ਅਸ਼ੋਕ ਵਰਮਾ
ਬਠਿੰਡਾ
ਪੰਜਾਬ ਸਰਕਾਰ ਵੱਲੋਂ ਸੂਬੇ ਦੀ ਇੰਡਸਟਰੀ ਉੱਤੇ ਸ਼ਾਮੀ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਪੀਕ ਲੋਡ ਚਾਰਜਿਜ਼ ਦੇ ਨਾਂ ‘ਤੇ ਪ੍ਰਤੀ ਯੂਨਿਟ 2 ਰੁਪਏ ਮਹਿੰਗੀ ਕੀਤੀ ਬਿਜਲੀ ਦੇ ਫ਼ੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕਰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਸ ਨੂੰ ਤੁਗ਼ਲਕੀ ਫ਼ਰਮਾਨ ਕਿਹਾ ਹੈ। ਪਾਰਟੀ ਦੇ ਵਪਾਰ ਵਿੰਗ ਦੇ ਸੂਬਾ ਵਾਈਸ ਪ੍ਰਧਾਨ ਅਨਿਲ ਠਾਕੁਰ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਪਹਿਲੀ ਹੀ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਸਨਅਤ ਬਾਰੇ ਕਾਂਗਰਸ ਦੀ ਸਰਕਾਰ ਐਨੀ ਨਿਰਦਈ ਕਿਉਂ ਹੋ ਗਈ ਹੈ। ਆਗੂ ਨੇ ਕਿਹਾ ਕਿ ਕੈਪਟਨ ਅਜਿਹੇ ਫ਼ਰਮਾਨ ਜਾਰੀ ਕਰਕੇ ਪੰਜਾਬ ਵਿਚੋਂ ਇੰਡਸਟਰੀ ਦਾ ਨਾਮੋ ਨਿਸ਼ਾਨ ਮਿਟਾਉਣਾ ਚਾਹੁੰਦੀ ਹੈ। ਉਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਕੀਤਾ ਸੀ ਜਿਸ ਨੂੰ ਪੂਰਾ ਕਰਨ ਦੀ ਥਾਂ 9 ਤੋਂ 10 ਰੁਪਏ ਪ੍ਰਤੀ ਯੂਨਿਟ ਲਾਏ ਜਾ ਰਹੇ ਸਨ ਜਦੋਂਕਿ ਹਾਲ ਹੀ ’ਚ ਜਾਰੀ ਫ਼ਰਮਾਨ ਮੁਤਾਬਿਕ ਕਰੀਬ 11 ਤੋਂ 12 ਰੁਪਏ ਪ੍ਰਤੀ ਯੂਨਿਟ ਬਿਜਲੀ ਪਏਗੀ।
ਅਨਿਲ ਠਾਕੁਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਲੇਖ ਲਿਖਿਆ ਸੀ ਜਿਸ ਵਿੱਚ ਉਨਾਂ ਨੇ ਕਿਹਾ ਕਿ ਮੈਂ ਆਪਣੇ ਚੋਣ ਮੈਨੀਫੈਸਟੋ ‘ਚ ਜਿੰਨੇ ਵੀ ਵਾਅਦੇ ਕੀਤੇ ਸਨ ਉਹ ਪੂਰੇ ਕਰ ਦਿੱਤੇ ਹਨ, ਇਹ ਸਰਾਸਰ ਝੂਠ ਹੈ। ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇੱਕੋ-ਇੱਕ ਵਾਅਦਾ ਪੰਜਾਬ ਦੀ ਇੰਡਸਟਰੀ ਨਾਲ ਕੀਤਾ ਸੀ ਕਿ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਫਿਕਸਡ ਚਾਰਜ ਦੀ ਸਹੂਲਤ ਦਿੱਤੀ ਜਾਵੇਗੀ, ਪਰੰਤੂ ਸਾਢੇ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਵਾਅਦਾ ਪੂਰਾ ਨਹੀਂ ਹੋਇਆ ਹੈ।ਆਪ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਮਹਾਂਮਾਰੀ ਦੌਰਾਨ ਸਨਟਤਕਾਰਾਂ ਨਾਲ ਵਾਅਦਾ ਕੀਤਾ ਕਿ 300 ਕਰੋੜ ਰੁਪਏ ਦਾ ਇੱਕ ਰਿਲੀਫ ਪੈਕੇਜ, ਜਿਸ ਵਿਚ ਐਮਐਸ (ਮਿਡਲ ਸਕੇਲ ਅਤੇ ਲਾਰਜ ਸਕੇਲ) ਦੇ ਜਿਹੜੇ ਵੀ ਫਿਕਸਡ ਖ਼ਰਚੇ ਸਨ ਉਨਾਂ ਨੂੰ ਮਾਫ਼ ਕਰ ਦਿੱਤਾ ਜਾਵੇਗਾ, ਜਿਸ ਤਂ ਵੀ ਕੈਪਟਨ ਪਲਟ ਗਏ ਹਨ। ਉਹਨਾਂ ਕਿਹਾ ਕਿ 20 ਹਜ਼ਾਰ ਰੁਪਏ ਦਾ ਫਾਇਰ ਸੈਸ ਲਾਉਣ ਨਾਲ ਵੀ ਬੋਝ ਪਵੇਗਾ। ਅਨਿਲ ਠਾਕੁਰ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਹ ਤੁਗ਼ਲਕੀ ਫ਼ਰਮਾਨ ਵਾਪਸ ਨਾ ਲਿਆ ਤਾਂ ‘ਆਪ’ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕਰੇਗੀ।