ਬੰਨ੍ਹ ਦਿੱਤੇ ਹੋਣ ਤੇ ਤੁਰਨ ਦੀ ਤਾਕਤ ਖਤਮ ਹੋ ਚੁੱਕੀ ਹੋਵੇ ,ਅਸੀਂ ਸਿਮਰਨ ਨੂੰ ਸਮਝਾਇਆ ਤੇ ਅਸੀਂ ਉੱਥੋ ਚੱਲ ਪਏ ।
    ਸਿਮਰਨ ਨੇ ਬੜੀ ਕੋਸ਼ਿਸ਼ ਕੀਤੀ ਉਸ ਭੈਣ ਤੋਂ ਮੁਆਫ਼ੀ ਮੰਗਣ ਦੀ ਪਰ ਪਤਾ ਨਹੀਂ ਉਹ ਬੱਦਲੀ ਕਿਹੜੇ ਵੀਰਾਨੇ ਜਿਹੇ ਆਸਮਾਨ ਵਿੱਚ ਗੁਆਚ ਗਈ ਸੀ, ਫਿਰ ਕਦੇ ਵੀ ਨਹੀਂ ਸੀ ਸਾਨੂੰ ਮਿਲੀ ਮੈਨੂੰ ਅੱਜ ਵੀ ਮਹਿਸੂਸ ਹੁੰਦਾ ਹੈ ਕਿ ਕਿੰਨਾ ਫਰਕ ਸੀ ਸਾਡੀ ਤੇ ਉਸ ਦੀ ਸੋਚ ਵਿੱਚ…….!!!
    ਸੰਦੀਪ ਦਿਉੜਾ
    8437556667

    PUNJ DARYA

    Leave a Reply

    Latest Posts

    error: Content is protected !!