15.2 C
United Kingdom
Wednesday, May 8, 2024

More

    ਨਾਵਲ- ‘ਬੋਦੀ ਵਾਲ਼ਾ ਤਾਰਾ ਚੜ੍ਹਿਆ’ (13)

    ਕਾਂਡ 13

    ਜਿਵੇਂ ਖ਼ੂਹ ਦੀ ਪੱਕੀ ਮੌਣ ‘ਤੇ ਕੱਚਾ ਘੜ੍ਹਾ ਟੋਆ ਪਾ ਦਿੰਦੈ, ਓਸੇ ਤਰ੍ਹਾਂ ਸੁੱਖੀ ਦੇ ਵਾਰ-ਵਾਰ ਵੱਜਦੇ ਗੇੜੇ ਰੰਗ ਲਿਆਏ! ਬਾਬਾ ਜੀ ਨੂੰ ਲਿਆਉਣ ਲਈ ਕੈਲਾ ਅੱਧ-ਪਚੱਧ ਸਹਿਮਤ ਹੋ ਗਿਆ। ਟਿੱਬੀ ਵਾਲ਼ੇ ਬਾਬਾ ਜੀ ਨੂੰ ਲਿਆਉਣ ਦੀ ਤਿਆਰੀ ਬੱਝ ਗਈ। ਸਾਰਾ ਘਰ ਲਿੱਪਿਆ-ਪੋਚਿਆ ਅਤੇ ਧੋਤਾ ਗਿਆ। ਕੈਲੇ ਦੇ ਘਰਵਾਲ਼ੀ ਜਮੀਤ ਕੌਰ ਦੀ ਅੱਡੀ ਨਹੀਂ ਲੱਗਦੀ ਸੀ। ਉਹਨਾਂ ਦੇ ਘਰ ਸੰਤ ਬਾਬਾ ਜੀ ਦੇ ਚਰਨ ਪੈਣੇ ਸਨ, ਜਿਹਨਾਂ ਨੇ ਉਹਨਾ ਦੀ ਕਾਇਆ ਹੀ ਪਲਟ ਕੇ ਰੱਖ ਦੇਣੀ ਸੀ। ਸਾਰੀ ਜ਼ਿੰਦਗੀ ਉਸ ਨੇ ਗਰੀਬੀ ਹੀ ਦੇਖੀ ਅਤੇ ਫ਼ਾਕੇ ਹੀ ਕੱਟੇ ਸਨ। ਹੁਣ ਟਿੱਬੀ ਵਾਲ਼ੇ ਬਾਬਾ ਜੀ ਦੀ ਮਿਹਰ ਸਦਕਾ ਉਹਨਾਂ ਦੇ ਦਿਨ ਫ਼ਿਰ ਜਾਣੇ ਸਨ ਅਤੇ ਉਹਨਾਂ ਨੇ ਵੀ ਪੈਸੇ ਵਿਚ ਖੇਡਣ ਲੱਗ ਜਾਣਾ ਸੀ। ਉਹਨਾਂ ਦੀ ਵੀ ਕਿਸਮਤ ਖੁੱਲ੍ਹ ਜਾਣੀ ਸੀ। ਬਾਰਾਂ ਵਰ੍ਹਿਆਂ ਬਾਅਦ ਤਾਂ ਕਹਿੰਦੇ ਰੂੜੀ ਦੀ ਵੀ ਸੁਣੀ ਜਾਂਦੀ ਐ, ਜਮੀਤ ਕੌਰ ਸੋਚਦੀ ਫ਼ਿਰਦੀ ਸੀ।
    ਸੁੱਖੀ ਨੇ ਟਿੱਬੀ ਵਾਲ਼ੇ ਬਾਬਾ ਜੀ ਤੋਂ ਦਿਨ ਲੈ ਲਿਆ।
    ਸੰਗਰਾਂਦ ਦਾ ਦਿਨ ਮਿਲ਼ਿਆ ਸੀ।
    ਧੂਫ਼-ਦੀਪ ਅਤੇ ਹੋਰ ਸਾਮੱਗਰੀ ਲਿਆਂਦੀ ਜਾ ਚੁੱਕੀ ਸੀ। ਬਾਬਾ ਜੀ ਦੇ ‘ਸਖ਼ਤ’ ਹੁਕਮ ਨੂੰ ਸਿਰ-ਮੱਥੇ ਮੰਨਦਿਆਂ ਉਹਨਾਂ ਨੇ ਕਿਸੇ ਕੋਲ ਇਸ ਗੱਲ ਦੀ ਭਾਫ਼ ਨਹੀਂ ਕੱਢੀ ਸੀ। ਬਾਬਾ ਜੀ ਨੇ ‘ਗੁਪਤ’ ਹੀ ਆਉਣਾ ਸੀ ਅਤੇ ਉਹਨਾਂ ਦਾ ਪਾਰ-ਉਤਾਰਾ ਕਰ ਕੇ ḔਗੁਪਤḔ ਹੀ ਵਾਪਸ ਪਰਤ ਜਾਣਾ ਸੀ। ਸਾਰਾ ਟੱਬਰ ਹੱਥਾਂ-ਪੈਰਾਂ ਵਿਚ ਆਇਆ ਹੋਇਆ ਸੀ।
    ਸੁੱਖੀ ਜੇਤੂਆਂ ਵਾਂਗ ਘਰ ਵਿਚ ਫ਼ਿਰਦੀ ਸੀ।
    ਅਖ਼ੀਰ ਭਾਗਾਂ ਭਰਿਆ ਦਿਨ ਆਇਆ।
    ਬਾਬਾ ਜੀ ਹੋਰਾਂ ਨੇ ਆ ਦਰਸ਼ਣ ਦਿੱਤੇ। ਉਹਨਾਂ ਨੇ ਲਾਲ ਕੰਨੀਂ ਵਾਲ਼ਾ ਕਾਲ਼ਾ ਚੋਲ਼ਾ ਪਹਿਨਿਆ ਹੋਇਆ ਸੀ ਅਤੇ ਹੱਥ ਵਿਚ ਉਨ ਦੀ ਮਾਲ਼ਾ ਸੀ। ਜਦ ਬਾਬਾ ਜੀ ਚਿਲਮ ਵਿਚੋਂ ਲੰਮਾਂ ਸੂਟਾ ਮਾਰਦੇ ਤਾਂ ਚਿਲਮ ਵਿਚੋਂ ਸਤਰੰਗੀ ਲਾਟ ਨਿਕਲ਼ਦੀ ਅਤੇ ਬਾਬਾ ਜੀ ਦੀਆਂ ਅੱਖਾਂ ਦਾ ਰੰਗ ਜੋਗੀਆ ਹੋ ਜਾਂਦਾ। ਮਸਤੀ ਨਾਲ਼ ਉਹ ਝੂੰਮਦੇ ਕੁਝ ਮੂੰਹੋਂ ਬੋਲਦੇ, ਪਰ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਕਦੇ ਘੋੜੇ ਵਾਂਗ ਫ਼ਰਾਟਾ ਜਿਹਾ ਮਾਰਦੇ ਅਤੇ ਮੁੜ ਫ਼ੌਲਾਦੀ ਚੁੱਪ ਵੱਟ ਲੈਂਦੇ।
    ਸਾਰਾ ਟੱਬਰ ਆਪਣੀ ਕਿਸਮਤ ਦੇ ਵਾਰੇ-ਬਲਿਹਾਰੇ ਜਾ ਰਿਹਾ ਸੀ, ਜਿਹਨਾਂ ਦੇ ਗ੍ਰਹਿ ਵਿਖੇ ਬਾਬਾ ਜੀ ਨੇ ਆਪ ਚਰਨ ਪਾਏ ਸਨ, ਕਿੱਡੀ ਬਲੀ ਕਿਸਮਤ ਸੀ ਸਾਰੇ ਪ੍ਰੀਵਾਰ ਦੀ!
    -“ਸੁਖ….!” ਬਾਬਾ ਜੀ ਹਿੱਚਕੀ ਲੈਣ ਵਾਲ਼ਿਆਂ ਵਾਂਗ ਬੋਲੇ। ਗੇਰੂ ਰੰਗੀਆਂ ਅੱਖਾਂ ਨੇ ਕਿਸੇ ਦੀ ਤਲਾਸ਼ ਕੀਤੀ।
    -“ਜੀ ਮਹਾਰਾਜ…?”
    -“ਨੇੜੇ ਆਓ ਸੁਖ…!” ਸੁੱਖੀ ਨਜ਼ਦੀਕ ਹੋ ਗਈ ਤਾਂ ਬਾਬਾ ਜੀ ਨੇ ਉਸ ਦੇ ਕੰਨ ਵਿਚ ਕੋਈ ਬਚਨ ਕੀਤਾ ਅਤੇ ਕਾਟੋ ਵਾਂਗ ਫ਼ੜੀ ਚਿਲਮ ਮੁੜ ਮੂੰਹ ਨਾਲ਼ ਲਾ ਲਈ। ਸੁੱਖੀ ਦੇ ਚਿਹਰੇ ‘ਤੇ ਜਲੌਅ ਆ ਗਿਆ। ਉਹ ਇੱਕ ਤਰ੍ਹਾਂ ਨਾਲ਼ ਧੂਹ ਕੇ ਜਮੀਤ ਕੌਰ ਨੂੰ ਨਾਲ਼ ਕਮਰੇ ਵਿਚ ਲੈ ਗਈ।
    -“ਇਹ ਗੱਲ ਕਿਸੇ ਦੇ ਕੰਨੀਂ ਨਾ ਪਵੇ, ਭਰਜਾਈਏ…! ਤੇਰੇ ਕਰਮ ਤਾਂ ਬਾਹਲ਼ੇ ਬਲੀ ਐ…!” ਉਹ ਗੁੱਝਾ-ਗੁੱਝਾ ਆਖ ਰਹੀ ਸੀ, “ਸੰਤ ਮਹਾਰਾਜ ਨੇ ਬਚਨ ਕੀਤੈ…!”
    -“ਕੀ ਕੀਤੈ…?” ਜਮੀਤ ਕੌਰ ਦਾ ਕਾਲ਼ਜਾ ਕੰਬੀ ਜਾ ਰਿਹਾ ਸੀ।
    -“ਥੋਡੇ ਘਰੇ ਤਾਂ ਸੋਨੇ ਦਾ ਖਜਾਨਾ ਦੱਬਿਐ…!” ਖ਼ੁਸ਼ੀ ਅਤੇ ਹੈਰਾਨੀ ਵਿਚ ਹਰਫ਼ਲ਼ੀ ਸੁੱਖੀ ਦੇ ਨੱਕ ਦੀ ਕਰੂੰਬਲ਼ ਕੰਬੀ ਜਾ ਰਹੀ ਸੀ।
    -“ਹੈਂ…..?” ਜਮੀਤ ਕੌਰ ਦੇ ਦਿਮਾਗ ਵਿਚ ਵੀ ਘੰਟੀਆਂ ਖੜਕਣ ਲੱਗ ਪਈਆਂ।
    -“ਆਹੋ…! ਪਰ ਇਹ ਗੱਲ ਘਰ ਦੀਆਂ ਕੰਧਾਂ ਦੇ ਅੰਦਰ ਈ ਰਹੇ, ਕਿਸੇ ਬਾਹਰਲੇ ਜੀਅ ਨੂੰ ਨੀ ਦੱਸਣੀ…!”
