ਅੰਮ੍ਰਿਤਸਰ,(ਰਾਜਿੰਦਰ ਰਿਖੀ)
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਗੁਰਦੁਆਰਾ ਸਾਹਿਬਾਨਾਂ ਵਿੱਚ ਪਾਠੀ ਸਿੰਘਾਂ ਦੀ ਡਿਊਟੀ ਦੀ ਸੇਵਾ ਨਿਭਾਅ ਰਹੇ ਇਹ ਗੁਰੂ ਦੇ ਵਜ਼ੀਰ ਦਾ ਰੁਤਬਾ ਹਾਸਲ ਕਰਨ ਵਾਲੇ ਗੁਰਸਿੱਖ ਇਸ ਵਕਤ ਆਪਣੇ ਪਰਿਵਾਰਾਂ ਲਈ ਦੋ ਪਲ ਦੀ ਰੋਟੀ ਦਾ ਜੁਗਾੜ ਕਰਨ ਤੋਂ ਵੀ ਅਸਮਰਥ ਹੋ ਗੲੇ ਹਨ । ਜਿਸਦਾ ਮੁੱਖ ਕਾਰਨ ਚੱਲ ਰਹੇ ਕਰੋਨਾ ਵਾਇਰਸ ਦੇ ਸੰਕਟ ਕਾਰਨ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸ਼ਾਸਨ ਨਾਲ ਗੱਲਬਾਤ ਕਰਦਿਆਂ ਇਹ ਫੈਸਲਾ ਕੀਤਾ ਗਿਆ ਸੀ ਕਿ ਸਾਰੇ ਗੁਰੂ ਘਰਾਂ ਵਿੱਚ ਚੱਲ ਰਹੇ ਸ੍ਰੀ ਆਖੰਡ ਪਾਠ ਸਾਹਿਬ ਬੰਦ ਕਰਨਾ ਹੀ ਸਭ ਦੀ ਭਲਾਈ ਹੈ। ਪਰ ਇਹ ਵਿਚਾਰ ਨਹੀਂ ਕੀਤਾ ਕਿ ਪਾਠੀ ਸਿੰਘਾਂ ਬਾਰੇ ਕੋਈ ਬਦਲਵੇਂ ਪ੍ਰਬੰਧ ਕੀਤੇ ਜਾਣ ਜਾਂ ਫਿਰ ਜਿੰਨੀ ਦੇਰ ਪਾਠ ਬੰਦ ਰਹਿੰਦੇ ਹਨ। ਪਾਠੀ ਸਿੰਘਾਂ ਨੂੰ ਕੋਈ ਨਾ ਕੋਈ ਵਿੱਤੀ ਸਹਾਇਤਾ ਦਿੱਤੀ ਜਾਵੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸਭ ਵਿਚਾਰਨਾ ਜ਼ਰੂਰੀ ਨਹੀਂ ਸਮਝਿਆ।
ਉਹ ਗਰੀਬ ਪਾਠੀ ਸਿੰਘ ਜਿੰਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਕੇਵਲ ਸ੍ਰੀ ਆਖੰਡ ਪਾਠ ਸਾਹਿਬ ਜੀ ਦੀਆਂ ਡਿਊਟੀਆਂ ਲਗਾ ਕੇ ਮਿਲਣ ਵਾਲੇ ਵੇਤਨ (7-8 ਹਜ਼ਾਰ ਰੁਪਏ ) ਨਾਲ ਹੀ ਚੱਲਦਾ ਸੀ ਉਹ ਪਾਠੀ ਪਾਠ ਬੰਦ ਹੋਣ ਕਾਰਨ ਵਿਹਲੇ ਬੈਠੇ ਹਨ । ਉੱਥੇ ਇਹਨਾਂ ਕੋਲ ਨਾਂ ਤਾਂ ਖਾਣ ਲਈ ਰਾਸ਼ਨ ਹੈ ਅਤੇ ਨਾਂ ਹੀ ਕੋਈ ਪੈਸਾ। ਕੁਝ ਗਰੀਬ ਪਾਠੀ ਸਿੰਘਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ, ਹੋਰਾਂ ਪਾਸੋਂ ਮੰਗ ਕਰਦਿਆਂ ਕਿਹਾ ਕਿ ਜਿਵੇਂ ਤੁਸੀਂ ਮੀਡੀਆ ਭਾਈਚਾਰੇ ਦੇ ਲੋਕਾਂ ਦਾ ਸਨਮਾਨ ਅਤੇ ਸਹੂਲਤਾਂ ਮੁਹੱਈਆ ਕਰਵਾ ਰਹੇ ਹੋ। ਇਸੇ ਤਰ੍ਹਾਂ ਪਾਠੀ ਸਿੰਘਾਂ ਨੂੰ ਵੀ ਸਹੂਲਤਾਂ ਦਿੱਤੀਆਂ ਜਾਣ।
ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਸੰਕਟ ਦੇ ਸਮੇਂ ਵਿੱਚ ਚੱਲ ਰਹੇ ਅੌਖੇ ਦਿਨਾਂ ਅਤੇ ਸਾਡੇ ਭੁੱਖੇ ਬੈਠੇ ਬੱਚਿਆਂ ਅਤੇ ਪਰਿਵਾਰਾਂ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਸਾਨੂੰ ਮਾਲੀ ਸਹਾਇਤਾ ਦੇ ਕੇ ਜ਼ਰੂਰ ਮਦਦ ਕਰੇ। ਉਹਨਾਂ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਸਾਨੂੰ ਹੋਰਾਂ ਕਿਰਤੀਆਂ ਅਤੇ ਮਜ਼ਦੂਰਾਂ ਦੀ ਗਿਣਤੀ ਵਿੱਚ ਸ਼ਾਮਲ ਕਰਕੇ ਯੋਗ ਸਹਾਇਤਾ ਪਹੁੰਚਾਈ ਜਾਵੇ।