10.2 C
United Kingdom
Thursday, May 9, 2024

More

    ਪੰਜਾਬੀ ਸੱਭਿਆਚਾਰ ਨੂੰ ਮੁੜ ਸੁਰਜੀਤ ਕਰਦੀ- ‘ਰਜਨੀ ਸੈਣੀ’

    ਅਜੋਕੇ ਯੁੱਗ ਵਿੱਚ ਜੇ ਅਸੀਂ ਪੰਜਾਬੀ ਸੱਭਿਆਚਾਰ ਦੀ ਗੱਲ ਕਰੀਏ ਤਾਂ ਅਸੀਂ ਦੇਖਦੇ ਆਂ ਕਿ ਸਾਡਾ ਵਿਰਸਾ ਕਿਸੇ ਹੋਰ ਹੀ ਮੁਹਾਂਦਰੇ ਵਿੱਚ ਤੁਰਿਆ ਫਿਰਦਾ ਹੈ, ਜਾਂ ਇਹ ਕਹਿ ਲਓ ਕਿ ਸਾਡੇ ਪੰਜਾਬੀ ਵਿਰਸੇ ਨੇ ਆਪਣੇ ਆਪ ਨੂੰ ਪੱਛਮੀ ਰੰਗਣ ਵਿੱਚ ਪੂਰੀ ਤਰ੍ਹਾਂ ਰੰਗ ਲਿਆ ਹੈ। ਪੰਜਾਬੀ ਦੀ ਥਾਂ ਅੰਗ੍ਰੇਜ਼ੀ ਨੇ ਲੈ ਲਈ ਹੈ। ਜੋ ਵੀ ਸਾਡੇ ਪੰਜਾਬ ਵਿੱਚ ਪੰਜਾਬੀ ਬੋਲੀ ਤੇ ਸੱਭਿਆਚਾਰ ਨਾਲ ਹੋ ਰਿਹਾ ਹੈ ਇਹ ਕੋਈ ਵਧੀਆ ਗੱਲ ਨਹੀ। ਪੰਜਾਬੀ ਆਪਣੇ ਪਤਨ ਦੇ ਦੌਰ ਤੋਂ ਗੁਜ਼ਰ ਰਹੀ ਹੈ। ਸਮੇਂ ਸਮੇਂ ਤੇ ਬੁੱਧੀਜੀਵੀ ਇਸ ਤੇ ਆਪਣੀ ਚਿੰਤਾਂ ਜਾਹਿਰ ਕਰਦੇ ਰਹਿੰਦੇ ਹਨ । ਕਦੇ ਕਦੇ ਅਸੀਂ ਰੇਡੀਓ ਟੈਲੀਵਿਜ਼ਨ ਤੇ ਕਿਸੇ ਮਾਹਿਰ ਦੇ ਵਿਚਾਰ ਵੀ ਇਸ ਤ੍ਰਾਸਦੀ ਨੂੰ ਲੈ ਕੇ ਸੁਣ ਜਾ ਦੇਖ ਲੈਂਦੇ ਹਾਂ। ਸਾਡੀ ਫਿਕਰ ਸਾਡੇ ਸੱਭਿਆਚਾਰ ਲਈ ਕੁਝ ਦੇਰ ਲਈ ਹੀ ਹੁੰਦੀ ਹੈ। ਭੱਜ ਦੌੜ ਦੀ ਜਿੰਦਗੀ ਵਿੱਚ ਅਸੀਂ ਫੇਰ ਗਵਾਚ ਜਾਂਦੇ ਆਂ ਤੇ ਨਾਲ ਹੀ ਸਾਨੂੰ ਸਾਡੀ ਜੁਮੇਵਾਰੀ ਵੀ ਭੁੱਲ ਜਾਂਦੀ ਹੈ। ਕਦੇ ਕਦੇ ਅਸੀਂ ਇਹ ਕਹਿ ਕੇ ਵੀ ਪੱਲਾ ਝਾੜ ਲੈਂਦੇ ਹਾਂ ਕਿ ਇਹ ਨਵਾਂ ਜ਼ਮਾਨਾ ਹੈ ਇਸ ਤਰ੍ਹਾਂ ਹੋਣਾ ਸਮੇ ਦੀ ਲੋੜ ਹੈ। ਸਾਡੀ ਨਵੀਂ ਪੀੜੀ ਨੂੰ ਤਾਂ ਇਸ ਦਾ ਕੋਈ ਫ਼ਰਕ ਹੀ ਨਹੀਂ ਪੈਂਦਾ ਉਹ ਅੰਗਰੇਜ਼ੀ ਦੇ ਘੋੜੇ ਦਿਨ ਰਾਤ ਦੌੜਾ ਰਹੀ ਹੈ। ਪਰ ਕੁਝ ਅਜਿਹੇ ਲੋਕ ਵੀ ਹਨ ਜੋ ਪੰਜਾਬੀ ਬੋਲੀ ਵਿਰਸੇ ਲਈ ਪੂਰੀ ਤਰ੍ਹਾਂ ਸਮਰਪਿਤ ਹਨ । ਉਹਨਾਂ ਵਿੱਚ ਇਕ ਨਾਮ ਹੈ ਏ -ਆਰ ਸੈਣੀ ਗਲੈਮਰ ਵਰਲਡ ਦੀ ਕਰਤਾ -ਧਰਤਾ ਰਜਨੀ ਸੈਣੀ ਜੋ ਕੇ ਪਿਛਲੇ ਦਸ ਸਾਲਾਂ ਤੋਂ ਇਕ ਬਹੁਤ ਹੀ ਵਿਲੱਖਣ ਤੇ ਨਿਵੇਕਲਾ ,ਪੰਜਾਬ ਦਾ ਪਹਿਲਾ ਸ਼ੋਅ ਮਿਸਿਜ਼ ਪੰਜਾਬਣ ਆਪਣੀ ਪੂਰੀ ਟੀਮ ਦੇ ਉੱਧਮ ਨਾਲ ਚਲਾ ਰਹੀ ਹੈ।ਇਹ ਸ਼ੋਅ ਸਿਰਫ ਤੇ ਸਿਰਫ ਪੰਜਾਬੀ ਵਿਰਸੇ ਦੀ ਬਾਤ ਪਾਉਂਦਾ ਹੈ। ਇਸ ਸ਼ੋਅ ਵਿੱਚ ਨਗੇਜ਼ ਨੂੰ ਕਿਸੇ ਵੀ ਰੂਪ ਵਿੱਚ ਦਾਖਿਲ ਨਹੀਂ ਹੋਣ ਦਿੱਤਾ ਜਾਂਦਾ। ਇਸੇ ਕਰਕੇ ਇਹ ਸ਼ੋਅ ਕਾਮਯਾਬੀ ਦੀ ਸ਼ਿਖਰ ਛੋਹ ਰਿਹਾ ਹੈ। ਜੋ ਔਰਤਾਂ ਵਿਆਹ ਤੋਂ ਬਾਅਦ ਆਪਣੀਆਂ ਪਰਿਵਾਰਿਕ ਉਲਝਣਾਂ ਵਿੱਚ ਫੱਸ ਕੇ ਰਹਿ ਜਾਂਦੀਆਂ ਹਨ । ਓਹਨਾ ਔਰਤਾਂ ਨੂੰ ਇਸ ਸ਼ੋਅ ਵਿੱਚ ਇਕ ਮੰਚ ਮਿਲਦਾ ਹੈ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣ ਦਾ। ਉਹ ਸਪਨੇ ਜਿਹਨਾਂ ਤੇ ਜੁੰਮੇਵਾਰੀਆਂ ਦੀ ਧੂੜ ਪੈ ਗਈ ਸੀ ਓਹਨਾ ਸੁਪਨਿਆਂ ਨੂੰ ਸੂਰਜ ਵਾਂਗੂ ਚਮਕਾਉਣ ਦਾ ਕੰਮ ਕਰਦਾ ਹੈ ਏ- ਆਰ ਸੈਣੀ ਗਲੈਮਰ ਵਰਲਡ । ਇਸ ਸ਼ੋਅ ਦੀ ਜੋ ਖਾਸ ਗੱਲ ਹੈ ਇਸ ਵਿੱਚ ਉਮਰ , ਕੱਦ, ਰੂਪ -ਰੰਗ ਪੜਾਈ ਦਾ ਕੋਈ ਵੀ ਪੈਮਾਨਾ ਨਹੀਂ ਹੈ। ਇਹ ਸ਼ੋਅ ਸੂਰਤ ਦਾ ਨਾ ਹੋ ਕੇ ਸੀਰਤ ਦਾ ਸ਼ੋਅ ਹੁੰਦਾ ਹੈ। ਵਿਆਹੁਤਾ ਮੁਟਿਆਰਾਂ ਨੂੰ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਵਿੱਚੋਂ ਪ੍ਰੀ ਔਡੀਸ਼ਨ ਕਰਕੇ ਚੁਣਿਆ ਜਾਂਦਾ ਹੈ। ਫੇਰ ਇਹਨਾਂ ਮੁਟਿਆਰਾਂ ਨੂੰ ਪੰਜਾਬੀ ਰੰਗ ਢੰਗ ਸਿਖਾਇਆ ਜਾਂਦਾ ਹੈ। ਜੋ ਮੁਟਿਆਰਾਂ ਪਹਿਲੇ ਸਾਲ ਦੀਆਂ ਜੇਤੂ ਹੁੰਦੀਆਂ ਹਨ ਉਹਨਾਂ ਨੂੰ ਹੀ ਅਲਗੇ ਸਾਲ ਸਿਖਲਾਈ ਲਈ ਅੱਗੇ ਕੀਤਾ ਜਾਂਦਾ ਹੈ। ਇਸ ਤਰ੍ਹਾਂ ਮੁਟਿਆਰਾਂ ਨੂੰ ਕਿੱਤਾ ਵੀ ਮਿਲ ਜਾਂਦਾ ਹੈ ਅਤੇ ਉਹ ਪੰਜਾਬੀ ਵਿਰਸੇ ਦੀ ਸੇਵਾ ਵੀ ਕਰ ਲੈਂਦੀਆਂ ਹਨ। ਮੰਚ ਤੇ ਮੁਟਿਆਰਾਂ ਪੰਜਾਬੀ ਵਿਰਸੇ ਦੀ ਬਾਤ ਪਾਉਂਦੀਆਂ ਇੰਝ ਪ੍ਰਤੀਤ ਹੁੰਦੀਆਂ ਹਨ ਜਿਵੇਂ ਅਸੀਂ ਪੁਰਾਤਨ ਪੰਜਾਬ ਦੀ ਕੋਈ ਝਾਕੀ ਦੇਖ ਰਹੇ ਹੋਈਏ। ਪੰਜਾਬ ਵਿੱਚ ਹਰ ਪੰਜਾਬੀ ਨੂੰ ਹਰ ਸਾਲ ਇਸ ਸ਼ੋਅ ਦੀ ਉਡੀਕ ਚੰਨ ਵਾਂਗ ਹੁੰਦੀ ਹੈ।

    ਅੱਜ ਇਹ ਸ਼ੋਅ ਆਪਣੀ ਸ਼ੋਹਰਤ ਦੀ ਟੀਸੀ ਤੇ ਹੈ ਤਾਂ ਇਸਦਾ ਸਿਹਰਾ ਸਿਰਫ ਤੇ ਸਿਰਫ ਰਜਨੀ ਸੈਣੀ ਨੂੰ ਹੀ ਜਾਂਦਾ ਹੈ। ਕਿਉਕਿ ਕਿਸੇ ਸਪਨੇ ਨੂੰ ਹਕੀਕਤ ਦਾ ਰੰਗ ਕੋਈ ਚੰਗੀ ਰੂਹ ਹੀ ਦੇ ਸਕਦੀ ਹੈ। ਰਜਨੀ ਸੈਣੀ ਇਕ ਜੁਝਾਰੂ ਜੋਧੇ ਦੀ ਤਰ੍ਹਾਂ ਆਪਣਾ ਪੂਰਾ ਟਿੱਲ ਪੰਜਾਬੀ ਵਿਰਸੇ ਵੀ ਸੰਭਾਲਣ ਲਈ ਲਾ ਰਹੀ ਹੈ।

        ਸਿਰਫ ਮਿਸਿਜ਼ ਪੰਜਾਬਣ ਹੀ ਰਜਨੀ ਸੈਣੀ ਦਾ ਇਕੱਲਾ ਉੱਧਮ ਨਹੀਂ ਇਸਦੇ ਨਾਲ ਨਾਲ ਉਹ ਸੁਹਾਗਣਾਂ ਦਾ ਤਿਉਹਾਰ ਕਰਵਾ ਕਵੀਨ, ਸਾਉਣ ਮਹੀਨੇ ਵਿੱਚ ਤੀਜ ਦਾ ਮੇਲਾ ਵੀ ਕਰਵਾਉਂਦੀ ਹੈ। ਛੋਟੇ ਜਿਹੇ ਕਸਬੇ ਗੋਰਾਇਆਂ ਨੂੰ ਜਿੱਥੇ ਕਦੇ ਚੰਨ ਗੋਰਾਇਆਂ ਵਾਲੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਓਥੇ ਹੀ ਇਸ ਨੂੰ ਰਜਨੀ ਸੈਣੀ ਦੇ ਸੱਭਿਆਚਾਰ ਪ੍ਰਤੀ ਕੰਮਾਂ ਨੂੰ ਲੈ ਕੇ ਵੀ ਯਾਦ ਕੀਤਾ ਜਾਂਦਾ ਹੈ। ਆਪਣੀਆ ਪਰਿਵਾਰਿਕ ਜੁੰਮੇਵਾਰੀਆਂ ਦੇ ਨਾਲ ਨਾਲ ਪਤੀ ਅਮਨ ਸੈਣੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਰਜਨੀ ਸੈਣੀ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਅੱਜ ਦੀ ਔਰਤ ਵਿੱਚ ਜਜ਼ਬਾ ਹੈ ਕੁਝ ਕਰ ਗੁਜਰਨ ਦਾ। ਉਹ ਅੱਜ ਦੀ ਮਾਡਰਨ ਔਰਤ ਦੀ ਤਰਜਮਾਨੀ ਕਰਦੀ ਹੈ। ਉਹ ਆਪਣੇ ਆਪ ਨੂੰ ਵਿਚਾਰੀ ਕਦੇ ਵੀ ਨਹੀਂ ਸਮਝਦੀ। ਕਿਸੇ ਵੀ ਸ਼ੋਅ ਵਿੱਚ ਓਹਦੀ ਮਿਹਨਤ ਸਾਫ ਝਲਕਦੀ ਹੈ। ਆਪ ਵੀ ਉਹ ਕਈ ਟੈਲੀ ਫ਼ਿਲਮਾਂ ਪੰਜਾਬੀ ਗੀਤਾਂ ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁੱਕੀ ਹੈ। ਉਹ ਹਰ ਉਸ ਔਰਤ ਲਈ ਇਕ ਮਿਸਾਲ ਪੇਸ਼ ਕਰਦੀ ਹੈ ਜੋ ਇਹ ਕਹਿ ਕੇ ਘਰ ਦੇ ਅੰਦਰ ਰਹਿ ਲੈਂਦੀਆਂ ਹਨ ਕਿ ਹੁਣ ਤਾਂ ਘਰ ਦੀਆਂ ਜਿੰਮੇਵਾਰੀਆਂ ਹੀ ਉਹਨਾਂ ਨੂੰ ਕਿਧਰੇ ਨਿਕਲਣ ਨਹੀਂ ਦਿੰਦੀਆਂ। ਚੰਨ ਵਰਗੇ ਇਕ ਪੁੱਤ ਦੀ ਇਹ ਮਾਂ ਉਸ ਸਮੇਂ ਵੀ ਸ਼ੋਅ ਉਲੀਕਦੀ ਸੀ ਜਦੋਂ ਉਹਨਾਂ ਦਾ ਪੁੱਤ ਕੁਝ ਹੀ ਮਹੀਨਿਆਂ ਦਾ ਸੀ ਤੇ ਅੱਜ ਵੀ ਉਹ ਉਸੇ ਲਗਨ ਨਾਲ ਲੱਗੀ ਹੋਈ ਜਦੋ ਉਸ ਦਾ ਲਾਲ 10 ਸਾਲਾਂ ਦਾ ਹੋ ਗਿਆ। ਉਹ ਇਕ ਚੰਗੀ ਨੂੰਹ, ਚੰਗੀ ਧੀ ਤੇ ਇਕ ਚੰਗੇ ਚਰਿੱਤਰ ਦੀ ਮਾਲਿਕ ਹੈ।ਏ- ਆਰ- ਸੈਣੀ ਗਲੈਮਰ ਵਰਲਡ ਦਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਨਾ ਇਹ ਸਾਬਿਤ ਕਰਦਾ ਹੈ ਕਿ ਇਕ ਔਰਤ ਹੀ ਆਪਣੇ ਪਤੀ ਨੂੰ ਹੀ ਨਹੀਂ ਸਗੋਂ ਆਪਣੇ ਨਾਲ ਤੁਰਨ ਵਾਲੇ ਹਰ ਉਸ ਇਨਸਾਨ ਨੂੰ ਸਫਲ ਕਰ ਸਕਦੀ ਹੈ ਜਿਸ ਵਿੱਚ ਤਾਕਤ ਹੈ ਸਮੇ ਦੀਆਂ ਪੈੜਾਂ ਦੇ ਉੱਤੇ ਪੈਰ ਰੱਖ ਕੇ ਤੁਰਨ ਦੀ ।

