ਕਾਂਡ 12

ਪੱਪਨੀ ਦਾ ਇੱਕ-ਇੱਕ ਦਿਨ ਰਮਣੀਕ ਦੀ ਯਾਦ ਵਿਚ ਲੰਘਦਾ। ਜਦ ਰਮਣੀਕ ਇੱਥੇ ਹੁੰਦਾ ਸੀ ਤਾਂ ਉਹ ਕਦੇ ਲੜਦੇ ਅਤੇ ਕਦੇ ਹਾਸਾ-ਠੱਠਾ ਕਰਦੇ! ਦਿਨ ਤੀਆਂ ਵਾਂਗੂੰ ਲੰਘੇ ਸਨ। ਪਰ ਹੁਣ ਤਾਂ ਪੱਪਨੀ ਦਾ ਇੱਕ-ਇੱਕ ਦਿਨ ਵਿਯੋਗ ਵਿਚ ਗੁਜ਼ਰਦਾ ਅਤੇ ਉਹ ਧੁਖ਼ਦੀ ਮੜ੍ਹੀ ਵਾਂਗ ਹਾਉਕਾ ਲੈਂਦੀ। ਹੁਣ ਉਸ ਨੂੰ ਦਿਨ ਉਦਾਸ, ਰੁੱਖੇ-ਰੁੱਖੇ ਅਤੇ ਰੁੱਸੇ-ਰੁੱਸੇ ਲੱਗਦੇ। ਨਹੀਂ ਤਾਂ ਉਹ ਲਾਚੜੀ ਹੋਈ ਨਾਲ਼ ਦੀਆਂ ਕੁੜੀਆਂ ਨੂੰ ਆਖਦੀ, “ਨ੍ਹੀ ਕੀ ਤੁਸੀਂ ਅੱਠੇ ਪਹਿਰ ਮਰੂੰ-ਮਰੂੰ ਕਰੀ ਜਾਨੀਆਂ ਰਹਿੰਨੀਐਂ..? ਜ਼ਿੰਦਗੀ ਚਾਰ ਦਿਹਾੜੇ ਐ, ਨੱਚ-ਟੱਪ, ਹੱਸ-ਖੇਡ
ਕੇ ਮਸਤੀ ਨਾਲ਼ ਕੱਢੋ…!” ਪਰ ਹੁਣ ਉਸ ਦੀ ਆਪਣੀ ਜ਼ਿੰਦਗੀ ਬੰਜਰ ਧਰਤੀ ਵਾਂਗ ਵੈਰਾਨ ਹੋ ਗਈ ਸੀ।
ਕਦੇ-ਕਦੇ ਉਹ ਕਾਲਜ ਦੀ ਪਾਰਕ ‘ਚ ਬੈਠੀ ਸੋਚਦੀ ਕਿ ਕਿਤੇ ਰਮਣੀਕ ਉਸ ਨੂੰ ਭੁੱਲ ਤਾਂ ਨਹੀਂ ਜਾਵੇਗਾ…? ਕੀ ਰਮਣੀਕ ਉਸ ਨਾਲ਼ ਧੋਖਾ ਤਾਂ ਨਹੀਂ ਕਰੇਗਾ…? ਮੇਮਾਂ ਦੇ ਦੇਸ਼ ਨੂੰ ਲੋਕ “ਸਵਰਗ” ਦੱਸਦੇ ਹਨ, ਕਿਤੇ ਉਹ ḔਸਵਰਗḔ ਵਿਚ ਜਾ ਕੇ ਮੈਨੂੰ ਭੁਲਾ ਤਾਂ ਨਹੀਂ ਦੇਵੇਗਾ…? ਇਹ ਸੋਚਾਂ ਸੋਚ-ਸੋਚ ਕੇ ਉਸ ਅੰਦਰੋਂ ਇੱਕ ਝੱਖੜ ਉਠਦਾ, ਜੋ ਸਾਰੇ ਸਰੀਰ ਨੂੰ ਜਰਖਲ਼ ਕੇ ਰੱਖ ਜਾਂਦਾ। ਨਾ ਉਸ ਨੂੰ ਖਾਣ ਦੀ ਸੁੱਧ ਸੀ ਅਤੇ ਨਾ ਪੀਣ ਦੀ ਹੋਸ਼! ਉਸ ਦੀ ਕਿਸੇ ਨਾਲ਼ ਵੀ ਗੱਲ ਕਰਨ ਨੂੰ ਵੱਢੀ ਰੂਹ ਨਾ ਕਰਦੀ। ਉਸ ਦੇ ਦਿਲ-ਦਿਮਾਗ ਵਿਚ ਸਿਰਫ਼ ਅਤੇ ਸਿਰਫ਼ ਰਮਣੀਕ ਹੀ ਛਾਇਆ ਹੋਇਆ ਸੀ। ਉਸ ਦਾ ਜ਼ਿਹਨ ਸਿਰਫ਼ ਰਮਣੀਕ ਦੀ ਯਾਦ ਨਾਲ਼ ਲਿਬਰੇਜ਼ ਸੀ!
ਰਾਤ ਨੂੰ ਉਸ ਦੀ ਗੁਆਂਢਣ ਭਾਬੀ ਨੇ ਪੱਪਨੀ ਨੂੰ ਕੋਠੇ ਤੋਂ ਹਾਕ ਮਾਰੀ।
-“ਨ੍ਹੀ ਪੱਪਨੀ…!” ਅਵਾਜ਼ ਪੱਪਨੀ ਦੇ ਜਿਵੇਂ ਡਾਂਗ ਬਣ ਕੇ ਵੱਜੀ ਸੀ। ਪਰ ਉਸ ਨੇ ਦਿਲ ਦੀ ਪੀੜ ਨੂੰ ਦੰਦਾਂ ਦੀ ਕਸੀਸ ਹੇਠ ਦੱਬ ਲਿਆ ਸੀ।
-“ਕੀ ਐ ਭਾਬੀ ਜੀ…?”
-“ਨ੍ਹੀ ਦੇਖ ਨੀ ਨਣਾਨੇ, ਬੋਦੀ ਵਾਲ਼ਾ ਤਾਰਾ ਚੜ੍ਹਿਆ…!”
-“ਤੂੰ ਈ ਦੇਖ ਲੈ, ਭਾਬੀ…! ਮੈਂ ਨੀ ਦੇਖਣਾ…!” ਉਸ ਦੀ ਅਵਾਜ਼ ਵਿਚ ਅੰਤਾਂ ਦੀ ਉਦਾਸੀ ਸੀ।
-“ਨੀ ਆ ਕੇ ਦੇਖ ਤਾਂ ਸਹੀ…! ਆ ਮੇਰੀ ਨਣਾਨ..! ਆ ਮੱਲ ਬਣ ਕੇ…!”
ਅਣਮੰਨੇ ਮਨ ਨਾਲ਼ ਪੱਪਨੀ ਪੌੜੀਆਂ ਚੜ੍ਹ ਗਈ।
ਭਾਬੀ ਟਿਕਟਿਕੀ ਲਾ ਕੇ ਬੋਦੀ ਵਾਲ਼ਾ ਤਾਰਾ ਚੜ੍ਹਿਆ ਤੱਕ ਰਹੀ ਸੀ।
ਪੱਪਨੀ ਨੂੰ ਭਾਬੀ ਅਜੀਬ-ਅਜੀਬ ਲੱਗੀ।
-“ਇਹਦੇ ‘ਚ ਦੇਖਣ ਵਾਲ਼ਾ ਕੀ ਐ, ਭਾਬੀ…?”
-“ਨ੍ਹੀ ਤੈਨੂੰ ਕੀ ਪਤੈ, ਕਮਲ਼ੀਏ…! ਤੇਰਾ ਬਾਈ ਪ੍ਰਦੇਸੀ ਐ, ਜਦੋਂ ਮੈਂ ਬੋਦੀ ਵਾਲ਼ਾ ਤਾਰਾ ਚੜ੍ਹਿਆ ਦੇਖਦੀ ਆਂ ਤਾਂ ਪਤਾ ਨੀ ਕਿਉਂ ਮੈਨੂੰ ਅੰਦਰੋਂ ਸਕੂਨ ਜਿਆ ਮਿਲ਼ਦੈ…! ਤੂੰ ਅਜੇ ਨਿਆਣੀ ਐਂ ਪੱਪਨੀ…! ਵਕਤ ਆਊਗਾ, ਪਤਾ ਲੱਗ ਜਾਊਗਾ…! ਮੈਂ ਤਾਂ ਸੱਚੇ ਰੱਬ ਅੱਗੇ ਇਹੀ ਅਰਦਾਸ ਕਰਦੀ ਐਂ ਕਿ ਕਿਸੇ ਦਾ ਕੰਤ ਪ੍ਰਦੇਸੀ ਨਾ ਹੋਵੇ…!” ਭਾਬੀ ਨੇ ਇੱਕ ਲੰਬਾ ਹਾਉਕਾ ਲਿਆ।
ਪੱਪਨੀ ਦਾ ਤਾਂ ਆਪਣਾ ਕੰਤ ਵੀ “ਪ੍ਰਦੇਸੀ” ਸੀ।
ਪਰ ਇਸ ਗੱਲ ਦਾ ਕਿਸੇ ਨੂੰ ਭੇਦ ਨਹੀਂ ਸੀ।
ਉਸ ਨੇ ਵੀ ਨੀਝ ਲਾ ਕੇ ਬੋਦੀ ਵਾਲ਼ੇ ਤਾਰੇ ਨੂੰ ਦੇਖਿਆ। ਉਸ ਵਿਚੋਂ ਉਸ ਨੂੰ ਰਮਣੀਕ ਦਾ ਅਕਸ ਦਿਸਿਆ।
-“ਜਦੋਂ ਮੈਂ ਬੋਦੀ ਵਾਲ਼ੇ ਤਾਰੇ ਨੂੰ ਚੜ੍ਹਿਆ ਦੇਖਦੀ ਆਂ ਤਾਂ ਮੇਰੇ ਦਿਲ ਨੂੰ ਹੋਰ ਈ ਕੁਛ ਹੁੰਦੈ, ਪੱਪਨੀ…!”
-“ਹੋਰ ਈ ਕੁਛ…? ਮਾੜਾ ਕਿ ਚੰਗਾ…?”
-“ਚੰਗਾ…! ਹੁਸੀਨ…!!”
ਪੱਪਨੀ ਨੇ ਵੀ ਇਹੀ ਮਹਿਸੂਸ ਕੀਤਾ। ਜਿਉਂ-ਜਿਉਂ ਉਹ ਬੋਦੀ ਵਾਲ਼ੇ ਤਾਰੇ ਨੂੰ ਦੇਖ ਰਹੀ ਸੀ, ਉਸ ਦੇ ਕਾਲ਼ਜੇ ਨੂੰ ਅਜੀਬ ਠੰਢ ਪਈ। ਰੂਹ ਨੂੰ ਅਜੀਬ ਸ਼ਕਤੀ ਪ੍ਰਦਾਨ ਹੋਈ। ਉਹ ਅਜੇ ਵੀ ਨੀਝ ਲਾ ਕੇ ਤਾਰੇ ਵੱਲ ਦੇਖ ਰਹੀ ਸੀ।
-“ਰਮਣੀਕ ਦਾ ਕੋਈ ਖ਼ਤ-ਪੱਤਰ ਆਇਆ..?” ਅਚਾਨਕ ਭਾਬੀ ਨੇ ਅਜੀਬ ਸੁਆਲ ਕੀਤਾ। ਉਸ ਦੇ ਚਿਹਰੇ ‘ਤੇ ਵਿਲੱਖਣ ਹਾਵ-ਭਾਵ ਸੀ। ਸੁਣ ਕੇ ਪੱਪਨੀ ਦੰਗ ਰਹਿ ਗਈ ਕਿ ਗੁਆਂਢਣ ਭਾਬੀ ਨੂੰ ਕਿਵੇਂ ਪਤਾ ਸੀ…? ਉਹ ਤਾਰੇ ਵੱਲੋਂ ਹਟ ਕੇ ਭਾਬੀ ਵੱਲ ਦੇਖਣ ਲੱਗ ਪਈ। ਬੇਸੁਰਤਾਂ ਵਾਂਗ! ਉਸ ਨੂੰ ਕਦਾਚਿੱਤ ਆਸ ਨਹੀਂ ਸੀ ਕਿ ਉਸ ਦੇ ਇਸ ਭੇਦ ਬਾਰੇ ਭਾਬੀ ਨੂੰ ਕੋਈ ਖ਼ਬਰ ਹੋਵੇਗੀ…?
-“………….।” ਪੱਪਨੀ ਨੂੰ ਕੋਈ ਉੱਤਰ ਨਹੀਂ ਔੜ ਰਿਹਾ ਸੀ। ਉਹ ਨਿਰੁੱਤਰ ਖੜ੍ਹੀ ਸੀ।
-“ਮੈਨੂੰ ਤਾਂ ਓਦੋਂ ਦਾ ਪਤੈ, ਜਦੋਂ ਤੁਸੀਂ ਦਸਵੀਂ Ḕਚ ਪੜ੍ਹਦੇ ਸੀ…!” ਭਾਬੀ ਨੇ ਹੋਰ ਅਕਾਸ਼ਬਾਣੀ ਕੀਤੀ।
-“…………..।” ਪੱਪਨੀ ਅਜੇ ਵੀ ਚੁੱਪ ਸੀ।
-“ਲੁਕ-ਲੁਕ ਲਾਈਆਂ, ਹੋ ਗਈਆਂ ਨ੍ਹਾਂ ਪ੍ਰਗਟ…?” ਭਾਬੀ ਹਮਦਰਦੀ ਵਿਚ ਮੁਸਕੁਰਾਈ ਜਾ ਰਹੀ ਸੀ।
ਪੱਪਨੀ ਨੇ ਧਾਹ ਕੇ ਭਾਬੀ ਨੂੰ ਗਲਵਕੜੀ ਪਾ ਲਈ।
ਭਾਬੀ ਨੇ ਵੀ ਉਸ ਦੀ ਪਿੱਠ ਥਾਪੜਨੀ ਸ਼ੁਰੂ ਕਰ ਦਿੱਤੀ।
-“ਮੈਂ ਤੇਰਾ ਦਰਦ ਕਈ ਦਿਨਾਂ ਦਾ ਪੜ੍ਹਦੀ ਆਉਂਦੀ ਸੀ, ਪੱਪਨੀ! ਪਰ ਕੋਈ ਮੌਕਾ ਨੀ ਸੀ ਮਿਲ਼ ਰਿਹਾ ਤੇਰਾ ਦਰਦ ਵੰਡਾਉਣ ਦਾ…! ਅੱਜ ਬੋਦੀ ਵਾਲ਼ਾ ਤਾਰਾ ਚੜ੍ਹਿਆ, ਤਾਂ ਬਹਾਨੇ ਨਾਲ਼ ਤੇਰੀ ਪੀੜ ਵੰਡਣ ਦਾ ਮੌਕਾ ਮਿਲ਼ਿਐ…! ਆਪਣਾ ਦਰਦ ਸਾਂਝੈ, ਨਣਾਨੇ…!”
