23.1 C
United Kingdom
Sunday, June 21, 2026

More

    ਸੜਕਾਂ ਤੇ ਮਾਂਵਾਂ

    ਇੰਦਰਜੀਤ ਚੁਗਾਵਾਂ

    ਸੜਕਾਂ ਬਿਨ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ! ਮਾਂਵਾਂ ਬਿਨ ਜ਼ਿੰਦਗੀ ਦੀ ਜੜ੍ਹ ਨਹੀਂ ਲੱਗ ਸਕਦੀ ! ਸੜਕਾਂ ਨੇ ਜ਼ਿੰਦਗੀ ਨੂੰ ਰਫ਼ਤਾਰ ਬਖ਼ਸ਼ੀ ਹੈ । ਮਾਂਵਾਂ ਤੇਜ਼ ਰਫ਼ਤਾਰ ਜ਼ਿੰਦਗੀ ਨਾਲ ਕਦਮ ਮਿਲਾਉਣ ‘ਚ ਪੂਰੀ ਵਾਹ ਲਾ ਰਹੀਆਂ ਹਨ । ਆਲੇ-ਦੁਆਲੇ ਦੇ ਹਾਣ ਦਾ ਹੋਣਾ, ਉਸ ਨੂੰ ਸਮਝਣਾ ਤੇ ਆਪਣੀ ਔਲਾਦ ਨੂੰ ਸੰਭਾਵੀ ਖਤਰਿਆਂ ਤੋਂ ਬਚਾ ਕੇ ਰੱਖਣਾ ਇੱਕ ਮਾਂ ਦੀ ਪਰਮ-ਅਗੇਤ ਹੁੰਦੀ ਹੈ । ਬਿਨਾ ਸ਼ੱਕ ਬਾਪ ਵੀ ਬਰਾਬਰ ਦਾ ਜ਼ੁੰਮੇਵਾਰ ਹੁੰਦਾ ਹੈ ਪਰ ਇਹ ਜ਼ੁੰਮੇਵਾਰੀ ਮੁੱਖ ਤੌਰ ‘ਤੇ ਮਾਂ ਦੇ ਸਿਰ ਹੀ ਹੁੰਦੀ ਹੈ । ਇਹ ਕੋਈ ਛੋਟਾ-ਮੋਟਾ ਕਾਰਜ ਨਹੀਂ , ਇਹ ਇੱਕ ਵੱਡੀ ਜੱਦੋ-ਜਹਿਦ ਹੈ। ਇਸ ਜੱਦੋ-ਜਹਿਦ ‘ਚ ਕੁੱਝ ਬਦਕਿਸਮਤ ਮਾਂਵਾਂ ਅਜਿਹੀਆਂ ਵੀ ਹੁੰਦੀਆਂ ਹਨ ਜੋ ਅਵੇਸਲੀਆਂ ਹੋ ਉੱਖੜ ਜਾਂਦੀਆਂ ਹਨ ਤੇ ਉਮਰਾਂ ਦੇ ਜ਼ਖ਼ਮ ਖਾ ਬੈਠਦੀਆਂ ਹਨ। ਅਜਿਹੀਆਂ ਮਾਂਵਾਂ ਬੇਸ਼ੱਕ ਤੁਹਾਡੇ ਨਾਲ ਕੋਈ ਸੰਬੰਧ ਨਾ ਵੀ ਰੱਖਦੀਆਂ ਹੋਣ ਪਰ ਉਨ੍ਹਾਂ ਦੇ ਜ਼ਖ਼ਮ, ਤੁਹਾਡੇ ਖ਼ੁਦ ਦੇ ਜ਼ਖ਼ਮ ਹਰੇ ਕਰ ਜਾਂਦੇ ਹਨ!

