11.9 C
United Kingdom
Wednesday, May 8, 2024

More

    ਨਾਵਲ- ‘ਬੋਦੀ ਵਾਲ਼ਾ ਤਾਰਾ ਚੜ੍ਹਿਆ’ (14)

    ਕਾਂਡ 14


    ਨੇਕੇ ਅਤੇ ਜੰਗੀਰੋ ਦੇ ਦਿਨ ਤੀਆਂ ਵਾਂਗ ਲੰਘ ਰਹੇ ਸਨ।
    ਹੁਣ ਬੁੱਕਣ ਅਤੇ ਛੋਟੋ ਨੇ ਵੀ ਉਹਨਾਂ ਨੂੰ ਦਿਲੋਂ ਪ੍ਰਵਾਨ ਕਰ ਲਿਆ ਸੀ। ਪਰ ਉਹਨਾਂ ਦੀ ਹੱਸਦੀ ਖੇਡਦੀ ਜ਼ਿੰਦਗੀ ਵਿਚ ਭੂਚਾਲ਼ ਤਾਂ ਓਦੋਂ ਆਇਆ, ਜਦੋਂ ਜੰਗੀਰੋ ਦੇ ਘਰਵਾਲ਼ੇ ਨੇ ਉਹਨਾਂ ਦੇ ਥਹੁ ਟਿਕਾਣੇ ਦਾ ਪਤਾ ਕਰ ਕੇ, ਪੰਚਾਇਤ ਨਾਲ਼ ਲੈ ਕੇ ਧਾਵਾ ਆ ਬੋਲਿਆ। ਮੁਫ਼ਤ ਦੀ ਦਾਰੂ ਨਾਲ਼ ਕਮਲ਼ਾ ਹੋਇਆ ਉਹ ਨਾਸਾਂ ਵਿਚੋਂ ਲਾਟਾਂ ਕੱਢ ਰਿਹਾ ਸੀ।
    ਅਸਲ ਵਿਚ ਇਸ ਸਾਰੀ ਖੇਡ ਪਿੱਛੇ ਵੱਢ-ਖਾਣਿਆਂ ਦੇ ਖੰਡੂ ਦਾ ਦਿਮਾਗ ਕੰਮ ਕਰ ਰਿਹਾ ਸੀ। ਉਹ ਜੰਗੀਰੋ ਦੇ ਘਰਵਾਲ਼ੇ ਅਤੇ ਅਮਲੀ ਜੇਠ ਨੂੰ ਭੁੱਕੀ, ਦੇਸੀ ਦਾਰੂ ਅਤੇ ਆਟੇ ਦਾਣੇ ਦੀ ਟੋਟ ਨਹੀਂ ਆਉਣ ਦੇ ਰਿਹਾ ਸੀ ਅਤੇ ਨਾਲ਼ ਦੀ ਨਾਲ਼ ਜੰਗੀਰੋ ਅਤੇ ਨੇਕੇ ਦੇ ਵਿਰੁੱਧ ਭੜਕਾ ਰਿਹਾ ਸੀ। ਉਹ ਲਾਈਲੱਗ ਬਣ, ਉਸ ਦੀ ਗੱਲ Ḕਤੇ ਕੰਨ ਧਰ, ਬਿਨਾਂ ਸੋਚੇ ਸਮਝੇ ਪਿੱਛੇ ਤੁਰ ਪੈਂਦੇ ਸਨ।
    ਜਦ ਪੰਚਾਇਤ ਸਿਰ ‘ਤੇ ਆ ਖੜ੍ਹੀ ਤਾਂ ਬੁੱਕਣ ਦੀ ਸੁਰਤ ਮਾਰੀ ਗਈ।
    ਚੌਂਕੀਦਾਰ ਰਾਹੀਂ ਉਸ ਨੂੰ ਪੰਚਾਇਤ ਦਾ ਸੱਦਾ ਆ ਗਿਆ।
    ਉਸ ਨੂੰ ਭੱਜਣ ਨੂੰ ਰਾਹ ਨਹੀਂ ਲੱਭਦਾ ਸੀ।
    -“ਹੁਣ ਨਾਸਾਂ ਖੁਰਲ਼ੀ ਜਾਨੈ, ਸਾਲ਼ਿਆ…! ਜਾਹ ਜਗਦੇਵ ਨੂੰ ਬੁਲਾ ਕੇ ਲਿਆ…!” ਬੁੱਕਣ ਨੇਕੇ ਨੂੰ ਖਿਝ ਕੇ ਪਿਆ।
    -“ਕਿਹੜੇ ਜਗਦੇਵ ਨੂੰ…?” ਜਟੂਰੀਆਂ ਉਸ ਦੀ ਢਿੱਲੀ ਪੱਗ ਵਿਚੋਂ ਸਪੋਲ਼ੀਆਂ ਵਾਂਗੂੰ ਝਾਕ ਰਹੀਆਂ ਸਨ। ਉਸ ਨੂੰ ਵੀ ਕੁਝ ਔੜ ਨਹੀਂ ਰਿਹਾ ਸੀ।
    -“ਤੇਰੀ ਭੈਣ ਨੂੰ ਸਾਫ਼ੂਆਲ਼ੀਆ ਧਲ੍ਹਿਆਰਾ ਪਾ’ਲਾਂ…! ਹੁਣ ਜਗਦੇਵ ਨੂੰ ਵੀ ਨੀ ਜਾਣਦਾ…? ਜਗਦੇਵ ਦੇਵਗਨ, ਨਿਹਾਲੇਆਲ਼ੀਆ..! ਸਾਲ਼ਿਆ ਭੁੱਲ ਗਿਆ…?” ਉਹ ਨੇਕੇ ਨੂੰ ਵੱਢ-ਵੱਢ ਪੈ ਰਿਹਾ ਸੀ।
    -“ਜਗਦੇਵ ਗਿਆਨੀ…?”
    -“ਆਹੋ…! ਗਿਆਨੀ…! ਜਾਹ ਲਿਆ ਉਹਨੂੰ ਸੱਦ ਕੇ…!”
    ਨੇਕਾ ਸਿਰ ਖੁਰਕਦਾ ਤੁਰ ਗਿਆ।
    ਉਹ ਬੁੱਕਣ ਦੀ ਖਿਝ ਦਾ ਕਾਰਨ ਭਲੀ-ਭਾਂਤ ਜਾਣਦਾ ਅਤੇ ਸਮਝਦਾ ਸੀ।
    ਅੱਧੇ ਕੁ ਘੰਟੇ ਬਾਅਦ ਜਗਦੇਵ ਦੇਵਗਨ ਨੇਕੇ ਦੇ ਨਾਲ਼ ਹੀ ਆ ਗਿਆ। ਜਗਦੇਵ ਨੇ ਠੋਕ ਕੇ ਪੱਗ ਬੰਨ੍ਹੀ ਹੋਈ ਸੀ। ਸਲੀਕੇ ਨਾਲ਼ ਚਿਣੀ ਪੱਗ ਨਾਲ਼ ਉਸ ਦਾ ਚਿਹਰਾ ਹੋਰ ਵੀ ਸੁਣੱਖਾ ਅਤੇ ਸੁਲੱਖਣਾਂ ਲੱਗਦਾ ਸੀ।
    -“ਕੀ ਗੱਲ ਬਾਈ ਬੁੱਕਣਾਂ…? ਅੱਜ ਸਾਝਰੇ ਈ ਯਾਦ ਕੀਤਾ, ਸੁੱਖ ਐ…!” ਉਸ ਨੇ ਦਰਵਾਜੇ ਵਿਚੋਂ ਹੀ ਪੁੱਛਿਆ। ਕੁਦਰਤੀ ਮੁਸਕੁਰਾਹਟ ਜਗਦੇਵ ਦੇ ਚਿਹਰੇ ‘ਤੇ ਬਿਖ਼ਰ ਗਈ। ਸੱਸੀ ਦਾਹੜੀ ਵਿੱਚੋਂ ਇਮਾਨਦਾਰੀ ਅਤੇ ਸੱਚੀ-ਸੁੱਚੀ ਯਾਰੀ ਦੀ ਸੂਹੀ ਭਾਅ ਮਾਰ ਰਹੀ ਸੀ।
    -“ਪਿੰਡ Ḕਚ ਕੋਈ ਰੌਲ਼ਾ ਨੀ ਸੁਣਿਆਂ…?” ਬੁੱਕਣ ਬੋਲਿਆ।
    -“ਮੈਂ ਤਾਂ ਕੋਈ ਨੀ ਸੁਣਿਆਂ…! ਕੀ ਗੱਲ ਐ…?” ਕੋਈ ਪ੍ਰਸ਼ਨ-ਚਿੰਨ੍ਹ ਜਗਦੇਵ ਦੇ ਮੂੰਹ ‘ਤੇ ਉਕਰਿਆ ਗਿਆ।
    -“ਕਾਹਦੀ ਸੁੱਖ ਐ, ਬਾਈ ਜਗਦੇਵ…? ਗਰੀਬ ਦੀ ਝੁੱਗੀ ‘ਚ ਵੜ ਗਿਆ ਜਿੰਨ, ਤੇ ਸਾਰੀ ਟਿੰਡ-ਫ਼ੌਹੜੀ ਘੜ੍ਹੀਸ ਕੇ ਲੈ ਗਿਆ ਸੀ…! ਉਹ ਗੱਲ ਮੇਰੇ ਨਾਲ਼ ਹੋਈ ਪਈ ਐ…!”
    -“ਗੱਲ ਸਿੱਧੀ ਦੱਸ, ਬਾਈ…! ਬਲ਼ਦ ਮੂਤਣੀਆਂ ਕਾਹਨੂੰ ਪਾਉਨੈਂ…?” ਆਦਤ ਅਨੁਸਾਰ ਜਗਦੇਵ ਉਚੀ-ਉਚੀ ਹੱਸ ਪਿਆ।
    -“ਲੈ, ਸਿੱਧੀ ਸੁਣ ਲੈ…! ਨੱਕ ਦੀ ਸੇਧ ਈ ਸੁਣਾਊਂ…! ਆਹ ਸੀਂਢਲ਼ ਕਿਸੇ ਦੀ ਤੀਮੀਂ ਕੱਢੀ ਫ਼ਿਰਦੈ, ਤੇ ਉਹ ਅੱਜ ਪੰਚਾਇਤ ਲੈ ਕੇ ਆ ਢੁੱਕੇ…! ਮੈਥੋਂ ‘ਕੱਲੇ ਤੋਂ ਉਹਨਾਂ ਦੇ ਮੱਥੇ ਨੀ ਲੱਗਿਆ ਜਾਣਾਂ, ਸਾਡੇ ਨਾਲ਼ ਚੱਲ ਬਾਈ ਬਣ ਕੇ…!”