-“ਲੋਕ ਬੋਦੀ ਵਾਲ਼ੇ ਤਾਰੇ ਨੂੰ ਮਨਹੂਸ ਮੰਨਦੇ ਐ, ਚੜ੍ਹੇ ਤੋਂ ਵਿਚਾਰਾਂ ਕਰਦੇ ਐ, ਪਰ ਆਪਣੇ ਲਈ ਤਾਂ ਜਿਵੇਂ ਭਾਗਾਂ ਭਰਿਆ ਚੜ੍ਹਿਐ…!” ਪੱਪਨੀ ਨੇ ਕਿਹਾ।
-“ਤੇਰਾ ਬਾਈ ਪ੍ਰਦੇਸੀ ਹੋਣ ਕਰਕੇ ਤੇਰੀ ਪੀੜ ਮੇਰੇ ਨਾਲ਼ੋਂ ਬਿਹਤਰ ਕੋਈ ਨਹੀਂ ਸਮਝ ਸਕਦਾ, ਪੱਪਨੀ…!”
-“ਮੇਰਾ ਕਾਲ਼ਜਾ ਦੋਫ਼ਾੜ ਹੋਇਆ ਪਿਐ, ਭਾਬੋ ਰਾਣੀਏਂ…!” ਪੱਪਨੀ ਸਿਸਕ ਪਈ।
-“ਚਿੱਠੀ ਪੱਤਰ ਆਇਆ ਨੀ ਕੋਈ…?”
-“ਅਜੇ ਤੱਕ ਤਾਂ ਕੋਈ ਨੀ ਆਇਆ, ਭਾਬੀ…!”
-“ਯਾਰ ਹੋਣਗੇ ਮਿਲਣਗੇ ਆਪੇ, ਚਿੱਤ ਨੂੰ ਟਿਕਾਣੇ ਰੱਖੀਏ…!” ਭਾਬੀ ਨੇ ਪੱਪਨੀ ਨੂੰ ਧਰਵਾਸ ਦਿੱਤਾ।
-“……….!” ਪੱਪਨੀ ਚੁੱਪ ਰਹੀ। ਉਸ ਦੀ ਮਾਸੂਮੀਅਤ ਆਪਣੀ ਮਿਸਾਲ ਆਪ ਸੀ।
-“ਜਿਉਣ ਲਈ ਬੰਦੇ ਨੂੰ ਸਹਾਰਾ ਚਾਹੀਦੈ, ਪੱਪਨੀ…! ਅੱਜ ਤੋਂ ਮੈਨੂੰ ਆਪਣਾ ਸਹਾਰਾ ਸਮਝ…! ਚਿੱਠੀ ਜੇ ਨਹੀਂ ਆਈ, ਤਾਂ ਇੱਕ-ਅੱਧੇ ਦਿਨ ‘ਚ ਆ ਜਾਊਗੀ…! ਝੋਰਾ ਨਾ ਕਰ…! ਬਾਹਰ ਜਾ ਕੇ ਬੰਦੇ ਨੂੰ ਵੀਹ ਕੰਮ ਹੁੰਦੇ ਐ…! ਤੇਰੇ ਬਾਈ ਦੀ ਮੈਨੂੰ ਮ੍ਹੀਨਾਂ-ਮ੍ਹੀਨਾਂ ਚਿੱਠੀ ਨੀ ਆਉਂਦੀ…! ਮੇਰੀ ਗੱਲ ਯਾਦ ਰੱਖੀਂ, ਚਿੱਠੀ ਜ਼ਰੂਰ ਆਊਗੀ, ਰਮਣੀਕ ਮੈਨੂੰ ਧੋਖੇਬਾਜ਼ ਲੱਗਦਾ ਨੀ…! ਦਿਲ ਰੱਖ਼…! ਜਿਸ ਦਿਨ ਚਿੱਠੀ ਆਈ, ਮੇਰੀ ਪਾਰਟੀ ਤਿਆਰ ਰੱਖੀਂ…!”
-“ਤੇਰੇ ਮੂੰਹ ਘਿਉ-ਸ਼ੱਕਰ, ਭਾਬੋ…! ਪਾਰਟੀ ਕੀ…? ਤੇਰੀ ਖਾਤਰ ਮੇਰੀ ਜਾਨ ਹਾਜ਼ਰ ਐ, ਭਾਬੋ ਰਾਣੀਏਂ…! ਤੂੰ ਮੈਨੂੰ ਡੁੱਬਦੀ ਨੂੰ ਸਹਾਰਾ ਦਿੱਤੈ, ਤੇ ਮੈਂ ਤੇਰਾ ਗੁਣ ਕਦੇ ਨਹੀਂ ਭੁਲਾਊਂਗੀ…!” ਉਸ ਨੇ ਭਾਬੀ ਨੂੰ ਮੁੜ ਜੱਫ਼ੀ ਪਾ ਲਈ।
-“ਕੁੜੇ ਪੱਪਨੀ…! ਕੀ ਕਰਦੀ ਐਂ ਉੱਤੇ…?”
-“ਸੁਖਵਿੰਦਰ ਭਾਬੀ ਨਾਲ਼ ਛੱਤ ‘ਤੇ ਐਂ, ਬੀਜੀ…!”
-“ਨੀ ਕੀ ਕਰਦੀਐਂ ਤੁਸੀਂ…?”
-“ਬੋਦੀ ਆਲ਼ਾ ਤਾਰਾ ਦੇਖਦੀਐਂ…!”
-“ਲੈ, ਹੈ ਕਮਲ਼ੀਆਂ…! ਕੁੜ੍ਹੇ ਡਮਾਕ ਫ਼ਿਰੀਓ, ਬੋਦੀ ਆਲ਼ਾ ਤਾਰਾ ਕੌਣ ਦੇਖਦਾ ਹੁੰਦੈ…? ਡਮਾਕ ਹਿੱਲ ਗਿਆ ਥੋਡਾ…?” ਬੀਜੀ ਨੇ ਕਮਲ਼ਿਆਂ ਵਾਂਗ ਰੌਲ਼ਾ ਪਾਉਣਾ ਸ਼ੁਰੂ ਕਰ ਦਿੱਤਾ, “ਅਖੇ ਇੱਕ ਕਮਲ਼ੀ, ਤੇ ਦੂਜਾ ਪੈ ਗਈ ਸਿਵਿਆਂ ਦੇ ਰਾਹ…! ਰੱਬ ਰੱਬ ਕਰ ਕੇ ਦਿਨ ਨੀ ਕੱਟੇ ਜਾਂਦੇ ਇਹਨਾਂ ਤੋਂ…!”
ਬੀਜੀ ਦੀ ਬੱਕੜਵਾਹ ਸੁਣ ਕੇ ਦੋਨੋ ਨਣਾਨ-ਭਰਜਾਈ ਕੋਠੇ ਤੋਂ ਹੇਠਾਂ ਆ ਗਈਆਂ।
ਹਮ-ਦਰਦੀ ਨਾਲ਼ ਹਮਦਰਦੀ ਮਿਲ਼ ਕੇ ਸਿਦਕ ਬਣ ਗਿਆ ਸੀ। ਹੁਣ ਨਣਾਨ ਭਰਜਾਈ ਦਾ ਦਰਦ ਵੰਡਿਆ ਗਿਆ ਸੀ ਅਤੇ ਉਹ ਹਲਕੀਆਂ-ਹਲਕੀਆਂ ਮਹਿਸੂਸ ਕਰ ਰਹੀਆਂ ਸਨ।
ਅਗਲੇ ਦਿਨ ਬੂਟੇ ਡਾਕੀਏ ਨੇ ਪੱਪਨੀ ਕੇ ਦਰਵਾਜੇ ਅੱਗੇ ਸਾਈਕਲ ‘ਤੇ ਦੋ-ਚਾਰ ਗੇੜੇ ਦਿੱਤੇ ਅਤੇ ਘੰਟੀਆਂ ਵੀ ਮਾਰੀਆਂ। ਪੱਪਨੀ ਸਮਝ ਗਈ ਕਿ ਰਮਣੀਕ ਦੀ ਚਿੱਠੀ ਆਈ ਸੀ। ਖ਼ੁਸ਼ੀ ਉਸ ਦੀਆਂ ਕੱਛਾਂ ਵਿਚੋਂ ਡੁੱਲ੍ਹ ਰਹੀ ਸੀ ਅਤੇ ਹੱਥਾਂ ਦੀਆਂ ਹਥੇਲ਼ੀਆਂ ਮੁੜ੍ਹਕੇ ਨਾਲ਼ ਭਿੱਜ ਗਈਆਂ ਸਨ। ਪਰ ਬੂਟੇ ਡਾਕੀਏ ਤੋਂ ਖ਼ਤ ਲੈਣ ਦਾ ਸਬੱਬ ਨਹੀਂ ਬਣ ਰਿਹਾ ਸੀ। ਬੂਟਾ ਬੇਸ਼ਰਮਾਂ ਵਾਂਗ ਪੱਪਨੀ ਨੂੰ ਗੁੱਝੀਆਂ ਅੱਖਾਂ ਜਿਹੀਆਂ ਮਾਰ-ਮਾਰ ਲੰਘਦਾ ਸੀ।
ਜਨਾਨਿਆਂ ਵਾਂਗ ਭਰਵੱਟੇ ਜਿਹੇ ਹਿਲਾਉਂਦਾ ਸੀ। ਪਰ ਝੋਲ਼ੀ ‘ਚ ਡਿੱਗਣ ਵਾਲ਼ੀ ਖ਼ੁਸ਼ੀ ਕਾਰਨ ਪੱਪਨੀ ਨੇ ਕੁਝ ਵੀ ਬੁਰਾ ਮਹਿਸੂਸ ਨਹੀਂ ਕੀਤਾ ਅਤੇ ਨਾ ਹੀ ਬੂਟੇ ਦੀ ਕਿਸੇ ਕਰਤੂਤ ਦਾ ਬੁਰਾ ਮਨਾਇਆ, ਕਿਉਂਕਿ ਉਸ ਦਾ ਆਪਣਾ ਮਨ ‘ਸਾਫ਼’ ਸੀ। ਦਿਲ ਵਿਚ ਕੋਈ ਪਾਪ ਨਹੀਂ ਸੀ।
ਜਦ ਬੀਜੀ ਮੱਝਾਂ ਵਾਸਤੇ ਖਲ਼ ਭਿਆਉਣ ਲੱਗੀ ਤਾਂ ਪੱਪਨੀ ਦਾ ਦਾਅ ਲੱਗ ਗਿਆ। ਉਹ ਹਵਾ ਵਾਂਗ ਬੂਹੇ ਵੱਲ ਗਈ ਅਤੇ ਚਿੱਠੀ ਫ਼ੜ ਲਿਆਈ। ਚਿੱਠੀ ਫ਼ੜਾਉਂਦੇ ਬੂਟੇ ਨੇ ਪੱਪਨੀ ਦਾ ਹੱਥ ਘੁੱਟਿਆ। ਪਰ ਪੱਪਨੀ ਨੂੰ ਇਤਨੀ ਸੁਰਤ ਕਿੱਥੇ ਸੀ ਕਿ ਉਹ ਬੂਟੇ ਦੀ ਕਿਸੇ ਵੀ ਸ਼ਰਾਰਤ ਦਾ ਨੋਟਿਸ ਲੈਂਦੀ…? ਉਸ ਦਾ ਦਿਮਾਗ ਤਾਂ ਅੰਬਰੀਂ ਉਡਿਆ ਫ਼ਿਰਦਾ ਸੀ।
ਰਮਣੀਕ ਦੀ ਚਿੱਠੀ ਉਸ ਨੇ ਖੂੰਜੇ ਵਾਲ਼ੇ ਕਮਰੇ ਅੰਦਰ ਜਾ ਕੇ ਖੋਲ੍ਹੀ ਤਾਂ ਚਿੱਠੀ ਅੰਦਰਲੀ ਮਹਿਕ ਨੇ ਉਸ ਦਾ ਤਨ-ਮਨ ਨਸ਼ਿਆ ਦਿੱਤਾ। ਉਸ ਨੇ ਸਰੀਰ ਦਾ ਸਾਰਾ ਤਾਣ ਲਾ ਕੇ ਸੋਹਣੇ ਸੱਜਣ ਦੀ ਚਿੱਠੀ ਨੂੰ ਇੱਕ ਵਾਰ ਫ਼ੇਰ ਸੁੰਘਿਆ। ਅਦੁਤੀ ਮਹਿਕ ਨਾਲ਼ ਜਿਵੇਂ ਸਾਰੀ ਕਾਇਨਾਤ ਮਹਿਕਣ ਲੱਗ ਪਈ ਸੀ। ਉਸ ਨੇ ਚਿੱਠੀ ਖੋਲ੍ਹ ਕੇ ਪੜ੍ਹਨੀ ਸ਼ੁਰੂ ਕੀਤੀ:
-“ਮੇਰੀ ਜਿੰਦ! ਮੇਰੀ ਜਾਨ, ਪੱਪਨੀ!! ਮੋਹ ਭਰੀ ਗਲਵਕੜੀ!!”