    ਗੱਲ ਕੋਈ ਖ਼ਾਸ ਤਾਂ ਨਹੀਂ ਸੀ !
    ਜੱਗੋਂ ਤੇਰ੍ਹਵੀਂ ਵੀ ਨਹੀਂ !
    ਰੋਜ਼ ਵਾਪਰਦੀਆਂ ਹਨ ਅਜਿਹੀਆਂ ਘਟਨਾਵਾਂ ।
    ਉਫ਼ ! ਘਟਨਾਵਾਂ ਨਹੀਂ, ਦੁਰਘਟਨਾਵਾਂ !!
    ਅਜਿਹਾ ਈ ਹੁੰਦੈ ! ਕਿਸਾਨ ਖ਼ੁਦਕੁਸ਼ੀਆਂ ਵਾਂਗ !!
    ਪਹਿਲਾਂ ਪਹਿਲ ਸੁਰਖ਼ੀਆਂ ਬਣਦੀ ਰਹੀ ਇਹ ਖ਼ਬਰ ਕਿਸੇ ਅੰਦਰਲੇ ਸਫ਼ੇ ਦੀ ਥਾਂ-ਭਰਾਵੀ ਬਣਨ ਲੱਗ ਪਈ ਹੈ !
    ਟਰੱਕ ਚਲਾਉਂਦਿਆਂ ਸੜਕ ‘ਤੇ ਰੁਲ਼ਦੇ ਪਸ਼ੂਆਂ ਦੇ ਕਈ ਮੁਰਦਾਰ ਰੋਜ਼ ਦੇਖਦੇ ਹਾਂ ਜਿਨ੍ਹਾਂ ‘ਚ ਵੱਡੀ ਗਿਣਤੀ ਹਿਰਨਾਂ ਦੀ ਹੁੰਦੀ ਹੈ । ਇਸ ਬਾਰੇ ਆਪਸ ‘ਚ ਚਰਚਾ ਵੀ ਕਰਦੇ ਹਾਂ ! “ਕੋਈ ਚੁੱਕ ਕੇ ਪਾਸੇ ਵੀ ਨਹੀਂ ਕਰਦਾ ਯਾਰ ਇਨ੍ਹਾਂ ਨੂੰ ! ਹਿਰਨ ਦਾ ਤਾਂ ਸ਼ਿਕਾਰ ਕਰਕੇ ਖਾਂਦੇ ਹਨ ਆਪਣੇ ਲੋਕ,” ਮੇਰੇ ਸਹਿਯੋਗੀ ਡਰਾਈਵਰ ਦਲਜੀਤ ਨੇ ਇੱਕ ਦਿਨ ਆਖਿਆ ਸੀ ।”ਆਪਣੇ ਤਾਂ ਏਨੀ ਦੇਰ ਨੂੰ ਦੇਗ਼ ‘ਚ ਪਿਆ ਰਿੱਝਦਾ ਹੋਣਾ ਸੀ,” ਮੇਰਾ ਜੁਆਬ ਸੀ । ਭਾਵੇਂ ਇਹ ਜੰਗਲੀ ਜਾਨਵਰ ਹੀ ਹਨ, ਫੇਰ ਵੀ ਮਨ ਦੇ ਕਿਸੇ ਕੋਨੇ ‘ਚੋਂ ਇਨ੍ਹਾਂ ਬੇਜ਼ੁਬਾਨਿਆਂ ਲਈ ਹਾਅ ਨਿੱਕਲ ਜਾਂਦੀ ਹੈ। ਇਸ ਗੱਲ ਦਾ ਸ਼ੁਕਰ ਮਨਾਈ ਦਾ ਸੀ ਕਿ ਸਾਡੇ ਟਰੱਕ ਥੱਲੇ ਕੋਈ ਜਾਨਵਰ ਨਹੀਂ ਆਇਆ। ਪਰ ਉਸ ਦਿਨ ਇਹ ਹਾਦਸਾ ਸਾਡੀਆਂ ਅੱਖਾਂ ਸਾਹਮਣੇ ਵੀ ਵਾਪਰ ਗਿਆ ਤੇ ਵਾਪਰਿਆ ਵੀ ਅੱਖ ਦੇ ਫੋਰ ‘ਚ ।