    ਜਗਦੇਵ ਸੋਚੀਂ ਪੈ ਗਿਆ।
    -“ਸੋਚੀਂ ਪਿਆ ਤੇ ਬੰਦਾ ਗਿਆ…! ਇਹ ਸਿਆਪਾ ਆਪਾਂ ਨੂੰ ਰਲ਼ ਮਿਲ਼ ਕੇ ਨਿਪਟਣਾਂ ਪੈਣੈਂ, ਜਗਦੇਵ…! ਚੀਂ ਕਰ ਚਾਹੇ ਫ਼ੀਂ ਕਰ, ਲੈ ਕੇ ਤੈਨੂੰ ਜਾਣੈ…!”
    -“ਯਾਰ ਮੈਨੂੰ ਤਾਂ ਚਾਹੇ ਸੁਹਾਗੇ ਦੀ ਥਾਂ ਪਾ ਲੈ, ਬੁੱਕਣਾਂ…! ਤੇਰੀ ਖਾਤਰ ਫ਼ਾਹੇ ਲੱਗਣ ਨੂੰ ਵੀ ਤਿਆਰ ਐਂ, ਪਰ ਗੱਲ ਧੀ-ਭੈਣ ਦੀ ਤੇ ਅਗਲੇ ਦੇ ਪ੍ਰੀਵਾਰ ਵਸੇਬੇ ਦੀ ਐ, ਕੋਈ ਕਬਜੇ-ਕੁਬਜੇ ਜਾਂ ਹੋਰ ਰੌਲ਼ੇ ਆਲ਼ੀ ਹੁੰਦੀ ਤਾਂ ਸਾਂਭ ਵੀ ਲੈਂਦੇ, ਹੁਣ ਮੈਂ ਓਥੇ ਕੀ ਬੋਲੂੰ…?” ਉਹ ਦੋਚਿੱਤੀ ਵਿਚ ਖੜ੍ਹਾ ਸੀ।
    -“ਤੂੰ ਕੁਛ ਨਾ ਬੋਲੀਂ, ਬਾਈ ਜਗਦੇਵ…! ਚੁੱਪ ਰਹੀਂ…! ਸਾਨੂੰ ਤੇਰਾ ਨਾਲ਼ ਖੜ੍ਹੇ ਦਾ ਈ ਬਥੇਰਾ ਆਸਰੈ…! ਜਿਹੜੇ ਐਹਨੇ ਸਿਆਪੇ ਪਾਏ ਐ, ਭੁਗਤਣੇ ਤਾਂ ਮੈਨੂੰ ਈ ਪੈਣਗੇ ਨ੍ਹਾਂ…!” ਬੁੱਕਣ ਲਾਟਾਂ ਛੱਡੀ ਜਾ ਰਿਹਾ ਸੀ।
    ਨੇਕਾ ਸਿਰ ਸੁੱਟੀ ਬੈਠਾ ਸੀ।
    -“ਹੁਣ ਸੁੰਨੀ ਵੱਟ ਕੇ ਨਾ ਬੈਠ, ਚਾਹ ਧਰਾ ਮੇਰਿਆ ਸਾਲ਼ਿਆ…! ਮੂੰਹ ਕਰ ਲਿਆ ਬੁੱਚੜ ਅਰਗਾ ਸਾਲ਼ੇ ਨੇ…!”
    -“ਕਾਹਨੂੰ ਖਪਦੈਂ, ਬਾਈ…? ਧਹੱਮਲ ਰੱਖ…! ਕਲੇਸ਼ ਕਰਨ ਨਾਲ਼ ਥੋੜ੍ਹੋ ਕਾਰਜ ਰਾਸ ਆਉਂਦੇ ਐ…? ਸਮਾਈ ਕਰ ਬਾਈ ਬੁੱਕਣਾਂ…!”
    -“ਮੈਂ ਸਹੇ ਨੂੰ ਨੀ, ਪਹੇ ਨੂੰ ਰੋਨੈ ਬਾਈ ਜਗਦੇਵ, ਪੰਚਾਇਤ ‘ਚ ਬੇਇੱਜ਼ਤੀ ਤਾਂ ਹੋਊਗੀ ਨ੍ਹਾਂ…? ਬਿਨਾ ਗੱਲੋਂ ਮੂੰਹ ਕਾਲ਼ਸ ਆਊ, ਕਿ ਨਹੀਂ ਆਊ…? ਦੱਸ ਮੈਂ ਏਸ ਕੁੱਤੇ ਕੰਮ ‘ਚੋਂ ਕੀ ਸ਼ੀਲਡ ਲੈਣੀ ਐਂ…?”
    -“ਸਿੱਧਾ ਸੋਚ ਬਾਈ…! ਕੁਛ ਨੀ ਹੁੰਦਾ, ਮੈਂ ਹੈਗਾਂ…!”
    ਛੋਟੋ ਚਾਹ ਲੈ ਕੇ ਆ ਗਈ।
    ਜੰਗੀਰੋ ਅੰਦਰ ਲੁਕੀ ਬੈਠੀ ਸੀ।
    -“ਜਿਸ ਦਿਨ ਜੰਮਿਆਂ ਹੋਊ, ਬੁੜ੍ਹੀ ਡੰਡ ਬੈਠਕਾਂ ਕੱਢਦੀ ਫ਼ਿਰਦੀ ਹੋਊ, ਮੇਰੇ ਨੇਕ ਸਿਉਂ ਜੰਮਿਐਂ…!” ਉਸ ਨੇ ਛੋਟੋ ਨੂੰ ਰੜਕਾ ਕੇ ਸੁਣਾਇਆ। ਪਰ ਉਸ ਦਾ ਕਸੂਰ ਕੋਈ ਨਹੀਂ ਸੀ। ਉਹ ਤਾਂ ਬਿਨਾਂ ਗੱਲੋਂ ਆਟੇ ਨਾਲ਼ ਘੁਣ ਤੌਰ ‘ਤੇ ਪੀਸੀ ਜਾ ਰਹੀ ਸੀ।
    ਛੋਟੋ ਨੇ ਫ਼ੌਲਾਦੀ ਚੁੱਪ ਧਾਰੀ ਹੋਈ ਸੀ।
    ਉਹ ਕੁਝ ਵੀ ਬੋਲ ਨਹੀਂ ਰਹੀ ਸੀ। ਪਰ ਅੰਦਰੋਂ ਉਸ ਨੂੰ ਕੁਝ ਕੁ ਤਸੱਲੀ ਸੀ ਕਿ ਜੇ ਜੰਗੀਰੋ ਨੂੰ ਉਸ ਦੇ ਵਾਰਿਸ ਲੈ ਜਾਣ, ਤਾਂ ਨੇਕਾ ਗੂੰਗੇ ਕੋਲ਼ ਚਲਿਆ ਜਾਊਗਾ ਅਤੇ ਗੂੰਗੇ ਦੇ ਦਿਨ ਸੌਖੇ ਨਿਕਲ਼ ਜਾਣਗੇ।
    -“ਜੇ ਮੋੜ ਮੁੜਾਈ ਦੀ ਗੱਲ ਤੁਰੀ ਤਾਂ ਕੀ ਜਵਾਬ ਦੇਵਾਂਗੇ…?” ਚਾਹ ਪੀਂਦਾ ਜਗਦੇਵ ਬੋਲਿਆ।
    -“ਮੇਰਾ ਤਾਂ ਡਮਾਕ ਫ਼ਿਰਿਆ ਪਿਐ, ਜਗਦੇਵ…! ਕੁਛ ਨੀ ਸੁਝਦਾ…!” ਬੁੱਕਣ ਨੇ ਆਪਣੇ ਮੱਥੇ ‘ਤੇ ਕਈ ਵਾਰ ਹੱਥ ਮਾਰਿਆ, ਜਿਵੇਂ ਖ਼ਰਾਬ ਹੋਏ ਰੇਡੀਓ ‘ਤੇ ਮਾਰੀਦੈ!
    -“ਕੋਈ ਨਾ ਬੁੱਕਣਾਂ…! ਚੱਲ…! ਚੱਲ ਕੇ ਕਨਸੋਅ ਤਾਂ ਲਈਏ…?” ਉਸ ਨੇ ਚਾਹ ਪੀ ਕੇ ਗਿਲਾਸ ਥੱਲੇ ਰੱਖ ਦਿੱਤਾ। ਨੇਕੇ ਨੇ ਵੀ ਮੱਚਦੀ-ਮੱਚਦੀ ਚਾਹ ਸੜ੍ਹਾਕ ਦਿੱਤੀ ਸੀ। ਬੁੱਕਣ ਦਾ ਕਾਸੇ ਨੂੰ ਨੱਕ ਨਹੀਂ ਕਰਦਾ ਸੀ। ਉਸ ਨੂੰ ਪੰਚਾਇਤ ਅੱਗੇ ਪੇਸ਼ ਹੋਣਾ ਅੱਕ ਚੱਬਣ ਬਰਾਬਰ ਲੱਗਦਾ ਸੀ। ਪਰ ਮਜਬੂਰੀ ਅੱਗੇ ਕੁਝ ਕਰ ਨਹੀਂ ਸਕਦਾ ਸੀ। ਪਿੰਡ ਛੱਡ ਕੇ ਉਹ ਥੋੜੋ ਕਿਸੇ ਪਾਸੇ ਭੱਜ ਸਕਦਾ ਸੀ…?