-“ਪੂਰਨ ਆਸ ਹੈ ਠੀਕ ਹੋਵੇਂਗੀ। ਵਤਨ ਤੋਂ ਦੂਰ ਜਾ ਕੇ ਆਪਣੇ ਦੇਸ਼ ਅਤੇ ਆਪਣਿਆਂ ਦਾ ਜੋ ਹੇਰਵਾ ਮਾਰਦਾ ਹੈ, ਉਹ ਇੱਕ ਵੱਖਰਾ ਦਰਦ ਹੈ। ਪਰ ਤੇਰੇ ਵਿਛੋੜੇ ਦੀ ਪੀੜ ਕਦੇ-ਕਦੇ ਅਸਹਿ ਹੋ ਜਾਂਦੀ ਹੈ, ਅਤੇ ਇਸ ਪੀੜ ਵਿਚ ਮੈਂ ਕਿੰਨਾਂ ਕਰਾਹ ਉਠਦਾ ਹਾਂ, ਸ਼ਾਇਦ ਤੈਨੂੰ ਅਹਿਸਾਸ ਨਾ ਹੋਵੇ, ਕਿਉਂਕਿ ਤੂੰ ਆਪਣੇ ਵਤਨ ਅਤੇ ਆਪਣੇ ਪ੍ਰੀਵਾਰ ਵਿਚ ਬੈਠੀ ਹੈਂ। ਪਰ ਕਦੇ-ਕਦੇ ਇਹ ਪੀੜ ਮੈਨੂੰ ਘੋਰ ਆਨੰਦ ਵੀ ਦਿੰਦੀ ਹੈ, ਕਿਉਂਕਿ ਇਹ ਤੇਰੇ ਵਿਯੋਗ ਦੀ ਪੀੜ ਹੈ! ਇੱਕ ਪ੍ਰਵਾਸੀ ਹੋਣ ਦੇ ਅਹਿਸਾਸ ਨਾਲ਼ ਲਿਖ ਰਿਹਾ ਹਾਂ ਕਿ ਬਦਕਿਸਮਤ ਹੀ ਪ੍ਰਦੇਸੀ ਬਣਦੇ ਨੇ, ਆਪਣੇ ਵਤਨ ਮੌਜਾਂ ਮਾਨਣ ਵਾਲ਼ੇ ਤਾਂ ਕਿਸਮਤ ਵਾਲ਼ੇ ਹੁੰਦੇ ਨੇ। ਮੇਰੀ ਯੂਨੀਵਰਸਿਟੀ ਦੀ ਸ਼ੁਰੂਆਤ ਬਾਰਾਂ ਦਿਨ ਬਾਅਦ ਹੋ ਜਾਵੇਗੀ। ਮੇਰੀ ਉਡੀਕ ਕਰੀਂ, ਮੈਂ ਆਊਂਗਾ! ਮੇਰੇ ਆਉਣ ਤੱਕ ਮੇਰੀ ਉਡੀਕ ਕਰੀਂ…! ਆਪਣੇ ਭਲੇ ਦਿਨ ਸ਼ੁਰੂ ਹੋਣਗੇ! ਲੰਮੇ ਵਿਛੋੜੇ ਬਾਅਦ ਮਿਲਾਪ ਦਾ ਵੀ ਆਪਣਾ ਇੱਕ ਵੱਖਰਾ ਹੀ ਸੁਆਦ ਹੁੰਦਾ ਹੈ! ਖ਼ਤ ਦਾ ਉੱਤਰ ਜਲਦੀ ਦਿੰਦੀ ਰਹੀਂ! ਤੇਰੀਆਂ ਚਿੱਠੀਆਂ ਦਾ ਹੀ ਤਾਂ ਆਸਰਾ ਹੈ ਮੈਨੂੰ।”
-“ਤੇਰਾ ਰਮਣੀਕ!”
ਇਹ ਸੰਖੇਪ ਚਿੱਠੀ ਪਤਾ ਨਹੀਂ ਉਸ ਨੇ ਕਿੰਨੀ ਵਾਰ ਪੜ੍ਹੀ।
ਉਸ ਦੀਆਂ ਅੱਖਾਂ “ਗੰਗਾ-ਜਮਨਾ” ਬਣੀਆਂ ਹੋਈਆਂ ਸਨ।
ਮੋਤੀਆਂ ਵਰਗੇ ਹੰਝੂ ਧਰਾਲ਼ੀਂ ਉਸ ਦੀ ਛਾਤੀ ‘ਤੇ ਡਿੱਗ ਰਹੇ ਸਨ। ਸੋਹਣੇ ਸੱਜਣ ਦੀ ਚਿੱਠੀ ਉਸ ਨੇ ਛਾਤੀ ਨਾਲ਼ ਘੁੱਟ ਰੱਖੀ ਸੀ। ਚਿੱਠੀ ਦੇ ਚੰਦ ਅੱਖਰ ਉਸ ਦੀ ਜ਼ਿੰਦਗੀ ਦਾ ਸਰਮਾਇਆ ਬਣ ਗਏ ਸਨ। ਰਮਣੀਕ ਦੀ ਚਿੱਠੀ ਉਸ ਨੂੰ ਕਿਸੇ ਜੰਨਤ ਵਾਂਗ ਹੀ ਤਾਂ ਮਿਲ਼ੀ ਸੀ। ਫ਼ਿਰ ਪਤਾ ਨਹੀਂ ਉਸ ਨੂੰ ਕੀ ਸੁੱਝਿਆ, ‘ਦਗੜ-ਦਗੜ’ ਕਰਦੀ ਪੱਕੀਆਂ ਪੌੜੀਆਂ ਚੜ੍ਹ ਗਈ।
-“ਭਾਬੀ…!” ਉਸ ਨੇ ਕੋਠੇ Ḕਤੇ ਖੜ੍ਹ ਕੇ ਅਵਾਜ਼ ਦਿੱਤੀ। ਉਸ ਦੇ ਚਿਹਰੇ ਦੀ ਖ਼ੁਸ਼ੀ ਦਾ ਤਾਬ ਝੱਲਿਆ ਨਹੀਂ ਜਾਂਦਾ ਸੀ।
ਅਚਾਨਕ ਸੁਖਵਿੰਦਰ ਵੀ ਘਰ ਵਿਚ ਇਕੱਲੀ ਹੀ ਸੀ।
ਪੱਪਨੀ ਦੀ ਖ਼ੁਸ਼ੀ ਭਰੀ ਅਵਾਜ਼ ਸੁਣ ਕੇ ਉਹ ਇੱਕ ਦਮ ਵਰਾਂਡੇ ਵਿਚ ਆ ਖੜ੍ਹੀ।
-“ਕਿੱਥੋਂ ਆਈ ਐਂ ਖਚਰੀਏ ਨਣਦੇ, ਨੀ ਤੂੜੀ ਨਾਲ਼ ਗੁੱਤ ਲਿੱਬੜੀ…!” ਉਸ ਨੇ ਟਾਂਚ ਕੀਤੀ।
ਕੋਠੇ ‘ਤੇ ਖੜ੍ਹੀ ਪੱਪਨੀ ਨੇ ਰਮਣੀਕ ਵਾਲ਼ੀ ਚਿੱਠੀ ਹਿਲਾ ਕੇ ਦਿਖਾਈ।
-“ਤੇ ਮੇਰੀ ਪਾਰਟੀ…?”
-“ਜਾਨ ਮੰਗ ਜਾਨ, ਭਾਬੋ ਮੇਰੀਏ…!”
-“ਤੇਰੇ ਟੰਬਿਆਂ ਵਰਗੇ ਹੱਡ ਐ, ਜਾਨ ਤੇਰੀ ਮੈਂ ਕੀ ਕਰਨੀ ਐਂ…?” ਭਾਬੀ ਉਸ ਨੂੰ ਛੇੜਨ ਦੇ ਰੌਂਅ ‘ਚ ਸੀ।
-“ਬੋਲ ਕੀ ਖਾਣੈਂ…?”
-“ਅੱਜ ਤਾਂ ਤੈਨੂੰ ਈ ਖਾਊਂ…!”
-“ਸਿਰ ਵੱਲੋਂ ਕਿ ਪੈਰਾਂ ਵੱਲੋਂ…?”
-“ਕੁੜ੍ਹੇ ਆਹ ਕੀਹਦੀ ਚਿੱਠੀ ਐ…?” ਵਿਹੜੇ ‘ਚ ਖੜ੍ਹੀ ਬੀਜੀ ਦੀ ਅਵਾਜ਼ ਸੀ।
ਪੱਪਨੀ ਨੂੰ ਚੱਕਰ ਆਇਆ।
ਉਹ ਅਚਾਨਕ ਗਿੱਚੀ ਤੋਂ ਫ਼ੜੀ ਗਈ ਸੀ।
-“ਫ਼ੌਜੀ ਬਾਈ ਦੀ ਐ, ਬੀਜੀ…! ਸੁਖਵਿੰਦਰ ਭਾਬੀ ਨੂੰ ਦਿਖਾਉਂਦੀ ਸੀ, ਡਾਕੀਆ ਮੈਨੂੰ ਫ਼ੜਾ ਗਿਆ…!” ਉਸ ਨੇ ਵੇਲ਼ਾ ਸੰਭਾਲ਼ਦਿਆਂ ਜੰਮ ਕੇ ਝੂਠ ਬੋਲ ਦਿੱਤਾ।
-“ਤੇ ਫ਼ੜਾ ਉਹਨੂੰ…! ਕੰਮ ਨਬੇੜ…!”
-“ਐਮੇ ਈ ਫ਼ੜਾ ਦਿਆਂ, ਬੀਜੀ…? ਪਾਰਟੀ ਲੈਣੀ ਆਂ ਸੁਖਵਿੰਦਰ ਭਾਬੀ ਤੋਂ…!”
-“ਨੀ ਪਾਲਟੀ ਨੂੰ ਕੀ ਆ..? ਘਰ ਦੇ ਤਾਂ ਜੀਅ ਐ…! ਤੂੰ ਆ ਮੇਰੇ ਨਾਲ਼ ਪਾਣੀ ਪਿਆ ਮੱਝਾਂ ਨੂੰ…! ਕੰਮ ਕਾਰ ਵੀ ਕਰਵਾ ਲਿਆ ਕਰੋ ਕੋਈ…? ਮੈਨੂੰ ਸਾਰਾ ਕੁਛ ਸੁੱਖ ਕੇ ਤਾਂ ਨੀ ਦਿੱਤਾ…? ਨਾ ਬਦਲੇ ਲਓ ਸਾਰਾ ਟੱਬਰ ਮੇਰੇ…!”
-“ਬੀਜੀ, ਤੁਸੀਂ ਪਾਸੇ ਹੋ’ਜੋ…! ਅੱਜ ਸਾਰੀਆਂ ਮੱਝਾਂ ਨੂੰ ਮੈਂ ਆਪੇ ਪਾਣੀ ਪਿਆ’ਦੂੰ…!”
-“ਅਖੇ ਕਾਣੀਏ, ਘੋੜੇ ਚੜ੍ਹੇਂ ਤਾਂ ਜਾਣੀਏਂ…! ਗੱਲੀਂ-ਬਾਤੀਂ ਤਾਂ ਸਾਰਾ ਟੱਬਰ ਈ ਬਥੇਰੇ ਪੂੜੇ ਪਕਾ ਲੈਂਦੈ, ਪਰ ਹੱਥ ਪੱਲਾ ਕਿਸੇ ਨੇ ਨੀ ਹਿਲਾਉਣਾ ਹੁੰਦਾ…!” ਬੀਜੀ ਅੱਕੀ ਪਈ ਸੀ।
-“ਬੀਜੀ, ਇਹਨੇ ਕੁਛ ਨੀ ਕਰਨਾ…! ਇਹ ਤਾਂ ਗੱਲੀਂ ਬਾਤੀਂ ਈ ਵੱਡੀ ਐ…!” ਭਾਬੀ ਨੇ ਵੱਡੀ ਸਾਰੀ ਜੀਭ ਕੱਢ ਕੇ ਕਿਹਾ।
-“ਭਾਬੀ…! ਮੈਂ ਮੱਥੇ ‘ਚ ਮਾਰ ਕੇ ਫ਼ੌੜ੍ਹਾ, ਤੇਰੇ ਪਾੜ ਪਾ ਦੇਣੈ…! ਕੁਛ ਨਾ ਭਾਲ਼…! ਬੀਜੀ ਅੱਗੇ ਲਾਟਾਂ ਛੱਡਦੇ ਰਹਿੰਦੇ ਐ, ਤੇ ਤੂੰ ਖਚਰੋ ਹੋਰ ਫ਼ੂਸ ਪਾਉਣ ਲੱਗ ਪਈ…!”
-“ਪਿਆ ਦੇਹ ਨਾ ਪਾਣੀ ਪਸ਼ੂਆਂ ਨੂੰ…! ਵਿਹਲੜ…!”
-“ਪਿਆਊਂਗੀ…!”
-“ਉਹ ਦਿਨ ਡੁੱਬਾ, ਜਦ ਘੋੜੀ ਚੜ੍ਹਿਆ ਕੁੱਬਾ…! ਜਿਸ ਦਿਨ ਤੂੰ ਘਰ ਦਾ ਕੰਮ ਕਰ ਲਿਆ, ਓਸ ਦਿਨ ਸੂਰਜ ਪਤਾ ਨੀ ਕਿਹੜੀ ਕੂਟ ਤੋਂ ਚੜੂ…?”
-“ਕਰ ਲੈਂ ਟਿੱਚਰਾਂ, ਭਾਬੋ…! ਜਿਸ ਦਿਨ ਸਾਡੀ ਢਾਕ ਹੇਠ ਆ ਗਈ, ਓਸ ਦਿਨ ਅਸੀਂ ਕਸਰ ਪੂਰੀ ਕਰ ਦਿਆਂਗੇ…!” ਉਹ ਪੌੜੀਆਂ ਉਤਰਦੀ ਬੋਲੀ।
-“ਲਿਆ ਚਿੱਠੀ ਤਾਂ ਫ਼ੜਾ ਜਾਹ ਮੈਨੂੰ…!” ਭਾਬੀ ਨੇ ਅੱਖ ਮਾਰ ਕੇ ਕਿਹਾ।
-“ਐਡਾ…!” ਉਸ ਨੇ ਅੰਗੂਠਾ ਦਿਖਾ ਕੇ ਜੀਭ ਕੱਢੀ।
-“ਚੰਗਾ ਨਾ ਫ਼ੜਾ, ਮੈਂ ਬੀਜੀ ਕੋਲੋਂ ਲੈ ਜਾਊਂ ਆ ਕੇ..! ਬੀਜੀ, ਆਹ ਘਤਿੱਤਣ ਮੇਰੀ ਚਿੱਠੀ ਨੀ ਦਿੰਦੀ…! ਥੋਡੇ ਪੁੱਤ ਦੀ ਚਿੱਠੀ ਐ..!”