    ਅਮਰੀਕਾ ਦੇ ਫ਼ਰੀਵੇ ‘ਤੇ ਮੋਟਰ ਗੱਡੀਆਂ, ਖਾਸਕਰ ਟਰੱਕ ਗੋਲੀ ਦੀ ਰਫ਼ਤਾਰ ਨਾਲ ਚੱਲਦੇ ਹਨ। ਸੱਤਰ ਤੋਂ ਅੱਸੀ ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਦੇ ਇਨ੍ਹਾਂ ਟਰੱਕਾਂ ਨੂੰ ਫ਼ੌਰੀ ਤੌਰ ‘ਤੇ ਰੋਕਣਾ ਸੰਭਵ ਨਹੀਂ ਹੁੰਦਾ। ਡਰਾਈਵਰਾਂ ਨੂੰ ਚੌਕਸ ਕਰਨ ਲਈ ਥਾਂ ਥਾਂ ਜਿੱਥੇ ਮਿੱਥੀ ਰਫ਼ਤਾਰ, ਕੂਹਣੀ ਮੋੜਾਂ ਬਾਰੇ ਤੇ ਹੋਰ ਟ੍ਰੈਫ਼ਿਕ ਸਾਈਨ ਬੋਰਡ ਲੱਗੇ ਹੋਏ ਹਨ, ਓਥੇ ਜੰਗਲ਼ੀ ਇਲਾਕਿਆਂ ‘ਚ ਅਜਿਹੇ ਬੋਰਡ ਵੀ ਹਨ ਜੋ ਤੁਹਾਨੂੰ ਖ਼ਬਰਦਾਰ ਕਰਦੇ ਹਨ ਕਿ ਇਸ ਇਲਾਕੇ ‘ਚ ਜੰਗਲੀ ਜਾਨਵਰ ਅਚਾਨਕ ਤੁਹਾਡੇ ਸਾਹਮਣੇ ਆ ਸਕਦਾ ਹੈ, ਇਸ ਲਈ ਆਪਣੇ ਬਚਾਅ ਲਈ ਤਿਆਰ ਬਰ ਤਿਆਰ ਰਹੋ ।

    ਸਪੋਕੇਨ ( ਵਾਸ਼ਿੰਗਟਨ ) ਤੋਂ ਟਰੇਸੀ (ਕੈਲੀਫੋਰਨੀਆ) ਜਾ ਰਹੇ ਸੀ। ਸਟੀਅਰਿੰਗ ਵ੍ਹੀਲ ‘ਤੇ ਦਲਜੀਤ ਸੀ ਤੇ ਮੈਂ ਨਾਲ ਬੈਠਾ ਕੁਦਰਤ ਦੇ ਨਜ਼ਾਰਿਆਂ ਨੂੰ ਕੈਦ ਕਰਨ ਦੀ ਆਪਣੀ ਲਲਕ ਪੂਰੀ ਕਰਨ ਵਾਸਤੇ ਆਈ-ਫ਼ੋਨ ਲਈ ਬੈਠਾ ਸਾਂ। ਅਚਾਨਕ ਖੱਬੇ ਪਾਸੇ ਨਜ਼ਰ ਗਈ । ਇੱਕ ਬਹੁਤ ਹੀ ਮਲੂਕ ਜਿਹਾ ਹਿਰਨ-ਬਾਲ ਸਾਹਮਣੇ ਆਇਆ। ਬੱਗਾ ਰੰਗ, ਕੰਨ ਖੜੇ, ਡੌਰ-ਭੌਰ ਅੱਖਾਂ ! ਜੀ ਕੀਤਾ ਕਿ ਫੋਟੋ ਖਿੱਚ ਲਵਾਂ, ਪਰ ਨਹੀਂ ! ਉਹ ਡਰਿਆ ਹੋਇਆ ਸੀ।
    ਮੇਰਾ ਜੀ ਕੀਤਾ ਕਿ ਉਸ ਨੂੰ ਕੁੱਛੜ ਚੁੱਕ ਲਵਾਂ, ਪਰ ਨਹੀਂ ! ਉਸ ਨੇ ਅਚਾਨਕ ਛਾਲ ਮਾਰ ਦਿੱਤੀ ! ਮੈਂ ਹਿੱਲ ਗਿਆ ਸੀ, ਮੇਰੇ ਹੱਥੋਂ ਮੋਬਾਇਲ ਡਿਗ ਪਿਆ ! ਦਲਜੀਤ ਦੇ ਮੂੰਹੋਂ ਨਿਕਲਿਆ, “ ਉਹ ਤੇਰੀ !”
    “ਸ਼ੁਕਰ ਆ, ਬਚ ਗਿਆ,” ਮੇਰੇ ਮੂੰਹੋਂ ਨਿਕਲਿਆ ਪਰ ਨਹੀਂ ! ਨਾਲ ਆਉਂਦੇ ਟਰੱਕ ਨੇ ਉਸ ਨੂੰ ਲਪੇਟ ਲਿਆ ਸੀ ! ਉਫ਼ , ਮੇਰਿਆ ਰੱਬਾ !!
    ਲਿਖਣ ਨੂੰ ਸਮਾਂ ਲੱਗ ਰਿਹਾ ਹੈ !
    ਹੱਥ ਕੰਬ ਰਹੇ ਹਨ !
    ਅੱਖਾਂ ‘ਚ ਝੜੀ ਹੈ !
    ਇੱਕ ਖ਼ੂਬਸੂਰਤ ਅਣਭੋਲ ਜੀਅ ਪਲ ਭਰ ‘ਚ ਸੜਕ ਨੇ ਨਿਗਲ ਲਿਆ !
    ਅੱਖ ਦੇ ਫੋਰ ‘ਚ ਸਭ ਕੁੱਝ ਖਤਮ !
    ਇੱਕ ਅਜੀਬ ਜਿਹੀ ਆਵਾਜ਼ ਆਈ ‘ਕਰਰਰਚ’ ਤੇ ਬਸ !!