    ਛੋਟੋ ਉਪਰੋਂ ਚੁੱਪ ਸੀ।
    ਪਰ ਅੰਦਰੋਂ ਖ਼ੁਸ਼ ਸੀ। ਉਹ ਨੇਕੇ ਅਤੇ ਜੰਗੀਰੋ ਦੀ ਦੋਖੀ ਨਹੀਂ ਸੀ। ਉਸ ਨੂੰ ਚਿੰਤਾ ਸਿਰਫ਼ ਗੂੰਗੇ ਦੀ ਸੀ।
    ਉਹ ਸੱਥ ਵਿਚ ਪਹੁੰਚ ਗਏ।
    ਜੰਗੀਰੋ ਦੇ ਘਰਵਾਲ਼ਾ ਦਾਰੂ ਪੀ ਕੇ “ਬਾਬੂ” ਬਣਿਆਂ ਬੈਠਾ ਸੀ।
    -“ਹਾਂ ਬਈ…? ਕੀ ਇਰਾਦੈ ਤੇਰਾ…?” ਉਹ ਪੈਂਦੀ ਸੱਟੇ ਜੁੱਤੀ ਲਾਹ ਕੇ ਨੇਕੇ ਨੂੰ ਮਾਰਨ ਆਇਆ। ਪਰ ਖੰਡੂ ਨੇ ਰੋਕ ਲਿਆ।
    -“ਜੇ ਤੂੰ ਆਪ ਗੱਲ ਕਰਨੀ ਐਂ ਤਾਂ ਅਸੀਂ ਜਾਈਏ…?” ਸਰਪੰਚ ਵੱਟ ਖਾ ਗਿਆ।
    -“ਤੂੰ ਬਹਿ’ਜਾ ਬਾਈ…! ਕਾਹਤੋਂ ਕਮਲ਼ ਮਿੱਧਦੈਂ…?” ਖੰਡੂ ਨੇ ਉਸ ਦਾ ਝੱਗਾ ਖਿੱਚ ਕੇ ਬਿਠਾ ਲਿਆ।
    -“ਭੰਨਦੂੰ ਤੇਰੀਆਂ ਵਿੰਗੀਆਂ ਜੀਆਂ ਲੱਤਾਂ…!” ਉਹ ਕੁਝ ਜ਼ਿਆਦਾ ਹੀ ਤੋੜ ਜਿਹੀ ਕਰ ਰਿਹਾ ਸੀ।
    -“ਚੱਲ ਤੂੰ ਭੰਨ ਲੱਤਾਂ, ਤੇ ਅਸੀਂ ਚੱਲੇ…!” ਸਰਪੰਚ ਖੁੰਧਕ ਨਾਲ਼ ਉਠ ਕੇ ਖੜ੍ਹਾ ਹੋ ਗਿਆ।
    -“ਕਾਹਨੂੰ ਕਮਲ਼ ਮਾਰੀ ਜਾਨੈ, ਬਾਈ…!” ਖੰਡੂ ਨੂੰ ਬਾਜੀ ਉਲਟੀ ਪੈਂਦੀ ਨਜ਼ਰ ਆਈ।
    -“ਇਹ ਸਾਲ਼ਾ ਆਸ਼ਕੀ ਭਮੱਕੜ, ਇਹਦੀ ਮੈਂ ਭੈਣ ਨੂੰ ਨਵੇਂ ਦੁੱਧ ਕਰ ਦਿਆਂ…! ਇਹ ਸਾਲ਼ਾ ਮੇਰੀ ਤੀਮੀ ਨੂੰ ਰੰਨ ਬਣਾਈ ਫ਼ਿਰਦੈ…!” ਉਹ ਹਨ੍ਹੇਰੀ ਵਾਂਗ ਨੇਕੇ ਵੱਲ ਨੂੰ ਗਿਆ। ਪਰ ਖੰਡੂ ਨੇ ਫ਼ੇਰ ਫ਼ੜ ਲਿਆ। ਉਹ ਉਸ ਨੂੰ ਧੱਕਾ ਲਾ ਕੇ ਪਿੱਛੇ ਕਰ ਰਿਹਾ ਸੀ।
    -“ਇਹਨੂੰ ਲੈ’ਜਾ ਭਾਈ…! ਨਹੀਂ ਸਾਥੋਂ ਇਹਦੀ ਜਾਹ ਜਾਂਦੀ ਹੋਜੂ…!” ਮੈਂਬਰ ਨੇ ਕਿਹਾ।
    -“ਇਹ ਬੋਕ ਦਾਹੜੀਆ ਜਿਆ ਪੰਚੈਤ ‘ਕੱਠੀ ਕਰਕੇ ਸਾਡੀ ਬੇਇੱਜਤੀ ਕਰਦੈ…?”
    -“ਕਿਤੇ ਉਹ ਨਾ ਹੋਵੇ ਬਈ ਬੱਕਰੇ ਦੀ ਜਾਨ ਜਾਵੇ ਤੇ ਖਾਣ ਵਾਲ਼ੇ ਨੂੰ ਸੁਆਦ ਈ ਨਾ ਆਵੇ…!”
    -“ਇਹਨਾਂ ਨੂੰ ਪੰਜੀ ਦਾ ਭੌਣ ਦਿਖਾ ਈ ਦੇਈਏ…?”
    -“ਸਾਲ਼ੇ ਇਹ ਤਾਂ ਪਿੰਡ ਦੀ ਦਾਹੜੀ ‘ਚ ਮੂਤਣ ਤੁਰ’ਪੇ…!”
    -“ਇਹਨਾਂ ਨੇ ਤਾਂ ਸਾਰੇ ਪਿੰਡ ਨੂੰ ਟਿੱਚ ਜਾਣਿਆਂ…!”
    -“ਪਹਿਲਾਂ ਆਹ ਮੂੰਹ ਪਾਟੇ ਜੇ ਦੀ ਦਾਹੜੀ ਪੱਟ ਕੇ ਇਹਦੀ …. ‘ਚ ਦਿਓ…!”
    -“ਇਹੀ ਮਰ੍ਹੈਲੀ ਲੱਗਦੈ ਇਹਨਾਂ ਦਾ…!”
    ਖੰਡੂ ਕਸੂਤਾ ਫ਼ਸ ਚੱਲਿਆ ਸੀ।
    ਉਸ ਦੇ ਬਰਾਬਰ ਜੰਗੀਰੋ ਦੇ ਘਰਵਾਲ਼ਾ ਖੁੰਬ ਠੱਪੀ ਵਾਲ਼ਿਆਂ ਵਾਂਗ ਬੈਠਾ ਸੀ।
    ਸਾਰੇ ਖੰਡੂ ਨੂੰ ਹੀ ਸੰਬੋਧਨ ਹੋ ਕੇ ਚੋਭਾਂ ਲਾ ਰਹੇ ਸਨ। ਖੰਡੂ ਨੂੰ ਅੰਦਰੋਂ ਭਾਜੜ ਪਈ ਹੋਈ ਸੀ।
    -“ਰੋਜੇ ਬਖ਼ਸ਼ਾਉਣ ਆਏ ਸੀ, ਇਹ ਤਾਂ ਨਮਾਜਾਂ ਗਲ਼ ਪੈ ਚੱਲੀਆਂ…!” ਨਿਰਾਸ਼ਾ ਵਿਚ ਖੰਡੂ ਸੋਚ ਰਿਹਾ ਸੀ।
    -“ਜੰਗੀਰੋ ਮੁੜੇ ਚਾਹੇ ਨਾ ਮੁੜੇ, ਪਰ ਤੈਨੂੰ ਧਰਮਰਾਜ ਦੇ ਦੁਆਰੇ ਜਰੂਰ ਭੇਜੂੰ..!” ਉਸ ਨੇ ਫ਼ਿਰ ਫ਼ੜੇ ਕੁੱਕੜ ਵਾਂਗ ਖੰਭ ਜਿਹੇ ਝਿਣਕੇ।
    -“ਤੈਨੂੰ ਦਿਖਾਈਏ ਫ਼ੇਰ ਤਾਰੇ…? ਹਟਦਾ ਈ ਨੀ ਭੈਣ ਦਾ ਲੱਕੜ…!” ਦੋ ਤਿੰਨ ਗੱਭਰੂ ਮੁੰਡੇ ਉਠ ਕੇ ਖੜ੍ਹੇ ਹੋ ਗਏ।
    -“ਓਏ ਭਾਈ ਪਾਟੇ ਮੂੰਹ ਆਲ਼ਿਆ…!” ਪਿੰਡ ਦਾ ਅਮਲੀ ਖੰਡੂ ਨੂੰ ਸਿੱਧਾ ਹੋ ਕੇ ਬੋਲਿਆ, “ਮੈਨੂੰ ਲੱਗਦੈ ਇਹ ਸਾਰੀ ਸਕੀਮ ਤੇਰੀ ਈ ਐ, ਪਹਿਲਾਂ ਤੈਨੂੰ ਨਾ ਦੇਈਏ ਦੱਖੂਦਾਣਾਂ…? ਲਿਆ ਫ਼ੜਾ ਖਾਂ ਮੇਰਾ ਸਲੋਤਰ ਐਹਥੋਂ, ਦਿਖਾਵਾਂ ਨਗੌਰ ਕਿੱਧਰ ਐ…!”
    -“ਅਮਲੀਆ, ਇਹਦੇ ਬੁੱਲ੍ਹ ਦਾ ਭਰਾੜ੍ਹ ਦੇਖ ਕਿੱਡੈ…!”
    -“ਹੁਣੇ ਈ ਲਾ ਦਿਊਂਗਾ ਤੋਪੇ ਮੇਰੇ ਸਾਲ਼ੇ ਦੇ…! ਦਿੰਨੈਂ ਗੁੱਗਲ਼ ਦੀ ਧੂਣੀਂ ਇਹਨੂੰ..! ਕਰਾਉਨੈਂ ਘੀਸੀ ਸਾਲ਼ੇ ਗਡੋਡੂ ਜੇ ਦੀ…!” ਉਹ ਤਲ਼ੀ ‘ਤੇ ਪੂਰੇ ਜੋਰ ਨਾਲ਼ ਜਰਦਾ ਮਲ਼ਦਾ ਬੱਕੜਵਾਹ ਕਰੀ ਜਾ ਰਿਹਾ ਸੀ।
    -“ਓਏ ਜੁਆਨੋਂ…!” ਜਰਦਾ ਬੁੱਲ੍ਹਾਂ ਵਿਚ ਧਰ ਕੇ ਅਮਲੀ ਗੜ੍ਹਕਿਆ।
    -“ਦੱਸ ਅਮਲੀਆ…?”
    -“ਇਹਨੂੰ ਫ਼ੜ ਕੇ ਕੋਡਾ ਕਰੋ, ਇਹਦੇ ਸਲੋਤਰ ਤੁੰਨਣੈਂ…! ਤੁਸੀਂ ਦੇਖੀ ਚੱਲੋ ਕਿਮੇ ਫ਼ੁੱਲ ਖੁਣਦੈਂ ਸਾਲ਼ੇ ਦੇ…!”
    -“ਫ਼ੜਲੋ ਫ਼ੜਲੋ…!” ਰੌਲ਼ਾ ਪੈ ਗਿਆ।
    ਮੁੰਡੀਹਰ ਤੋਂ ਡਰਦੇ ਖੰਡੂ ਹੋਰੀਂ ਹਵਾ ਹੋ ਗਏ।
    ਅਮਲੀ ਦੀਆਂ ਹਵਾਈ ਗੱਲਾਂ ਨੇ ਉਹਨਾਂ ਨੂੰ ਪਰਾਲ਼ ਕਰ ਮਾਰਿਆ ਸੀ।
    ਪਿੰਡ ਦੀ ਮੁੰਡੀਹਰ ਦਾ ਹਾਸਾ ਦੂਰ ਤੱਕ ਸੁਣਦਾ ਸੀ।
    -“ਗੱਲ ਤਾਂ ਕੋਈ ਚੱਲੀ ਈ ਨੀ…!” ਘਰ ਨੂੰ ਤੁਰਿਆ ਆਉਂਦਾ ਬੁੱਕਣ ਬੋਲਿਆ।
    -“ਬਾਈ ਬੁੱਕਣਾਂ, ਇੱਕ ਗੱਲ ਐ…!” ਜਗਦੇਵ ਨੇ ਗੱਲ ਸ਼ੁਰੂ ਕੀਤੀ, “ਸਿਆਣਿਆਂ ਨੇ ਕਿਹੈ, ਗੱਲ ਹਿੱਲੇ ਨਾ ਤਾਂ ਭਾਵੇਂ ਪੂਰੀ ਸਦੀ ਨਾ ਹਿੱਲੇ, ਪਰ ਹੁਣ ਜਦੋਂ ਹਿੱਲ ਈ ਪਈ ਐ, ਛੇਤੀ ਟਿਕਣੀ ਨੀ…!”
    -“ਧੰਨਵਾਦ ਐ ਭਰਾਵਾ, ਤੂੰ ਸਾਡੇ ਨਾਲ਼ ਤੁਰਿਐਂ…!”
    -“ਬੰਦੇ ਦੀ ਬੰਦਾ ਈ ਦਾਰੂ ਐ…! ਪਰ ਨੇਕਿਆ, ਮੈਂ ਤੈਨੂੰ ਇੱਕ ਪਤੇ ਦੀ ਗੱਲ ਜ਼ਰੂਰ ਕਹੂੰਗਾ, ਵੀਰ ਮੇਰਿਆ…!” ਜਗਦੇਵ ਨੇਕੇ ਵੱਲ ਝਾਕਿਆ।
    -“ਬੋਲ ਬਾਈ..?” ਨੇਕਾ ਘੁੱਗੂ ਜਿਹਾ ਹੋਇਆ ਫ਼ਿਰਦਾ ਸੀ। ਉਸ ਨੂੰ ਇਹ ਆਸ ਨਹੀਂ ਸੀ ਕਿ ਧਾੜ ਦੀ ਧਾੜ ਹੀ ਉਸ ਉਤੇ ਆ ਪਵੇਗੀ।
    -“ਮੈਂ ਤਾਂ ਥੋਡੇ ਤੇ ਬੁੱਕਣ ਸਿਉਂ ਦੇ ਭਲੇ ਦੀ ਗੱਲ ਈ ਕਰੂੰਗਾ…!”
    -“…………..।” ਉਹ ਚੁੱਪ ਚਾਪ ਸੁਣ ਰਹੇ ਸਨ।
    -“ਮੈਂ ਕਿਸੇ ਦੇ ਹੱਕ ਜਾਂ ਵਿਰੋਧ ‘ਚ ਗੱਲ ਨੀ ਕਰਦਾ, ਪਰ ਤੁਸੀਂ ਆਪਣਾ ਟਿਕਾਣਾ ਬਦਲੋ…! ਇਹਦੇ ‘ਚ ਥੋਡਾ ਈ ਭਲੈ…!” ਜਗਦੇਵ ਬੋਲਿਆ, “ਇਹ ਗਿੱਝੇ ਗਿਝਾਏ ਗੇੜਾ ਕਦੇ ਫ਼ੇਰ ਵੀ ਮਾਰਨਗੇ…!”
    ਗੱਲ ਉਹਨਾਂ ਦੇ ਦਿਲ ਲੱਗੀ ਸੀ।
    ਰਾਤ ਨੂੰ ਪੀ ਕੇ ਬੁੱਕਣ ਨੇ ਬੱਕੜਵਾਹ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਨੇਕੇ ਅਤੇ ਜੰਗੀਰੋ ਦਾ ਸਾਰਾ ਕੋੜਮਾਂ ‘ਪੁਣ’ ਧਰਿਆ। ਛੋਟੋ, ਜੰਗੀਰੋ ਅਤੇ ਬੁੱਕਣ ਡੁੰਨ ਬਣੇ ਸੁਣਦੇ ਰਹੇ। ਪਰ ਜਦ ਬੁੱਕਣ ਨੇ ਜੰਗੀਰੋ ਨੂੰ “ਅਵਾਰਾ ਕੁੱਤੀ” ਅਤੇ “ਕੰਜਰੀ” ਵਰਗੇ ਸ਼ਬਦ ਵਰਤੇ ਤਾਂ ਗੱਲ ਨੇਕੇ ਦੇ ਵਿਤੋਂ ਬਾਹਰ ਹੋ ਗਈ।
    ਉਸ ਨੇ ਅੰਦਰ ਜਾ ਕੇ ਆਪਣਾ ਪੈਸਾ ਧੇਲਾ ਹੱਥ ਹੇਠ ਕੀਤਾ। ਚਾਰ ਕੱਪੜਿਆਂ ਦੀ ਪੋਟਲ਼ੀ ਕੱਛ ਮਾਰ ਲਈ ਅਤੇ ਜੰਗੀਰੋ ਦਾ ਹੱਥ ਫ਼ੜ ਕੇ ਘਰੋਂ ਬਾਹਰ ਹੋ ਗਿਆ।
    ਰਾਤ ਅੱਧੀ ਹੋ ਚੁੱਕੀ ਸੀ।
    ਉਹ ਕੱਚੇ ਰਾਹ ਹੀ ਤੁਰੇ ਜਾ ਰਹੇ ਸਨ। ਕੋਈ ਵੀ ਕਿਸੇ ਨਾਲ਼ ਗੱਲ ਨਹੀਂ ਕਰ ਰਿਹਾ ਸੀ। ਜਿਵੇਂ ਉਹ ਪੱਥਰ ਦੇ ਬੁੱਤ ਸਨ।
    -“ਇੱਕ ਗੱਲ ਐਂ, ਜੰਗੀਰੋ…!” ਲੰਮੀ ਚੁੱਪ ਤੋਂ ਬਾਅਦ ਨੇਕਾ ਬੋਲਿਆ।
    -“…………..।” ਜੰਗੀਰੋ ਚੁੱਪ ਸੀ।
    -“ਜੇ ਤੈਨੂੰ ਉਹ ਹੋਰ ਕੁਛ ਬੋਲ ਦਿੰਦਾ, ਮੈਂ ਉਹਦਾ ਗਲ਼ ਦੱਬ ਦੇਣਾਂ ਸੀ, ਤੇ ਖ਼ੂਨ ਗਲ਼ ਪੈ ਜਾਣਾ ਸੀ…!”
    -“………………।”
    -“ਫ਼ੇਰ ਸੋਚਿਆ ਇਹਨੇ ਸਿਰ ਢਕਣ ਨੂੰ ਥਾਂ ਦਿੱਤੀ ਸੀ, ਸਾਂਭਿਆ, ਕਾਹਨੂੰ ਜੱਗ ਨੂੰ ਤਮਾਸ਼ਾ ਦਿਖਾਉਣੈ…!”
    -“…………।” ਜੰਗੀਰੋ ਫ਼ੇਰ ਨਾ ਬੋਲੀ।
    -“ਤੂੰ ਕਿਉਂ ਮੂੰਹ ‘ਚ ਘੁੰਗਣੀਆਂ ਕਾਹਤੋਂ ਪਾਈਐਂ…?”
    -“ਨੇਕਿਆ…!”
    -“ਬੋਲ਼…?”
    -“ਇਹ ਸਾਰਾ ਸਿਆਪਾ ਮੇਰੇ ਕਰ ਕੇ ਈ ਪਈ ਜਾਂਦੈ…! ਮੇਰੇ ਤਾਂ ਕਰਮਾਂ ‘ਚ ਹੈ ਈ ਧੱਕੇ, ਮੈਂ ਤਾਂ ਤੇਰਾ ਚੈਨ ਵੀ ਖੂਹ ਖਾਤੇ ਪਾ ਦਿੱਤਾ..!” ਉਸ ਦਾ ਗਲ਼ ਭਰ ਆਇਆ।
    ਨੇਕੇ ਨੇ ਉਸ ਨੂੰ ਜੱਫ਼ੀ ਪਾ ਲਈ।
    ਜੰਗੀਰੋ ਦਾ ਉਚੀ-ਉਚੀ ਰੋਣ ਨਿਕਲ਼ ਗਿਆ।
    -“ਕਮਲ਼ ਨੀ ਮਾਰੀਦਾ ਹੁੰਦਾ…!” ਉਹ ਉਸ ਨੂੰ ਘੁੱਟੀ ਖੜ੍ਹਾ ਸੀ।
    -“ਕੀ ਟੈਮ ਹੋਇਐ…?”
    -“ਪਤਾ ਨੀ, ਇੱਕ ਡੇੜ੍ਹ ਵੱਜਿਆ ਹੋਊ…! ਔਹ ਸਾਹਮਣੇ ਕਿਸੇ ਦੇ ਖੇਤ ਆਲ਼ੇ ਕੋਠੇ ਕੋਲ਼ ਦਮ ਮਾਰਦੇ ਐਂ…!” ਭੁੱਖਣਭਾਣੇ ਉਹ ਖੇਤ ਵਾਲ਼ੇ ਕੋਠੇ ਕੋਲ਼ ਆ ਕੇ ਭੁੰਜੇ ਹੀ ਲੇਟ ਗਏ। ਦੋਹਾਂ ਦੇ ਦਿਮਾਗ ਵਿਚ ਸੋਚਾਂ ਦੀ ਘੋੜ-ਦੌੜ ਜਾਰੀ ਸੀ। ਉਹਨਾਂ ਵਾਟ ਦੇ ਭੰਨਿਆਂ ਨੂੰ ਪਤਾ ਨਹੀਂ ਕਦੋਂ ਨੀਂਦ ਆ ਗਈ?
    ਸਵੇਰੇ ਕਿਸੇ ਦੀ ਅਵਾਜ਼ ਨਾਲ਼ ਉਹਨਾਂ ਦੀ ਅੱਖ ਖੁੱਲ੍ਹੀ।
    ਸੂਰਜ ਆਪਣੀਆਂ ਰਹਿਮਤੀ ਕਿਰਨਾਂ ਬਖ਼ੇਰ ਰਿਹਾ ਸੀ।
    -“ਤੁਸੀਂ ਐਥੇ ਕਿਵੇਂ…?” ਖੇਤ ਦਾ ਮਾਲਕ ਬਜ਼ੁਰਗ ਬਾਬਾ ਉਹਨਾਂ ਨੂੰ ਪੁੱਛ ਰਿਹਾ ਸੀ। ਉਸ ਦੀ ਲੰਮੀ ਬੱਗੀ ਦਾਹੜੀ ਵਿਚੋਂ ਸਾਊਪੁਣੇ ਦੀ ਮਹਿਕ ਆ ਰਹੀ ਸੀ।
    -“ਸਾਨੂੰ ਸਾਡੇ ਨੂੰਹ-ਪੁੱਤ ਨੇ ਸਾਨੂੰ ਧੱਕੇ ਦੇ ਕੇ ਘਰੋਂ ਕੱਢ’ਤਾ, ਬਾਬਾ…! ਪ੍ਰਦੇਸੀ ਆਂ ਤੇ ਰਾਤ ਕੱਟਣ ਵਾਸਤੇ ਐਥੇ ਡੇਰੇ ਲਾ ਲਏ…!” ਨੇਕੇ ਨੇ ਕੋਰਾ ਝੂਠ ਬੋਲਿਆ। ਉਹ ਨਹੀਂ ਚਾਹੁੰਦਾ ਸੀ ਕਿ ਉਹਨਾਂ ਦੀ ਅਸਲੀਅਤ ਦਾ ਕਿਸੇ ਨੂੰ ਪਤਾ ਚੱਲੇ ਅਤੇ ਮੁੜ ਬੂ-ਬੂ ਹੋਵੇ ਅਤੇ ਜੰਗੀਰੋ ਦੇ ਅਕਸ ‘ਤੇ ਛਿੱਟੇ ਪੈਣ!
    -“ਬੇਚਿੰਤ ਹੋ ਕੇ ਰਹੋ…! ਇਹਨੂੰ ਆਪਣਾ ਈ ਖੇਤ ਸਮਝੋ, ਸ਼ੇਰੋ…! ਆਹ ਲਓ ਰੋਟੀ…!” ਉਸ ਨੇ ਆਪਣੇ ਨਾਲ਼ ਲਿਆਂਦੀ ਰੋਟੀ ਉਹਨਾਂ ਦੇ ਹਵਾਲੇ ਕਰ ਦਿੱਤੀ, “ਪਹਿਲਾਂ ਤਾਂ ਆਹ ਛਕੋ…! ਰਾਤ ਦੇ ਭੁੱਖੇ ਹੋਵੋਂਗੇ…!”
    -“ਰੱਬ ਦੀ ਏਸ ਦੁਨੀਆਂ ‘ਚ ਦਾਨੇ ਤੇ ਦਾਨੀ ਬੰਦੇ ਵੀ ਬਥੇਰੇ ਐ…!” ਰੋਟੀ ਫ਼ੜਦਾ ਨੇਕਾ ਸੋਚ ਰਿਹਾ ਸੀ।
    ਉਸ ਦਿਨ ਤੋਂ ਉਹਨਾਂ ਨੇ ਉਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ।
    ਬਜ਼ੁਰਗ ਬਾਬੇ ਦੇ ਖੇਤ ਹੀ ਜੰਗੀਰੋ ਨੇ ਇੱਟਾਂ ਦਾ ਚੁੱਲ੍ਹਾ ਬਣਾ ਲਿਆ ਅਤੇ ਟਿੰਡ ਦੇ ਥੱਲੇ ਨੂੰ ਤਵਾ ਬਣਾ ਕੇ ਰੋਟੀਆਂ ਲਾਹੁੰਣੀਆਂ ਸ਼ੁਰੂ ਕਰ ਦਿੱਤੀਆਂ। ਨਾਲ਼ ਦੇ ਖੇਤਾਂ ਵਾਲ਼ਿਆਂ ਨਾਲ਼ ਉਹ ਕੰਮ-ਧੰਦਾ ਕਰਵਾ ਕੇ ਆਟਾ-ਸੀਧਾ ਲੈ ਲੈਂਦੇ। ਪਰ ਕਈ ਵਾਰ ਉਹਨਾਂ ਨੂੰ ਭੁੱਖਿਆਂ ਵੀ ਸੌਣਾਂ ਪੈਂਦਾ। ਪਰ ਉਹ ਸੰਤੁਸ਼ਟ ਸਨ। ਰੱਬ ਦੀ ਰਜ਼ਾ ਵਿਚ ਰਾਜ਼ੀ ਸਨ। ਉਹਨਾਂ ਦਾ ਰੈਣ ਬਸੈਰਾ ਅਜੇ ਵੀ ਜ਼ਮੀਨ ਉਪਰ ਹੀ ਸੀ। ਪਰ ਉਹ ਖ਼ੁਸ਼ ਸਨ ਕਿ ਉਹਨਾਂ ਨੂੰ ਸਿਰ ਢਕਣ ਨੂੰ ਜਗਾਹ ਤਾਂ ਮਿਲ਼ੀ ਹੋਈ ਸੀ।
    -“ਜੇ ਤੈਨੂੰ ਕੋਈ ਇਤਰਾਜ਼ ਨੀ ਤਾਂ ਇੱਕ ਮੁੰਡਾ ਕੰਮ ਬਾਰੇ ਕਹਿੰਦਾ ਸੀ, ਜੇ ਕਰਨੈ…?” ਬਜ਼ੁਰਗ ਨੇ ਇੱਕ ਦਿਨ ਨੇਕੇ ਦੀ ਮੰਦੀ ਹਲਾਤ ਦੇਖ ਕੇ ਕਿਹਾ।
    -“ਅੰਨ੍ਹਾਂ ਕੀ ਭਾਲ਼ੇ, ਦੋ ਅੱਖਾਂ…? ਮੈਂ ਤਾਂ ਕੰਮ ਲੱਭਦੈਂ ਬਜ਼ੁਰਗੋ…! ਕਰੋ ਕਿਰਪਾ..!”
    ਫ਼ਤਹਿਗੜ੍ਹ ਪਿੰਡ ਵਿਚ ਸ਼ਾਮੋਂ ਨਾਂ ਦੀ ‘ਦਾਈ’ ਦੇ ਕੋਈ ਬਾਲ ਬੱਚਾ ਨਹੀਂ ਸੀ। ਉਸ ਨੇ ਪਿੰਡ ਦੇ ਹੀ ਇੱਕ ‘ਭਾਗੇ’ ਨਾਮ ਦੇ ਅਨਾਥ ਮੁੰਡੇ ਨੂੰ ਗੋਦ ਲਿਆ ਹੋਇਆ ਸੀ। ਭਾਗੇ ਦੇ ਮਾਂ-ਬਾਪ ਉਸ ਦੇ ਬਚਪਨ ਵਿਚ ਹੀ ਮਰ ਗਏ ਸਨ ਅਤੇ ਸ਼ਾਮੋਂ ਦਾਈ ਨੇ ਹੀ ਭਾਗੇ ਨੂੰ ਪਾਲ਼ਿਆ ਸੀ। ਭਾਗੇ ਕੋਲ਼ ਟਾਂਗਾ ਸੀ। ਉਹ ਫ਼ਤਹਿਗੜ੍ਹ ਤੋਂ ਰੋਜ਼ ਕਈ ਚੱਕਰ ਮੋਗੇ ਦੇ ਲਾ ਆਉਂਦਾ। ਬੋਲਣ ਵੇਲ਼ੇ ਭਾਗੇ ਨੂੰ ਹੱਕ ਪੈਂਦੀ ਸੀ ਅਤੇ ਉਹ ਬਰੇਕ ਲਾ-ਲਾ ਕੇ ਬੋਲਦਾ ਸੀ। ਕਈ ਵਾਰ ਤਾਂ ਉਸ ਦੀ ਗਰਾਰੀ ਦਾ ਦੰਦਾ ਐਨੀ ਬੁਰੀ ਤਰ੍ਹਾਂ ਅੜਦਾ ਕਿ ਕਾਫ਼ੀ ਦੇਰ ਬੋਲ ਹੀ ਨਾ ਸਕਦਾ ਅਤੇ ਧੱਫ਼ਾ ਮਾਰ ਕੇ ਅੱਗੇ ਤੋਰਨਾ ਪੈਂਦਾ।
    ਭਾਗੇ ਦੇ ਘਰ ਦੇ ਕੋਠੇ ਲਿੱਪਣ ਵਾਲ਼ੇ ਸਨ। ਨੇਕੇ ਅਤੇ ਜੰਗੀਰੋ ਦੀਆਂ ਪੰਜ-ਸੱਤ ਦਿਹਾੜੀਆਂ ਓਥੇ ਲੱਗ ਗਈਆਂ।
    -“ਵੇ ਥੋਡੇ ਘਰੇ ਤੀਮੀ ਕਿਹੜੀ ਫ਼ਿਰਦੀ ਸੀ ਵੇ ਭਾਗਿਆ…?” ਪਿੰਡ ਦੀ ਕਿਸੇ ਸ਼ਰਾਰਤੀ ਔਰਤ ਨੇ ਪੁੱਛਿਆ।
    -“ਮੇਰੀ ਬਹੂ ਐ, ਤਾਈ…!” ਭਾਗੇ ਦਾ ਹਾਸਾ ਨਿਕਲ਼ ਗਿਆ।
    -“ਵੇ ਤੈਨੂੰ ਕੋਈ ਸਕੀ ਧੀ ਦਾ ਸਾਕ ਦੇਣ ਤੋਂ ਪਹਿਲਾਂ ਊਹਨੂੰ ਖ਼ੂਹ ‘ਚ ਨਾ ਧੱਕਾ ਦੇ-ਦੂ…! ਮਰਾਦਾ ਕੀ ਐਂ ਗੱਲਾਂ…!”
