8.9 C
United Kingdom
Saturday, April 19, 2025

More

    ਯੁੱਗਪੁਰਸ਼, ਬਹੁਪੱਖੀ ਪ੍ਰਤਿਭਾ ਦੇ ਮਾਲਕ- ਡਾਕਟਰ ਭੀਮ ਰਾਓ ਅੰਬੇਦਕਰ

    ਪੂਜਾ ਸ਼ਰਮਾ

    ਸਮਾਜ ਸੁਧਾਰਕ, ਭਾਰਤੀ ਸਵਿਧਾਨ ਦੇ ਸ਼ਿਲਪਕਾਰ, ਰਾਸ਼ਟਰ ਨਿਰਮਾਤਾ, ਸ਼ੋਸ਼ਿਤ ਸਮਾਜ ਦੇ ਮਸੀਹਾ ਅਤੇ ਮਹਾਨ ਚਿੰਤਕ, ਭਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ ਵਾਸਤਵ ਵਿੱਚ ਇੱਕ ਯੁਗ-ਪੁਰਸ਼ ਸਨ। ਉਨਾਂ ਨੇ ਆਪਣਾ ਸਾਰਾ ਜੀਵਨ ਦਲਿਤ, ਸ਼ੋਸ਼ਿਤ ਅਤੇ ਕਮਜ਼ੋਰ ਵਰਗਾਂ ਨੂੰ ਉਚਿਤ ਸਥਾਨ ਦੁਆਉਣ ਲਈ ਹੀ ਨਹੀਂ ਲਗਾਇਆ ਬਲਕਿ ਉਨ੍ਹਾਂ ਨੇ ਆਪਣੇ ਜੀਵਨ ਦੇ 65 ਸਾਲਾਂ ਵਿੱਚ ਸਮਾਜਕ, ਆਰਥਿਕ, ਰਾਜਨੀਤਕ, ਵਿੱਦਿਅਕ, ਧਾਰਮਿਕ, ਸੰਸਕ੍ਰਿਤਕ, ਔਰਤ ਨੂੰ ਸਨਮਾਨ ਦਵਾਉਣ, ਉਦਯੋਗਿਕ ਅਤੇ ਸੰਵਿਧਾਨਕ ਖੇਤਰਾਂ ਵਿਚ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਅਤੇ ਸਮਾਨਤਾ ਲਈ ਨਿਰੰਤਰ ਸੰਘਰਸ਼ ਸਦਕਾ ਉਹਨਾਂ ਦੇ ਜਨਮ ਦਿਵਸ ਨੂੰ ਸਮਾਨਤਾ ਅਤੇ ਗਿਆਨ ਦਿਵਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

    ਬਾਬਾ ਸਾਹਿਬ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਮਹੂ ਵਿਚ ਰਾਮ ਜੀ ਮਾਲੋ ਜੀ ਸਕਪਾਲ ਅਤੇ ਭੀਮਾ ਬਾਈ ਦੇ ਘਰ ਹੋਇਆ। ਇਹ ਆਪਣੇ ਮਾਂ-ਬਾਪ ਦੀ ਚੌਦਵੀਂ ਅਤੇ ਆਖਰੀ ਸੰਤਾਨ ਸਨ। ਇਹਨਾਂ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਵਿਚ ਹੀ ਕੀਤੀ। ਇਹਨਾਂ ਨੇ ਮੁੰਬਈ ਦੇ ਐਲਫਿਂਸਟਨ ਕਾਲਜ ਵਿੱਚ ਦਾਖਲਾ ਲਿਆ। ਇਹਨਾਂ ਦੀ ਪੜ੍ਹਾਈ ਲਈ ਇਹਨਾਂ ਦੇ ਅਧਿਆਪਕ  ਕੇਲੁਸਕਰ ਅਤੇ ਮਹਾਰਾਜਾ ਬੜੌਦਾ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। ਉਸ ਤੋਂ ਬਾਅਦ ਇਨ੍ਹਾਂ ਨੇ ਮੁੰਬਈ ਵਿਸ਼ਵ-ਵਿਦਿਆਲਾ ਤੋਂ ਸਮਾਜ ਸ਼ਾਸਤਰ, ਰਾਜਨੀਤੀ ਸ਼ਾਸਤਰ, ਅਰਥ ਸ਼ਾਸਤਰ ਅਤੇ ਮਾਨਵਵਿਗਿਆਨ ਵਿੱਚ ਐਮ ਏ, ਕੋਲੰਬੀਆ ਵਿਸ਼ਵ-ਵਿਦਿਆਲਾ ਤੋਂ ਪੀ ਐਚ ਡੀ, ਲੰਡਨ ਸਕੂਲ ਆਫ ਇਕਨਾਮਿਕਸ ਤੋਂ ਐੱਮ ਐੱਸ ਸੀ ਅਤੇ ਡੀ ਐਸ ਸੀ, ਗਰੇਸਿਨ ਲੰਡਨ ਤੋਂ ਐਲ ਐਲ ਬੀ ਅਤੇ ਉਸਮਾਨੀਆ ਵਿਸ਼ਵ-ਵਿਦਿਆਲਾ ਤੋਂ ਡੀ ਲਿਟ ਦੀ ਪੜ੍ਹਾਈ ਕੀਤੀ। ਅਪ੍ਰੈਲ ਉੱਨੀ ਸੌ ਛੇ ਵਿੱਚ ਜਦੋਂ ਉਨ੍ਹਾਂ ਦੀ ਉਮਰ 15 ਸਾਲ ਦੀ ਸੀ ਉਨ੍ਹਾਂ ਦਾ ਵਿਆਹ ਨੌ ਸਾਲ ਦੀ ਕੁੜੀ ਨਾਲ ਹੋਇਆ।  ਉਨ੍ਹਾਂ ਦੀ ਜ਼ਿੰਦਗੀ ਵਿੱਚ ਸਤਾਈ ਮਈ ਉਨੀ ਸੌ ਪੈਂਤੀ ਬਹੁਤ ਹੀ ਮਨਹੂਸ ਦਿਨ ਬਣ ਕੇ ਆਇਆ ਜਦੋਂ ਉਨ੍ਹਾਂ ਦੀ ਪਤਨੀ ਦਾ ਬਿਮਾਰੀ ਪਿਛੋਂ ਦੇਹਾਂਤ ਹੋ ਗਿਆ। ਉਸ ਸਮੇਂ ਉਨ੍ਹਾਂ ਦੀ ਮਾਨਸਿਕ ਹਾਲਤ ਵੈਰਾਗੀਆਂ ਵਰਗੀ ਬਣ ਗਈ ਸੀ। ਆਪਣੇ ਆਪ ਨੂੰ ਫਿਰ ਤੋਂ ਸੰਭਾਲਦਿਆਂ ਹੋਇਆਂ ਮੁੰਬਈ ਵਿਖੇ ਰਾਮ ਕਾਲਜ ਦੇ ਪ੍ਰਿੰਸੀਪਲ ਦਾ ਅਹੁਦਾ ਸੰਭਾਲ ਕੇ ਉਸ ਵਿਚ ਬੇਮਿਸਾਲ ਸੁਧਾਰ ਕਰ ਦਿੱਤੇ। ਇਹਨਾਂ ਦੇ ਅਧਿਆਪਕ ਜੋ ਕਿ ਇਨ੍ਹਾਂ ਦੀ ਵਿਦਵਤਾ ਤੋਂ ਪ੍ਰਭਾਵਿਤ ਸਨ ਤੋਂ ਇਨ੍ਹਾਂ ਨੇ ਆਪਣਾ ਉਪਨਾਮ ਅੰਬੇਦਕਰ ਕਰ ਦਿੱਤਾ। ਆਪਣੀ ਸਿਹਤ ਦੀ ਖ਼ਰਾਬੀ ਕਾਰਨ ਉਨ੍ਹਾਂ ਨੂੰ ਲਗਾਤਾਰ ਦੇਖਭਾਲ ਦੀ ਲੋੜ ਸੀ ਅਤੇ ਉਨ੍ਹਾਂ ਨੇ ਅਪ੍ਰੈਲ 1947 ਵਿੱਚ ਡਾਕਟਰ ਸਵਿਤਾ ਬ੍ਰਾਹਮਣ ਜਿਸ ਦਾ ਪਹਿਲਾ ਨਾਮ ਲਕਸ਼ਮੀ ਕਬੀਰ ਜੀ ਨਾਲ ਅੰਤਰਜਾਤੀ ਸ਼ਾਦੀ ਕਰ ਲਈ। ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਕਿਸੇ ਜਾਤ ਦੇ ਜਾਂ ਬ੍ਰਾਹਮਣ ਵਿਰੋਧੀ ਨਹੀਂ ਸਨ ਬਲਕਿ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਵਿਰੋਧੀ ਸਨ। ਬਾਬਾ ਸਾਹਿਬ ਹਿੰਦੀ, ਪਾਲੀ, ਸੰਸਕ੍ਰਿਤ, ਅੰਗਰੇਜ਼ੀ, ਫਰੈਂਚ, ਜਰਮਨ, ਮਰਾਠੀ ਅਤੇ ਗੁਜਰਾਤੀ ਸਮੇਤ ਨੌ ਭਾਸ਼ਾਵਾਂ ਨੂੰ ਜਾਣਦੇ ਸਨ। ਉਹਨਾਂ ਨੇ ਲੰਡਨ ਵਿਚ 8 ਸਾਲ ਦੀ ਪੜ੍ਹਾਈ ਸਿਰਫ ਦੋ ਸਾਲ ਤਿੰਨ ਮਹੀਨੇ ਵਿੱਚ ਪੂਰੀ ਕੀਤੀ। ਗਵਰਨਰ ਲਾਰਡ ਲਿਨਲਿਥਗ ਅਤੇ ਗਾਂਧੀ ਜੀ ਦਾ ਮੱਤ ਸੀ ਕਿ ਬਾਬਾ ਜੀ ਹਜ਼ਾਰਾਂ ਵਿਦਵਾਨਾਂ ਤੋਂ ਵੀ ਜ਼ਿਆਦਾ ਬੁੱਧੀਮਾਨ ਸੀ।

    ਇਹ ਉਨ੍ਹਾਂ ਦੀ ਯੋਗਤਾ ਹੀ ਸੀ ਕਿ ਆਜ਼ਾਦ ਦੇਸ ਦਾ ਸਵਿਧਾਨ ਰਚਣ ਲਈ ਉਨ੍ਹਾਂ ਨੂੰ ਸੰਵਿਧਾਨ ਦੀ ਖਰੜਾ ਕਮੇਟੀ ਦਾ ਚੇਅਰਮੈਨ ਚੁਣਿਆ ਗਿਆ। ਉਨਾਂ ਨੇ ਸਮਤਾ, ਸਮਾਨਤਾ ਅਤੇ ਮਾਨਵਤਾ ਤੇ ਅਧਾਰਿਤ ਭਾਰਤੀ ਸੰਵਿਧਾਨ ਨੂੰ ਦੋ ਸਾਲ 11 ਮਹੀਨੇ 17 ਦਿਨ ਵਿੱਚ ਤਿਆਰ ਕੀਤਾ। ਇਸ ਤੋਂ ਵੀ ਵੱਡੀ ਗੱਲ ਹੈ ਆਜ਼ਾਦ ਦੇਸ਼ ਦੀ ਪਹਿਲੀ ਕਾਂਗਰਸੀ ਸਰਕਾਰ ਵਿੱਚ ਉਨ੍ਹਾਂ ਨੂੰ ਕਾਂਗਰਸੀ ਨਾ ਹੁੰਦੇ ਹੋਏ ਵੀ ਆਜ਼ਾਦ ਭਾਰਤ ਦਾ ਪਹਿਲਾ ਕਾਨੂੰਨ ਮੰਤਰੀ ਬਣਾਇਆ। ਉਹਨਾਂ ਨੇ ਊਨੀ ਸੌ ਇਕਵੰਜਾ ਵਿਚ ਮਹਿਲਾ ਸ਼ਕਤੀਕਰਨ ਲਈ ਹਿੰਦੂ ਕੋਡ ਬਿੱਲ ਪਾਸ ਕਰਵਾਉਣ ਲਈ ਪੂਰੀ ਕੋਸ਼ਿਸ਼ ਕੀਤੀ ਜਿਸ ਵਿੱਚ ਔਰਤਾਂ ਲਈ ਤਲਾਕ ਅਤੇ ਜਾਇਦਾਦ ਵਿੱਚ ਹੱਕ ਦੀ ਗੱਲ ਸੀ ।ਅਸਫ਼ਲ ਰਹਿਣ ਦੇ ਰੋਸ ਵਜੋਂ, ਕੁਰਸੀ ਦਾ ਲਾਲਚ ਕੀਤੇ ਬਿਨਾਂ ਮੰਤਰੀ ਦੇ ਪਦ ਤੋਂ ਅਸਤੀਫਾ ਦੇ ਦਿੱਤਾ। ਇਹ ਇਤਿਹਾਸ ਵਿਚ ਨਿਵੇਕਲੀ ਉਦਾਹਰਨ ਹੈ।

    ਮਾਨਵ ਅਧਿਕਾਰ ਜਿਵੇਂ ਦਲਿਤਾਂ ਦੇ ਮੰਦਰ ਵਿੱਚ ਪ੍ਰਵੇਸ਼, ਪਾਣੀ ਪੀਣ, ਛੂਆਛੂਤ ਅਤੇ ਊਂਚ-ਨੀਚ ਵਰਗੀ ਕੁਰੀਤੀਆਂ ਨੂੰ ਮਿਟਾਉਣ ਲਈ ਕੰਮ ਕੀਤੇ। ਬੇਜ਼ਬਾਨ, ਸ਼ੋਸ਼ਤ ਅਤੇ ਅਨਪੜ੍ਹ ਲੋਕਾਂ ਨੂੰ ਜਾਗਰੂਕ ਕਰਨ ਲਈ 1927 ਤੋਂ  1956 ਦੌਰਾਨ ਮੂਕਨਾਇਕ, ਬਹਿਸ਼ਕ੍ਰਿਤ ਭਾਰਤ, ਜਨਤਾ,ਸਮਤਾ ਅਤੇ ਪ੍ਰਬੁੱਧ ਭਾਰਤ ਨਾਂ ਦੀਆਂ ਪੱਤਰਕਾਵਾਂ ਦਾ ਸੰਪਾਦਨ ਕੀਤਾ। ਉਨ੍ਹਾਂ ਨੇ ਮਨੂੰ ਸਮ੍ਰਿਤੀ ਦਹਿਨ, ਮਹਾੜ ਸੱਤਿਆਗ੍ਰਹਿ, ਨਾਸਿਕ ਸੱਤਿਆਗ੍ਰਹਿ ਅਤੇ ਯੇਵਲਾ ਦੀ ਗਰਜਨਾ ਨਾਂ ਦੇ ਅੰਦੋਲਨ ਚਲਾਏ। ਭਾਰਤ ਵਿਚ ਰਿਜ਼ਰਵ ਬੈਂਕ ਆਫ ਇੰਡੀਆ ਦੀ ਸਥਾਪਨਾ ਡਾਕਟਰ ਅੰਬੇਦਕਰ ਦੀ ਰਚਨਾ ‘ਰੁਪਏ ਦੀ ਸਮੱਸਿਆ ਉਸ ਦਾ ਉਦਭਵ ਅਤੇ ਪ੍ਰਭਾਵ’ ਦੇ ਅਧਾਰ ਤੇ 1935 ਵਿੱਚ ਹੋਈ। ਉਹਨਾਂ ਦੀ ਹੋਂਦ ‘ਬਰਤਾਨਵੀ ਹਿੰਦੁਸਤਾਨ ਵਿੱਚ ਪ੍ਰਦੇਸ਼ਿਕ ਆਮਦਨ ਦਾ ਵਿਕਾਸ’ ਦੇ ਅਧਾਰ ਤੇ ਵਿੱਚ ਆਯੋਗ ਦੀ ਸਥਾਪਨਾ ਹੋਈ। ਉਨ੍ਹਾਂ ਨੇ ਵਿਧਾਨ ਪਾਲਿਕਾ, ਕਾਰਜ ਪਾਲਿਕਾ ਅਤੇ ਨਿਆਂ ਪਾਲਿਕਾ ਵਿਚ ਪਿਛੜੇ ਲੋਕਾਂ ਦੀ ਭਾਗੀਦਾਰੀ ਸੁਨਿਸ਼ਚਿਤ ਕੀਤੀ। ਮਹਾਤਮਾ ਗਾਂਧੀ ਨਾਲ ਉਨ੍ਹਾਂ ਵੱਲੋਂ ਕੀਤਾ ਗਿਆ ਪੂਨਾ ਪੈਕਟ ਅਤੇ ਲੰਦਨ ਵਿਖੇ ਗੋਲਮੇਜ਼ ਕਾਨਫਰੰਸ ਵਿਚ ਰੱਖੇ ਗਏ ਵਿਚਾਰ ਉਨ੍ਹਾਂ ਦੀ ਤੀਖਣ ਬੁੱਧੀ, ਸਮਝਦਾਰੀ ਅਤੇ ਦਲੇਰੀ ਦੀਆਂ ਉਦਾਹਰਨਾਂ ਹਨ।

    ਉਨ੍ਹਾਂ ਵੱਲੋਂ ਬਹੁਤ ਸਾਰੀਆਂ ਬੇਮਿਸਾਲ ਪੁਸਤਕਾਂ ਦੀ ਰਚਨਾ ਕੀਤੀ ਗਈ। ਜਿਨ੍ਹਾਂ ਵਿਚੋਂ ਕੁਝ ਕੁ ਹਨ, ਜਾਤ ਪਾਤ ਦਾ ਬੀਜ ਨਾਸ਼, ਹਿੰਦੂ ਧਰਮ ਦੀਆਂ ਬੁਝਾਰਤਾਂ, ਬੁੱਧ ਅਤੇ ਉਸ ਦਾ ਧੰਮ, ਬੁੱਧ ਜਾਂ ਕਾਰਲ ਮਾਰਕਸ, ਥਾੱਟਸ ਆਨ ਪਾਕਿਸਤਾਨ, ਭਾਰਤ ਵਿੱਚ ਜਾਤੀ ਪ੍ਰਥਾ, ਹਿੰਦੂਤਵ ਦਾ ਦਰਸ਼ਨ ਆਦਿ। ਵੱਖ ਵੱਖ ਸਮਿਆਂ ਤੇ ਉਨ੍ਹਾਂ ਵੱਲੋਂ ਦਿੱਤੇ ਗਏ ਵਿਚਾਰਾਂ ਨੂੰ ਸਿੱਖਿਆ ਸ਼ਾਸਤਰੀਆਂ ਵੱਲੋਂ ਹਰ ਥਾਂ ਤੇ ਹਵਾਲਾ ਦਿੱਤਾ ਜਾਂਦਾ ਹੈ ਜਿਵੇਂ ਸਿੱਖਿਅਤ ਬਣੋ। ਸੰਗਠਿਤ ਰਹੋ। ਸੰਘਰਸ਼ ਕਰੋ। ਸਿੱਖਿਆ ਸ਼ੇਰਨੀ ਦਾ ਦੁੱਧ ਹੈ ਇਸ ਨੂੰ ਜੋ ਪੀਏਗਾ ਉਹ ਸ਼ੇਰ ਦੀ ਤਰ੍ਹਾਂ ਜ਼ਰੂਰ ਦਹਾੜੇਗਾ। ਬੁੱਧੀ ਦਾ ਵਿਕਾਸ ਮਾਨਵ ਅਸਤਿਤਵ ਦਾ ਅੰਤਿਮ ਉਦੇਸ਼ ਹੋਣਾ ਚਾਹੀਦਾ ਹੈ। ਕਿਸੇ ਵੀ ਕੌਮ ਦਾ ਵਿਕਾਸ ਉਸ ਕੌਮ ਦੀਆਂ ਔਰਤਾਂ ਦੇ ਵਿਕਾਸ ਨਾਲ ਹੁੰਦਾ ਹੈ। ਹਿੰਦੂਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਲਾਹੁਣਗੀਆਂ। ਮਾਤਭੂਮੀ ਦੀ ਰੱਖਿਆ ਲਈ ਮੈਂ ਆਪਣਾ ਜੀਵਨ ਤਿਆਗ ਦਿਆਂਗਾ। ਗਿਆਨ ਮਨੁੱਖ ਦੇ ਜੀਵਨ ਦਾ ਆਧਾਰ ਹੈ ਅਤੇ ਹੋਰ ਬਹੁਤ। ਭਾਰਤੀ ਤਿਰੰਗੇ ਵਿੱਚ ਅਸ਼ੋਕ ਚੱਕਰ ਨੂੰ ਥਾਂ ਦੇਣ ਦਾ ਕ੍ਰੈਡਿਟ ਡਾਕਟਰ ਅੰਬੇਦਕਰ ਨੂੰ ਜਾਂਦਾ ਹੈ। ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ ਜਿੱਤ ਚੁੱਕੇ ਅਰਥਸ਼ਾਸਤਰੀ ਅਮ੍ਰਿਤਯ ਸੇਨ ਅੰਬੇਦਕਰ ਸਾਹਿਬ ਨੂੰ ਅਰਥ ਸ਼ਾਸਤਰ ਵਿੱਚ ਆਪਣਾ ਪਿਤਾ ਮੰਨਦੇ ਹਨ। ਬਾਬਾ ਸਾਹਿਤ ਦੀ ਨਿੱਜੀ ਲਾਇਬਰੇਰੀ ਵਿੱਚ 50 ਹਜ਼ਾਰ ਤੋਂ ਜਿਆਦਾ ਕਿਤਾਬਾਂ ਸੀ ਜੋ ਸੰਸਾਰ ਦੀ ਸਭ ਤੋਂ ਵੱਡੀ ਲਾਇਬਰੇਰੀ ਸੀ। ਬਾਬਾ ਸਾਹਿਬ ਦੁਆਰਾ ਲਿਖੀ ਗਈ ਕਿਤਾਬ ‘ਵੇਟਿੰਗ ਫੋਰ ਵੀਜ਼ਾ’ ਕੋਲੰਬੀਆ ਵਿਸ਼ਵ ਵਿਦਿਆਲਿਆ ਵਿਚ ਟੈਕਸਟ ਬੁੱਕ ਹੈ। ਕੋਲੰਬੀਆ ਵਿਸ਼ਵ-ਵਿਦਿਆਲਾ ਨੇ 2004 ਵਿੱਚ ਸੰਸਾਰ ਦੇ ਪਹਿਲੇ 100 ਵਿਦਵਾਨਾਂ ਦੀ ਸੂਚੀ ਬਣਾਈ ਉਹਨਾਂ ਵਿਚੋਂ ਪਹਿਲਾ ਨਾਂ ਡਾਕਟਰ ਬੀ ਆਰ ਅੰਬੇਦਕਰ ਦਾ ਸੀ। ਉਨ੍ਹਾਂ ਦੀ ਜੈਯੰਤੀ ਪੂਰੇ ਸੰਸਾਰ ਵਿੱਚ ਮਨਾਈ ਜਾਂਦੀ ਹੈ। ਅੰਬੇਦਕਰ ਨੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 370 ਦਾ ਵਿਰੋਧ ਕੀਤਾ ਜਿਸ ਵਿੱਚ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਸੀ ਅਤੇ ਉਹਨਾਂ ਦੀਆਂ ਇਛਾਵਾਂ ਦੇ ਖਿਲਾਫ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ। ਬਾਬਾ ਸਾਹਿਬ ਨੇ ਸਪਸ਼ਟ ਕਿਹਾ ਸੀ ਕਿ ਉਹ ਹਿੰਦੂ ਪੈਦਾ ਹੋਏ ਹਨ ਪਰ ਹਿੰਦੂ ਮਰਨਗੇ ਨਹੀਂ। ਉਨ੍ਹਾਂ ਨੇ ਇਹ ਸੱਚ ਕਰ ਦਿਖਾਇਆ। ਪਰ ਧਰਮ ਪਰਿਵਰਤਨ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਨਿਰਪੱਖ ਹੋ ਕੇ ਭਾਰਤੀ ਧਰਮਾਂ ਦਾ ਅਧਿਐਨ ਕੀਤਾ ਕਿਉਂਕਿ ਉਹ ਕਿਸੇ ਵਿਦੇਸ਼ੀ ਧਰਮ ਨੂੰ ਧਾਰਨ ਨਹੀਂ ਕਰਨਾ ਚਾਹੁੰਦੇ ਸਨ। ਉਹਨਾਂ ਨੂੰ ਸਿੱਖ ਧਰਮ ਦੇ ਸਿਧਾਂਤਾਂ ਨੇ ਬਹੁਤ ਪ੍ਰਭਾਵਿਤ ਕੀਤਾ। ਪਰ ਜਦ ਉਨ੍ਹਾਂ ਨੇ ਇਸ ਧਰਮ ਦੀ ਉਸ ਸਮੇਂ ਵਰਤਮਾਨ ਪਰਿਸਥਿਤੀ ਦੇਖੀ ਤਾਂ ਉਹਨਾਂ ਨੂੰ ਸਮਝਣ ਵਿੱਚ ਦੇਰ ਨਾ ਲੱਗੀ ਕਿ ਭਾਵੇਂ ਇਸ ਦੇ ਸਿਧਾਂਤ ਬਹੁਤ ਵਧੀਆ ਹਨ ਪਰ ਇਹ ਹਿੰਦੂ ਧਰਮ ਦੀਆਂ ਪੈੜਾਂ ਤੇ ਹੀ ਕੰਮ ਕਰ ਰਿਹਾ ਹੈ। ਉਸ ਸਮੇਂ ਦੇ ਲੀਡਰ ਵੀ ਡਾਕਟਰ ਸਾਹਿਬ ਦੇ ਸਿੱਖ ਧਰਮ ਸਵੀਕਾਰ ਕਰਨ ਤੋਂ ਕੰਨੀ ਕਤਰਾਉਂਦੇ ਦਿਖਾਈ ਦਿੱਤੇ। ਅੰਤ ਨੂੰ ਉਨ੍ਹਾਂ ਨੇ ਗੰਭੀਰ ਸੋਚ ਵਿਚਾਰ ਤੋਂ ਬਾਅਦ ਬੁੱਧ ਧਰਮ ਨੂੰ ਸਵੀਕਾਰ ਕਰਨ ਦਾ ਫੈਸਲਾ ਲਿਆ ਅਤੇ 14 ਅਕਤੂਬਰ 1956 ਨੂੰ ਨਾਗਪੁਰ ਵਿਖੇ ਇੱਕ ਸਮਾਰੋਹ ਵਿੱਚ ਮਹਾਨ ਬੋਧੀ ਚੰਦਰਮਣੀ ਤੋਂ ਪਰੰਪਰਾਗਤ ਤਰੀਕੇ ਨਾਲ ਪੰਚਸ਼ੀਲ ਨੂੰ ਅਪਣਾਉਂਦੇ ਹੋਏ ਲਗਭਗ ਦਸ ਲੱਖ ਪੈਰੋਕਾਰਾਂ ਦੀ ਹਾਜ਼ਰੀ ਵਿੱਚ ਬੁੱਧ ਧਰਮ ਨੂੰ ਅਪਨਾ ਲਿਆ। ਅੰਬੇਦਕਰ ਸਾਹਿਬ ਨੂੰ ਸਨਮਾਨ ਦਿੰਦੇ ਹੋਏ ਕਈ ਸੰਸਥਾਵਾਂ ਅਤੇ 11 ਵਿਸ਼ਵ ਵਿਦਿਆਲਾ ਨੇ ਉਨ੍ਹਾਂ ਦੇ ਨਾਂ ਤੇ ਨਾਂ ਰੱਖੇ ਜਿਵੇਂ ਕਿ ਬਾਬਾ ਸਾਹਿਬ ਅੰਬੇਦਕਰ ਅੰਤਰਰਾਸ਼ਟਰੀ ਵਿਮਾਨ ਖੇਤਰ, ਡਾਕਟਰ ਬੀ ਆਰ ਅੰਬੇਦਕਰ ਰਾਸ਼ਟਰੀ ਪ੍ਰੌਦਯੌਧਿਕੀ ਸੰਸਥਾਨ ਜਲੰਧਰ, ਅੰਬੇਦਕਰ ਵਿਸ਼ਵ-ਵਿਦਿਆਲਾ ਦਿੱਲੀ ਆਦਿ ਸ਼ਾਮਿਲ ਹਨ। ਬਾਬਾ ਸਾਹਿਬ ਦੀ 125ਵੀਂ ਜੈਯੰਤੀ ਸੰਯੁਕਤ ਰਾਸ਼ਟਰ ਸੰਘ ਵਿੱਚ ਮਨਾਈ ਗਈ ਸੀ ਜਿੱਥੇ ਸੰਘ ਨੇ ਉਨ੍ਹਾਂ ਨੂੰ ਵਿਸ਼ਵ ਦਾ ਪ੍ਰਣੇਤਾ ਕਿਹਾ ਸੀ। ਭਾਰਤ ਦੇ ਇਸ ਮਹਾਨ ਸਪੂਤ ਨੂੰ ਹਮੇਸ਼ਾਂ ਸ਼ਰਧਾ ਨਾਲ ਯਾਦ ਰੱਖਿਆ ਜਾਵੇਗਾ।

    ਸਾਨੂੰ ਉਨ੍ਹਾਂ ਵੱਲੋਂ ਦਿੱਤੇ ਗਏ ਸਮਤਾ, ਸੁਤੰਤਰਤਾ ਅਤੇ ਭਾਈਚਾਰੇ ਦੇ ਸਿਧਾਂਤ ਤੇ ਚੱਲਦਿਆਂ ਹੋਇਆਂ, ਜ਼ਾਤ-ਪਾਤ ਦੇ ਵਖਰੇਵੇਂ ਚੋਂ ਨਿਕਲਦਿਆਂ ਹੋਇਆਂ ਮਾਨਵ ਪ੍ਰੇਮੀ ਬਣਨ ਦੀ ਲੋੜ ਹੈ। ਅੰਤ ਵਿੱਚ ਮੈਂ ਕਹਿਣਾ ਚਾਹੁੰਦੀ ਹਾਂ ਕਿ ਬਾਬਾ ਸਾਹਿਬ ਕਿਸੇ ਇਕ ਜਾਤ ਤੱਕ ਸੀਮਤ ਨਾ ਹੋ ਕੇ ਦੇਸ਼ ਅਤੇ ਵਿਸ਼ਵ ਲਈ ਪ੍ਰੇਰਨਾ ਸਰੋਤ ਹਨ। ਇਸ ਲਈ ਇਹਨਾਂ ਨੂੰ ਕਿਸੇ ਵਿਸ਼ੇਸ਼ ਵਰਗ ਵੱਲੋਂ ਹੀ ਨਹੀਂ ਬਲਕਿ ਹਰ ਇੱਕ ਨਾਗਰਿਕ ਨੂੰ ਬੜੀ ਸ਼ਰਧਾ ਨਾਲ ਪੜ੍ਹਨਾ ਅਤੇ ਇਨ੍ਹਾਂ ਦੀਆਂ ਸਿੱਖਿਆਵਾਂ ਉਪਰ ਚਲਣਾ ਚਾਹੀਦਾ ਹੈ। ਮੇਰਾ ਇਸ ਯੁਗ ਪਰਿਵਰਤਕ ਮਹਾਨ ਵਿਅਕਤੀ ਨੂੰ ਕੋਟਿ ਕੋਟਿ ਪ੍ਰਨਾਮ।

    ਪੂਜਾ ਸ਼ਰਮਾ
    ਲੈਕਚਰਾਰ ਅੰਗਰੇਜ਼ੀ
    ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ
    ਨਵਾਂਸ਼ਹਿਰ ,(ਸ਼ਹੀਦ ਭਗਤ ਸਿੰਘ ਨਗਰ)
    9914459033

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!