3.4 C
United Kingdom
Sunday, March 8, 2026

More

    ਸੁਨੇਹਾ ਪ੍ਰਦੇਸੀ ਦਾ

    ਜੱਗਾ ਗਿੱਲ ਸਾਫੂਵਾਲਾ

    ਜੇ ਚੱਲਿਆ ਵਤਨਾਂ ਨੂੰ ਵੀਰਾ
    ਪਿੰਡ ਮੇਰੇ ਵੱਲ ਹੋ ਕੇ ਆਵੀਂ
    ਜਿਸ ਮਿੱਟੀ ਵਿੱਚ ਹੱਸੇ ਖੇਡੇ
    ਨਾਲ ਮੱਥੇ ਦੇ ਛੋਹ ਕੇ ਆਵੀਂ
    ਜੇ ਚੱਲਿਆ ਵਤਨਾਂ ਨੂੰ …

    ਦੱਸੀਂ ਆ ਕੇ ਸਾਰੀਆਂ ਗੱਲਾਂ
    ਪਿੰਡ ਮੇਰੇ ਜੋ ਵੇਖ ਕੇ ਆਇਆ
    ਮੇਰੇ ਯਾਰਾਂ ਬੇਲੀਆਂ ਦੇ ਨਾਲ
    ਬਹਿ ਜੇ ਧੂਣੀਂ ਸੇਕ ਕੇ ਆਇਆ
    ਮੇਰੇ ਲਈ ਵੀ ਥੋੜਾ ਜਿਹਾ ਨਿੱਘ
    ਬੁੱਕਲ ਵਿੱਚ ਸਮੋ ਕੇ ਲਿਆਵੀਂ
    ਜੇ ਚੱਲਿਆ ਵਤਨਾਂ ਨੂੰ ….

    ਜਾਵੀਂ ਪਿੰਡ ਦੇ ਗੁਰੂ ਦੁਆਰੇ
    ਨਾਲ ਅਦੁਬ ਦੇ ਸ਼ੀਸ ਝੁਕਾਵੀਂ
    ਤੂੰ ਮੇਰੇ ਲਈ ਬਜ਼ੁਰਗਾਂ ਕੋਲੋ
    ਵੀਰਾ ਕੋਈ ਅਸੀਸ ਲਿਆਵੀਂ
    ਕਿੰਨਾ ਮੈਨੂੰ ਯਾਦ ਨੇ ਕਰਦੇ
    ਸੀਨੇ ਸੱਜਣਾਂ ਟੋਹ ਕੇ ਆਵੀਂ
    ਜੇ ਚੱਲਿਆ ਵਤਨਾਂ ਨੂੰ …

    ਘਰ ਸਾਡੇ ਦੇ ਵਿਹੜੇ ਅੰਦਰ
    ਮਾਂ ਮੇਰੀ ਜੇ ਤੈਨੂੰ ਨਜ਼ਰੀਂ ਆਵੇ
    ਪੈਰਾਂ ਨੂੰ ਹੱਥ ਲਾ ਬੇਬੇ ਦੇ
    ਘੁੱਟ ਕੇ ਲੈ ਲਈ ਵਿੱਚ ਕਲਾਵੇ
    ਜੱਗੇ ਗਿੱਲ ਮਰਜਾਣੇ ਦੇ ਲਈ
    ਜੇਬਾਂ ਭਰ ਕੇ ਮੋਹ ਲਿਆਵੀਂ
    ਜੇ ਚੱਲਿਆ ਵਤਨਾਂ ਨੂੰ ਵੀਰਾ
    ਪਿੰਡ ਮੇਰੇ ਵੱਲ ਹੋ ਕੇ ਆਵੀਂ
    ਜਿਸ ਮਿੱਟੀ ਵਿੱਚ ਹੱਸੇ ਖੇਡੇ
    ਨਾਲ ਮੱਥੇ ਦੇ ਛੋਹ ਕੇ ਆਵੀਂ
    ਜੇ ਚੱਲਿਆ …. ਵੀਰਾ ਵੇ ?

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!