ਤਰਲੋਚਨ ਸਿੰਘ ਚੰਨ ਜੰਡਿਆਲਵੀ –
ਭੁੱਲ ਗਏ ਸਾਰੇ ਮੇਲੇ ਗੇਲੇ
ਵਿਛੜ ਗਏ ਕਈ ਸੱਜਣ ਸੁਹੇਲੇ,
ਕੱਠੇ ਬਹਿਕੇ ਚੂਪ ਸਕੇ ਨਾ ਅੰਬ ਨਾ ਗੰਨਾ ਪੋਨਾ !
ਆ ਗਿਆ ਕਰੋਨਾ ਕੈਸਾ ਹਾਏ ਆ ਗਿਆ ਕਰੋਨਾ !!
ਵੀਹ ਸੌ ਵੀਹ ਦੀ ਮਾਰਚ ਆਈ।
ਚੰਦਰੀ ਆਣ ਭਸੂੜੀ ਪਾਈ।
ਹੱਸਦੀ ਵੱਸਦੀ ਕੁੱਲ ਦੁਨੀਆਂ ਲਈ
ਮਾਹਮਾਰੀ ਦਾ ਰੋਗ ਲਿਆਈ।
ਮੰਦਰ ਚਰਚ ਮਸੀਤ ਗੁਰੂਘਰ,ਬੰਦ ਕਰਤਾ ਕੋਨਾ ਕੋਨਾ !
ਆ ਗਿਆ ਕਰੋਨਾ ਕੈਸਾ ਹਾਏ ਆ ਗਿਆ ਕਰੋਨਾ !!
ਚੀਨ ਹਿੰਦ ਦਾ ਪੈ ਗਿਆ ਪੰਗਾ।
ਸਿੰਘਾਂ ਉਠ ਖੜਕਾਇਆ ਖੰਡਾ।
ਯੋਧਿਆਂ ਜਾਮ-ਸ਼ਹਾਦਤ ਪੀਤੇ
ਝੁਕ ਨਾ ਜਾਵੇ ਕਿਤੇ ਤਰੰਗਾ।
ਦਸਤਾਰਾਂ ਦਾ ਦਬ ਦਬਾ ਸੀ,ਕੋਈ ਨਹੀਂ ਰੜਕਿਆ ਮੋਨਾ
ਆ ਗਿਆ ਕਰੋਨਾ ਕੈਸਾ ਹਾਏ ਆ ਗਿਆ ਕਰੋਨਾ !!
ਗੱਲ ਕੰਮਾਂ ਤੇ ਵਿਉਪਾਰਾਂ ਦੀ।
ਇਹ ਸਿਰਦਰਦੀ ਸਰਕਾਰਾਂ ਦੀ।
ਫਰਕ ਫਰਕ ਰੱਖ ਰੇੜੋ ਰੇਹੜੀ
ਜ਼ਿੰਦਗੀ ਦੇ ਰੁਜ਼ਗਾਰਾਂ ਦੀ।
ਲਾਉਣ ਵਾਲੇ ਤਾਂ ਲਾ ਲੈਂਦੇ ਨੇ,ਪਾਣੀ ਵਿੱਚ ਵੀ ਝੋਨਾ !
ਆ ਗਿਆ ਕਰੋਨਾ ਕੈਸਾ ਹਾਏ ਆ ਗਿਆ ਕਰੋਨਾ !!
ਬੇੜੇ ਜਦੋਂ ਗੁਨਾਂਹੀ ਭਰਦੇ।
ਡੁੱਬ ਜਾਂਦੇ ਨੇ ਤਰਦੇ ਤਰਦੇ।
ਹੇਠਲੀ ਜਦ ਉਪਰ ਆ ਜਾਵੇ
ਕੁਦਰਤ ਕਾਦਰ ਫਿਰ ਨਹੀਂ ਜਰਦੇ।
‘ਚੰਨ’ਜੰਡਿਆਲਵੀ’ ਸਾਇੰਸ ਸੁੰਗੜ ਗਈ,ਤੂੰ ਕਿਉਂ ਐਵੇਂਈ ਰੋਨਾ !
ਆ ਗਿਆ ਕਰੋਨਾ ਕੈਸਾ ਹਾਏ ਆ ਗਿਆ ਕਰੋਨਾ !!