    -“ਮੈਂ ਕਮਲ਼ੀ ਐਂ ਕਿਸੇ ਬਾਹਰਲੇ ਕੋਲ਼ੇ ਦੱਸੂੰਗੀ…? ਮੈਂ ਤਾਂ ਕਿਸੇ ਕੋਲ਼ੇ ਭੋਗ ਨੀ ਪਾਉਣਾ ਏਸ ਗੱਲ ਦਾ, ਬੀਬੀ ਰਾਣੀਏਂ…!” ਜਮੀਤ ਕੌਰ ਨੂੰ ਪਸੀਨਾ ਆ ਗਿਆ ਸੀ।
    -“ਸੰਤ ਕਹਿੰਦੇ ਜੇ ਕਿਸੇ ਗ਼ੈਰ ਦੇ ਕੰਨੀਂ ਗੱਲ ਪੈ ਗਈ, ਸਾਰਾ ਸੋਨਾਂ ਭਸਮ ਬਣ ਜਾਊਗਾ, ਹੱਥ ਪੱਲੇ ਕੱਖ ਨੀ ਆਉਣਾ…!”
    -“ਰੱਬ-ਰੱਬ ਕਰ, ਸੁੱਖੀ…! ਕਿਸੇ ਤੱਕ ਕਨਸੋਅ ਨੀ ਪਹੁੰਚੂਗੀ…! ਮੈਂ ਆਬਦੇ ਪੈਰੀਂ ਆਪ ਕੁਹਾੜਾ ਥੋੜ੍ਹੋ ਮਾਰੂੰਗੀ…?” ਉਸ ਨੇ ਬਾਹਰ ਝਾਕ ਕੇ ਕਿਹਾ।
    ਉਹ ਬਹੁਤ ਧੀਮੀ ਸੁਰ ਵਿਚ ਗੱਲਾਂ ਕਰ ਰਹੀਆਂ ਸਨ, ਮਤਾਂ ਕੋਈ ਸੁਣ ਲਵੇ!
    -“ਇਹਦੇ ਵਾਸਤੇ ਬਾਬਾ ਜੀ ਨੂੰ ਇੱਕ ਵਾਰ ਫ਼ੇਰ ਆਉਣਾ ਪਊਗਾ…!” ਸੁੱਖੀ ਨੇ ਅਗਲੀ ਗੱਲ ਦੱਸੀ।
    -“ਕਦੋਂ…?” ਜਮੀਤ ਕੌਰ ਕਾਹਲ਼ੀ ਪਈ ਹੋਈ ਸੀ।
    -“ਉਹ ਮੈਂ ਆਪੇ ਪੁੱਛ ਲਊਂਗੀ…!” ਤੇ ਉਹ ਬਾਬਾ ਜੀ ਕੋਲ਼ ਵਾਪਸ ਆ ਗਈਆਂ।
    ਸੁੱਖੀ ਦਾਅ ਜਿਹਾ ਭਰ ਕੇ ਫ਼ਿਰ ਅੰਦਰ ਚਲੀ ਗਈ।
    ਅੰਨ-ਪਾਣੀ ਛਕ ਕੇ ਸੰਤ ਬਾਬਾ ਜੀ ਵਿਦਾਈ ਲੈ ਗਏ।
    ਸਾਰਾ ਟੱਬਰ ਸ਼ੁਕਰਾਨੇਂ ਵਿਚ ਹੱਥ ਜੋੜੀ ਖੜ੍ਹਾ ਸੀ।
    ਜਮੀਤ ਕੌਰ ਸੁੱਖੀ ਦੀ ਧੰਨਵਾਦਣ ਸੀ।
    -“ਅਸੀਂ ਤੇਰਾ ਦੇਣ ਕਿੱਥੇ ਦਿਆਂਗੇ, ਸੁੱਖੀ…?” ਜਮੀਤ ਕੌਰ ਦੀਆਂ ਅੱਖਾਂ ਵਿਚ ਅੱਥਰੂ ਕੰਬ ਰਹੇ ਸਨ। ਉਹ ਸੁੱਖੀ ਦੇ ਪੈਰੀਂ ਡਿੱਗਣ ਲਈ ਤਿਆਰ ਸੀ।
    -“ਕਮਲ਼ੀ ਭਰਜਾਈ ਨਾ ਹੋਵੇ…! ਆਬਦਿਆਂ ਦਾ ਕਾਹਦਾ ਦੇਣ…?” ਉਸ ਨੇ ਜਮੀਤ ਕੌਰ ਨੂੰ ਗਲਵਕੜੀ ਵਿਚ ਲੈ ਲਿਆ।
    -“ਜੀਓ-ਜੀਅ ਨੇ ਮੇਰੇ ਬਦਲੇ ਲਏ ਐ, ਸੁੱਖੀ! ਇੱਕ ਤੂੰ ਈ ਐਂ, ਜੀਹਨੇ ਮੈਨੂੰ ਆਪਣੀ ਜਾਣ ਕੇ ਦੁੱਖ-ਸੁਖ ਕੀਤੈ, ਤੇ ਵੰਡਾਇਐ…!” ਜਮੀਤ ਕੌਰ ਦਾ ਹਾਉਕਾ ਨਿਕਲ਼ ਗਿਆ। ਸੁੱਖੀ ਅਜੇ ਵੀ ਉਸ ਨੂੰ ਘੁੱਟੀ ਖੜ੍ਹੀ ਸੀ।
    ਜਦ ਚੌਥੇ ਦਿਨ ਸੁੱਖੀ ਆਈ ਤਾਂ ਕੈਲਾ ਖੇਤ ਗਿਆ ਹੋਇਆ ਸੀ।
    ਜਮੀਤ ਕੌਰ ਨੇ ਚੁੱਲ੍ਹੇ ‘ਤੇ ਚਾਹ ਧਰ ਦਿੱਤੀ।
    -“ਬਾਈ ਕਿੱਥੇ ਐ…?”