    -“ਸ਼ਕਲ ਸੂਰਤ ‘ਤੇ ਨਾ ਜਾਓ, ਦਿਲ ਦੇਖੋ, ਦਿਲ…! ਘਰ ਆ ਕੇ ਦੇਖ ਲਓ…!” ਭਾਗਾ ਸੁਭਾਅ ਦਾ ਕਾਫ਼ੀ ਹੱਸਮੁਖ ਅਤੇ ਰਲ਼ਾਉਟਾ ਸੀ।
    ਮੱਛਰੀਆਂ ਔਰਤਾਂ ਘਰੇ ਆ ਗਈਆਂ।
    ਪਰ ਅਸਲੀਅਤ ਸੁਣ ਕੇ ਹਾਸਾ ਨਾ ਰੋਕ ਸਕੀਆਂ।
    -“ਕੁੜ੍ਹੇ ਤੁਸੀਂ ਰਹਿੰਨੇ ਕਿੱਥੇ ਓਂ…?” ਇਕ ਔਰਤ ਨੇ ਪੁੱਛਿਆ।
    -“ਭਾਨੇ ਬਾਬੇ ਕੇ ਖੇਤ ਈ ਦਿਨ ਕਟੀ ਕਰਦੇ ਐਂ ਜੀ…!” ਉਸ ਨੇ ਸੰਖੇਪ ਉੱਤਰ ਦਿੱਤਾ।
    -“ਬੇਬੇ ਜੀ ਇਹਨਾਂ ਨੂੰ ਆਪਣੇ ਪਿੰਡ ਆਲ਼ੀ ਮਸੀਤ ‘ਚ ਕਿਉਂ ਨੀ ਰੱਖ ਲੈਂਦੇ…? ਵਿਹਲੀ ਈ ਪਈ ਐ…! ਇਹਨਾਂ ਦੇ ਕੰਮ ਆ’ਜੂ..!” ਇੱਕ ਨੇ ਸ਼ਾਮੋਂ ਨੂੰ ਕਿਹਾ।
    -“ਕਿਉਂ ਭਾਈ…? ਰਹਿ ਲਓਂਗੇ ਮਸੀਤ ‘ਚ…?”
    -“ਰਹਿਣ ਨੂੰ ਕੀ ਐ…? ਰਹਿ ਲਵਾਂਗੇ…! ਅਸੀਂ ਤਾਂ ਭਾਲ਼ਦੇ ਫ਼ਿਰਦੇ ਐਂ…!” ਨੇਕਾ ਬੋਲਿਆ।
    ਉਸ ਦਿਨ ਤੋਂ ਉਹਨਾਂ ਦਾ ਵਸੇਬਾ ਮਸੀਤ ਵਿਚ ਹੋ ਗਿਆ। ਕਿਸੇ ਨੇ ਮੰਜਾ ਅਤੇ ਕਿਸੇ ਨੇ ਉਹਨਾਂ ਨੂੰ ਰਜਾਈ, ਕਿਸੇ ਨੇ ਸਿਰਹਾਣਾਂ ਅਤੇ ਕਿਸੇ ਨੇ ਤਲ਼ਾਈ ਦੇ ਕੇ ਮਸੀਤ ਵਿਚ ਵਸਦੇ ਕਰ ਦਿੱਤਾ। ਲੋੜੀਂਦੇ ਭਾਂਡੇ ਵੀ ਉਹਨਾਂ ਨੂੰ ਸਤਿਯੁਗੀ ਗੁਆਂਢੀਆਂ ਨੇ ਦੇ ਦਿੱਤੇ।
    ਥੋੜ੍ਹੇ ਦਿਨਾਂ ਵਿਚ ਹੀ ਉਹ ਆਂਢ-ਗੁਆਂਢ ਵਿਚ ਰਚ-ਮਿਚ ਗਏ। ਮਸੀਤ ਦੇ ਨੇੜੇ ਹੀ ਜੰਗੀਰੋ ਨੂੰ ਹੌਲਦਾਰਾਂ ਦੇ ਘਰ ਸਫ਼ਾਈ ਦਾ ਕੰਮ ਮਿਲ਼ ਗਿਆ। ਰੋਟੀ ਅਤੇ ਚਾਹ ਦਾ ਮਸਲਾ ਹੌਲਦਾਰਾਂ ਦੇ ਘਰ ਤੋਂ ਹੀ ਹੱਲ ਹੋ ਗਿਆ। ਹੁਣ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹਨਾਂ ਦੀਆਂ ਮੁਸੀਬਤਾਂ ਦਾ ਅੰਤ ਹੋ ਗਿਆ ਸੀ ਅਤੇ ਉਹ ਖ਼ੁਸ਼ੀ ਖ਼ੁਸ਼ੀ ਵਸਣ ਲੱਗੇ। ਪਰ ਇਹ ਸ਼ਾਂਤੀ ਤਾਂ ਸ਼ਾਇਦ ਤੂਫ਼ਾਨ ਆਉਣ ਤੋਂ ਪਹਿਲਾਂ ਵਾਲ਼ਾ “ਸੰਨਾਟਾ” ਸੀ!
    ਮਹੀਨੇ ਕੁ ਬਾਅਦ ਜੰਗੀਰੋ ਦੇ ਘਰਵਾਲ਼ੇ ਨੂੰ ਪਤਾ ਲੱਗ ਗਿਆ ਕਿ ਨੇਕਾ ਅਤੇ ਜੰਗੀਰੋ ਫ਼ਤਹਿਗੜ੍ਹ ਰਹਿ ਰਹੇ ਸਨ। ਉਹ ਖੰਡੂ ਅਤੇ ਦੋ ਕੁ ਹੋਰ ਬੰਦੇ ਲੈ ਕੇ ਫ਼ਤਹਿਗੜ੍ਹ ਆ ਧਮਕਿਆ।
    -“ਕੁੱਤਿਆਂ ਦੀਏ ਸਾਲ਼ੀਏ, ਐਤਕੀਂ ਤਾਂ ਲੈ ਕੇ ਈ ਜਾਊਂ, ਸਾਲ਼ੀ ਨੇ ਕੀ ਫ਼ੁੱਦੂ ਬਣਾਏ ਐਂ, ਸਾਨੂੰ ਟੁੱਕ ‘ਤੇ ਡੇਲਾ ਈ ਸਮਝ ਰੱਖਿਐ ਘੋੜ੍ਹਿਆਂ ਦੀ ਰੰਨ ਨੇ…!” ਨਸ਼ੇ ਦੀ ਲੋਰ ਵਿਚ ਉਸ ਨੇ ਬਰੜਾਹਟ ਕੀਤਾ।
    -“ਕੁਛ ਨਾ ਭਾਲ਼…! ਗੋਲ਼ੀ ਬਣ ਕੇ ਵਿਚ ਦੀ ਨਿਕਲਜੂੰ ਮੇਰੇ ਪਿਉ ਦੇ ਸਾਲ਼ੇ ਗਡੋਡੂ ਜੇ ਦੇ…!” ਜੰਗੀਰੋ ਵੀ ਸੂਈ ਕੁੱਤੀ ਵਾਂਗ ਉਸ ਦੇ ਪਿੱਛੇ ਪੈ ਗਈ।
    -“ਮੂੰਹੋਂ ਤਾਂ ਚੱਜ ਨਾਲ਼ ਬੋਲ….! ਤੇਰਾ ਆਬਦਾ ਖ਼ਸਮ ਐਂ, ਭੁੱਖਾ ਮਰਦਾ ਫ਼ਿਰਦੈ ਬਿਚਾਰਾ…! ਦੇਖ, ਫ਼ੱਕਾ ਨੀ ਰਿਹਾ ਵਿਚ…! ਜਾਭਾਂ ਅੰਦਰ ਧਸੀਆਂ ਪਈਐਂ…!” ਖੰਡੂ ਉਚਾ ਹੋ ਕੇ ਬੋਲਿਆ।
    -“ਜੇ ਇਹਦਾ ਬਾਹਲ਼ਾ ਈ ਦਰਦ ਆਉਂਦੈ, ਆਬਦੀ ਭੈਣ ਭੇਜਦੇ ਇਹਦੇ ਘਰੇ, ਨਾਲ਼ੇ ਜੁਆਨ ਐਂ, ਗੜੌਂਧੇ ਅਰਗੀ…! ਮੇਰੇ ਨਾਲ਼ੋਂ ਜਾਅਦੇ ਸੇਵਾ ਕਰੂਗੀ…!” ਜੰਗੀਰੋ ਨੇ ਉਸ ਵੀ ਸਿੱਧੀ ਸੁਣਾਈ।
    -“ਮੈਂ ਗਲ਼ ਪੱਟ ਦਿਊਂ ਸਾਲ਼ੀ ਦਾ…! ਬਣੀ ਕੀ ਫ਼ਿਰਦੀ ਐ…!” ਖੰਡੂ ਨੇ ਮੂੰਹ ‘ਚੋਂ ਝੱਗ ਸੁੱਟੀ।
    -“ਆ…! ਆ ਮੇਰੇ ਪਿਉ ਦਿਆ ਸਾਲ਼ਿਆ, ਆ ਤੈਨੂੰ ਖਾਂਵਾਂ ਭੁੰਨ ਕੇ…!” ਜੰਗੀਰੋ ਬਘਿਆੜ੍ਹੀ ਬਣ ਉਸ ਦੇ ਸਾਹਮਣੇ ਆ ਖੜ੍ਹੀ।
    ਰੌਲ਼ਾ ਸੁਣ ਕੇ ਲੋਕ ਇਕੱਠੇ ਹੋ ਗਏ।
    ਖੰਡੂ ਅੰਦਰੋਂ ਤ੍ਰਭਕ ਗਿਆ। ਇਹਦਾ ਕੀ ਐ…? ਦਾਹੜੀ ਨੂੰ ਹੀ ਚਿੰਬੜ ਜਾਵੇ? ਆਪਣੀ ਇੱਜ਼ਤ ਆਪਣੇ ਹੱਥ…! ਸੋਚ ਕੇ ਉਹ ਚੁੱਪ ਕਰ ਗਿਆ ਸੀ। ਇੱਕ ਲੋਕਾਂ ਦਾ ਇਕੱਠ ਦੇਖ ਕੇ ਉਸ ਦੇ ਹੌਲ ਪੈ ਗਿਆ ਸੀ। ਮੁਡੀਹਰ ਦਾ ਕੀ ਵਿਸਾਹ…? ਫ਼ੜ ਕੇ ਝਾਂਬਾ ਹੀ ਫ਼ੇਰਨ ਲੱਗ ਪਵੇ…? ਕੀਹਦੀ ਮਾਂ ਨੂੰ ਮਾਸੀ ਕਹੇਂਗਾ…?