    ਲਹਿਜ਼ੇ ਵਿੱਚ ਨਰਮੀ  ਤੇ ਦਿਲ ਵਿੱਚ ਪੰਜਾਬੀ ਵਿਰਸੇ ਨੂੰ ਹੋਰ ਪ੍ਰਫੁੱਲਿਤ ਕਰਨ ਦੀ ਉਹਦੀ ਚਾਹ ਉਹਨੂੰ ਦਿਨ ਰਾਤ ਵਿਅਸਤ ਰੱਖਦੀ ਹੈ। ਮਿਸਿਜ਼ ਪੰਜਾਬਣ ਨੂੰ ਹੁਣ ਉਹ ਪੰਜਾਬ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੁੰਦੀ ਬਲਕਿ ਇਸ ਸ਼ੋਅ ਨੂੰ ਹੁਣ ਉਹ ਪੂਰੀ ਦੁਨੀਆਂ ਵਿੱਚ ਲੈ ਕੇ ਜਾਣ ਦੀ ਇੱਛਾ ਰੱਖਦੀ ਹੈ ।ਪੰਜਾਬ ਹੀ ਨਹੀਂ ਪੂਰੇ ਦੇਸ਼ ਵਿੱਚ ਇਹ ਸ਼ੋਅ ਧੁੰਮਾਂ ਪਾ ਚੁੱਕਿਆ ਹੈ। 

    ਸ਼ਾਲਾ ਰਜਨੀ ਸੈਣੀ ਇਸੇ ਤਰ੍ਹਾਂ ਹੀ ਆਪਣੇ ਯਤਨਾਂ ਨਾਲ ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਕਰਦੀ ਰਹੇ ਤੇ ਓਹਦੀ ਉਮੀਦ ਦੇ ਬੂਟੇ ਤੇ ਮਿਹਨਤ ਦਾ ਫਲ ਲੱਗਦਾ ਰਹੇ। ਤੇ ਹੋਰ ਵੀ ਪੰਜਾਬ ਦੀਆਂ ਧੀਆਂ ਸੱਭਿਆਚਾਰ ਨੂੰ ਸਹੇਜਣ ਜਿਵੇਂ ਰਜਨੀ ਸੈਣੀ ਦਿਨ ਰਾਤ ਇਕ ਕਰਕੇ ਸੱਭਿਆਚਾਰ ਨੂੰ ਸਹੇਜ ਰਹੀ ਹੈ।

    ਮੁਹੰਮਦ ਹਨੀਫ ਥਿੰਦ, ਮਲੇਰਕੋਟਲਾ, ਜਿਲਾ ਸੰਗਰੂਰ। 95927-54907

    PUNJ DARYA

    Leave a Reply

    Latest Posts

    error: Content is protected !!