    -“ਖੇਤ ਐ…!”
    -“ਕਦੋਂ ਕੁ ਆਊ…?”
    -“ਆਥਣੇ ਆਊਗਾ…! ਕੋਈ ਕੰਮ ਐਂ ਤਾਂ ਸੱਦ ਲੈਨੇਂ ਆਂ…?”
    -“ਬਾਬਾ ਜੀ ਨੇ ਭਵਿੱਖਬਾਣੀ ਕੀਤੀ ਐ…!”
    -“ਕੀ…?” ਜਮੀਤ ਕੌਰ ਦੀਆਂ ਤਲ਼ੀਆਂ ਨੂੰ ਮੁੜ੍ਹਕਾ ਆ ਗਿਆ।
    -“ਥੋਡੇ ਘਰੇ ਗਿਆਰਾਂ ਕਿੱਲੋ ਸੋਨਾਂ ਦੱਬਿਐ, ਭਾਬੀ…!” ਦੱਸ ਕੇ ਸੁੱਖੀ ਨੇ ਭਾਬੀ ਦੇ ਹੱਥਾਂ ਦੇ ਤੋਤੇ ਉਡਾ ਦਿੱਤੇ।
    -“ਸਹੁੰ ਖਾਅ…?” ਉਸ ਦਾ ਮੂੰਹ ਆਲ਼ੇ ਵਾਂਗ ਖੁੱਲ੍ਹਾ ਸੀ।
    -“ਬੱਸ ਮੂੰਹ ਬੰਦ ਰੱਖਣੈਂ…!”
    -“ਬੰਦ ਈ ਰਹੂਗਾ, ਸੁੱਖੀ…! ਬੇਚਿੰਤ ਰਹਿ…! ਬੰਦ ਈ ਰਹੂਗਾ…!”
    -“ਜੇ ਪੁੱਤ ਖਾਣੀਂ ਗੌਰਮਿਲਟ ਨੂੰ ਪਤਾ ਲੱਗ ਗਿਆ, ਉਹ ਘਰ ‘ਤੇ ਕਬਜਾ ਵੀ ਕਰ ਸਕਦੇ ਐ…!” ਉਸ ਨੇ ਇੱਕ ਹੋਰ ਹੀ ਅਕਾਸ਼ਬਾਣੀ ਕਰ ਕੇ ਭਾਬੀ ਦੇ ਸਾਹ ਸੁਕਾ ਦਿੱਤੇ।
    -“ਪੈ’ਜੇ ਪਲੇਗ ਇਹਨਾਂ ਨੂੰ…! ਨਹੀਂ ਮੈਂ ਨੀ ਬੋਲਦੀ, ਸੁੱਖੀ! ਧੁੜਕੂ ਨਾ ਮੰਨ…!”
    ਤੀਜੇ ਦਿਨ ਸੁੱਖੀ ਇਕ ਨਵਾਂ ਸੁਨੇਹਾਂ ਲੈ ਕੇ ਆਈ।
    -“ਇੱਕੀ ਹਜਾਰ ਦੀ ਤਾਂ ਸਮੱਗਰੀ ਲੱਗੂ, ਭਰਜਾਈਏ..!” ਕੁਝ ਗੱਲਾਂ ਕਰਨ ਤੋਂ ਬਾਅਦ ਉਸ ਨੇ ਆਖਰੀ ਉਪਾਅ ਦਾ ਖਰਚਾ ਦੱਸਿਆ।
    -“ਕਰਾਂਗੇ ਸੁੱਖੀ…! ਇੱਕੀ ਹੀ ਕਰਾਂਗੇ, ਤੂੰ ਸੰਗਦੀ ਕਾਹਤੋ ਐਂ…? ਜੋ ਕੋਈ ਕਾਰ-ਵਿਹਾਰ ਐ, ਬੇਝਿਜਕ ਹੋ ਕੇ ਦੱਸ…! ਤੂੰ ਸਾਡੇ ‘ਤੇ ਐਨਾਂ ਉਪਕਾਰ ਕਰਨ ਲੱਗੀ ਐਂ, ਸਾਥੋਂ ਕਰਨ ਆਲ਼ਾ ਖਰਚਾ ਵੀ ਨੀ ਹੋਊ…? ਕਮਲ਼ੀ ਕਿਸੇ ਥਾਂ ਦੀ…!” ਗਿਆਰਾਂ ਕਿੱਲੋ ਸੋਨੇ ਦੇ ਨਾਂ ਨੂੰ ਜਮੀਤ ਕੌਰ ਦੇ ਕੁਤਕੁਤੀਆਂ ਨਿਕਲ਼ੀ ਜਾ ਰਹੀਆਂ ਸਨ।
    -“ਰਲ਼-ਮਿਲ਼ਾ ਕੇ ਸਾਰਾ ਖਰਚਾ ਕਿੰਨਾਂ ਹੋ ਗਿਆ…?”