    ਸਾਡਾ ਟਰੱਕ ਬਹੁਤ ਦੂਰ ਨਿਕਲ ਚੁੱਕਾ ਸੀ ਪਰ ਮੈਂ ਓਥੇ ਈ ਖੜਾ ਸੀ । ਉਹ ਹਿਰਨ-ਬਾਲ ਖ਼ੂਨ ਨਾਲ ਲੱਥ-ਪੱਥ ਨਿੱਕੇ-ਨਿੱਕੇ ਟੋਟਿਆਂ ‘ਚ ਬਦਲਿਆ ਪਿਆ ਸੀ। ਉਸ ਦੀਆਂ ਅੱਖਾਂ ਉਵੇਂ ਹੀ ਖੁੱਲ੍ਹੀਆਂ ਪਈਆਂ ਤੱਕ ਰਹੀਆਂ ਸਨ ! ਸਾਰੇ ਜੰਗਲ਼ ‘ਚ ਕੋਹਰਾਮ ਸੀ ! ਉਸ ਦੀ ਮਾਂ ਉਸਦਾ ਸਿਰ ਗੋਦ ‘ਚ ਲਈ ਵਿਰਲਾਪ ਕਰ ਰਹੀ ਸੀ ! ਕੋਸ ਰਹੀ ਸੀ ਉਸ ਘੜੀ ਨੂੰ ਜਦ ਉਹ ਅਵੇਸਲਾ ਹੀ ਆਪਣਾ ਹੱਥ ਛੁਡਾ ਨਿਕਲ ਤੁਰਿਆ ਤੇ ਪਲ ਭਰ ‘ਚ ਹੀ ਉਸ ਨੂੰ ਸੜਕ ਨਿਗਲ ਗਈ । ਉਸ ਦਾ ਬਾਪ ਪਾਗਲ ਹੋ ਗਿਆ ਸੀ। ਉਹ ਦਰਖ਼ਤਾਂ ਗਲ਼ ਲੱਗ ਉੱਚੀ ਉੱਚੀ ਰੋ ਰਿਹਾ ਸੀ ! … ਤੇ ਦੂਸਰੇ ਜਾਨਵਰ ਉਸ ਨੂੰ ਫੜ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ।

