ਵਿਜੈ ਭੱਟੀ
ਤੇਰੀ ਸ਼ਹਾਦਤ ਦੇ ਕੇ ਜਿੱਤੀ ਜੰਗ ਕਿਹੜੇ ਕੰਮ ਦੀ
ਹੋ ਗਈ ਜੇ ਰੁੱਤ ਵਿਧਵਾ ਵੰਗ ਕਿਹੜੇ ਕੰਮ ਦੀ .!
ਫ਼ਲਸਫੇ ਨੂੰ ਪਾਲ਼ਦੀ ਹੀ ਮਰ ਨਾ ਜਾਵੀਂ ਤੂੰ ਕਿਤੇ
ਹੀਰ ਬੈਠੀ ਰਹਿ ਗਈ ਜੇ ਝੰਗ ਕਿਹੜੇ ਕੰਮ ਦੀ .!
ਇਸ਼ਕ ਵੀ ਕਰਦਾ ਏਂ ਤੇ ਦੁਨੀਆਂ ਤੋਂ ਵੀ ਡਰਦਾ ਏਂ ਤੂੰ
ਜੇ ਵਿਆਹੁਣੀ ਹੀ ਨਹੀਂ ਤਾਂ ਮੰਗ ਕਿਹੜੇ ਕੰਮ ਦੀ .!
ਭੱਠ ਪਏ ਸੋਨਾ ਉਹ ਜਿਹੜਾ ਕੰਨਾਂ ਨੂੰ ਹੀ ਖਾ ਲਵੇ
ਜੁੱਤੀ ਹੋਏ ਪੈਰਾਂ ਦੇ ਵਿੱਚ ਤੰਗ ਕਿਹੜੇ ਕੰਮ ਦੀ .!
ਲੜਨ ਤੋਂ ਪਹਿਲਾਂ ਹੀ ਤੇਰੀ ਤੀਰਾਂ ਵਾਲ਼ੀ ਪੋਟਲੀ
ਜੰਡ ਉੱਤੇ ਹੋ ਗਈ ਜੇ ਟੰਗ ਕਿਹੜੇ ਕੰਮ ਦੀ .!
ਬਾਹਰ ਲੋਕਾਂ ਨੂੰ ਵਿਖਾਉਨਾ ਏਂ ਤੂੰ ਜਿਹੜੀ ਲੀਡਰੀ
ਭੁੱਜਦੀ ਹੋਵੇ ਜੇ ਘਰੇ ਭੰਗ ਕਿਹੜੇ ਕੰਮ ਦੀ .!
ਪਾ ਕੇ ਪੈਰੀਂ ਘੁੰਗਰੂ ਕੋਠੇ ਤੇ ਚੜ੍ਹਕੇ ਨੱਚ ਲੈ,
ਯਾਰ ਰੁੱਸਿਆ ਰਹਿ ਗਿਆ ਤਾਂ ਸੰਗ ਕਿਹੜੇ ਕੰਮ ਦੀ ..!