    -“ਇਕਵੰਜਾ ਹਜਾਰ ਹੋ ਗਿਆ…!” ਸੁੱਖੀ ਨੇ ਗਿਣਤੀ ਕਰ ਕੇ ਦੱਸਿਆ।
    -“ਕਰਾਂਗੇ…!”
    ਸਾਰੀ ਰਾਤ ਜਮੀਤ ਕੌਰ ਨੂੰ ਨੀਂਦ ਨਾ ਪਈ।
    ਜਿਵੇਂ ਉਹ ਪਈ ਸੀ, ਓਸੇ ਤਰ੍ਹਾਂ ਹੀ ਉਠ ਖੜ੍ਹੀ ਹੋਈ ਸੀ। ਸਾਰੀ ਰਾਤ ਉਹ ਗਿਆਰਾਂ ਕਿੱਲੋ ਸੋਨੇ ਦਾ ਹਿਸਾਬ ਕਿਤਾਬ ਲਾਉਂਦੀ ਰਹੀ ਸੀ। ਗਿਣਤੀਆਂ ਮਿਣਤੀਆਂ ਕਰਦੀ ਰਹੀ ਸੀ।
    ਅਗਲੇ ਦਿਨ ਦਲੀਪ ਸੁਨਿਆਰਾ ਜਦ ਉਹਨਾਂ ਦੀ ਵੀਹੀ ‘ਚੋਂ ਲੰਘਣ ਲੱਗਿਆ ਤਾਂ ਉਸ ਨੇ ਰੋਕ ਲਿਆ।
    -“ਅੰਦਰ ਆ ਕੇ ਗੱਲ ਸੁਣ ਕੇ ਜਾਈਂ, ਦਲੀਪ…!”
    ਸੁਣ ਕੇ ਦਲੀਪ ਸਾਈਕਲ ਤੋਂ ਉਤਰ ਆਇਆ।
    -“ਬੋਲ ਜਮੀਤ ਕੁਰੇ…?”
    -“ਸੋਨੇ ਦਾ ਕੀ ਭਾਅ ਐ…?”
    -“ਛੱਤੀ ਸੌ ਨੂੰ ਤੋਲ਼ਾ…!”
    -“ਕਿੱਲੋ ਕਿੰਨੇ ਦਾ ਹੋਇਆ…?” ਉਸ ਨੇ ਤੁਰੰਤ ਪੁੱਛਿਆ।
    ਦਲੀਪ ਹੈਰਾਨੀ ਨਾਲ਼ ਉਸ ਵੱਲ ਝਾਕਿਆ।
    -“ਵੇ ਮੈਂ ਤਾਂ ਟਿੱਚਰ ਕੀਤੀ ਸੀ, ਤੇਰੇ ਕੁੱਤੇ ਕਾਹਨੂੰ ਫ਼ੇਲ੍ਹ ਹੋ’ਗੇ…?” ਜਮੀਤ ਕੌਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਹ ਤਾਂ ਕਰਿਆ-ਕਰਾਇਆ ਕੰਮ ਵਿਗਾੜਨ ਲੱਗੀ ਸੀ।
    -“ਬੋਤਾ ਬੁੱਢਾ ਹੋ ਜਾਂਦੈ, ਓਹਨੂੰ ਮੂਤਣ ਦੀ ਜਾਂਚ ਨੀ ਆਉਂਦੀ…!” ਦਲੀਪ ਨੇ ਹੱਸ ਕੇ ਸਾਈਕਲ ‘ਤੇ ਲੱਤ ਲਾ ਲਈ।
    ਉਸ ਨੂੰ ਜਮੀਤ ਕੌਰ ਦਾ ਦਿਮਾਗ ਹਿੱਲਿਆ ਨਜ਼ਰ ਆਇਆ।
    ਭੋਰ-ਚੋਰ ਇਕੱਠੀ ਕਰ ਅਤੇ ਕੁਛ ਆੜ੍ਹਤੀਏ ਤੋਂ ਫ਼ੜ ਉਹਨਾਂ ਨੇ ਇੱਕਵੰਜਾ ਹਜ਼ਾਰ ਰੁਪਈਆ ਬਾਬਾ ਜੀ ਦੀ ‘ਨਜ਼ਰ’ ਭੇਜ ਦਿੱਤਾ। ਹੁਣ ਬਾਬਾ ਜੀ ਦੀ ਉਡੀਕ ਹੋਣ ਲੱਗ ਪਈ। ਸਾਰਾ ਟੱਬਰ ਮੁੱਠੀਆਂ ਵਿਚ ਥੁੱਕੀ ਫ਼ਿਰਦਾ ਸੀ।
    ਪੂਰੇ ਤਿੰਨ ਦਿਨ ਬਾਬਾ ਜੀ ਦੀ ਉਡੀਕ ਹੁੰਦੀ ਰਹੀ, ਪਰ ਬਾਬਾ ਜੀ ਨਾ ਪਧਾਰੇ।