    ਅਚਾਨਕ ਇਸ ਜੰਗਲ਼ ਨੇ ਸਾਡੇ ਵਿਹੜੇ ਦਾ ਰੂਪ ਧਾਰ ਲਿਆ । ਚੀਕ-ਚਿਹਾੜਾ ਮੱਚਿਆ ਪਿਆ ਹੈ । ਸਾਰਾ ਪਿੰਡ ਵਿਹੜੇ ‘ਚ ਜੁੜਿਆ ਹੋਇਆ ਹੈ । ਛੋਟੀ ਭਾਬੀ ਡੇਢ ਕੁ ਸਾਲ ਦੇ ਆਪਣੇ ਪੁੱਤ ਮੋਲੀ ਨੂੰ ਝੋਲੀ ‘ਚ ਲਈ ਵੈਣ ਪਾ ਰਹੀ ਸੀ। ਉਹ ਭੁੱਲ ਗਈ ਸੀ ਕਿ ਕੂਲਰ ਸ਼ਾਟ ਮਾਰਦਾ ਹੈ। ਉਸ ਨੂੰ ਨੁਹਾ ਕੇ ਫ਼ਰਸ਼ ‘ਤੇ ਵਿਛੀ ਚਟਾਈ ਉੱਪਰ ਬੈਠਾ ਕੇ ਰਸੋਈ ‘ਚ ਅਜੇ ਪੈਰ ਨਹੀਂ ਸੀ ਪਾਇਆ ਕਿ ਮੋਲੀ ਕੂਲਰ ਨੂੰ ਜਾ ਲੱਗਾ ਤੇ ਪਲ ਭਰ ‘ਚ ਖੇਲ ਖਤਮ। ਜਦ ਮੈਂ ਉਸ ਨੂੰ ਆਪਣੇ ਬੈੱਡ ‘ਤੇ ਲਿਟਾ ਦਿੰਦਾ ਤਾਂ ਉਹ ਪਲਸੇਟੀ ਮਾਰ ਇੱਕ ਦਮ ਸਿੱਧਾ ਹੋ ਜਾਂਦਾ ਤੇ ਦੋਵੇਂ ਹੱਥ ਉੱਪਰ ਵੱਲ ਕਰ ਇੱਕ ਅਜੀਬ ਜਿਹੀ ਹਰਕਤ ਕਰਦਾ, ਬਿਲਕੁਲ ਮੱਛੀ ਵਾਂਗ ! ਜਦ ਵੀ ਅਕੇਵਾਂ ਭਾਰੂ ਹੋਣਾ ਤਾਂ ਉਸ ਦੀ ਇਹ ਹਰਕਤ ਦੇਖਣ ਲਈ ਉਸ ਨੂੰ ਚੁੱਕ ਲੈਣਾ, ਬੈੱਡ ‘ਤੇ ਲਿਟਾ ਹੋਰਨਾਂ ਨੂੰ ਵੀ ਆਵਾਜ਼ਾਂ ਮਾਰਨੀਆਂ ਕਿ ਆਹ ਦੇਖੋ ! ਬਾਕੀ ਪਰਵਾਰ ਨੇ ਕਹਿਣਾ ਕਿ ਮੋਲੀ ਨੇ ਤਾਂ ਤਾਇਆ ਸ਼ੁਦਾਈ ਬਣਾ ਦਿੱਤਾ ! ਪਰ ਹੁਣ ਮੋਲੀ ਕੁੱਝ ਵੀ ਨਹੀਂ ਸੀ ਕਰ ਰਿਹਾ ! ਤਾਏ ਵੱਲ ਦੇਖ ਕੇ ਅਹੁਲਣ ਵਾਲਾ ਮੋਲੀ ਬੇਹਰਕਤ ਪਿਆ ਹੋਇਆ ਸੀ ! ਮੋਲੀ ਦਾ ਬਾਪ, ਮੇਰਾ ਭਰਾ ਸਦਮੇ ‘ਚ ਪਾਗਲ ਹੋ ਗਿਆ ਸੀ ! ਪਰਵਾਰ ਕੀ, ਸਾਰਾ ਪਿੰਡ ਸੁੰਨ ਹੋਇਆ ਪਿਆ ਸੀ । ਮੋਲੀ ਨੂੰ ਸ਼ਮਸ਼ਾਨ ਘਰ ਤੱਕ ਮੈਂ ਚੁੱਕ ਕੇ ਲੈ ਕੇ ਗਿਆ ਸੀ। ਮੈਂ ਆਪਣੀ ਜ਼ਿੰਦਗੀ ‘ਚ ਏਨਾ ਭਾਰੀ ਬੋਝ ਅੱਜ-ਤੱਕ ਨਹੀਂ ਉਠਾਇਆ ਤੇ ਇਹੋ ਦੁਆ ਹੈ ਕਿ ਕਿਸੇ ਵੀ ਮਾਂ-ਬਾਪ ਨੂੰ ਆਪਣੀ ਜ਼ਿੰਦਗੀ ‘ਚ ਅਜਿਹਾ ਬੋਝ ਕਦੇ ਨਾ ਉਠਾਉਣਾ ਪਵੇ । ਮੋਲੀ ਦਾ ਮਾਮਾ ਉਸਨੂੰ ਆਪਣੀਆਂ ਬਾਹਾਂ ‘ਚ ਲੈਣਾ ਚਾਹੁੰਦਾ ਸੀ ਪਰ ਮੇਰੀਆਂ ਬਾਹਾਂ ਜਿਵੇਂ ਪੱਥਰ ਹੋ ਗਈਆਂ ਸਨ, ਚਾਹੁੰਦਿਆਂ ਵੀ ਮੇਰੀਆਂ ਬਾਹਾਂ ਖੁੱਲ੍ਹ ਨਹੀਂ ਸਨ ਰਹੀਆਂ !

