ਅੱਜ ਦੇ ਸਮੇਂ ਕਰੋਨਾ ਮਹਾਂਮਾਰੀ ਨੇ ਸਾਰਿਆਂ ਨੂੰ ਘਰ ਬੈਠਣ ਲਈ ਮਜਬੂਰ ਕਰ ਦਿੱਤਾ ਹੈ। ਹਰ ਕੋਈ ਘਰ ਦੇ ਅੰਦਰ ਕੈਦ ਹੋ ਕੇ ਰਹਿ ਗਿਆ ਹੈ ।ਇਸ ਮੁਸੀਬਤ ਦੀ ਘੜੀ ਦੇ ਵਿੱਚ ਦੁਨੀਆਂ ਦੇ ਸਾਰੇ ਕੰਮਕਾਰ ਠੱਪ ਹੋ ਚੁੱਕੇ ਹਨ ।ਸਭ ਤੋਂ ਵੱਡਾ ਨੁਕਸਾਨ ਬੱਚਿਆਂ ਦੀ ਪੜ੍ਹਾਈ ਦਾ ਹੋ ਰਿਹਾ ਹੈ ਕਿਉਂਕਿ ਬੱਚਿਆਂ ਨੇ ਜੋ ਸਿਲੇਬਸ ਸਾਲ ਦੇ ਦੌਰਾਨ ਕਰਨਾ ਸੀ ਉਹ ਉਸ ਤੋਂ ਵਾਂਝੇ ਹੋ ਚੁੱਕੇ ਹਨ । ਪਰ ਸਾਡੇ ਸਿੱਖਿਆ ਵਿਭਾਗ ਅਤੇ ਅਧਿਆਪਕਾਂ ਦੁਆਰਾ ਇਸ ਔਖੀ ਘੜੀ ਦੇ ਵਿੱਚ ਆਪਣਾ ਹੌਸਲਾ ਨਹੀਂ ਛੱਡਿਆ ਅਤੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਨਵੇਂ ਨਵੇਂ ਤਜਰਬੇ ਕੀਤੇ। ਅਧਿਆਪਕ ਦੁਆਰਾ ਬੱਚਿਆਂ ਨੂੰ ਆਨਲਾਈਨ ਕਲਾਸਾਂ ਟੈਲੀਵਿਜ਼ਨ ਰਾਹੀਂ ਅਤੇ ਵਟਸਐੱਪ ਗਰੁੱਪ ਬਣਾ ਕੇ ਕੰਮ ਦਿੱਤਾ ਜਾ ਰਿਹਾ ਹੈ । ਬੱਚਿਆਂ ਲਈ ਇਹ ਨਵੀਂ ਆਸ ਦੀ ਕਿਰਨ ਬਹੁਤ ਹੀ ਵਰਦਾਨ ਸਿੱਧ ਹੋ ਰਹੀ ਹੈ । ਅਧਿਆਪਕ ਬੜੀ ਮਿਹਨਤ ਨਾਲ ਲੈਸਨ ਤਿਆਰ ਕਰਕੇ ਬੱਚਿਆਂ ਨੂੰ ਵਟਸਐਪ ਗਰੁੱਪਾਂ ਰਾਹੀਂ ਭੇਜ ਦੇ ਹਨ। ਇਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਹੋ ਰਿਹਾ ਸਗੋਂ ਬੱਚੇ ਅਤੇ ਮਾਪੇ ਆਨਲਾਈਨ ਜਮਾਤਾਂ ਤੋਂ ਖੁਸ਼ ਹਨ। ਸਰਕਾਰੀ ਸਕੂਲ ਜੋ ਕਿ ਬੱਚਿਆਂ ਨੂੰ ਬਿਲਕੁਲ ਮੁਫ਼ਤ ਵਿੱਦਿਆ ਦੇ ਰਹੇ ਹਨ ਦੇ ਅਧਿਆਪਕਾਂ ਦੁਆਰਾ ਬੜੀ ਮਿਹਨਤ ਅਤੇ ਸ਼ਿੱਦਤ ਨਾਲ ਆਨਲਾਈਨ ਕਲਾਸਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਪ੍ਰੇਰਨਾ ਸਦਕਾ ਪੂਰੇ ਪੰਜਾਬ ਅੰਦਰ ਬੱਚਿਆਂ ਨੂੰ ਆਨਲਾਈਨ ਰਾਹੀਂ ਪੜ੍ਹਾਇਆ ਜਾ ਰਿਹਾ ਹੈ। ਸਿੱਖਿਆ ਵਿਭਾਗ ਦੁਆਰਾ ਡੀਡੀ ਪੰਜਾਬੀ ਉੱਪਰ ਬਹੁਤ ਹੀ ਵਧੀਆ ਅਤੇ ਉੱਚ ਕੁਆਲਿਟੀ ਦੇ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ। ਟੈਲੀਵਿਜ਼ਨ ਦੇ ਸਾਰੇ ਲੈਸਨ ਅਧਿਆਪਕਾਂ ਦੁਆਰਾ ਹੀ ਤਿਆਰ ਕੀਤੇ ਜਾਂਦੇ ਹਨ ਅਤੇ ਐਤਵਾਰ ਵਾਲੇ ਦਿਨ ਬੱਚਿਆਂ ਨੂੰ ਸੱਭਿਆਚਾਰਕ ਗਤੀਵਿਧੀਆਂ ਨਾਲ ਵੀ ਜੋੜਿਆ ਜਾਂਦਾ ਹੈ। ਲਾਕਡਾਊਨ ਦੌਰਾਨ ਸਿੱਖਿਆ ਵਿਭਾਗ ਦਾ ਇਹ ਉਪਰਾਲਾ ਬੱਚਿਆਂ ਨੂੰ ਨਵੀਂ ਦਿਸ਼ਾ ਦੇ ਰਿਹਾ ਹੈ । ਸਮੁੱਚੇ ਪੰਜਾਬ ਅੰਦਰ ਆਨਲਾਈਨ ਦਾਖਲਿਆਂ ਦੀ ਇੱਕ ਬਹੁਤ ਵੱਡੀ ਮੁਹਿੰਮ ਚੱਲ ਰਹੀ ਹੈ । ਇਸ ਸਾਲ ਸਰਕਾਰੀ ਸਕੂਲਾਂ ਵਿੱਚ ਦਾਖ਼ਲਿਆਂ ਦਾ ਰਿਕਾਰਡ ਵਾਧਾ ਹੋਇਆ ਹੈ। ਗੁਰੂ ਸ੍ਰੀ ਤੇਗ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਦਿਵਸ ਦੇ ਮੌਕੇ ਸਿੱਖਿਆ ਵਿਭਾਗ ਦੁਆਰਾ ਆਨਲਾਈਨ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਵਿੱਚ ਬੱਚੇ ਬਹੁਤ ਹੀ ਉਤਸ਼ਾਹ ਨਾਲ ਭਾਗ ਲੈ ਰਹੇ ਹਨ। ਜਿੱਥੇ ਇਨ੍ਹਾਂ ਮੁਕਾਬਲਿਆਂ ਵਿੱਚ ਬੱਚਿਆਂ ਵਿੱਚ ਨੈਤਿਕਤਾ ਦਾ ਗੁਣ ਪੈਦਾ ਹੁੰਦਾ ਹੈ ਨਾਲ ਨਾਲ ਬੱਚੇ ਆਪਣੇ ਵਿਰਸੇ ਨਾਲ ਵੀ ਜੁੜਦੇ ਹਨ । ਲਾਕਡਾਊਨ ਦੌਰਾਨ ਸਿੱਖਿਆ ਵਿਭਾਗ ਦਾ ਉਪਰਾਲਾ ਅਤੇ ਅਧਿਆਪਕਾਂ ਦੀ ਮਿਹਨਤ ਦੁਆਰਾ ਬੱਚਿਆਂ ਨੂੰ ਪੜ੍ਹਾਈ ਨਾਲ ਜੋੜਨ ਦਾ ਬਹੁਤ ਸ਼ਲਾਘਾਯੋਗ ਕਦਮ ਹੈ ।
ਨਿਰਭੈ ਸਿੰਘ ਭੁੱਲਰ
ਸਪਸ ਭੂੰਦੜ (ਬਠਿੰਡਾ)
9417195339