-“ਫ਼ੜਾ ਕੇ ਆ ਨ੍ਹੀ…!” ਬੀਜੀ ਪੌੜੀਆਂ ਕੋਲ਼ ਆ ਖੜ੍ਹੀ ਤਾਂ ਪੱਪਨੀ ਕਸੂਤੀ ਫ਼ਸ ਗਈ।
-“ਨਾ ਫ਼ੜਾ ਹੁਣ…? ਫ਼ਸਗੀ ਤਾਂ ਫ਼ਟਕਣ ਕੇਹਾ…? ਲਿਆ…! ਲਿਆ ਮੇਰੀ ਗੁਗਲੀ ਮੁਗਲੀ, ਐਨੀ ਇਲਤ ਨੀ ਕਰੀਦੀ ਹੁੰਦੀ, ਕੋਈ ਸੱਟ ਫ਼ੇਟ ਵੱਜ ਕੇ ਜਾਹ ਜਾਂਦੀ ਹੋ ਜਾਂਦੀ ਐ…!” ਭਾਬੀ ਨੇ ਪੌੜੀਆਂ ਚੜ੍ਹ ਕੇ ਸ਼ਰਾਰਤ ਨਾਲ਼ ਪੱਪਨੀ ਦੇ ਹੱਥ ‘ਚੋਂ ਚਿੱਠੀ ਫ਼ੜ ਲਈ।
-“ਲਿਆ ਮੈਂ ਵੀ ਦੇਖਾਂ ਪੜ੍ਹ ਕੇ, ਕੀ ਲਿਖਿਐ ਪ੍ਰਾਹੁੰਣੇ ਨੇ…!” ਉਸ ਨੇ ਤਿਰਛਾ ਝਾਕ ਕੇ ਵਿਅੰਗ ਨਾਲ਼ ਹੌਲ਼ੀ ਜਿਹੇ ਕਿਹਾ।
-“ਤੂੰ ਮੇਰੀ ਹਮਰਾਜ਼ ਐਂ ਭਾਬੀ, ਤੇਰੇ ਕੋਲ਼ੋਂ ਕੀ ਲੁਕਿਐ…? ਲੈ ਫ਼ੜ…!”
-“ਨਹੀਂ, ਮੈਂ ਤਾਂ ਮਜ਼ਾਕ ਕਰਦੀ ਸੀ ਕਮਲ਼ੀਏ, ਮੈਂ ਕੀ ਕਰਨੀ ਐਂ ਤੇਰੀ ਚਿੱਠੀ…? ਤੂੰ ਈ ਰੱਖ, ਰਾਤ ਨੂੰ ਨਾਲ਼ ਲਾ ਕੇ ਸੌਣਾਂ ਹੋਊਗਾ…!” ਭਾਬੀ ਨੇ ਚਿੱਠੀ ਫ਼ੜ ਕੇ ਮੁੜ ਪੱਪਨੀ ਨੂੰ ਪਰਦੇ ਨਾਲ਼ ਵਾਪਸ ਕਰ ਦਿੱਤੀ। ਪੱਪਨੀ ਨੇ ਸ਼ੁਕਰਾਨੇ ਭਰੀਆਂ ਨਜ਼ਰਾਂ ਨਾਲ਼ ਭਾਬੀ ਵੱਲ ਤੱਕਿਆ, ਤਾਂ ਭਾਬੀ ਦੀਆਂ ਨੀਲੀਆਂ ਅੱਖਾਂ ਵਿਚ ਦੂਰ-ਦੂਰ ਤੱਕ ਮਿਹਰਬਾਨੀ ਵਿਛੀ ਪਈ ਸੀ।
ਰਾਤ ਨੂੰ ਫ਼ਿਰ ਪਤਾ ਨਹੀਂ ਕਿੰਨੀ ਵਾਰ ਪੱਪਨੀ ਨੇ ਖ਼ਤ ਨੂੰ ਪੜ੍ਹਿਆ। ਕਿੰਨੀ ਵਾਰ ਖ਼ੁਸ਼ ਹੋਈ, ਤੇ ਕਿੰਨੀ ਵਾਰ ਰੋਈ। ਉਸ ਨੂੰ ਨਹੀਂ ਸੀ ਪਤਾ ਲੱਗਿਆ। ਚਿੱਠੀ ਦਾ ‘ਕੱਲਾ-‘ਕੱਲਾ ਮੁਬਾਰਕ ਅੱਖਰ ਉਸ ਦੇ ਸਾਹਮਣੇ ਰਮਣੀਕ ਬਣ-ਬਣ ਖੜ੍ਹਦਾ ਰਿਹਾ। ਕਦੇ ਮੁਸਕੁਰਾਉਂਦਾ ਰਿਹਾ ਅਤੇ ਕਦੇ ਗਲਵਕੜੀ ਪਾਉਂਦਾ ਰਿਹਾ।
ਅੱਧੀ ਰਾਤ ਬਾਅਦ ਉਸ ਨੇ ਰਮਣੀਕ ਨੂੰ ਚਿੱਠੀ ਲਿਖਣੀ ਸ਼ੁਰੂ ਕੀਤੀ।
ਸਵੇਰੇ ਪਾਠੀ ਬੋਲਣ ਤੱਕ ਪਤਾ ਨਹੀ ਉਹ ਆਪਣੇ ਦਿਲਾਂ ਦੇ ਮਹਿਰਮ ਨੂੰ ਕੀ-ਕੀ ਲਿਖਦੀ ਰਹੀ? ਸ਼ਾਇਦ ਕੁਝ ਗਿਲੇ ਤੇ ਕੁਝ ਸ਼ਿਕਵੇ! ਕੁਝ ਉਲਾਂਭੇ ਅਤੇ ਕੁਝ ਅਪਣੱਤ ਦੀਆਂ ਬਾਤਾਂ! ਕੁਝ ਮੁਹੱਬਤ ਅਤੇ ਕੁਝ ਰੰਜ ਦੀਆਂ ਗੱਲਾਂ! ਕੁਝ ਮਿੱਠੀਆਂ ਅਤੇ ਕੁਝ ਮਸਾਲੇਦਾਰ! ਪਹੁ ਫ਼ਟਦੀ ਨਾਲ਼ ਉਸ ਨੇ ਖ਼ਤ ਪੂਰਾ ਕਰ ਕੇ ਲਫ਼ਾਫ਼ੇ ਵਿਚ ਪਾਇਆ। ਕੁਝ ਫ਼ੁੱਲਾਂ ਦੀਆਂ ਪੱਤੀਆਂ ਚਿੱਠੀ ਵਿਚ ਬੜੀ ਰੀਝ ਨਾਲ਼ ਰੱਖੀਆਂ ਅਤੇ ਚਿੱਠੀ ਲਫ਼ਾਫ਼ੇ ਵਿਚ ਪਾ ਦਿੱਤੀ। ਸੰਗਤਰੇ ਦੀਆਂ ਫ਼ਾੜੀਆਂ ਵਰਗੇ ਬੁੱਲ੍ਹਾਂ ਨਾਲ਼ ਗੂੰਦ ਵਾਲ਼ਾ ਕਾਗਜ਼ ਘਸਾ ਕੇ ਖ਼ਤ ਬੰਦ ਕਰ ਦਿੱਤਾ। ਕਾਸ਼, ਮੈਂ ਖ਼ਤ ਹੁੰਦੀ ਤਾਂ ਉਡ ਕੇ ਆਪਣੇ ਮਹਿਰਮ ਦਿਲਾਂ ਦੇ ਮਾਹੀ ਤੱਕ ਪਹੁੰਚ ਜਾਂਦੀ…! ਸੋਚ ਕੇ ਉਸ ਦੇ ਰੌਣਕ ਭਰੇ ਚਿਹਰੇ ‘ਤੇ ਪਲ ਦੀ ਪਲ ਉਦਾਸੀ ਦੀ ਪਿਲੱਤਣ ਛਾਅ ਗਈ। ਪਤਾ ਨਹੀਂ ਕਿੰਨਾਂ ਚਿਰ ਉਹ ਬੰਦ ਕੀਤੇ ਖ਼ਤ ਨੂੰ ਸਧਰਾਂ ਨਾਲ਼ ਨਿਹਾਰਦੀ ਰਹੀ।
ਚਿੱਠੀ ਪੋਸਟ ਕਰਨ ਵੇਲ਼ੇ ਡਾਕ ਵਾਲ਼ਾ ਢੋਲ ਉਸ ਨੂੰ ਬਹੁਤਾ ਹੀ ਆਪਣਾ-ਆਪਣਾ ਜਾਪਿਆ।
ਹੁਣ ਤੱਕ ਉਸ ਨੂੰ ਰਮਣੀਕ ਦੇ ਤਿੰਨ ਖ਼ਤ ਆ ਚੁੱਕੇ ਸਨ।
ਖ਼ਤ ਹੀ ਉਹਨਾਂ ਦੇ ਵਿਚਕਾਰ ਦੁੱਖ-ਸੁਖ, ਦਿਨ-ਕਟੀ ਅਤੇ ਭਾਵਨਾਵਾਂ ਦੇ ਅਰਦਾਨ-ਪ੍ਰਦਾਨ ਦਾ ਸਾਧਨ ਸਨ।
ਖ਼ਤਾਂ ਆਸਰੇ ਹੀ ਉਹਨਾਂ ਦਾ ਸਮਾਂ ਸੁਹਵਣਾ ਲੰਘ ਰਿਹਾ ਸੀ।
ਪਰ ਅਚਾਨਕ ਇਸ ਸੁਹਾਵਣੇ ਸਮੇਂ ਵਿਚ ਬੂਟਾ ਡਾਕੀਆ ਸਪੋਲ਼ੀਆ ਬਣ ਕੇ ਡਿੱਗਿਆ।
ਬੂਟੇ ਦੀਆਂ ਹਰਕਤਾਂ ਤਾਂ ਪਹਿਲੇ ਦਿਨ ਤੋਂ ਹੀ ਚੰਗੀਆਂ ਨਹੀਂ ਸਨ। ਪਰ ਪੱਪਨੀ ਨੇ ਉਸ ਦੀਆਂ ਹਰਕਤਾਂ ‘ਤੇ ਬਹੁਤਾ ਧਿਆਨ ਨਹੀਂ ਸੀ ਦਿੱਤਾ। ਕਿਸੇ ਵੀ ਸ਼ਰਾਰਤ ‘ਤੇ ਗੌਰ ਨਹੀਂ ਸੀ ਕੀਤੀ। ਇਸ ਬੇਧਿਆਨੀ ਨੂੰ ਬੂਟਾ ਪੱਪਨੀ ਦੀ “ਸਹਿਮਤੀ” ਮੰਨਣ ਲੱਗ ਪਿਆ ਸੀ। ਉਹ ਚਿੱਠੀ ਫ਼ੜਾਉਂਦਾ ਬੇਹੂਦੀਆਂ ਹਰਕਤਾਂ ਕਰਦਾ। ਕਦੇ ਹੱਥ ਘੁੱਟ ਦਿੰਦਾ, ਕਦੇ ਹਲਕੀ ਜਿਹੀ ਚੂੰਢੀ ਭਰਦਾ ਅਤੇ ਕਦੇ ਪੱਪਨੀ ਦੀ ਬਾਂਹ ਪਲ਼ੋਸ ਜਾਂਦਾ। ਪਰ ਰਮਣੀਕ ਦੇ ਖ਼ਤ ਦੀ ਖ਼ੁਸ਼ੀ ਵਿਚ ‘ਖੀਵੀ’ ਹੋਈ ਪੱਪਨੀ ਨੂੰ ਪਤਾ ਹੀ ਨਾ ਲੱਗਦਾ ਕਿ ਬੂਟਾ ਕੋਈ ‘ਗ਼ੈਰ’ ਹਰਕਤ ਕਰ ਗਿਆ ਹੈ…? ਇਸ ਅਣਗਹਿਲੀ ਜਾਂ ਬੇਪ੍ਰਵਾਹੀ ਨੂੰ ਬੂਟਾ ਪੱਪਨੀ ਦੀ ਸਹਿਮਤੀ ਮੰਨਣ ਲੱਗ ਪਿਆ ਸੀ।
ਜਦ ਰਮਣੀਕ ਦੀ ਚੌਥੀ ਚਿੱਠੀ ਆਈ ਤਾਂ ਚਿੱਠੀ ਫੜਾਉਣ ਆਏ ਬੂਟੇ ਨੇ ਕੱਛ ‘ਚੋਂ ਅਜੀਬ ਹੀ ਮੂੰਗਲ਼ਾ ਕੱਢ ਮਾਰਿਆ।
-“ਪੱਪਨੀ…!”
-“ਹਾਂ…?”
-“ਇੱਕ ਗੱਲ ਆਖਾਂ…?”
-“ਬੋਲ਼…?” ਉਹ ਬੜੀ ਬੇਸਬਰੀ ਨਾਲ਼ ਚਿੱਠੀ ਖੋਲ੍ਹਦੀ ਆਖ ਰਹੀ ਸੀ।
-“ਸੋਚ ਕਰ…! ਤੈਨੂੰ ਛੱਡ ਕੇ ਰਮਣੀਕ ਕਿੰਨੀ ਦੂਰ, ਮੇਮਾਂ ਦੇ ਦੇਸ਼ ਜਾ ਬੈਠਾ…!”
-“ਉਹ ਪੜ੍ਹਨ ਗਿਐ…! ਮੈਨੂੰ ਛੱਡ ਕੇ ਥੋੜ੍ਹੋ ਗਿਐ…?”
-“ਪਰ ਇਹ ਵੀ ਸੋਚ ਨ੍ਹਾਂ, ਕਿ ਪੜ੍ਹਾਈ ਪੂਰੀ ਕਰ ਕੇ ਉਹ ਤੇਰੇ ‘ਤੇ ਈ ਬੈਠਾ ਰਹੂ…?” ਬੂਟੇ ਦੀ ਮਨਹੂਸ ਜਿਹੀ ਗੱਲ ਸੁਣ ਕੇ ਪੱਪਨੀ ਨੇ ਖ਼ਤ ਵੱਲੋਂ ਧਿਆਨ ਹਟਾ, ਗਹੁ ਨਾਲ਼ ਉਸ ਵੱਲ ਤੱਕਿਆ। ਬੂਟਾ ਬੁੱਚੜ ਜਿਹਾ ਚਿਹਰਾ ਬਣਾਈ ਭੈੜ੍ਹਾ ਜਿਹਾ ਮੁਸਕੁਰਾ ਰਿਹਾ ਸੀ। ਉਸ ਦਾ ਚਿਹਰਾ ਅੱਜ ਪੱਪਨੀ ਨੂੰ ਕਰੂਪ ਜਿਹਾ ਲੱਗਿਆ।
-“ਤੂੰ ਕਹਿਣਾਂ ਕੀ ਚਾਹੁੰਨੈ…?” ਉਸ ਨੇ ਚਿੱਠੀ ਦੀ ਤਹਿ ਮਾਰ ਲਈ।
-“ਸੁਪਨਿਆਂ ‘ਚ ਜਿਉਣਾ ਛੱਡ…! ਆ, ਮੇਰੀ ਹਿੱਕ ਨਾਲ਼ ਲੱਗ਼…!” ਬੂਟੇ ਦੀ ਕਹੀ ਗੱਲ ‘ਤੇ ਪੱਪਨੀ ਦੰਗ ਰਹਿ ਗਈ।
-“…………….।” ਪਰ ਅਚਾਨਕ ਅਣਕਿਆਸੀ ਗੱਲ ਸੁਣਨ ਕਾਰਨ ਉਹ ਨਿਰੁੱਤਰ ਖੜ੍ਹੀ ਸੀ।
-“ਕਸਮ ਖਾ ਕੇ ਆਖਦੈਂ, ਪੱਪਨੀ…! ਤੈਨੂੰ ਫ਼ੁੱਲਾਂ ਵਾਂਗੂੰ ਰੱਖੂੰਗਾ…! ਕਦੇ ਕੰਡੇ ਦੀ ਤਕਲੀਫ਼ ਨੀ ਹੋਣ ਦਿਊਂਗਾ, ਇੱਕ ਵਾਰੀ ਮੇਰੇ ਨਾਲ਼ ਲਾ ਕੇ ਦੇਖ਼…!” ਬੂਟਾ ਮਸਤ ਬੋਤੇ ਵਾਂਗ ਉਸ ਦੇ ਉਪਰ ਨੂੰ ਚੜ੍ਹਦਾ ਆ ਰਿਹਾ ਸੀ।
ਪੱਪਨੀ ਉਸ ਤੋਂ ਕਰਮ ਪਿੱਛੇ ਹਟ ਗਈ।
-“ਗੱਲ ਸੁਣ ਵੇ ਬੁੱਚੜਾ ਜਿਆ…! ਤੂੰ ਤਾਂ ਰਮਣੀਕ ਦੇ ਪੈਰ ਵਰਗਾ ਵੀ ਨ੍ਹੀ…!”
-“ਨਾ ਅਸਮਾਨ ‘ਚ ਸੁਪਨੇ ਲੈ…! ਮੇਰੀ ਬਣ ਕੇ ਰਹਿ, ਦੁਨੀਆਂ ਦੀ ਹਰ ਖ਼ੁਸ਼ੀ ਤੇਰੀ ਝੋਲ਼ੀ ਪਾਊਂਗਾ, ਪੱਪਨੀ…!”
ਪੱਪਨੀ ਨੇ ਬੂਟੇ ਦੇ ਚੁਪੇੜ ਮਾਰੀ।
ਬੂਟੇ ਨੂੰ ਭੰਬੂਤਾਰੇ ਦਿਸੇ।
-“ਜੇ ਮੁੜ ਕੇ ਐਹੋ ਜੀ ਗੱਲ ਮੇਰੇ ਨਾਲ਼ ਕੀਤੀ, ਵੱਢ ਕੇ ਧਰਤੀ ‘ਚ ਦੱਬ ਦਿਊਂ, ਹਰਾਮਦਿਆ…!” ਉਸ ਨੇ ਬੂਟੇ ਦੇ ਮੂੰਹ ‘ਤੇ ਥੁੱਕ ਦਿੱਤਾ।
-“ਤੇ ਚਿੱਠੀ ਕਿਹੜੇ ਖ਼ਸਮ ਕੋਲ਼ੋਂ ਲਵੇਂਗੀ…?”
-“ਮੈਨੂੰ ਨੀ ਕਿਸੇ ਚਿੱਠੀ ਦੀ ਲੋੜ..! ਮੈਂ ਰਮਣੀਕ ਦੀ ਚਿੱਠੀ ਬਿਨਾ ਸਾਰ ਲਊਂਗੀ, ਪਰ ਆਪਣੇ ਜਿਉਂਦੇ ਜੀਅ ਉਸ ਦੀ ਅਮਾਨਤ, ਇਸ ਸਰੀਰ ਨੂੰ ਦਾਗ ਨੀ ਲੱਗਣ ਦਿਊਂਗੀ…! ਅੱਜ ਤੋਂ ਬਾਅਦ ਜੇ ਮੇਰੇ ਕੋਲ਼ ਹੋ ਕੇ ਲ਼ਾਅਲ਼ਾ ਜੀਆਂ ਸਿੱਟੀਐਂ, ਤਲਵਾਰ ਬਣ ਕੇ ਵਿਚ ਦੀ ਨਿਕਲ਼ ਜਾਊਂਗੀ, ਸੁਣ ਗਿਆ…?” ਪੱਪਨੀ ਦਾ ਚੰਡੀ ਰੂਪ ਦੇਖ ਕੇ ਬੂਟਾ ਡਰ ਗਿਆ। ਉਹ ਤਾਂ ਜੁਆਲਾ ਬਣੀ, ਸੇਕ ਮਾਰ ਰਹੀ ਸੀ।
ਬੂਟਾ ਸਿਲ਼-ਪੱਥਰ ਹੋਇਆ ਥਾਂ ‘ਤੇ ਹੀ ਖੜ੍ਹਾ ਸੀ।
ਪੱਪਨੀ ਉਸ ਨੂੰ ਤਬਾਹੀ ਹੀ ਤਾਂ ਜਾਪੀ ਸੀ।
-“ਲੈ ਹੁਣ ਲੈ-ਲੀਂ ਚਿੱਠੀ…!” ਉਹ ਥੁੱਕ ਵਾਲ਼ੀ ਗੱਲ੍ਹ ਸਾਫ਼ ਕਰਦਾ ਪਿੱਛੇ ਨੂੰ ਮੁੜ ਪਿਆ।
ਪੰਦਰਾਂ ਕੁ ਦਿਨ ਬਾਅਦ ਜਦ ਰਮਣੀਕ ਦੀ ਅਗਲੀ ਚਿੱਠੀ ਆਈ ਤਾਂ ਸਾਈਕਲ ‘ਤੇ ਚੜ੍ਹਿਆ ਬੂਟਾ ਉਹਨਾਂ ਦੀ ਵੀਹੀ ਵਿਚ ਟੱਲੀਆਂ ਮਾਰਦਾ ਫ਼ਿਰਦਾ ਸੀ। ਉਸ ਨੂੰ ਇਹ ਸੀ ਕਿ ਰਮਣੀਕ ਦੀ ਚਿੱਠੀ ਦੇਖ ਕੇ ਪੱਪਨੀ “ਸਹੀ” ਰਾਹ ‘ਤੇ ਆ ਜਾਵੇਗੀ। ਪਰ ਪੱਪਨੀ ਇਸ ਮਿੱਟੀ ਦੀ ਨਹੀਂ ਬਣੀ ਸੀ, ਜਿਸ ਬਾਰੇ ਸ਼ਾਇਦ ਬੂਟਾ ਸੋਚ ਰਿਹਾ ਸੀ।
-“ਦੇਖ ਲੈ…? ਕਰਨੈਂ ਰਾਜ਼ੀਨਾਮਾਂ…?” ਗਲ਼ੀ ਦੇ ਮੋੜ ‘ਤੇ ਜਾਂਦੀ ਪੱਪਨੀ ਨੂੰ ਬੂਟੇ ਨੇ ਗੱਲ ਸੁਣਾਈ, “ਸਾਡੀ ਦਰਿਆ-ਦਿਲੀ ਵੀ ਦੇਖ, ਜੁੱਤੀਆਂ ਖਾ ਕੇ ਵੀ ਰਾਜ਼ੀਨਾਮੇਂ ਲਈ ਹੱਥ ਕੱਢਿਐ…!”
ਪੱਪਨੀ ਜੁੱਤੀ ਲਾਹੁੰਣ ਲੱਗ ਪਈ।
-“ਮਜ਼ਾਕ ਨੀ ਕਰਦਾ, ਆਹ ਦੇਖ ਲੈ…! ਰਮਣੀਕ ਦੀ ਚਿੱਠੀ ਐ…! ਸੋਚ ਲੈ…! ਇਹ ਨੀ ਮਿਲਣੀ…!” ਬੂਟਾ ਸਾਈਕਲ ‘ਤੇ ਲੱਤ ਲਾਈ ਖੜ੍ਹਾ ਸੀ, “ਜੇ ਬਹੁਤਾ ਨਹੀਂ ਤਾਂ ਸਿਰਫ਼ ਇੱਕ ਵਾਰ-!” ਉਸ ਨੇ ਗੱਲ ਨੂੰ ਲਮਕਾ ਕੇ ਕਿਸੇ “ਹੋਰ ਹੀ ਪਾਸੇ” ਇਸ਼ਾਰਾ ਕੀਤਾ।
ਪੱਪਨੀ ਨੇ ਜੁੱਤੀ ਲਾਹ ਕੇ ਬੂਟੇ ਦੀ ਭੁਗਤ ਸੁਆਰਨੀ ਸ਼ੁਰੂ ਕਰ ਦਿੱਤੀ।
-“ਹਰਾਮਜ਼ਾਦਿਆ…! ਤੂੰ ਮੈਨੂੰ ਸਮਝ ਕੀ ਰੱਖਿਐ, ਕੁੱਤੇ ਦਿਆ ਹੱਡਾ…? ਜੇ ਮੈਂ ਰਮਣੀਕ ਨੂੰ ਮੁਹੱਬਤ ਕਰਦੀ ਐਂ, ਤਾਂ ਓਸ ਦੀ ਚਿੱਠੀ ਵਾਸਤੇ ਮੈਂ ਜਣੀਂ-ਖਣੀਂ ਜੂਠ ਦੇ ਥੱਲੇ ਪੈਂਦੀ ਫ਼ਿਰੂੰਗੀ…?” ਉਸ ਦੀ ਜੁੱਤੀ ਗੜਿਆਂ ਵਾਂਗ ਬੂਟੇ ਦੇ ਸਿਰ ‘ਚ ਵਰ੍ਹ ਰਹੀ ਸੀ, “ਪੰਜਾਬ ਦੀ ਧੀ ਆਂ, ਆਪਣੇ ਸੁਆਰਥ ਪਿੱਛੇ ਆਪਣੀ ਇੱਜ਼ਤ ਨੀ ਦਾਅ ‘ਤੇ ਲਾਉਂਦੀ…! ਅੱਜ ਤੋਂ ਬਾਅਦ ਮੇਰੇ ਨੇੜੇ ਨਾ ਆ-ਜੀਂ, ਕੱਚੇ ਨੂੰ ਖਾਜੂੰਗੀ, ਕੱਚੇ ਨੂੰ…!” ਉਸ ਦੀਆਂ ਅੱਖਾਂ ‘ਚੋਂ ਅੱਗ ਵਰ੍ਹ ਰਹੀ ਸੀ। ਬੂਟੇ ਦੇ ਸਿਰ ‘ਚ ਠੁਕਦੀਆਂ ਜੁੱਤੀਆਂ ‘ਚੋਂ “ਠੱਪ-ਠੱਪ” ਦੀ ਅਵਾਜ਼ ਆ ਰਹੀ ਸੀ। ਉਸ ਦੇ ਸਿਰ ‘ਚੋਂ ਅਜੀਬ “ਭੜ੍ਹਾਸ” ਨਿਕਲ਼ ਰਹੀ ਸੀ।
ਪਰ ਵਰ੍ਹਦੀਆਂ ਜੁੱਤੀਆਂ ਵਿਚ ਵੀ ਬੂਟਾ ਭੱਜਣ ਵਿਚ ਕਾਮਯਾਬ ਹੋ ਗਿਆ।
ਡਰੀ ਗਊ ਵਾਂਗ ਆਸਾ-ਪਾਸਾ ਦੇਖਦਾ ਉਹ ਰੱਬ ਦਾ ਸ਼ੁਕਰ ਕਰ ਰਿਹਾ ਸੀ ਕਿ ਕਿਸੇ ਨੇ ਉਸ ਦੇ ਪੈਂਦੀਆਂ ਨਹੀਂ ਦੇਖੀਆਂ ਸਨ। ਇਸ ਪੱਖੋਂ ਉਸ ਦਾ ਬਚਾਅ ਹੋ ਗਿਆ ਸੀ।
-“ਲੈ ਹੁਣ ਸੁਣ ਮੇਰੀ ਇੱਕ ਗੱਲ਼…!” ਉਹ ਦੂਰ ਗਲ਼ੀ ਦੇ ਖੂੰਜੇ ‘ਚ ਖੜ੍ਹਾ, ਸ਼ੇਰ ਬਣ ਗਿਆ ਸੀ।
-“ਆਹੀ ਚਿੱਠੀ ਹੁਣ ਮੈਂ ਤੇਰੇ ਪਿਉ ਨੂੰ ਫ਼ੜਾਊਂਗਾ…!” ਬੂਟੇ ਦੀ ਗੱਲ ਸੁਣ ਕੇ ਪੱਪਨੀ ਦੇ ਸਿਰ ‘ਚ ਧਮਾਕਾ ਹੋਇਆ।
-“ਜਿਹੜੀ ਓਸ ਰਮਣੀਕ ਦੇ ਸਿਰ ‘ਤੇ ਚਿੱਤੜ ਉਚੇ ਕਰ-ਕਰ ਤੁਰਦੀ ਐਂ ਨ੍ਹਾਂ? ਹੁਣ ਪਤਾ ਲੱਗੂ, ਕਿੰਨੇ ਵੀਹਾਂ ਸੌ ਹੁੰਦੈ, ਸਾਲ਼ੀ ਇੱਜ਼ਤ ਦੀ…!” ਤੇ ਉਹ ਨਾਸਾਂ ‘ਚੋਂ ਠੂੰਹੇਂ ਸੁੱਟਦਾ ਸਾਈਕਲ ‘ਤੇ ਤਿੱਤਰ ਹੋ ਗਿਆ।
ਪੱਪਨੀ ਦਾ ਸਰੀਰ “ਝਰਨ-ਝਰਨ” ਕਰ ਰਿਹਾ ਸੀ।
ਕਿਸੇ ਗ਼ੈਬੀ ਸਹਿਮ ਨੇ ਉਸ ਨੂੰ ਧੁਰ ਹਿਰਦੇ ਤੋਂ ਹਿਲਾ ਧਰਿਆ ਸੀ। ਡਰ ਉਸ ਨੂੰ ਇਤਨਾ ਬਾਪੂ ਦੇ ਗੁੱਸੇ ਦਾ ਨਹੀਂ ਸੀ, ਜਿਤਨਾ ਰਮਣੀਕ ਤੋਂ ਦੂਰ ਹੋ ਜਾਣ ਦਾ ਸੀ। ਅਸਲ ਵਿਚ ਪੱਪਨੀ ਦੇ ਬਾਪ ਦਾ ਸੁਭਾਅ ਬਹੁਤ ਮਾੜਾ ਸੀ। ਜਦ ਉਸ ਦੇ ਦਿਮਾਗ ਨੂੰ ਫ਼ਤੂਰ ਚੜ੍ਹਦਾ ਸੀ ਤਾਂ ਨਫ਼ੇ-ਨੁਕਸਾਨ ਬਾਰੇ ਬਿਲਕੁਲ ਨਹੀਂ ਸੋਚਦਾ ਸੀ। ਕਿਸੇ ਗੱਲ ‘ਤੇ ਖਿਝ ਕੇ ਉਹ ਆਪਣਾ ਘਰ ਵੀ ਫ਼ੂਕ ਸਕਦਾ ਸੀ।
-“ਨ੍ਹੀ ਪੱਪਨੀ..! ਐਥੇ ਖੜ੍ਹੀ ਕੀ ਕਰਦੀ ਐਂ…?” ਦਰਜੀਆਂ ਦੀ ਕੁੜੀ ਨੇ ਹੋਕਰਾ ਮਾਰ ਕੇ ਪੱਪਨੀ ਦੀ ਸੋਚ ਦੀ ਲੰਮੀ ਲੜੀ ਤੋੜੀ। ਪੱਪਨੀ ਦਾ ਮਨ ਭਰ ਆਇਆ ਅਤੇ ਉਹ ਪੁੱਠੇ ਪੈਰੀਂ ਘਰ ਨੂੰ ਵਾਪਸ ਮੁੜ ਪਈ।