    “ਭਾਜੀ , ਏਨਾ ਵੀ ਦਿਲ ਨੂੰ ਨਹੀਂ ਲਾਈਦਾ ! ਆਪਾਂ ਕਰ ਵੀ ਕੀ ਸਕਦੇ ਸੀ। ਨਾਲੇ ਇਹੋ ਜਿਹੇ ਸੀਨ ਤਾਂ ਆਪਾਂ ਰੋਜ਼ ਦੇਖਦੇ ਆਂ,” ਦਲਜੀਤ ਬੋਲਿਆ ! ਉਸ ਦੇ ਇਨ੍ਹਾਂ ਬੋਲਾਂ ਨੇ ਮੈਨੂੰ ਵਰਤਮਾਨ ‘ਚ ਲੈ ਆਂਦਾ । ਮੇਰਾ ਸਰੀਰ ਸਾਹ-ਸਤ ਹੀਣ ਹੋਇਆ ਪਿਆ ਸੀ। ਮੇਰੀਆਂ ਬਾਹਾਂ ਠੰਡੀਆਂ ਸੀਤ ਹੋ ਗਈਆਂ ਸਨ । ਦਲਜੀਤ ਨੂੰ ਮੈਂ ਕੋਈ ਜੁਆਬ ਨਾ ਦੇ ਸਕਿਆ । ਆਪਣੀਆਂ ਬਾਹਾਂ ਘੁੱਟ ਕੇ ਸਹਿਜ ਹੋਣ ਦੀ ਕੋਸ਼ਿਸ਼ ਕੀਤੀ । ਦਲਜੀਤ ਦੀਆਂ ਗੱਲਾਂ ਵੱਲ ਧਿਆਨ ਲਾ ਕੇ ਆਪਣੇ ਆਪ ਨੂੰ ਇਸ ਤੂਫ਼ਾਨੀ ਵਰੋਲੇ ‘ਚੋਂ ਵਕਤੀ ਤੌਰ ‘ਤੇ ਕੱਢਣ ‘ਚ ਕਾਮਯਾਬ ਵੀ ਹੋ ਗਿਆ ।

    ਬਹੁਤ ਕੋਸ਼ਿਸ਼ ਕੀਤੀ ਭੁਲਾਉਣ ਦੀ ਪਰ ਇਹ ਹਾਦਸਾ ਮੇਰੀ ਛਾਤੀ ਤੋਂ ਪਾਸੇ ਨਹੀਂ ਸੀ ਹਟ ਰਿਹਾ। ਕਦੇ ਉਹ ਹਿਰਨ-ਬਾਲ, ਕਦੇ ਮੇਰਾ ਮੋਲੀ ਮੇਰੀ ਛਾਤੀ ‘ਤੇ ਚੜ੍ਹ ਮੈਨੂੰ ਪਰੇਸ਼ਾਨ ਕਰਦੇ ਰਹੇ। ਇੱਕ ਵਾਰ ਫੇਰ ਸਪੋਕੇਨ ਦਾ ਲੋਡ ਮਿਲ ਗਿਆ । ਵੀਡਜ ਸ਼ਹਿਰ ਲੰਘਦੇ ਸਾਰ ਅਚਾਨਕ ਚਾਰ ਹਿਰਨ ਬਾਲ ਸੜਕ ਵੱਲ ਆਉੰਦੇ ਨਜ਼ਰੀਂ ਪਏ।ਅਸੀਂ ਕੰਬ ਗਏ ਪਰ ਓਸੇ ਪਲ ਉਨ੍ਹਾਂ ਦੀ ਮਾਂ ਆ ਹਾਜ਼ਰ ਹੋਈ। ਉਹ ਮਾਂ ਦੇ ਨਾਲ ਜਾ ਲੱਗੇ , ਜਿਵੇਂ ਮਾਂ ਨੇ ਬੁੱਕਲ਼ ‘ਚ ਲੈ ਲਏ ਹੋਣ। ਮਾਂ ਆਪਣੀ ਇਹ ਸਾਰੀ ਦੁਨੀਆਂ ਲੈ ਕੇ ਪਿੱਛੇ ਵੱਲ ਜੰਗਲ਼ ‘ਚ ਚਲੇ ਗਈ । ਇਹ ਭਾਵ-ਪੂਰਤ ਦ੍ਰਿਸ਼ ਦੇਖ ਕੇ ਅੱਖਾਂ ਇੱਕ ਵਾਰ ਫੇਰ ਨਮ ਹੋ ਗਈਆਂ ਪਰ ਹੁਣ ਇਹ ਹੰਝੂ ਖ਼ੁਸ਼ੀ ਦੇ ਸਨ । ਇਨ੍ਹਾਂ ਹੰਝੂਆਂ ਨੇ ਮੇਰੀ ਛਾਤੀ ਉੱਪਰਲਾ ਬੋਝ ਵੀ ਜਿਵੇਂ ਲਾਹ ਦਿੱਤਾ ਹੋਵੇ। ਮੈਂ ਕਾਫ਼ੀ ਰਾਹਤ ਮਹਿਸੂਸ ਕਰ ਰਿਹਾ ਹਾਂ ।

