ਅਸ਼ੋਕ ਵਰਮਾ
ਬਠਿੰਡਾ,28 ਜੁਲਾਈ। ਹਲਕਾ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੇ ਸਿਹਤ ਵਿਭਾਗ ਵਿੱਚ ਘਰ ਤੋਂ ਘਰ ਸਰਵੇ ਕਰ ਰਹੀਆਂ ਆਸ਼ਾ ਵਰਕਰਾਂ ਨੂੰ ਸੈਨੇਟਾਇਜਰ ਅਤੇ ਮਾਸਕ ਵੰਡੇ ਹਨ। ਸਬ ਡਿਵੀਜ਼ਨਲ ਹਸਪਤਾਲ ਘੁੱਦਾ ਵਿਖੇ ਐਸਐਮਓ ਡਾ ਨਵਦੀਪ ਕੌਰ ਸਰਾਂ ਦੀ ਪ੍ਰਧਾਨਗੀ ਵਿੱਚ ਸਮਾਗਮ ਦੌਰਾਨ ਵਿਧਾਇਕਾ ਪ੍ਰੋ ਰੁਪਿੰਦਰ ਰੂਬੀ ਨੇ ਕੋਰੋਨਾ ਦੌਰਾਨ ਹਾਈ ਰਿਸਕ ਵਿੱਚ ਤਨਦੇਹੀ ਨਾਲ ਲੋਕ ਸੇਵਾ ਕਰ ਰਹੇ ਸਮੂਹ ਮੈਡੀਕਲ, ਪੈਰਾ ਮੈਡੀਕਲ ਅਤੇ ਆਸ਼ਾ ਵਰਕਰਾਂ ਦੀ ਪ੍ਰਸ਼ੰਸਾ ਕਰਦੇ ਹੋਏ ਵਧਾਈ ਦਿੱਤੀ। ਇਸ ਮੌਕੇ ਆਸ਼ਾ ਯੂਨੀਅਨ ਦੇ ਬਲਾਕ ਪ੍ਰਧਾਨ ਮਨਦੀਪ ਕੌਰ, ਅਹੁਦੇਦਾਰ ਚਰਨਜੀਤ ਕੌਰ ਨੇ ਸੈਨੇਟਾਇਜਰ ਅਤੇ ਮਾਸਕ ਦੇਣ ਤੇ ਵਿਧਾਇਕਾ ਦਾ ਧੰਨਵਾਦ ਕੀਤਾ। ਵਿਧਾਇਕਾ ਪ੍ਰੋ ਰੁਪਿੰਦਰ ਰੂਬੀ ਨੇ ਕਿਹਾ ਕਿ ਅੱਜ ਸਿਹਤ ਵਿਭਾਗ ਫਰੰਟ ਤੇ ਆ ਕੇ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਕੋਰੋਨਾ ਵਿਰੁੱਧ ਜੰਗ ਲੜ ਰਿਹਾ ਹੈ।
ਉਹਨਾਂ ਕਿਹਾ ਕਿ ਅਜਿਹੇ ਹਾਲਾਤਾਂ ਦੌਰਾਨ ਸਿਹਤ ਵਿਭਾਗ ਦੇ ਮੁਲਾਜਮਾਂ ਨੂੰ ਕਿਸੇ ਕਿਸਮ ਦੀ ਘਾਟ ਨਹੀਂ ਆਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਲਈ ਵਿਧਾਇਕਾਂ ਨੂੰ ਸੂਬਾ ਸਰਕਾਰ ਵੱਲੋਂ ਕਿਸੇ ਤਰਾਂ ਫੰਡ ਨਹੀਂ ਮਿਲ ਰਿਹਾ ਹੈ ਇਸ ਦੇ ਬਾਵਜੂਦ ਉਨਾਂ ਆਪਣੀ ਤਨਖ਼ਾਹ ਵਿੱਚੋ ਪਹਿਲਾਂ ਵੀ ਦੋ ਵਾਰ ਮਾਸਕ ਅਤੇ ਸੈਨੇਟਾਇਜਰ ਬਲਾਕ ਸੰਗਤ ਵਿੱਚ ਦਿੱਤੇ ਹਨ। ਉਨਾਂ ਦੱਸਿਆ ਕਿ ਉਨਾਂ ਨੂੰ ਇਸ ਬਾਰੇ ਮੀਡੀਆ ਰਾਹੀਂ ਜਾਣਕਾਰੀ ਮਿਲੀ ਸੀ ਸੀ ਜਿਸ ਤੇ ਤੁਰੰਤ 30 ਲੀਟਰ ਸੈਨੇਟਾਇਜਰ ਅਤੇ ਮਾਸਕਾਂ ਦਾ ਪ੍ਰਬੰਧ ਕਰਕੇ ਆਸ਼ਾ ਵਰਕਰਾਂ ਨੂੰ ਦੇ ਦਿੱਤਾ ਗਿਆ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਵਲੰਟੀਅਰ ਰਮਨ ਮੈਂਬਰ ਪੰਚਾਇਤ ਘੁੱਦਾ, ਗੁਰਮੀਤ ਸਿੰਘ, ਸੁਖਮੰਦਰ ਸਿੰਘ, ਚਰਨਜੀਤ ਸਿੰਘ ਤੋਂ ਇਲਾਵਾ ਆਸ਼ਾ ਯੂਨੀਅਨ ਅਤੇ ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਆਦਿ ਹਾਜਰ ਸਨ।