    ਸੁੱਖੀ ਵੀ ਉਹਨਾਂ ਦੇ ਡੇਰੇ ਗੇੜੇ ਮਾਰ ਚੁੱਕੀ ਸੀ। ਪਰ ਡੇਰਾ ਕਾਹਦਾ ਸੀ? ਇੱਕ ਸ਼ਰਧਾਲੂ ਦਾ ਘਰ ਹੀ ਬਾਬਾ ਜੀ ਦਾ “ਡੇਰਾ” ਸੀ। ਉਸ ਸ਼ਰਧਾਲੂ ਨੂੰ ਵੀ ਪਤਾ ਨਹੀਂ ਸੀ ਕਿ ਬਾਬਾ ਜੀ ਕਿਹੜੀ ਕੂਟ ਤੋਂ ਆਏ ਅਤੇ ਕਿਹੜੀ ਕੂਟ ਨੂੰ ਚੜ੍ਹ ਗਏ ਸਨ। ਸ਼ਰਧਾਲੂ ਤਾਂ ਆਪ ਦੁਹਾਈ ਦੇ ਰਿਹਾ ਸੀ, “ਪਤਾ ਨੀ ਕਿੰਨੀ ਦੁਨੀਆਂ ਤੋਂ ਪੈਸੇ ਲੈ ਕੇ ਬਾਬਾ ਤਿੱਤਰ ਹੋ ਗਿਆ, ਹੁਣ ਸਾਰੇ ਮੇਰੇ ਘਰੇ ਗੇੜੇ ਦਿੰਦੇ ਫ਼ਿਰਦੇ ਐ, ਓਏ ਲੋਕੋ, ਮੈਨੂੰ ਨੀ ਪਤਾ ਬਾਬਾ ਕਿੱਥੋਂ ਦਾ ਹੈਗਾ ਤੇ ਕਿੱਥੋਂ ਦਾ ਨਹੀਂ, ਕਿਰਪਾ ਕਰੋ, ਮੇਰਾ ਖਹਿੜਾ ਛੱਡੋ…!” ਸ਼ਰਧਾਲੂ ਵੀ ਡਰਿਆ ਸਹਿਮਿਆਂ ਪਿਆ ਸੀ।
    ਠੱਗੇ ਲੋਕਾਂ ਨੇ ਪੁਲੀਸ ਨੂੰ ਖ਼ਬਰ ਕੀਤੀ ਤਾਂ ਠਾਣਾਂ ਉਲਰ ਕੇ ਸ਼ਰਧਾਲੂ ਦੇ ਘਰ ਢੇਰੀ ਹੋ ਗਿਆ। ਪੱਗ ਨਾਲ਼ ਹੱਥ ਬੰਨ੍ਹ ਕੇ ਸ਼ਰਧਾਲੂ ਸੱਥ ਵਿਚ ਲਿਆ ਬਿਠਾਇਆ।
    -“ਕੀ ਨਾਂ ਐਂ ਬਿਰਧਾ ਤੇਰੇ ਸੰਤ ਜੀ ਦਾ…?” ਠੂੰਹੇਂ ਵਰਗੀ ਮੁੱਛ ਨੂੰ ਠੋਲ੍ਹਾ ਮਾਰਦਿਆਂ ਠਾਣੇਦਾਰ ਨੇ ਪੁੱਛਿਆ।
    -“ਹਾਏ ਰੱਬਾ…! ਸਰਦਾਰ ਜੀ, ਮੈਨੂੰ ਨੀ ਪਤਾ ਓਸ ਦਾ ਕੀ ਨਾਂ ਐਂ, ਸਾਰੇ ਓਹਨੂੰ ਸੰਤ ਜੀ, ਬਾਬਾ ਜੀ, ਮਹਾਂਪੁਰਖ਼ ਜੀ, ਸੁਆਮੀ ਜੀ, ਐਹੋ ਜੇ ਨਾਵਾਂ ਨਾਲ਼ ਬੁਲਾਉਂਦੇ ਸੀ, ਨਾਂ ਪੁੱਛਣ ਦੀ ਤਾਂ ਕਿਸੇ ਨੂੰ ਸੁਰਤ ਈ ਨੀ ਸੀ…!”
    ਠਾਣੇਦਾਰ ਉਸ ਦੇ ਭੋਲ਼ੇ ਵਰਤਾਓ ‘ਤੇ ਹੱਸ ਪਿਆ।
    -“ਹੁਣ ਕੋਈ ਕੁਛ ਕਹੀ ਜਾਵੇ, ਮਾਈ-ਬਾਪ…! ਜਦੋਂ ਸਾਧ ਐਥੇ ਹੁੰਦਾ ਸੀ, ਸਾਰੇ ਉਹਦੀਆਂ ਤਲ਼ੀਆਂ ਝੱਸਦੇ ਫ਼ਿਰਦੇ ਸੀ..! ਕੋਈ ਚਿਲਮ ਭਰਦਾ ਸੀ, ਤੇ ਕੋਈ ਸਿਰ ‘ਚ ਤੇਲ ਝੱਸਦਾ ਸੀ…! ਹੁਣ ਸਾਰੇ ਮੇਰੀਆਂ ਰਗਾਂ ਨੂੰ ਪੈਂਦੇ ਐ, ਜਿਵੇਂ ਸਾਰਾ ਕਸੂਰ ਮੇਰਾ ਈ ਹੁੰਦੈ…!”
