6.3 C
United Kingdom
Monday, April 21, 2025

More

    ਨਵੀਂਆਂ ਮੰਡੀਆਂ ਐਲਾਨਣ ਦੇ ਅਧਿਕਾਰ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ

    ਚੰਡੀਗੜ (ਰਾਜਿੰਦਰ ਭਦੌੜੀਆ)
    ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਡਿਪਟੀ ਕਮਿਸ਼ਨਰਾਂ ਨੂੰ ਆਪੋ-ਆਪਣੇ ਜ਼ਿਲਿਆਂ ਵਿੱਚ ਲੋੜ ਮੁਤਾਬਕ ਨਵੀਂ ਮੰਡੀਆਂ ਐਲਾਨਣ ਲਈ ਅਧਿਕਾਰਤ ਕੀਤਾ ਹੈ ਤਾਂ ਕਿ ਸਮਾਜਿਕ ਦੂਰੀ ਕਾਇਮ ਰੱਖਣ ਦੇ ਨਾਲ-ਨਾਲ ਅਨਾਜ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਇਆ ਜਾ ਸਕੇ।
    ਮੰਤਰੀ ਮੰਡਲ ਦੀ ਵੀਡੀਓ ਕਾਨਫਰੰਸ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਮੰਡੀਆਂ ਖਰੀਦ ਕਾਰਜਾਂ ਲਈ ਇਸ ਸਾਲ ਪਹਿਲਾਂ ਹੀ ਐਲਾਨੀਆਂ ਜਾ ਚੁੱਕੀਆਂ 3800 ਮੰਡੀਆਂ ਤੋਂ ਵਾਧੂ ਹੋਣਗੀਆਂ।
    ਮੰਤਰੀ ਮੰਡਲ ਨੇ ਕਣਕ ਦੀ ਵਢਾਈ ਅਤੇ ਖਰੀਦ ਦੇ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਜੋ 15 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹ ਵੀ ਫੈਸਲਾ ਕੀਤਾ ਗਿਆ ਕਿ ਖਰੀਦ ਪ੍ਰਬੰਧਾਂ ਨੂੰ 11 ਅਪ੍ਰੈਲ ਤੱਕ ਅੰਤਿਮ ਰੂਪ ਦੇ ਕੇ ਨੋਟੀਫਾਈ ਕਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਪੜਾਅਵਾਰ ਢੰਗ ਨਾਲ ਕਿਸਾਨਾਂ ਦੀ ਫਸਲ ਦਾ ਇਕ-ਇਕ ਦਾਣਾ ਖਰੀਦਿਆ ਜਾ ਸਕੇ।