ਸੋਚਾਂ ਵਿਚ ਰਮਣੀਕ ਦੇ ਨਾਂ ਦੀਆਂ ਔਸੀਆਂ ਪਾਉਂਦੀ ਪੱਪਨੀ ਘਰ ਆ ਗਈ।
ਸਭ ਤੋਂ ਵੱਡਾ ਦੁੱਖ ਉਸ ਨੂੰ ਰਮਣੀਕ ਦੀ ਚਿੱਠੀ ਨਾ ਮਿਲਣ ਦਾ ਸੀ।
ਪਤਾ ਨਹੀਂ ਰਮਣੀਕ ਨੇ ਇਸ ਚਿੱਠੀ ਵਿਚ ਕੀ ਲਿਖਿਆ ਹੋਊਗਾ…? ਪਤਾ ਨੀ ਉਸ ਦਾ ਦਿਲ ਲੱਗਿਆ ਹੋਊਗਾ ਕਿ ਨਹੀਂ…? ਪਿਛਲੀ ਚਿੱਠੀ ਵਿਚ ਉਸ ਨੇ ਲਿਖਿਆ ਸੀ ਕਿ ਉਸ ਦਾ ਰਹਾਇਸ਼ੀ ਪਤਾ ਬਦਲ ਜਾਵੇਗਾ, ਜੇ ਇਸ ਚਿੱਠੀ ਵਿਚ ਉਸ ਨੇ ਨਵਾਂ ਪਤਾ ਲਿਖਿਆ ਹੋਇਆ, ਤਾਂ ਮੈਨੂੰ ਤਾਂ ਉਸ ਦੇ ਨਵੇਂ ਪਤੇ ਦਾ ਵੀ ਪਤਾ ਨਹੀਂ ਲੱਗਣਾ…! ਪੱਪਨੀ, ਤੈਨੂੰ ਬੂਟੇ ਨਾਲ਼ ਵਿਗਾੜਨੀ ਨਹੀਂ ਚਾਹੀਦੀ ਸੀ…! …ਤੇ ਫ਼ੇਰ ਮੈਂ ਉਸ ਦੁਸ਼ਟ ਦੀ ਕਹੀ ਗੱਲ ਮੰਨ ਲੈਂਦੀ…? ਨਹੀਂ…! ਕਦੇ ਵੀ ਨਹੀਂ…!! ਇਹ ਸਰੀਰ, ਇਹ ਮੇਰੇ ਰਮਣੀਕ ਦੀ ਅਮਾਨਤ ਹੈ, ਉਸ ਨਾਲ਼ੋਂ ਸਾਰੀ ਜ਼ਿੰਦਗੀ ਦੂਰ ਰਹਿਣਾ ਮਨਜ਼ੂਰ ਹੈ, ਪਰ ਆਪਣੀ ਅਣਖ਼-ਇੱਜ਼ਤ ਅਤੇ ਮਾਣ-ਮਰਿਯਾਦਾ ਦਾਅ ‘ਤੇ ਲਾ ਕੇ ਇਸ ਦੁਸ਼ਟ ਨਾਲ਼ ਕੋਈ ਸਮਝੌਤਾ ਨਹੀਂ ਕਰਨਾ…! ਮੈਂ ਅਣਖ਼ੀ ਪੰਜਾਬਣ ਹਾਂ…! ਪਿਆਰ ਮੁਹੱਬਤ ਦੇ ਵੇਗ ‘ਚ ਆ ਕੇ ਮੈਂ ਰਮਣੀਕ ਨੂੰ ਆਪਣਾ ਸਰੀਰ ਆਪ ਅਰਪਣ ਕੀਤਾ ਸੀ…! ਤੇ ਮਰਦੇ ਦਮ ਤੱਕ ਇਹ ਸਰੀਰ ਮੇਰੇ ਰਮਣੀਕ ਦੀ ਅਮਾਨਤ ਹੀ ਰਹੂਗੀ, ਇਹ ਅਮਾਨਤ ਕਿਸੇ ਕੁੱਤੇ-ਬਿੱਲੇ ਦੇ ਹਿੱਸੇ ਨਹੀਂ ਆਊਗੀ…! ਚਾਹੇ ਜ਼ਿੰਦਗੀ ਵਿਚ ਕੋਈ ਮੁਸ਼ਕਿਲ ਆ ਜਾਵੇ, ਕਿਸੇ ਵੀ ਇਮਤਿਹਾਨ ਵਿਚ ਦੀ ਗੁਜ਼ਰਨਾ ਪਵੇ, ਪਰ ਮੈਂ ਆਪਣੀ ਅਣਖ਼ੀ ਮਾਣ-ਮਰਿਯਾਦਾ ਨਹੀਂ ਤੋੜੂੰਗੀ…! ਜਿੱਥੇ ਤੱਕ ਮੇਰੀ ਵਾਹ ਲੱਗੀ, ਇਹ ਸਰੀਰ ਰਮਣੀਕ ਲਈ ਹੀ ਸਾਂਭ ਕੇ ਰੱਖੂੰਗੀ, ਕਿਸੇ ਗ਼ੈਰ ਅੱਗੇ ਨਹੀਂ ਪਰੋਸੂੰਗੀ…! ਪਰ ਜੇ ਰਮਣੀਕ ਦਾ ਅਤਾ-ਪਤਾ ਬਦਲ ਗਿਆ ਹੋਇਆ ਤਾਂ ਮੈਂ ਖ਼ਤ ਕਿਹੜੇ ਪਤੇ ‘ਤੇ ਪਾਊਂਗੀ…? ਜੋ ਮਰਜ਼ੀ ਹੋ ਜਾਵੇ, ਚਾਹੇ ਮੇਰਾ ਮੇਰੇ ਰਮਣੀਕ ਨਾਲ਼ੋਂ ਸਾਰੀ ਜ਼ਿੰਦਗੀ ਦਾ ਰਾਬਤਾ ਟੁੱਟ ਜਾਵੇ, ਪਰ ਮੈਂ ਆਪਣੇ ਸਿਦਕ, ਅਸੂਲਾਂ ਅਤੇ ਆਪਣੀ ਮਾਣ-ਮਰਿਯਾਦਾ ‘ਤੇ ਜ਼ਰੂਰ ਕਾਇਮ ਰਹਿਣੈ…! ਉਸ ਨੇ ਆਪਣੇ ਆਪ ਨਾਲ਼ ਇੱਕ “ਪ੍ਰਣ” ਕੀਤਾ ਸੀ। …ਜੇ ਮੈਂ ਰਮਣੀਕ ਨੂੰ ਆਪਣਾ ‘ਆਪਾ’ ਸਮਰਪਣ ਕੀਤਾ, ਤਾਂ ਆਪਣੇ ਪਿਆਰ, ਆਪਣੀ “ਮੁਹੱਬਤ” ਵਾਸਤੇ ਅਰਪਣ ਕੀਤਾ, ਕਿਉਂਕਿ ਮੈਂ ਰਮਣੀਕ ਨੂੰ ਆਪਣੀ ਜਿੰਦ-ਜਾਨ ਤੋਂ ਵੀ ਵੱਧ ਮੋਹ ਕਰਦੀ ਹਾਂ, ਅਤੇ ਉਸ ਲਈ ਹਰ ਕੁਰਬਾਨੀ ਦੇ ਸਕਦੀ ਹਾਂ…! ਹੇ ਸੱਚੇ ਪਾਤਿਸ਼ਾਹ…! ਮੈਨੂੰ ਮੇਰੇ ਸਿਦਕ-ਸਿਰੜ ‘ਤੇ ਚੱਲਣ ਦਾ ਬਲ ਬਖ਼ਸ਼ਣਾਂ ਸੱਚੇ ਪਿਤਾ ਜੀਓ…! ਉਸ ਨੇ ਆਪਣੇ ਆਪ ਨਾਲ਼ ਵਾਅਦੇ ਕਰਨ ਦੇ ਨਾਲ਼-ਨਾਲ਼ ਰੱਬ ਤੋਂ ਵੀ ਵਰਦਾਨ ਮੰਗਿਆ ਸੀ!
ਰਾਤ ਨੂੰ ਸਾਰੀ ਰਾਤ ਪੱਪਨੀ ਨੂੰ ਟੇਕ ਨਾ ਆਈ।
ਉਹ ਮੰਜੇ ‘ਤੇ ਹੀ ਪਲ਼ਸੇਟੇ ਮਾਰਦੀ ਰਹੀ। ਬੱਸ ਇੱਕੋ ਸੋਚ ਨੇ ਹੀ ਉਸ ਨੂੰ “ਵਿੰਨ੍ਹ” ਰੱਖਿਆ ਸੀ ਕਿ ਕਿਤੇ ਰਮਣੀਕ ਦਾ ਪਤਾ ਤਾਂ ਨਹੀਂ ਬਦਲ ਗਿਆ ਸੀ…? ਇਸ ਸੋਚ ਨੇ ਉਸ ਨੂੰ ਕਮਲ਼ੀ ਕਰ ਰੱਖਿਆ ਸੀ! ਕਿ ਜੇ ਉਸ ਦਾ ਪਤਾ ਬਦਲ ਗਿਆ ਹੋਇਆ ਤਾਂ ਉਹਨਾਂ ਦਾ ਰਾਬਤਾ ਟੁੱਟ ਜਾਵੇਗਾ! ਤੇ ਜੇ ਰਮਣੀਕ ਨਾਲ਼ ਰਾਬਤਾ ਟੁੱਟ ਗਿਆ ਤਾਂ ਮੈਂ ਅੰਦਰੋਂ ਚਕਨਾਚੂਰ ਹੋ ਜਾਵਾਂਗੀ! ਉਸ ਦੀਆਂ ਅੱਖਾਂ ਨੇ ਸਾਰੀ ਰਾਤ ਬਰਸਾਤੀ ਬੱਦਲ਼ ਵਾਂਗ ਝੜ੍ਹੀ ਲਾਈ ਰੱਖੀ ਸੀ। ਪੱਪਨੀ…! ਕੀ ਤੂੰ ਆਪਣੇ ਰਮਣੀਕ ਬਿਨਾ ਰਹਿ ਸਕੇਂਗੀ…? ਉਸ ਦੀ ਰੂਹ ਨੂੰ ਕੋਈ ਅਵਾਜ਼ ਮਾਰ ਕੇ ਪੁੱਛਦਾ, ਤਾਂ ਉਹ ਅੰਤਰ ਆਤਮਾਂ ਵਿਚੋਂ “ਨਹੀਂ…!” ਦਾ ਵਿਰਲਾਪ ਕਰਦੀ!!
ਅਗਲੇ ਦਿਨ ਵੀ ਉਹ ਗੁਆਚੀ-ਗੁਆਚੀ, ਸੁੰਨ-ਸੁੰਨ ਜਿਹੀ ਤੁਰੀ ਫ਼ਿਰਦੀ ਰਹੀ।
ਬੀਜੀ ਨੇ ਵੀ ਉਸ ਨੂੰ ਚੁੱਪ ਦਾ ਕਾਰਨ ਪੁੱਛਿਆ ਤਾਂ ਉਸ ਨੇ “ਸਿਹਤ ਠੀਕ ਨੀ” ਦਾ ਰਾਗ ਅਲਾਪ ਦਿੱਤਾ। ਪਰ ਉਹ ਚਾਹੁੰਦੀ ਸੀ ਕਿ ਉਸ ਨੂੰ ਕੋਈ ਨਾ ਬੁਲਾਵੇ। ਕੋਈ ਉਸ ਨਾਲ਼ ਗੱਲ ਨਾ ਕਰੇ! ਉਹ ਚੁੱਪ ਹੀ ਰਹਿਣਾ ਚਾਹੁੰਦੀ ਸੀ।
ਦੋ ਵਾਰ ਉਸ ਨੇ ਕੋਠੇ ‘ਤੇ ਚੜ੍ਹ ਕੇ ਸੁਖਵਿੰਦਰ ਭਾਬੀ ਦੇ ਘਰ ਝਾਤੀ ਮਾਰੀ। ਪਰ ਹਮਰਾਜ਼ ਅਤੇ ਹਮਦਰਦ ਭਾਬੀ ਨਜ਼ਰ ਨਾ ਆਈ। ਉਹ ਅੱਖਾਂ ਭਰ ਕੇ ਵਾਪਸ ਪਰਤ ਆਈ।
ਤੀਜੀ ਵਾਰ ਜਦ ਉਸ ਨੇ ਸੁਖਵਿੰਦਰ ਭਾਬੀ ਬਾਰੇ ਉਸ ਦੀ ਸੱਸ ਨੂੰ ਪੁੱਛਿਆ ਤਾਂ ਪਤਾ ਲੱਗਿਆ ਕਿ ਭਾਬੀ ਦੀ ਮਾਂ ਬਿਮਾਰ ਹੋਣ ਦਾ ਅਚਾਨਕ ਸੁਨੇਹਾਂ ਆ ਗਿਆ ਸੀ ਅਤੇ ਉਹ ਦਸ ਕੁ ਦਿਨ ਲਈ ਪੇਕੇ ਚਲੀ ਗਈ ਸੀ।
ਪੱਪਨੀ ਨੂੰ ਮਹਿਸੂਸ ਹੋਇਆ ਕਿ ਉਹ ਇਸ ਭਰੀ-ਭਰਾਈ, ਹੱਸਦੀ-ਖੇਡਦੀ ਦੁਨੀਆਂ ਵਿਚ ਬਿਲਕੁਲ “ਇਕੱਲੀ” ਹੋ ਗਈ ਸੀ। ਰੋਹੀ-ਬੀਆਬਾਨ ਦੇ ਜੰਡ ਵਾਂਗ ਇਕੱਲੀ ਅਤੇ ਉਦਾਸ!!