    -“ਤੈਨੂੰ ਕੋਈ ਖੱਟੀ ਹੋਈ ਬਿਰਧਾ…!” ਠਾਣੇਦਾਰ ਨੇ ਮਜ਼ਾਕ ਨਾਲ਼ ਪੁੱਛਿਆ।
    -“ਕਿਉਂ ਮਰੇ ਨੂੰ ਮਾਰਦੇ ਓਂ, ਹਜੂਰ…! ਉਹ ਤਾਂ ਦੁਸ਼ਟ ਮੇਰੀ ਧੀ ਨੂੰ ਵੀ ਖਰਾਬ ਕਰ ਗਿਆ, ਹਾਏ ਓਏ ਰੱਬਾ…!” ਦੁਖੀ ਬਿਰਧ ਰੋ ਪਿਆ। ਮੂੰਹ ਉਸ ਨੇ ਗੋਡਿਆਂ ਵਿਚ ਲਿਆ ਹੋਇਆ ਸੀ।
    ਇਕੱਠੀ ਹੋਈ ਦੁਨੀਆਂ ਨੇ ਮੂੰਹ ਅੱਡ ਲਿਆ।
    ਮੂੰਹ ‘ਚ ਉਂਗਲ਼ਾਂ ਪਾ ਲਈਆਂ।
    -“ਤੂੰ ਸਾਨੂੰ ਨਾ ਦੱਸਿਆ…?” ਕਿਸੇ ਗੁਆਂਢੀ ਮੁੰਡੇ ਨੇ ਤਾਅ ‘ਚ ਆ ਕੇ ਕਿਹਾ।
    -“ਤੁਸੀਂ ਕੀ ਕਰਦੇ…? ਕੁੜੀ ਤਾਂ ਮੇਰੀ ਆਬਦੀ ਛੱਤਣੀਂ ਚੜ੍ਹੀ ਵੀ ਸੀ, ਇਹਦੇ ਗੋਲ਼ੀ ਪੈ’ਜੇ, ਹਰਾਮਜ਼ਾਦੀ ਦੇ…! ਤੇ ਉਤੋਂ ਉਹ ਸਾਧ ਮੇਰਾ ਸਾਲ਼ਾ ਮੈਨੂੰ ਧਮਕੀਆਂ ਮਾਰਦਾ ਸੀ, ਅਖੇ ਜੇ ਬੋਲਿਆ ਤਾਂ ਪਾਰ ਬੁਲਾ ਦਿਆਂਗੇ..! ਕੀ ਦੱਸਾਂ…? ਚੋਰ ਦੀ ਮਾਂ ਤੇ ਕੋਠੀ ‘ਚ ਮੂੰਹ..!” ਉਹ ਮੁੜ ਰੋ ਪਿਆ।
    -“ਇਹਦਾ ਖਹਿੜਾ ਛੱਡੋ, ਸਰਦਾਰ…! ਇਹ ਤਾਂ ਆਪ ਦੁਖੀ ਐ…!” ਸਰਪੰਚ ਬੋਲਿਆ।
    -“ਪਰ ਸਾਡੇ ਨਾਲ਼ ਵੱਜੀ ਠੱਗੀ ਦਾ ਕੀ ਹੋਊਗਾ ਜੀ…?” ਕੋਈ ਠੱਗਿਆ ਬੋਲਿਆ।
    -“ਸਾਨੂੰ ਪੁੱਛ ਕੇ ਦਿੱਤੇ ਸੀ…? ਓਦੋਂ ਤਾਂ ਬਣ ਜਾਨੇ ਓਂ, ਰਾਣੀ ਖਾਂ ਦੇ ਸਾਲ਼ੇ…!” ਸਰਪੰਚ ਬੋਲਣ ਵਾਲ਼ੇ ਨੂੰ ਟੁੱਟ ਕੇ ਪੈ ਗਿਆ।
    -“ਸਾਨੂੰ ਉਹਦਾ ਥੇਹ ਪਤਾ ਦੱਸ ਦਿਓ, ਅਸੀਂ ਸਾਧ ‘ਤੇ ਕੇਸ ਦਰਜ ਕਰ ਦਿਆਂਗੇ…!” ਠਾਣੇਦਾਰ ਉਠਦਾ ਹੋਇਆ ਬੋਲਿਆ।
    -“ਉਹ ਲੁੱਟ ਕੇ ਬੇਗੇ-ਲਹਿਰੇ ਵੱਜਿਆ, ਥੇਹ ਪਤਾ ਇਹਨਾਂ ਨੂੰ ਕੀ ਪਤਾ ਹੋਣੈਂ, ਸਰਦਾਰ..? ਓਦੋਂ ਤਾਂ ਦੁਨੀਆਂ ਹੋ ਜਾਂਦੀ ਐ ਕਮਲ਼ੀ ਤੇ ਅੰਨ੍ਹੀ…! …ਤੇ ਮੁੜ ਕੇ ਕਰਦੀ ਐ ਗੱਲਾਂ, ਅਖੇ ਸਾਡੀ ਮੱਦਤ ਕਰੋ…! ਓਦੋਂ ਕਿਉਂ ਨੀ ਸੋਚਦੇ…? ਮਗਰੋਂ ਮੱਦਤ ਨੂੰ ਅਸੀਂ ਦੱਸੋ ਕੀ ਤੋਪ ਚਲਾ ਦੇਈਏ…? ਕਸੂਰ ਤਾਂ ਸਾਰਾ ਇਹਨਾਂ ਦਾ ਆਬਦਾ ਹੁੰਦੈ, ਲੁਟਾਉਣ ਪਿੱਛੋਂ ਗੌਰਮਿੰਟ ਤੋਂ ਮੁਆਵਜ਼ਾ ਮੰਗਣਗੇ, ਜਿਵੇਂ ਗੌਰਮਿੰਟ ਨੂੰ ਕਮਿਸ਼ਨ ਜਾਂਦਾ ਹੁੰਦੈ…!”