    -“ਤੁਸੀਂ ਹੋ ਕੌਣ…?” ਕਿਸੇ ਪਿੰਡ ਦੇ ਮੋਹਤਬਰ ਬੰਦੇ ਨੇ ਸੁਆਲ ਕੀਤਾ।
    -“ਮੈਂ ਇਹਦੇ ਘਰਆਲ਼ੈਂ ਬਾਈ ਜੀ, ਇਹ ਸਾਲ਼ੀ ਆਬਦਾ ਜੁਆਕ ਜੱਲਾ ਛੱਡ ਕੇ ਐਸ ਲੰਡਰ ਨਾਲ਼ ਨਿਕਲ਼ੀ ਫ਼ਿਰਦੀ ਐ…!” ਉਹ ਰੋ ਪਿਆ।
    -“ਕਿਉਂ ਭਾਈ ਬੀਬੀ…? ਇਹ ਸਹੀ ਕਹਿੰਦੈ…?” ਉਸ ਨੇ ਜੰਗੀਰੋ ਨੂੰ ਪੁੱਛਿਆ।
    -“ਇਹਨੇ ਮੇਰੀ ਜੂਨ ਵੈਰਾਨ ਕੀਤੀ ਸੀ ਜੀ, ਦਿਨ ਰਾਤ ਧੇਹ-ਧੇਹ ਕੁੱਟਦਾ ਸੀ, ਮੈਂ ਤਾਂ ਮਸਾਂ ਬੂ-ਪਾਹਰਿਆ ਕਰ ਕੇ ਇਹਦੇ ਘਰੋਂ ਕਿਨਾਰਾ ਕੀਤੈ…! ਜੀਹਦੇ ‘ਤੇ ਇਹ ਦੂਸ਼ਣ ਲਾਉਂਦੇ ਐ, ਐਸ ਜਿਉਣ ਜੋਕਰੇ ਨੇ ਤਾਂ ਮੈਨੂੰ ਸਹਾਰਾ ਦਿੱਤੈ…!” ਜੰਗੀਰੋ ਦਾ ਵੀ ਰੋਣ ਨਿਕਲ਼ ਗਿਆ। ਉਸ ਨੇ ਨੇਕ ਵੱਲ ਹੱਥ ਕਰ ਕੇ ਕਿਹਾ ਸੀ। ਨੇਕ ਮੁਰਕੜੀ ਜਿਹੀ ਮਾਰੀ ਚੁੱਪ ਵੱਟੀ ਬੈਠਾ ਸੀ।
    -“ਗੱਲ ਸੁਣੋਂ ਮੇਰੀ ਇੱਕ…!” ਪਿੰਡ ਦੇ ਉਸ ਮੋਹਤਬਰ ਬੰਦੇ ਨੇ ਕਰੜਾ ਹੋ ਕੇ ਕਿਹਾ, “ਜੇ ਤਾਂ ਇਹ ਜਾਂਦੀ ਐ ਆਪ ਦੇ ਆਪ, ਸਹਿਮਤੀ ਨਾਲ਼, ਫ਼ੇਰ ਤਾਂ ਨਿਸ਼ੰਗ ਲੈ ਜਾਵੋ…! ਤੇ ਜੇ ਕੀਤੈ ਹਿੱਕ ਧੱਕਾ, ਤਾਂ ਰੈਂਗੜਾ ਵੀ ਫ਼ੇਰਾਂਗੇ…!” ਉਸ ਨੇ ਸਿੱਧੀ ਸੁਣਾਈ ਕੀਤੀ।
    -“ਤੂੰ ਨਹੀਂ ਜਾਣਾ ਫ਼ੇਰ…?” ਜੰਗੀਰੋ ਦੇ ਘਰਵਾਲ਼ੇ ਨੇ ਹਾਰੇ ਕੁੱਕੜ ਵਾਂਗ ਖੰਭ ਜਿਹੇ ਸਮੇਟ ਕੇ ਪੁੱਛਿਆ। ਉਸ ਨੂੰ ਪਤਾ ਸੀ ਕਿ ਇੱਥੇ ਕੁੱਟ ਘੱਟ ਪਊਗੀ, ਪਰ ਘੜ੍ਹੀਸਾ-ਘੜ੍ਹੀਸੀ ਜ਼ਿਆਦਾ ਹੋਉਗੀ!
    -“ਮੈਂ ਅੱਗੇ ਕਿੰਨੀ ਵਾਰੀ ਭੌਂਕ ਚੁੱਕੀ ਆਂ…? ਬਈ ਮੈਂ ਤੇਰੇ ਨਹੀਂ ਜਾਣਾਂ, ਨਹੀਂ ਜਾਣਾਂ, ਨਹੀਂ ਜਾਣਾਂ…! ਹੋਰ ਦੱਸ ਹੁਣ ਤੈਨੂੰ ਕੀ ਪਰੋਨੋਟ ਲਿਖ ਦਿਆਂ…? ਮੈਂ ਅੱਧੀ ਤੇਰੀ ਆਂ ਮੁਲ੍ਹਾਜੇਦਾਰਾ, ਅੱਧੀ ਆਂ ਗਰੀਬ ਜੱਟ ਦੀ ਵਾਲ਼ੀ ਗੱਲ ਨੀ ਕਰਨੀ, ਮੈਂ ਤਾਂ ਮਰਨ ਤੱਕ ਐਸ ਨੇਕੇ ਦੇ ਈ ਵਸੂੰ…!” ਜੰਗੀਰੋ ਨੇ ਭੌਣ ਤੋਂ ਲਾਹ ਦਿੱਤੀ। ਉਸ ਨੇ ਹਿੱਕ ‘ਤੇ ਹੱਥ ਮਾਰ ਕੇ ਆਖਿਆ ਸੀ।
    ਪਿੰਡ ਵਾਲ਼ਿਆਂ ਤੋਂ ਡਰਦੇ ਉਹ ਤਿੱਤਰ ਹੋ ਗਏ, ਜਿਵੇਂ ਤ੍ਰਹਿਕਿਆ ਕੁੱਤਾ ਪੂਛ ਦੱਬ ਕੇ ਭੱਜਦੈ!
    ਕੁਝ ਦਿਨਾਂ ਬਾਅਦ ਜੰਗੀਰੋ ਦਾ ਚਾਚਾ ਆ ਗਿਆ।
    -“ਇਹ ਸਾਲ਼ਾ ਨਸਵਾਰ ਲੈਣਾਂ ਮੇਰੀਆਂ ਬੇੜੀਆਂ ‘ਚ ਵੱਟੇ ਪਾਊ…!” ਨੇਕੇ ਦਾ ਮੱਥਾ ਠਣਕਿਆ।
    ਜੰਗੀਰੋ ਚਾਚੇ ਦਾ ਬਹੁਤ ਮਾਣ ਕਰਦੀ ਸੀ। ਇਸੇ ਚਾਚੇ ਨੇ ਹੀ ਜੰਗੀਰੋ ਦਾ ਵਿਆਹ ਕੀਤਾ ਸੀ, ਜਿਸ ਕਰਕੇ ਜੰਗੀਰੋ ਕਦੇ ਵੀ ਉਸ ਚਾਚੇ ਦੀ ‘ਝੇਪ’ ਨਹੀਂ ਚੁੱਕ ਸਕੀ ਸੀ। ਚਾਚਾ ਵਾਰ-ਵਾਰ ਬਾਚੀ ਜਿਹੀ ਭੰਨਦਾ ਸੀ, ਜਿਵੇਂ ਗੱਲ ਕਹਿਣ ਲਈ ਕੋਈ ਸਿਰਾ ਲੱਭ ਰਿਹਾ ਹੋਵੇ!