ਦੁੱਖਾਂ ਅਤੇ ਪੀੜਾਂ ਵਿਚ ਤਾਂ ਉਹ ਅੱਗੇ ਹੀ ਪੀੜੀ ਪਈ ਸੀ।
ਅਗਲਾ ਪਹਾੜ ਉਸ ਦੇ ਸਿਰ ਓਦੋਂ ਟੁੱਟਿਆ, ਜਦੋਂ ਉਸ ਦਾ ਬਾਪ ਮੂੰਹ ‘ਚੋਂ ਅੱਗ ਉਗਲ਼ਦਾ ਘਰ ਪਰਤਿਆ। ਉਸ ਦੇ ਬੋਲਾਂ ਵਿਚ ਸ਼ਰਾਬ ਦੁਹਾਈਆਂ ਦੇ ਰਹੀ ਸੀ। ਆਉਣਸਾਰ ਉਸ ਨੇ ਹੱਥ ਵਿਚ ਫ਼ੜਿਆ ਗੰਡਾਸਾ ਲੱਕੜ ਦੇ ਦਰਵਾਜੇ ‘ਤੇ ਵਾਹ ਦਿੱਤਾ। ਗੰਡਾਸਾ ਉਸ ਨੇ ਇਤਨੀ ਜੋਰ ਨਾਲ਼ ਵਾਹਿਆ ਕਿ ਅੱਧਾ ਦਰਵਾਜੇ ਵਿਚ ਧਸ ਗਿਆ, ਜਿਹੜਾ ਖਿੱਚੇ ਤੋਂ ਵੀ ਪੱਟਿਆ ਨਹੀਂ ਗਿਆ ਸੀ। ਉਸ ਦੀਆਂ ਅੱਖਾਂ ਵਿਚ ਫ਼ਤੂਰ ਅਤੇ ਤਬਾਹੀ ਸੀ। ਮੱਥੇ ‘ਤੇ ਜੁਆਲਾ ਮੱਚ ਰਹੀ ਸੀ ਅਤੇ ਜੀਭ ‘ਤੇ ਲਾਵਾ ਬਲ਼ ਰਿਹਾ ਸੀ। ਉਸ ਦੀਆਂ ਸ਼ਰਾਬੀ ਅੱਖਾਂ ਦੇ ਉਸਤਰੇ ਪੱਪਨੀ ਨੂੰ ਵੱਢਣ ਆ ਰਹੇ ਸਨ।
ਬੀਜੀ ਨੇ ਅੱਗੇ ਹੋ ਕੇ ਉਸ ਦਾ ਰਾਹ ਰੋਕਣਾ ਚਾਹਿਆ। ਪਰ ਉਸ ਦੇ ਇੱਕ ਧੱਕੇ ਨਾਲ਼ ਹੀ ਬੀਜੀ ਪਟੜੇ ਵਾਂਗ “ਦਾਅੜ” ਕਰਦੀ ਡਿੱਗ ਪਈ ਸੀ। ਪੱਪਨੀ ਨੇ ਭੱਜ ਕੇ ਬੀਜੀ ਨੂੰ ਚੁੱਕਣਾ ਚਾਹਿਆ ਤਾਂ ਬਾਪੂ ਦੀ ਡਾਂਗ ਉਸ ਦੇ ਚੂਕਣੇ ‘ਚ ਆ ਪਈ। ਸੱਟ ਨੇ ਉਸ ਦਾ ਮਾਸ ਜਲ਼ਣ ਲਾ ਦਿੱਤਾ ਸੀ। ਜਿਵੇਂ ਕਿਸੇ ਨੇ ਉਸ ਦੇ ਸੋਹਲ ਸਰੀਰ ‘ਤੇ ਉਬਲ਼ਦਾ ਤੇਲ ਡੋਲ੍ਹ ਦਿੱਤਾ ਸੀ। ਪੀੜ ਨਾਲ਼ ਉਹ ਕਰਾਹ ਉਠੀ ਸੀ। ਪਰ ਬੇਰਹਿਮ ਬਾਪੂ ਨੇ ਉਸ ‘ਤੇ ਡਾਂਗਾਂ ਦਾ ਮੀਂਹ ਵਰ੍ਹਾ ਦਿੱਤਾ ਸੀ। ਬੜੀ ਬੇਕਿਰਕੀ ਨਾਲ਼ ਉਸ ਨੂੰ ਕੁੱਟਿਆ ਜਾ ਰਿਹਾ ਸੀ। ਬੀਜੀ ਬਾਪੂ ਦੇ ਹਾੜ੍ਹੇ ਕੱਢ ਰਹੀ ਸੀ, ਪਰ ਗੁੱਸੇ ਨਾਲ਼ ਦਧਨ ਹੋਇਆ ਬਾਪੂ ਕੁੱਟਣੋਂ ਬੰਦ ਹੀ ਨਹੀਂ ਹੋ ਰਿਹਾ ਸੀ।
ਕੁੱਟੀ-ਭੰਨੀ ਬੀਜੀ ਅਚਾਨਕ ਸ਼ੀਹਣੀ ਬਣ ਕੇ ਬਾਪੂ ਦੇ ਸਾਹਮਣੇ ਆ ਖੜ੍ਹੀ।
-“ਮਾਰ ਈ ਦੇਹ ਦੁਸ਼ਟਾ ਅੱਜ..! ਕਰ ਖਾਤਮਾਂ ਸਾਡਾ…! ਤੇਰਾ ਨਿੱਤ ਦਾ ਸਿਆਪਾ ਅੱਜ ਨਬੇੜ ਈ ਲੈ ਜਮਦੂਤਾ..!” ਬੀਜੀ ਨੇ ਕਮਲ਼ਿਆਂ ਵਾਂਗ ਕਈ ਧੱਫ਼ੇ ਆਪਣੀ ਹਿੱਕ ‘ਚ ਮਾਰੇ ਤਾਂ ਬਾਪੂ ਹੱਥੋਂ ਡਾਂਗ ਡਿੱਗ ਪਈ।
ਕਲੇਸ਼ ਦਾ ਰੌਲ਼ਾ ਸੁਣ ਕੇ ਆਂਢੀ-ਗੁਆਂਢੀ ਇਕੱਠੇ ਹੋ ਗਏ।
-“ਜੀਅ ਕਰਦੈ ਤੇਰਾ ਗਲ਼ ਘੁੱਟ ਦਿਆਂ, ਕੰਜਰੀਏ…!” ਬਾਪੂ ਨੇ ਧੀ ਨੂੰ ਅਜੀਬ ਅਕਾਸ਼ਬਾਣੀ ਕੀਤੀ।
-“ਆਹ ਸਿਰ ਖੇਹ ਪਾਉਣ ਵਾਸਤੇ ਜੰਮਿਆਂ ਸੀ ਤੈਨੂੰ, ਦੁਸ਼ਟੇ…?” ਡੱਬ ‘ਚੋਂ ਬੋਤਲ ਕੱਢ ਕੇ ਉਸ ਨੇ ਮੂੰਹ ਨੂੰ ਲਾ ਲਈ। ਦਾਰੂ ਉਸ ਨੇ ਪੀਤੀ ਨਹੀਂ, ਇੱਕ ਤਰ੍ਹਾਂ ਨਾਲ਼ ਅੰਦਰ ਡੋਲ੍ਹੀ ਸੀ। ਸੁੱਕੀ ਦਾਰੂ ਨੇ ਪੱਠਾ ਲਾ ਕੇ ਉਸ ਦਾ ਸਾਹ ਬੰਦ ਕਰ ਦਿੱਤਾ ਸੀ। ਵਿਹੜੇ ਵਾਲ਼ੇ ਨਲ਼ਕੇ ਤੋਂ ਉਸ ਨੇ ਘੁੱਟ ਕੁ ਪਾਣੀ ਪੀਤਾ ਅਤੇ ਡੋਲ੍ਹ ਦਿੱਤਾ।
-“ਹੁਣ ਮੈਂ ਤੇਰਾ ਫ਼ਾਹਾ ਵੱਢ ਦੇਣੈਂ, ਚਾਹੇ ਕਿਸੇ ਜਾਤ-ਕੁਜਾਤ ਨਾਲ਼ ਕਿਉਂ ਨਾ ਨਰੜ ਕਰਨਾ ਪਵੇ…! ਤੂੰ ਵੀ ਕੀ ਯਾਦ ਰੱਖੇਂਗੀ…? ਬੜਾ ਲਹੂ ਪੀਤੈ ਤੂੰ ਮੇਰਾ, ਪਿੰਡ ‘ਚ ਨੱਕ ਵਢਵਾ ਕੇ ਰੱਖਤਾ ਮੇਰਾ ਹਰਾਮਦੀ ਨੇ…! ਜੇ ਆਹ ਦਿਨ ਦਾ ਪਤਾ ਹੁੰਦਾ, ਜੰਮਦੀ ਦਾ ਗਲ਼ ਦੱਬ ਦਿੰਦਾ…!” ਉਹ ਊਠ ਵਾਂਗ ਤੜਾਫ਼ੇ ਮਾਰਦਾ ਬਾਹਰ ਨਿਕਲ਼ ਗਿਆ। ਤੁਰਦੇ ਨੇ ਉਸ ਨੇ ਪੈਰ ਦੁਰਮਟ ਵਾਂਗ ਧਰਤੀ ‘ਤੇ ਮਾਰੇ ਸਨ।
….ਅਸਲ ਵਿਚ ਬੂਟੇ ਡਾਕੀਏ ਨੇ ਰਮਣੀਕ ਦੀ ਚਿੱਠੀ ਬਾਪੂ ਨੂੰ ਸੱਥ ਵਿਚ ਜਾਣ ਬੁੱਝ ਕੇ ਫ਼ੜਾਈ ਸੀ।
-“ਕੀਹਦੀ ਚਿੱਠੀ ਐ ਬੂਟਿਆ…?” ਬਾਪੂ ਨੇ ਸੁਭਾਵਿਕ ਹੀ ਪੁੱਛਿਆ।
-“ਬਾਹਰੋਂ ਐਂ ਤਾਇਆ…!”
-“ਉਹ ਤਾਂ ਲਫ਼ਾਫ਼ਾ ਈ ਦੱਸਦੈ ਬਈ ਬਾਹਰਲੇ ਮੁਲਕ ‘ਚੋਂ ਐਂ, ਕਾਹਨੂੰ ਰੀਸਾਂ ਐ ਬਾਹਰਲੇ ਮੁਲਕਾਂ ਦੀ, ਸ਼ੇਰਾ…! ਪਰ ਪਾਈ ਕੀਹਨੇ ਐਂ…? ਸਾਡਾ ਤਾਂ ਕੋਈ ਬਾਹਰ ਵੀ ਨੀ ਗਿਆ…!” ਬਾਪੂ ਹੈਰਾਨ ਸੀ।
ਸੱਥ ‘ਚ ਬੈਠੇ ਲੋਕ ਵੀ ਹੈਰਾਨ ਸਨ।
-“ਇੱਕ ਬਾਹਰਲੇ ਪਿੰਡ ਦਾ ਮੁੰਡੈ, ਤਾਇਆ…! ਉਹ ਆਪਣੀ ਪੱਪਨੀ ਨਾਲ਼ ਪੜ੍ਹਦਾ ਰਿਹੈ..! ਇਹ ਚਿੱਠੀਆਂ ਆਪਣੀ ਪੱਪਨੀ ਵਾਸਤੇ ਆਉਂਦੀਐਂ ਬਾਹਰਲੇ ਮੁਲਕ ‘ਚੋਂ…!”
ਬਾਪੂ ਜਿਵੇਂ ਸੱਥ ‘ਚ “ਨੰਗਾ” ਹੋ ਗਿਆ ਸੀ।
ਬੂਟੇ ਦੀ ਘਰੋੜ੍ਹ ਕੇ ਆਖੀ ਗੱਲ ਉਸ ਦੇ ਹਿਰਦੇ ਨੂੰ “ਦੋਫ਼ਾੜ” ਕਰ ਗਈ ਸੀ।
ਭਾਈਚਾਰੇ ਵਿਚ ਬੇਇੱਜ਼ਤੀ ਹੋ ਗਈ ਸੀ।
-“ਅੱਗੇ ਵੀ ਆਈ ਐ ਕਦੇ…? ਕਿ ਅੱਜ ਪਹਿਲੀ ਵਾਰੀ ਆਈ ਐ…?”
-“ਇਹ ਤਾਂ ਕਈ ਮਹੀਨਿਆਂ ਤੋਂ ਆਈ ਜਾਂਦੀਐਂ, ਤਾਇਆ…!”