    ਹਰਾਸਾਂ ਮਾਰੀ ਸੁੱਖੀ ਵਾਪਸ ਮੁੜ ਪਈ।
    ਉਸ ਨੂੰ ਇਹ ਨਹੀਂ ਸੁੱਝ ਰਿਹਾ ਸੀ ਕਿ ਉਹ ਬਾਈ ਕੈਲੇ ਤੇ ਉਸ ਦੀ ਘਰਵਾਲ਼ੀ ਨੂੰ ਕਿਹੜਾ ਮੂੰਹ ਦਿਖਾਉਗੀ…? ਪਰ ਕੈਲਾ ਕਿਹੜਾ ਇਕੱਲਾ ਲੁੱਟਿਆ ਗਿਆ ਸੀ? ਹੋਰ ਵੀ ਕਈ ਘਰ ਰਾੜ੍ਹੇ ਜਾ ਚੁੱਕੇ ਸਨ।…….
    -“ਵੇ ਗੂੰਗਿਆ, ਫ਼ੇਰ…?” ਛੋਟੋ ਹੱਸੀ ਜਾ ਰਹੀ ਸੀ।
    -“ਫ਼ੇ ਕੀ…? ਜਿੱਢੜ ਗਿਆ ਬਾਈਆਂ ਓਢੜ ਗਿਆ ਬਡਾਅ…!”
    -“ਬਾਣੀਏ ਬਜਾਰ ਨੇ ਤਾਂ ਜਾਣਾ ਈ ਸੀ…! ਮੈਂ ਹੁਣ ਜਾਂਵਾਂ, ਵੀਰਾ…?” ਗੂੰਗੇ ਤੋਂ ਵਿਛੜਨ ਦੇ ਅਹਿਸਾਸ ਨੇ ਛੋਟੋ ਅੰਦਰ ਝੋਕਾ ਜਿਹਾ ਫ਼ੇਰ ਦਿੱਤਾ।
    -“ਟੜਕੇ ਜਾ’ ਵਈਂ…!”
    -“ਵੇ ਤੜਕੇ ਕਿਵੇਂ ਜਾ ਵੜੂੰ ਕਮਲ਼ਿਆ ਵੀਰਾ…? ਕੰਮ ਗਲ਼ ਗਲ਼ ਚੜ੍ਹਿਆ ਪਿਆ ਹੋਊਗਾ ਜਾਂਦੀ ਨੂੰ…!”
    -“ਲੈ ਫਡ…!” ਗੂੰਗੇ ਨੇ ਜਦ ਛੋਟੋ ਨੂੰ ਇੱਕ ਰੁਪਈਆ ਕੱਢ ਕੇ ਦਿੱਤਾ ਤਾਂ ਛੋਟੋ ਮੋਹ ਵਿਚ ਫ਼ਿੱਸ ਪਈ।
    -“ਤੂੰ ਰੱਖ਼….!” ਛੋਟੋ ਤੋਂ ਬੋਲ ਨਾ ਹੋਇਆ।
    -“ਸਗਣ ਆਂ…!”
    ਗੂੰਗਾ ਉਸ ਨੂੰ ਅਥਾਹ ਪਿਆਰਾ ਲੱਗਿਆ ਅਤੇ ਉਸ ਨੇ ਰੁਪਈਆ ਫ਼ੜ ਕੇ ਮੁੱਠੀ ‘ਚ ਘੁੱਟ ਲਿਆ। ਤੁਰਨ ਲੱਗੀ ਨੇ ਗੂੰਗੇ ਨੂੰ ਘੁੱਟ ਕੇ ਗਲਵਕੜੀ ਪਾਈ ਤਾਂ ਉਸ ਦੀ ਹਿੱਕ ਠਰ ਗਈ।
    -“ਕੀ ਹੋ ਗਿਆ ਪੂਰਾ ਬੋਲਣ ਨੀ ਜਾਣਦਾ, ਪਰ ਹੈ ਤਾਂ ਸੁੱਖੀ ਲੱਧਾ ਵੀਰ…!” ਤੁਰਦੀ ਛੋਟੋ ਦਾ ਮਨ ਫ਼ਿਰ ਭੈੜ੍ਹਾ ਹੋ ਗਿਆ।
    -“ਗੇਆ ਮਾ-ਜਿਆ ਕਰ…!”
    -“ਗੇੜਾ ਹੁਣ ਮੈਂ ਛੇਤੀ ਮਾਰਿਆ ਕਰੂੰ, ਭਰਾਵਾ…! ਅੱਗੇ ਤਾਂ ਮੈਂ ਨੇਕੇ ਦੇ ਸਿਰ ‘ਤੇ ਆਵੇਸਲ਼ੀ ਸੀ, ਹੁਣ ਛੇਤੀ ਮਾਰਿਆ ਕਰੂੰਗੀ ਗੇੜਾ…!” ਉਸ ਨੇ ਮੁੜ ਵੀਰ ਨੂੰ ਗਲਵਕੜੀ ਵਿਚ ਘੁੱਟ ਲਿਆ।
    ਗੂੰਗਾ ਛੋਟੋ ਨੂੰ ਬੱਸ ਚੜ੍ਹਾ ਕੇ ਮੈਰੇ ਨੂੰ ਤੁਰ ਪਿਆ।

    PUNJ DARYA

    Leave a Reply

    Latest Posts

    error: Content is protected !!