    ਇਸ ਸਮੁੱਚੇ ਘਟਨਾਕ੍ਰਮ ਨੂੰ ਲੈ ਕੇ ਵਾਰ ਵਾਰ ਮਾਂ ਦੇ ਰੋਲ ਬਾਰੇ ਸੋਚ ਰਿਹਾ ਹਾਂ ! ਮਾਂ ਦੀ ਥਾਂ ਕੋਈ ਨਹੀਂ ਲੈ ਸਕਦਾ। ਇਹ ਵੀ ਸੋਚ ਰਿਹਾ ਹਾਂ ਕਿ ਇਸ ਤੇਜ਼ ਰਫ਼ਤਾਰ ਜ਼ਿੰਦਗੀ ‘ਚ ਮਾਂ ਦਾ ਪੜ੍ਹੇ-ਗੁੜ੍ਹੇ ਹੋਣਾ ਕਿੰਨਾ ਲਾਜ਼ਮੀ ਹੈ! ਪੜ੍ਹ-ਲਿਖ ਤਾਂ ਬਹੁਤ ਜਾਂਦੇ ਹਨ ਪਰ ਪੜ੍ਹਾਈ ਨੂੰ ਹਾਲਾਤ ਮੁਤਾਬਕ ਜ਼ਮੀਨ ‘ਤੇ ਉਤਾਰਨ ਦੀ ਜੁਗਤ ਜਿਸ ਨੂੰ ਆ ਜਾਵੇ, ਉਹੀ ਪੜ੍ਹਿਆ-ਗੁੜ੍ਹਿਆ ਅਖਵਾ ਸਕਦਾ ਹੈ ।

    ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਆਉਣ ਵਾਲ਼ੀਆਂ ਨਸਲਾਂ ਸੁਰੱਖਿਅਤ ਰਹਿਣ ਤਾਂ ਧੀਆਂ ਨੂੰ ਪੜ੍ਹਾ ਕੇ ਜ਼ਮਾਨੇ ਨੂੰ ਪੜ੍ਹੀਆਂ-ਗੁੜ੍ਹੀਆਂ ਮਾਂਵਾਂ ਦੇਣ ਦਾ ਫਰਜ਼ ਵੀ ਨਿਭਾਓ ! ਸਿਰਫ ਸੜਕਾਂ ਦਾ ਜਾਲ਼ ਹੀ ਤਰੱਕੀ ਦਾ ਪੈਮਾਨਾ ਨਹੀਂ ਹੋ ਸਕਦਾ। ਕਿਸੇ ਵੀ ਸਮਾਜ ਦੀ ਤਰੱਕੀ ਦੀ ਕਲਪਨਾ ਪੜ੍ਹੀਆਂ-ਗੁੜ੍ਹੀਆਂ ਮਾਂਵਾਂ ਤੋਂ ਬਿਨਾ ਕੀਤੀ ਹੀ ਨਹੀਂ ਜਾ ਸਕਦੀ ।
    ਮੈਨੂੰ ਤੇ ਮੇਰੀ ਹਮਸਫ਼ਰ ਨੂੰ ਮਾਣ ਹੈ ਕਿ ਅਸੀਂ ਜ਼ਮਾਨੇ ਨੂੰ ਦੋ ਸਮਰੱਥ ਮਾਂਵਾਂ ਦਿੱਤੀਆਂ ਹਨ !

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!