ਹਰਪ੍ਰੀਤ ਸਿੰਘ ਲਲਤੋਂ
ਪੈਸਾ ਟਕਾ ਨੀ ਮੈਨੂੰ ਚਾਹੀਦਾ,
ਨਾ ਸੂਟ ਕੋਈ ਮਹਿੰਗੇ ਭਾਅਦਾ।
ਰੱਖੜੀ ਬਦਲੇ ਨਾ ਹੀ ਮੰਗਦੀ,
ਤੇਰੇ ਤੋਂ ਰੱਖਿਆ ਦਾ ਵਾਅਦਾ।
ਕਰ ਵਾਅਦਾ ਬੰਨੂ ਫੇਰ ਰੱਖੜੀ,
ਨਸ਼ੇ ਨੂੰ ਨਾ ਪਾਵੇਂਗਾ ਗੱਲਵੱਕੜੀ,
ਰਾਹ ਸਿਵਿਆਂ ਦੇ ਲੈ ਜਾਂਦੇ, ਲਏ ਪੁੱਠੇ ਪੰਗੇ ਆ,
ਵੀਰਾ ਵੇਖ ਨਾ ਸਕਦੀ ,ਤੇਰੀ ਫੋਟੋ ਤੇ ਹਾਰ ਟੰਗਿਆ।
ਨਸ਼ਿਆ ਤੋਂ ਤੈਨੂੰ ਦੂਰ ਰੱਖੇ ,ਰੱਬ ਤੋਂ ਏਹੀ ਮੰਗਿਆ।
ਦਿਲ ਡਰਦਾ ਰਹਿੰਦਾ, ਕਿਤੇ ਹੋ ਨਾ ਜਾਵੇ ਉੰਨੀ ਇੱਕੀ,
ਪੇਕੇ ਪਿੰਡ ਪਵੇ ਨਾ ਆਉਣਾ ,ਕਦੇ ਲੈ ਕੇ ਚੁੰਨੀ ਫਿੱਕੀ।
ਮੁੜ ਕੇ ਹੱਥ ਨੀ ਆਉਂਦਾ ਵੇਲਾ, ਹੱਥੋਂ ਕੇਰਾਂ ਜੋ ਲੰਘਿਆ,
ਵੀਰਾ ਵੇਖ ਨਾ ਸਕਦੀ……….।
ਤੋਤਲੀ ਜੁਬਾਨ ਤੇਰੀ ਨੂੰ ਮੈਂ ,ਸਿਖਾਇਆ ਕਹਿਣਾ ੳ,
ਮੈਂ ਛੋਟੇ ਹੁੰਦੇ ਦੇ ਸਿਰ ਤੇ ਤੇਰੇ, ਕਰਦੀ ਰਹੀ ਆਂ ਜੂੜਾ,
ਉਹੀ ਲੈ ਕੇ ਦਿੱਤਾ ਤੈਨੂੰ ,ਜੋ ਤੂੰ ਸੀ ਮੇਰੇ ਕੋਲੋਂ ਮੰਗਿਆ,
ਵੀਰਾ ਵੇਖ ਨਾ ਸਕਦੀ……।
ਦਿਲ ਉਹਦਾ ਪੁੱਛਿਆਂ ਜਾਣੇ, ਜਿਹਨੂੰ ਪਵੇ ਦੁੱਖ ਇਹ ਸਹਿਣਾ,
ਲੋਥਾਂ ਸਿਰ ਸਜਾਉਂਦੀਆਂ ਨੇ ਸਿਹਰਾ ,ਕਰਮਾਂ ਮਾਰੀਆਂ ਭੈਣਾਂ।
ਤੜਫ ਤੜਫ ਦਮ ਨਿਕਲੇ,ਜਿਹਨੂੰ ਨਸ਼ੇ ਦੇ ਸੱਪ ਨੇ ਡੰਗਿਆ,
ਵੀਰਾ ਵੇਖ ਨਾ ਸਕਦੀ……..।
ਬਾਪੂ ਦੇ ਮੋਢਿਆਂ ਦਾ ਭਾਰ ਚੱਕੀਂ,ਨਾ ਮੋਢਿਆਂ ਦਾ ਭਾਰ ਬਣੀ,
ਬੁੱਢੀਆਂ ਅੱਖਾਂ ਸੰਜੋਈ ਬੈਠੀਆਂ,ਖ਼ਵਾਬ ਸਾਰੇ ਸਾਕਾਰ ਕਰੀਂ,
ਕਹਿਣੇ ਵਿੱਚ ਰਹਿੰਦੇ ਲਲਤੋਂ, ਜੋ ਧੀ ਪੁੱਤ ਹੁੰਦੇ ਚੰਗੇ ਆ,
ਵੀਰਾ ਵੇਖ ਨਾ ਸਕਦੀ…….।