    ਸੂਬਾ ਸਰਕਾਰ 15 ਜੂਨ ਤੱਕ ਕਣਕ ਦੀ ਖਰੀਦ ਵਧਾਉਣ ਦਾ ਫੈਸਲਾ ਪਹਿਲਾਂ ਹੀ ਲੈ ਚੁੱਕੀ ਹੈ। ਸਰਕਾਰ ਨੇ ਕੇਂਦਰ ਪਾਸੋਂ ਕੋਵਿਡ-19 ਦੇ ਸੰਕਟ ਦੇ ਮੱਦੇਨਜ਼ਰ ਮੰਡੀਆਂ ਵਿੱਚ ਪੜਾਅਵਾਰ ਕਣਕ ਲਿਆਉਣ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਵੀ ਮੰਗ ਕੀਤੀ ਹੈ ਅਤੇ ਕੇਂਦਰ ਸਰਕਾਰ ਨੇ ਸੂਬੇ ਦੀ ਇਸ ਮੰਗ ਪ੍ਰਤੀ ਅਜੇ ਤੱਕ ਹੁੰਗਾਰਾ ਨਹੀਂ ਭਰਿਆ।
    ਮੰਤਰੀ ਮੰਡਲ ਨੇ ਅੱਗੇ ਆਖਿਆ ਕਿ ਕਣਕ ਦੀ ਖਰੀਦ ਲਈ ਨਿਰਧਾਰਤ ਸੰਚਾਲਨ ਵਿਧੀ (ਐਸ.ਓ.ਪੀ.) ਨੂੰ ਵਿਆਪਕ ਪੱਧਰ ’ਤੇ ਪ੍ਰਚਾਰਿਆ ਜਾਣਾ ਚਾਹੀਦਾ ਹੈ ਤਾਂ ਕਿ ਸੈਨੀਟਾਈਜ਼ਰਾਂ, ਹੱਥ ਧੋਣ ਦੇ ਪ੍ਰਬੰਧਾਂ ਦੇ ਉਪਬੰਧਾਂ ਸਮੇਤ ਸਾਰੇ ਪ੍ਰੋਟੋਕੋਲਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਸਕੇ। ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਪਹਿਲਾਂ ਹੀ ਮੰਡੀਆਂ ਲਈ ਸੁਰੱਖਿਆ ਯੋਜਨਾ ਬਣਾਉਣ ਲਈ ਆਖਿਆ ਜਾ ਚੁੱਕਾ ਹੈ।
    ਮੰਤਰੀ ਮੰਡਲ ਨੂੰ ਦੱਸਿਆ ਗਿਆ ਕਿ ਸੂਬੇ ਵਿੱਚ ਬਾਰਦਾਨੇ ਦੀ 73 ਫੀਸਦੀ ਜ਼ਰੂਰਤ ਪੂਰੀ ਕੀਤੀ ਜਾ ਚੁੱਕਾ ਹੈ ਅਤੇ ਪੱਛਮੀ ਬੰਗਾਲ ਸਰਕਾਰ ਵੱਲੋਂ ਸਮੇਂ ਸਿਰ ਉਤਪਾਦਨ ਨਾ ਖੋਲਣ ’ਤੇ 7.2 ਲੱਖ ਬੋਰੀਆਂ ਦੀ ਬਾਕੀ ਰਹਿੰਦੀ ਕਮੀ ਨੂੰ ਪੀ.ਪੀ. ਥੈਲਿਆਂ ਰਾਹੀਂ ਪੂਰਾ ਕੀਤਾ ਜਾਵੇਗਾ। ਹੁਣ ਤੱਕ ਪੱਛਮੀ ਬੰਗਾਲ ਨੇ ਸਿਰਫ 27000 ਬੋਰੀਆਂ ਜੋ ਤਿਆਰ ਸਨ, ਦੀ ਢੋਆ-ਢੋਆਈ ਮੁੜ ਸ਼ੁਰੂ ਕੀਤੀ ਹੈ।
    ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਨੇ ਦੱਸਿਆ ਕਿ ਇਸ ਸਾਲ ਕਿਸਾਨਾਂ ਨੂੰ ਉਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਅਦਾਇਗੀ ਕਰਨ ਦੀ ਪ੍ਰਣਾਲੀ ਸ਼ੁਰੂ ਕੀਤੀ ਜਾਣੀ ਸੀ ਪਰ ਹੁਣ ਇਸ ਦੀ ਬਜਾਏ ਆੜਤੀਆਂ ਰਾਹੀਂ ਫਸਲ ਦੀ ਅਦਾਇਗੀ ਕਰਨ ਵਾਸਤੇ ਨਿਯਮਾਂ ਵਿੱਚ ਸੋਧ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਇਨਾਂ ਔਖੇ ਸਮਿਆਂ ਵਿੱਚ ਨਿਰੰਤਰਤਾ ਅਤੇ ਸਥਿਰਤਾ ਬਣਾਈ ਰੱਖਣ ਲਈ ਇਹ ਨਿਯਮ ਬਦਲਣ ਦਾ ਸੁਝਾਅ ਦਿੱਤਾ ਸੀ। ਮੰਡੀ ਬੋਰਡ ਵੱਲੋਂ 31 ਮਾਰਚ ਨੂੰ ਮਿਆਦ ਪੁਗਾ ਰਹੇ ਆੜਤੀਆਂ ਦੇ ਲਾਇਸੰਸਾਂ ਦੀ ਮਿਆਦ ਵਿੱਚ ਪਹਿਲਾਂ ਹੀ ਵਾਧਾ ਕੀਤਾ ਜਾ ਚੁੱਕਾ ਹੈ ਜੋ ਕਣਕ ਦੀ ਖਰੀਦ ਹੋਣ ਤੱਕ ਜਾਰੀ ਰਹੇਗਾ। ਆੜਤੀਆਂ ਨੂੰ ਖਰੀਦ ਦੇ 48 ਘੰਟਿਆਂ ਦੇ ਅੰਦਰ-ਅੰਦਰ ਅਦਾਇਗੀ ਕਰ ਦਿੱਤੀ ਜਾਵੇਗੀ ਅਤੇ ਇਸ ਦੇ ਬਦਲੇ ਵਿੱਚ ਆੜਤੀਆਂ ਵੱਲੋਂ ਅਗਲੇ 48 ਘੰਟਿਆਂ ਵਿੱਚ ਕਿਸਾਨਾਂ ਨੂੰ ਅਦਾਇਗੀ ਕਰਨੀ ਪਵੇਗੀ।
    ਸ੍ਰੀ ਖੰਨਾ ਨੇ ਮੰਤਰੀ ਮੰਡਲ ਨੂੰ ਦੱਸਿਆ ਕਿ ਸੂਬੇ ਵਿੱਚ 153 ਪ੍ਰਮੁੱਖ ਫੜਾਂ, 283 ਫੜਾਂ, 1430 ਖਰੀਦ ਕੇਂਦਰਾਂ ਅਤੇ ਚੌਲ ਮਿੱਲਾਂ ਸਮੇਤ 3718 ਖਰੀਦ ਕੇਂਦਰਾਂ ਦੀ ਸਥਾਪਨਾ ਕੀਤੀ ਗਈ ਹੈ। ਮੰਡੀਆਂ ਵਿੱਚ ਲਗਪਗ 137 ਲੱਖ ਮੀਟਰਕ ਟਨ ਕਣਕ ਆਉਣ ਦੀ ਆਸ ਹੈ ਜਿਸ ਵਿੱਚੋਂ 135 ਲੱਖ ਮੀਟਰਕ ਟਨ ਸਰਕਾਰੀ ਏਜੰਸੀਆਂ ਵੱਲੋਂ ਅਤੇ 2 ਲੱਖ ਮੀਟਰਕ ਟਨ ਪ੍ਰਾਈਵੇਟ ਵਪਾਰੀਆਂ ਵੱਲੋਂ ਖਰੀਦੀ ਜਾਵੇਗੀ। ਸ੍ਰੀ ਖੰਨਾ ਨੇ ਦੱਸਿਆ ਕਿ
    ਮੰਡੀਆਂ ਵਿੱਚ ਜਗਾ ਦੇ ਹਿਸਾਬ ਨਾਲ ਇਕ ਕਿਸਾਨ ਇਕ ਦਿਨ ਜਾਂ ਵੱਖ-ਵੱਖ ਦਿਨਾਂ ਲਈ ਅਨੇਕ ਕੂਪਨਾਂ ਦਾ ਹੱਕਦਾਰ ਹੋਵੇਗਾ ਤਾਂ ਕਿ ਮੰਡੀਆਂ ਵਿੱਚ ਭੀੜ-ਭੜੱਕਾ ਨਾ ਹੋਵੇ। ਮਾਰਕੀਟ ਕਮੇਟੀਆਂ ਵੱਲੋਂ ਆੜਤੀਆਂ ਨੂੰ ਲਗਪਗ 27 ਲੱਖ ਕੂਪਨ ਜਾਰੀ ਕੀਤੇ ਜਾਣਗੇ। ਇਕ ਕੂਪਨ ’ਤੇ ਕਿਸਾਨ ਮੰਡੀ ਵਿੱਚ 50 ਕੁਇੰਟਲ ਦੀ ਇਕ ਟਰਾਲੀ ਲਿਆਉਣ ਦਾ ਹੱਕਦਾਰ ਹੋਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!