10.2 C
United Kingdom
Monday, May 20, 2024

More

    ਗਲਾਸਗੋ ਦੇ ਬੇਘਰੇ ਲੋਕਾਂ ਨੇ ਪੰਜਾਬੀ ਕਾਰੋਬਾਰੀ ਦੇ ਰੈਸਟੋਰੈਂਟ ‘ਚ ਮਨਾਈ ਕ੍ਰਿਸਮਿਸ

    ਸੈਂਕੜਿਆਂ ਦੀ ਤਾਦਾਦ ਵਿੱਚ ਆਏ ਮਹਿਮਾਨਾਂ ਨੂੰ ਤੋਹਫ਼ੇ ਦੇ ਕੇ ਤੋਰਿਆ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਖੇ ਖੁੱਲ•ੇ ਅਸਮਾਨ ਹੇਠ ਸੌਣ ਵਾਲੇ ਬੇਘਰੇ ਲੋਕਾਂ ਲਈ ਇਸ ਵਾਰ ਦੀ ਕ੍ਰਿਸਮਿਸ ਬੇਹੱਦ ਖਾਸ ਹੋ ਨਿੱਬੜੀ। ਕਿਉਂਕਿ ਗਲਾਸਗੋ ਦੇ ਉੱਘੇ ਕਾਰੋਬਾਰੀ ਸੋਹਣ ਸਿੰਘ ਰੰਧਾਵਾ, ਬਿਲਡਿੰਗ ਫਰਮ ਦੇ ਮਾਲਕ ਟੌਮੀ ਈਸਟਨ, ਐਨੀ ਈਸਟਨ ਤੇ ਸਾਥੀਆਂ ਵੱਲੋਂ ਬੇਘਰੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ ਕਿ ਉਹ ਕ੍ਰਿਸਮਿਸ ਮਨਾਉਣ ਲਈ ਸਥਾਨਕ ਬੰਬੇ ਬਲੂਜ਼ ਰੈਸਟੋਰੈਂਟ ਵਿਖੇ ਪਹੁੰਚਣ। ਜਿਉਂ ਹੀ ਰੈਸਟੋਰੈਂਟ ਦੇ ਦਰਵਾਜ਼ੇ ਖੁੱਲ•ੇ ਤਾਂ ਮਹਿਮਾਨਾਂ ਦੀਆਂ ਕਤਾਰਾਂ ਲੱਗ ਗਈਆਂ। ਸਵੇਰ ਤੋਂ ਸ਼ਾਮ ਤੱਕ ਕ੍ਰਿਸਮਿਸ ਦੇ ਖਾਣਿਆਂ ਦਾ ਲੁਤਫ਼ ਲੈਣ ਲਈ ਦੂਰ ਦੁਰਾਡੇ ਤੋਂ ਵੀ ਖੁੱਲ•ੇ ਅਸਮਾਨ ਦੀ ਹਿੱਕ ‘ਤੇ ਸੌਣ ਲਈ ਮਜ਼ਬੂਰ ਲੋਕ ਪਹੁੰਚਦੇ ਰਹੇ। ਸੋਹਣ ਸਿੰਘ ਰੰਧਾਵਾ ਦੀ ਟੀਮ ਦੇ ਸਾਥੀ ਮਨਜੀਤ ਸਿੰਘ, ਵਿਕਾਸ ਗੁਪਤਾ, ਜੀਵਨ, ਹਰਚਰਨ ਸੇਖੋਂ, ਰਣਜੀਤ ਕੰਗ, ਦਿਲਬਾਗ ਮਿੰਟੂ, ਪਰਮਜੀਤ ਸਿੰਘ, ਬਿੱਟੂ, ਹੈਰੀ ਈਸਟਨ, ਜੈਮੀ ਈਸਟਨ ਸਮੇਤ ਵਲੰਟੀਅਰਾਂ ਨੇ ਮਹਿਮਾਨਨਿਵਾਜ਼ੀ ‘ਚ ਕਸਰ ਬਾਕੀ ਨਾ ਛੱਡੀ। ਗ਼ਰਮਾ-ਗਰਮ ਖਾਣਿਆਂ ਤੋਂ ਬਾਅਦ ਹਰ ਮਹਿਮਾਨ ਨੂੰ ਤੋਹਫਿਆਂ ਵਾਲੇ ਕਮਰੇ ਵਿੱਚ ਲਿਜਾ ਕੇ ਉਸਦੇ ਸਰੀਰਕ ਨਾਪ ਮੁਤਾਬਿਕ ਟੋਪੀ, ਕੋਟ-ਜੈਕੇਟ, ਕਮੀਜ਼, ਪੈਂਟ, ਜ਼ੁਰਾਬਾਂ, ਬੂਟ ਅਤੇ ਬੈਗ ਆਦਿ ਤੋਹਫ਼ੇ ਦੇ ਕੇ ਤੋਰਿਆ ਜਾਂਦਾ। ਇਸ ਪ੍ਰਤੀਨਿਧ ਵੱਲੋਂ ਗੱਲਬਾਤ ਕਰਨ ‘ਤੇ ਲਗਭਗ ਸਾਰੇ ਬੇਘਰੇ ਮਹਿਮਾਨਾਂ ਦਾ ਇੱਕੋ ਹੀ ਆਵਾਜ਼ ਸੀ ਕਿ ਉਹਨਾਂ ਨੇ ਗਲਾਸਗੋ ਵਿੱਚ ਇਸ ਤਰ•ਾਂ ਦਾ ਸਮਾਗਮ ਆਪਣੀ ਸੁਰਤ ਵਿੱਚ ਪਹਿਲੀ ਵਾਰ ਦੇਖਿਆ ਤੇ ਮਾਣਿਆ ਹੈ।

    ਜਿਕਰਯੋਗ ਹੈ ਕਿ ਬੇਸ਼ੱਕ ਆਮ ਲੋਕ ਇਹਨਾਂ ਲੋਕਾਂ ਕੋਲੋਂ ਖਾਸ ਦੂਰੀ ਬਣਾ ਕੇ ਰੱਖਦੇ ਹੋਣ ਪਰ ਧੰਨਵਾਦ ਵਜੋਂ ਰੈਸਟੋਰੈਂਟ ਸਟਾਫ ਅਤੇ ਪ੍ਰਬੰਧਕਾਂ ਨੂੰ ਉਹਨਾਂ ਵੱਲੋਂ ਪਾਈਆਂ ਜਾ ਰਹੀਆਂ ਮੋਹ-ਭਰੀਆਂ ਗਲਵੱਕੜੀਆਂ ਤੇ ਦਿੱਤੀਆਂ ਜਾ ਰਹੀਆਂ ਅਸੀਸਾਂ ਇਸ ਗੱਲ ਦੀਆਂ ਗਵਾਹ ਸਨ ਕਿ ਤਿਉਹਾਰ ਮਨਾਉਣ ਦੀ ਉਹਨਾਂ ਦੀ ਚਿਰੋਕਣੀ ਰੀਝ ਪੂਰੀ ਹੋ ਗਈ ਸੀ। ਇਸ ਸਮੇਂ ਗੱਲਬਾਤ ਕਰਦਿਆਂ ਸੋਹਣ ਸਿੰਘ ਰੰਧਾਵਾ ਤੇ ਮਨਜੀਤ ਸਿੰਘ ਨੇ ਕਿਹਾ ਕਿ ਬੇਸ਼ੱਕ ਉਹਨਾਂ ਦੀ ਇਹ ਪਲੇਠੀ ਕੋਸ਼ਿਸ਼ ਸੀ ਪਰ ਬੁਝੇ ਚਿਹਰਿਆਂ ‘ਤੇ ਖੁਸ਼ੀ ਦੀਆਂ ਲਹਿਰਾਂ ਦੇਖ ਕੇ ਅਸੀਂ ਫੈਸਲਾ ਲਿਆ ਹੈ ਕਿ ਅਗਲੇ ਸਾਲ ਇਸ ਨਾਲੋਂ ਵੀ ਵੱਡੇ ਪੱਧਰ ‘ਤੇ ਹੋਰ ਨਿਵੇਕਲੇ ਭਲਾਈ ਕਾਰਜ ਕੀਤੇ ਜਾਣਗੇ।

    PUNJ DARYA

    Leave a Reply

    Latest Posts

    error: Content is protected !!