    ਫ਼ਿਰ ਉਹ ਇਸ਼ਾਰਾ ਪਾ ਕੇ ਜੰਗੀਰੋ ਨੂੰ ਇੱਕ ਪਾਸੇ ਲੈ ਗਿਆ।
    ਗੱਲ ਕਰਦਾ ਉਹ ਅੱਖ ‘ਚ ਉਂਗਲ਼ ਮਾਰਨ ਤੱਕ ਜਾਂਦਾ ਸੀ।
    ਪਤਾ ਨਹੀਂ ਉਸ ਨੇ ਜੰਗੀਰੋ ਦੇ ਕੰਨ ‘ਚ ਕਿਹੜੀ ਜਾਦੂਮਈ ਫ਼ੂਕ ਮਾਰੀ।
    ਜੰਗੀਰੋ ਚਾਚੇ ਨਾਲ਼ ਤੁਰ ਪਈ।
    -“ਸਦਕੇ ਜਾਣ ਵਾਲ਼ੀ, ‘ਛੱਡ ਕੇ’ ਕਿਵੇਂ ਤੁਰ ਗਈ…?” ਉਸ ਦੇ ਦਿਲ ਨੂੰ ਹਾਉਕਾ ਲੱਗ ਗਿਆ।
    ਜਿਵੇਂ ਨੇਕੇ ਦੀ ਰੂਹ ਤੁਰ ਗਈ ਸੀ। ਜੰਗੀਰੋ ਦੇ ਵਿਛੋੜੇ ਵਿਚ ਉਸ ਦੇ ਮੂੰਹ ਤੋਂ ਮੱਖੀ ਉਡਣੋਂ ਹਟ ਗਈ। ਉਸ ਦਾ ਜੱਗ ਸੁੰਨਾਂ ਹੋ ਗਿਆ ਸੀ। ਨਾ ਉਸ ਨੂੰ ਸਵੇਰ ਅਤੇ ਨਾ ਆਥਣ ਦੀ ਹੋਸ਼ ਰਹੀ ਸੀ। ਉਸ ਨੇ ਬੇਮੋਖੀ ਦਾਰੂ ਪੀਣੀ ਸ਼ੁਰੂ ਕਰ ਦਿੱਤੀ। ਉਹ ਇਕੱਲਾ ਅਤੇ ਚੁੱਪ ਚਾਪ ਹੀ ਰਹਿਣਾ ਚਾਹੁੰਦਾ ਸੀ। ਉਸ ਨੂੰ ਇਹ ਸੀ ਕਿ ਉਸ ਨੂੰ ਕੋਈ ਨਾ ਬੁਲਾਵੇ।
    -“ਗਲ਼ ਵਿਚ ਪਈਆਂ ਮੀਢੀਆਂ, ਰੋਂਦੀ ਯਾਰ ਦੇ ਸਿਵੇ ਨੂੰ ਜਾਵੇ…!” ਕਦੇ ਉਹ ਵਿਰਲਾਪ ਜਿਹਾ ਕਰਨ ਲੱਗ ਜਾਂਦਾ। ਲੋਕਾਂ ਨੂੰ ਉਸ ਦੀ ਖ਼ਸਤਾ ਹਾਲਤ ਦੀ ਚਿੰਤਾ ਹੋਣ ਲੱਗੀ। ਜੇ ਉਸ ਨੂੰ ਕੋਈ ਜੰਗੀਰੋ ਬਾਰੇ ਪੁੱਛਦਾ ਤਾਂ ਉਸ ਤੋਂ ਬੋਲਿਆ ਨਾ ਜਾਂਦਾ, ਬੱਸ ਗੋਡਿਆਂ ਵਿਚ ਸਿਰ ਦੇ ਕੇ ਉਚੀ-ਉਚੀ ਰੋਣ ਲੱਗ ਜਾਂਦਾ। ਉਸ ਦੀ ਹਾਲਤ ਨੀਮ ਪਾਗਲਾਂ ਵਾਲ਼ੀ ਹੋਈ ਪਈ ਸੀ। ਪਿੰਡ ਦੇ ਸਤਿਯੁਗੀ ਲੋਕ ਉਸ ਨੂੰ ਰੋਟੀ ਖੁਆ ਜਾਂਦੇ। ਚਾਹ ਦੇ ਜਾਂਦੇ। ਜਿੰਨਾਂ ਕੁ ਉਹ ਕਰ ਸਕਦੇ ਸਨ, ਨੇਕੇ ਦਾ ਕਰਦੇ! ਪਰ ਨੇਕਾ ਧਾਹ ਨਹੀਂ ਧਰਦਾ ਸੀ, ਓਦਰਿਆ ਰੋਂਦਾ ਹੀ ਰਹਿੰਦਾ ਸੀ। ਹੁਣ ਉਸ ਨੂੰ ਮਹਿਸੂਸ ਹੋਣ ਲੱਗ ਪਿਆ ਸੀ ਕਿ ਜੰਗੀਰੋ ਕਦੇ ਵੀ ਵਾਪਸ ਨਹੀਂ ਆਵੇਗੀ।
    ਹੁਣ ਉਸ ਨੇ ਹਾਰ-ਹੰਭ ਕੇ ਆਪਣੇ ਪਿੰਡ ਜਾਣ ਦੀ ਤਿਆਰੀ ਕਰ ਲਈ। ਹੁਣ ਉਸ ਦਾ ਇਸ ਪਿੰਡ ਵਿਚ ਜੀਅ ਨਹੀਂ ਲੱਗਦਾ ਸੀ। ਜੰਗੀਰੋ ਅਮਰ ਵੇਲ ਵਾਂਗ ਉਸ ਦੇ ਦਿਲ ਦਿਮਾਗ ‘ਤੇ ਛਾਈ ਹੋਈ ਸੀ।
    ਉਦਾਸੀ ਨਾਲ਼ ਹਰਾਸਾਂ ਮਾਰਿਆ ਨੇਕਾ ਪਿੰਡ ਆ ਗਿਆ।
    ਗੂੰਗਾ ਉਸ ਨੂੰ ਦੇਖ ਕੇ ਖਿੜ ਗਿਆ। ਉਸ ਨੇ ਵੱਡੇ ਵੀਰ ਨੂੰ ਜੱਫ਼ੀ ਆ ਪਾਈ। ਨੇਕਾ ਹੋਰ ਵੀ ਧਾਂਹਾਂ ਮਾਰ ਕੇ ਰੋਣ ਲੱਗ ਪਿਆ।
    -“ਤੇਰੀ ਭਾਬੀ ਛੱਡ ਕੇ ਤੁਰ’ਗੀ, ਨਿੱਕਿਆ…!” ਉਹ ਗੂੰਗੇ ਗਲ਼ ਲੱਗ ਕੇ ਰੋਈ ਜਾ ਰਿਹਾ ਸੀ।
    -“ਠੱਮਲ੍ਹ ਰੱਕ…! ਆਡੂਗੀ..!” ਉਸ ਨੇ ਨੇਕੇ ਨੂੰ ਥਾਪੜਿਆ।
    -“ਓਏ ਕਾਹਦੀ ਧਹੱਮਲ ਰੱਖਾਂ, ਓਏ ਨਿੱਕਿਆ ਵੀਰਾ…! ਉਹ ਤਾਂ ਤਾਪ ਮਾਂਗੂੰ ਮੇਰੇ ਦਿਲ Ḕਤੇ ਚੜ੍ਹੀ ਪਈ ਐ, ਮੈਂ ਉਜੜ ਗਿਆ ਓਏ ਮੇਰਿਆ ਗੂੰਗਿਆ ਭਰਾਵਾ…!”
    -“ਐਢਾ ਮੇਏ ਵੱਲ ਡੇਹਲ੍ਹਾ…!” ਜਦ ਗੂੰਗੇ ਨੇ “ਐਧਰ ਮੇਰੇ ਵੱਲ ਦੇਖ ਲੈ” ਆਖਿਆ ਤਾਂ ਨੇਕੇ ਦਾ ਰੋਣ ਥੰਮ੍ਹ ਗਿਆ। ਨਿੱਕਾ ਵੀਰ ਗੂੰਗਾ ਅਡੋਲ, ਗੰਧਾਲ਼ੇ ਵਾਂਗ ਉਸ ਅੱਗੇ ਗੱਡਿਆ ਖੜ੍ਹਾ ਸੀ।
    -“ਟਾਅ ਬਾਂਮਾਂ…?” ਗੂੰਗੇ ਨੇ ਵੱਡੇ ਵੀਰ ਨੂੰ ਟਿਕਾਅ ‘ਚ ਦੇਖ ਕੇ ਪੁੱਛਿਆ।
    -“ਨਹੀਂ ਚਾਹ ਨੀ ਪੀਣੀ…! ਪਾਣੀ ਲਿਆ ਗੜਵੀ ਭਰ ਕੇ…!”
    ਗੂੰਗਾ ਪਾਣੀ ਦਾ ਡੋਲੂ ਭਰ ਲਿਆਇਆ ਅਤੇ ਨੇਕੇ ਨੇ ਦਾਰੂ ਪੀਣੀਂ ਸ਼ੁਰੂ ਕਰ ਦਿੱਤੀ।
    ਅੱਜ ਉਸ ਨੇ ਗੂੰਗੇ ਨੂੰ ਵੀ ਪੈੱਗ ਲੁਆ ਦਿੱਤਾ ਸੀ। ਗੂੰਗਾ ਅੱਜ ਉਸ ਨੂੰ ਬਹੁਤਾ ਹੀ ਚੰਗਾ ਜਿਹਾ ਲੱਗੀ ਜਾ ਰਿਹਾ ਸੀ।
    -“ਗੂੰਗਿਆ…!”
    -“ਹਾਂ ਬਾਈ…?”
    -“ਗਵੱਈਏ ਐਮੇਂ ਨੀ ਗਾਉਂਦੇ ਹੁੰਦੇ, ਬਾਝ ਭਰਾਵਾਂ ਸਕਿਆਂ ਕਿਸੇ ਨਾ ਲੱਧੀ ਸਾਰ…! ਤੂੰ ਮੇਰਾ ਨਿੱਕਾ ਵੀਰ ਐਂ, ਗੂੰਗਿਆ…! ਸਾਰੀ ਦੁਨੀਆਂ ਛੱਡ ਕੇ ਤੁਰ ਗਈ, ਪਰ ਨਿੱਕਾ ਵੀਰ ਦਰੱਖ਼ਤ ਮਾਂਗੂੰ ਓਥੇ ਦਾ ਓਥੇ ਈ ਖੜ੍ਹੈ, ਛਾਂ ਕਰਨ ਵਾਸਤੇ…!” ਉਸ ਦਾ ਫ਼ਿਰ ਰੋਣ ਨਿਕਲ਼ ਗਿਆ।
    ਉਹ ਅੱਧੀ ਰਾਤ ਤੱਕ ਪੀਂਦੇ ਰਹੇ।
    ਅਗਲੀਆਂ ਪਿਛਲੀਆਂ ਗੱਲਾਂ ਕਰਦੇ ਰਹੇ!

    PUNJ DARYA

    Leave a Reply

    Latest Posts

    error: Content is protected !!