-“ਤੇ ਤੂੰ ਮੈਨੂੰ ਪਹਿਲਾਂ ਨਾ ਦੱਸਿਆ ਓਏ, ਮਾਂ ਦਿਆ ਯਾਰਾ…?” ਤਾਇਆ ਬੂਟੇ ਦੇ ਗਲ਼ ਨੂੰ ਚਿੰਬੜ ਗਿਆ।
-“ਮੇਰੀ ਘੰਡੀ ਕਿਉਂ ਘੁੱਟਦੈਂ ਤਾਇਆ…? ਜੀਹਦੀ ਘੰਡੀ ਘੁੱਟਣੀ ਚਾਹੀਦੀ ਐ, ਓਹਦੀ ਘੁੱਟ ਜਾ ਕੇ…! ਮੇਰੇ ‘ਤੇ ਰਹਿਮ ਕਰ..!” ਉਸ ਨੇ ਹੱਥ ਜੋੜੇ।
-“ਆਹੋ ਚਰਨ ਸਿਆਂ…! ਇਹਨੂੰ ਬਖ਼ਸ਼…! ਇਹਦਾ ਕੀ ਕਸੂਰ ਐ ਬਿਚਾਰੇ ਗਰੀਬ ਦਾ…? ਜੀਹਦਾ ਕਸੂਰ ਐ, ਉਹਨੂੰ ਤੈਥੋਂ ਕੁਛ ਕਿਹਾ ਵੀ ਨੀ ਜਾਣਾ…!” ਕਿਸੇ ਸ਼ਰੀਕ ਨੇ ‘ਚੋਭ’ ਲਾਈ।
-“……………।” ਚਰਨ ਸਿਉਂ ਦੇ ਹੱਥ ਢਿੱਲੇ ਪੈ ਗਏ। ਜਦ ਉਸ ਨੇ ਬੂਟੇ ਡਾਕੀਏ ਦਾ ਗਲਾਂਵਾਂ ਛੱਡਿਆ ਤਾਂ ਬੂਟੇ ਨੇ ਹਾਰੇ-ਹੰਭੇ ਕੁੱਕੜ ਵਾਂਗ ਖੰਭ ਜਿਹੇ ਝਿਣਕੇ। ਚਰਨ ਸਿਉਂ ਨੇ ਉਸ ਨੂੰ ਜਰਖ਼ਲ਼ ਹੀ ਤਾਂ ਧਰਿਆ ਸੀ।
ਚਰਨ ਸਿਉਂ ਸਿੱਧਾ ਹੀ ਠੇਕੇ ਜਾ ਬੈਠਾ ਅਤੇ ਦਾਰੂ ਨਾਲ਼ ਰੱਜ ਕੇ ਘਰ ਆ ਕੇ ਮਾਂ ਅਤੇ ਧੀ ਕੁੱਟ ਧਰੀਆਂ ਸਨ। ਪੱਪਨੀ ਜੱਗ ਦਾ ਤਮਾਸ਼ਾ ਬਣ ਗਈ ਸੀ। ਬਾਪੂ ਨਿਮੋਸ਼ੀ ਵਿਚ ਸਿਰ ਸੁੱਟੀ ਫ਼ਿਰਦਾ ਸੀ। ਉਹ ਸਵੇਰੇ ਉਠ ਕੇ ਦਾਰੂ ਝੋਅ ਲੈਂਦਾ। ਉਸ ਨੇ ਰਿਸ਼ਤੇਦਾਰਾਂ ਵਿਚ ਪੱਪਨੀ ਦਾ “ਫ਼ਾਹਾ ਵੱਢਣ” ਵਾਲ਼ੀ ਗੱਲ ਚਲਾ ਦਿੱਤੀ ਸੀ। ਪੱਪਨੀ ਨੇ ਆਪਣੀ ਕਿਸਮਤ ਦਾ ਫ਼ੈਸਲਾ ਕੁਦਰਤ ਦੇ ਹੱਥ ਦੇ ਦਿੱਤਾ ਸੀ ਅਤੇ ਹਰ ਕੁਰਬਾਨੀ ਲਈ ਤਿਆਰ ਹੋ ਕੇ ਬੈਠ ਗਈ ਸੀ।
ਪੱਪਨੀ ਦੀ ਦੂਰੋਂ ਲੱਗਦੀ ਭੂਆ ਪੱਪਨੀ ਵਾਸਤੇ “ਰਿਸ਼ਤਾ” ਲੈ ਕੇ ਆਈ।
ਮੁੰਡਾ ਪੱਪਨੀ ਨਾਲ਼ੋਂ ਪੂਰੇ ਗਿਆਰਾਂ ਵਰ੍ਹੇ “ਵੱਡਾ” ਸੀ!!
ਸੁਣ ਕੇ ਪੱਪਨੀ ਦੇ ਬੀਜੀ ਨੂੰ ਹੌਲ ਪੈਣ ਵਾਲ਼ਾ ਹੋ ਗਿਆ ਸੀ। ਸੋਹਣੀ-ਸੁਣੱਖੀ ਅਤੇ ਪੜ੍ਹੀ-ਲਿਖੀ ਦੀ ਕਿਸਮਤ ਵਿਚ ਗਿਆਰਾਂ ਵਰ੍ਹੇ ਵੱਡਾ ਵਰ…?
-“ਗਿਆਰਾਂ ਵਰ੍ਹੇ ਤਾਂ ਬਾਹਲ਼ਾ ਵੱਡੈ, ਬੀਬੀ…! ਮਾੜਾ ਮੋਟਾ ਹਾਣ ਪ੍ਰਵਾਣ ਤਾਂ ਹੋਣਾ ਚਾਹੀਦੈ…!” ਸੁਰਤ ਜਿਹੀ ਪਰਤਣ ‘ਤੇ ਪੱਪਨੀ ਦੇ ਬੀਜੀ ਨੇ ਕਿਹਾ। ਉਹ ਦੋਨੋਂ ਵਰਾਂਡੇ ਵਿਚ ਬੈਠੀਆਂ ਸਨ। ਬੀਜੀ ਨੂੰ ਜੱਗ ਜਹਾਨ ਦੀ ਬਹੁਤੀ ਹੋਸ਼ ਨਹੀਂ ਸੀ। ਉਹ ਕਮਲ਼ੀ, ਬਾਂਵਰੀ ਜਿਹੀ ਤਾਂ ਹੋਈ ਪਈ ਸੀ।
-“ਨਿੰਦਰ ਕੁਰੇ…! ਨ੍ਹੀ ਭੋਲ਼ੀਏ ਭਰਜਾਈਏ…! ਪਿੰਡ ‘ਚ ਡੌਂਡੀ ਤਾਂ ਪਿੱਟੀ ਪਈ ਐ ਇਹਦੀਆਂ ਭਦਰਕਾਰੀਆਂ ਦੀ…! ਪਿੰਡ ਦੀ ਲੰਡੀ-ਬੁੱਚੀ ਤਾਂ ਜੀਭਾਂ ਕੱਢਦੀ ਐ…!” ਉਸ ਨੇ ਘਰੋੜ ਜਿਹੀ ਵਿਚ ਨੱਕ ਚਾੜ੍ਹਿਆ।
-“……………।” ਨਿੰਦਰ ਕੌਰ ਚੁੰਨੀ ‘ਚ ਮੂੰਹ ਦੇ ਕੇ ਬੁੱਕ-ਬੁੱਕ ਹੰਝੂ ਕੇਰੀ ਜਾ ਰਹੀ ਸੀ।
-“ਹੌਂਸਲਾ ਰੱਖ, ਨਿੰਦਰ ਕੁਰੇ…! ਰੋਇਆਂ ਕੁਛ ਨੀ ਬਣਨਾ…! ਧੀਰਜ ਧਰ…!”
-“ਪਤਾ ਨੀ ਕਿਹੜੇ ਪਾਪ ਕੀਤੇ ਅੱਗੇ ਆਗੇ, ਬੀਬੀ…! ਮੈਂ ਤਾਂ ਇਸ ਡੁੱਬੜੀ ਵਾਸਤੇ ਸੁਫ਼ਨੇ ਈ ਬਾਹਲ਼ੇ ਬੁਣੇ ਸੀ…! ਗਿਆਰਾਂ ਸਾਲ਼ ਵੱਡਾ ਜੁਆਈ…? ਦੁਨੀਆਂ ਮੂੰਹ ਛਿੱਤਰ ਨਾ ਦਿਊ…?” ਉਸ ਦੇ ਹਾਉਕੇ ਹੋਰ ਉਚੇ ਹੋ ਗਏ।
-“ਹੁਣ ਕਿਹੜਾ ਦੁਨੀਆਂ ਸਿਰੋਪੇ ਦਿੰਦੀ ਐ, ਭਰਜਾਈਏ…? ਸੌ ਹੱਥ ਰੱਸਾ, ਸਿਰੇ ‘ਤੇ ਗੰਢ…! ਜਦ ਧੀ ਬਦਚਲਣ ਹੋਵੇ, ਓਦੋਂ ਹਾਣ ਦੇ ਵਰ ਦੀ ਭਾਲ਼ ਨਾ ਕਰੀਏ…!” ਭੂਆ ਵੱਟ ਖਾ ਗਈ, “ਇਹਨੂੰ ਤਾਂ ਕੋਈ ਲੋੜਵੰਦ ਈ ਹੱਥ ਪਾਊਗਾ…! ਹਾਣ ਦੇ ਨੇ ਇਹਦੇ ਵੱਲ ਨੱਕ ਨੀ ਕਰਨਾ…!” ਆਖ ਕੇ ਭੂਆ ਨੇ ਬੀਜੀ ਦੇ ਜ਼ਖ਼ਮੀ ਹਿਰਦੇ ਵਿਚ ਹੋਰ ਪਾੜ ਪਾ ਦਿੱਤਾ। ਬੀਜੀ ਲਹੂ-ਲੁਹਾਣ ਹੋਇਆ ਹਿਰਦਾ ਆਪਣੇ ਨਿਰਬਲ ਹੱਥਾਂ ਵਿਚ ਬੋਚੀ ਬੈਠੀ ਸੀ।
-“ਤੂੰ ਸ਼ੁਕਰ ਕਰ ਅਗਲਾ ਇਹਦੇ ਨਾਲ਼ ‘ਨੰਦ ਕਾਰਜ ਕਰਵਾਉਣ ਨੂੰ ਤਿਆਰ ਹੋ ਗਿਆ, ਨਹੀਂ ਇਹਨੂੰ ਤਾਂ ਕੋਈ ਗਏ ਗੁਜਰੇ ਘਰ ਦਾ ਕਬੂਲ ਨਾ ਕਰੇ…!” ਭੂਆ ਜਿੰਨ ਵਾਂਗ ਬੋਲੀ। ਪਤਾ ਨਹੀਂ ਉਸ ਨੂੰ ਨਿੰਦਰ ਕੌਰ ‘ਤੇ ਕੀ ਖੁੰਧਕ ਸੀ, ਜਿਹੜੀ ਮੂੰਹ ਪਾੜ-ਪਾੜ ਕੇ ਇਹੋ ਜਿਹੀਆਂ ਗੱਲਾਂ ਸੁਣਾ ਰਹੀ ਸੀ…? ਪਰ ਮਜਬੂਰੀ ਮੂੰਹ ਨਿੰਦਰ ਕੌਰ ਆਪਣਾ ਮੂੰਹ ਘੁੱਟੀ ਬੈਠੀ ਸੀ। ਵੱਡਾ ਡਰ ਉਸ ਨੂੰ ਆਪਣੇ ਘਰਵਾਲ਼ੇ ਚਰਨ ਸਿਉਂ ਤੋਂ ਸੀ। ਉਸ ਨੇ ਫ਼ਿਰ ਬਿਨਾਂ ਗੱਲੋਂ ਗਾਲ਼ਾਂ ਦੀ ਸੂੜ ਬੰਨ੍ਹ ਲੈਣੀ ਸੀ ਅਤੇ ਮਾਂ-ਧੀ ਨੂੰ ਕੁੱਟ ਕੇ ਮੱਛੀਓਂ ਮਾਸ ਕਰ ਸੁੱਟਣਾ ਸੀ।
ਹਫ਼ਤਾ ਲੰਘ ਗਿਆ ਸੀ।
ਸੁਖਵਿੰਦਰ ਭਾਬੀ ਪੇਕਿਆਂ ਤੋਂ ਵਾਪਸ ਆ ਗਈ।
ਜਦ ਉਸ ਨੂੰ ਪਤਾ ਚੱਲਿਆ ਤਾਂ ਉਹ ਸਿੱਧੀ ਪੱਪਨੀ ਕੋਲ਼ ਪਹੁੰਚੀ। ਪੱਪਨੀ ਦੀ ਮਾਂ ਤਾਂ ਹਾਲਾਤਾਂ ਦੀ ਮਾਰੀ, ਸੁੱਬੀ ਵਿਚ ਬੰਨ੍ਹਣ ਵਾਲ਼ੀ ਹੋਈ ਪਈ ਸੀ। ਕਿੰਨਾਂ ਹੀ ਚਿਰ ਪੱਪਨੀ ਸੁਖਵਿੰਦਰ ਭਾਬੀ ਦੇ ਗਲ਼ ਲੱਗ ਕੇ ਰੋਂਦੀ ਰਹੀ। ਅੱਜ ਉਹ ਆਪਣਾ ਸਾਰਾ ਗੁਬਾਰ ਭਾਬੀ ਅੱਗੇ ਰੋ ਕੇ ਹੀ ਕੱਢ ਦੇਣਾ ਚਾਹੁੰਦੀ ਸੀ। ਭਾਬੀ ਵੀ ਮਜਬੂਰ ਸੀ। ਵੱਸ ਉਸ ਦੇ ਵੀ ਕੁਛ ਨਹੀਂ ਸੀ। ਉਹ ਵੀ ਪੱਪਨੀ ਦੇ ਦੁੱਖ ‘ਚ ਪਸੀਜੀ ਪਈ ਸੀ।
ਫ਼ਫ਼ੇਕੁੱਟਣੀ ਭੂਆ ਦਾ ਲਿਆਂਦਾ “ਰਿਸ਼ਤਾ” ਪ੍ਰਵਾਨ ਚੜ੍ਹ ਗਿਆ।
ਪੱਪਨੀ ਤੋਂ ਪੂਰੇ ਗਿਆਰਾਂ ਸਾਲ ਵੱਡੇ ਗੁਰਜੀਤ ਨਾਲ਼ ਉਸ ਦੇ ਆਨੰਦ ਕਾਰਜ ਹੋ ਗਏ। ਗੁਰਜੀਤ ਅੱਧਬੱਗੀ ਦਾਹੜੀ ਵਿਚ ਮੁਛਕੜੀਏਂ ਹੱਸਦਾ ਫ਼ਿਰਦਾ ਸੀ। ਉਸ ਦੇ ਲਗਾੜੇ ਯਾਰ ਵੀ ਉਸ ਦੇ ਕੂਹਣੀਆਂ ਮਾਰਦੇ ਸਨ। ਕੋਇਲ ਵਰਗੀ ਪੱਪਨੀ ਉਸ ਦੀ ਝੋਲ਼ੀ ਪਈ ਸੀ, ਉਹ ਪੱਬ ਉਚੇ ਕਰ-ਕਰ ਤੁਰਦਾ ਸੀ।
ਡੋਲੀ ਤੁਰਨ ਤੋਂ ਪਹਿਲਾਂ ਪੱਪਨੀ ਨੇ ਰਮਣੀਕ ਦੇ ਖ਼ਤ ਭਾਬੀ ਦੇ ਹਵਾਲੇ ਕਰ ਦਿੱਤੇ।
-“ਮੇਰੀ ਜ਼ਿੰਦਗੀ ਦੀ ਆਹੀ ਕੀਮਤੀ ਪੂੰਜੀ ਐ, ਭਾਬੋ…! ਇਹ ਹੁਣ ਤੇਰੇ ਸਪੁਰਦ ਐ, ਇਹਨੂੰ ਗੁਆ ਨਾ ਦੇਈਂ..! ਜਦ ਭਲੇ ਦਿਨ ਆਏ, ਤੇਰੇ ਤੋਂ ਲੈ ਲਊਂਗੀ..!” ਆਖ ਕੇ ਪੱਪਨੀ ਨੇ ਭਾਬੀ ਗਲ਼ ਲੱਗ ਕੇ ਧਾਹ ਮਾਰੀ। ਡੁਸਕਦੀ ਭਾਬੀ ਉਸ ਨੂੰ ਥਾਪੜੀ ਜਾ ਰਹੀ ਸੀ।
-“ਚਿੰਤਾ ਨਾ ਕਰ…! ਇਹ ਮੇਰੇ ਕੋਲ਼ ਰਹਿਣਗੇ, ਜਦੋਂ ਮਰਜ਼ੀ ਆ ਕੇ ਆਬਦੀ ਅਮਾਨਤ ਲੈ ਲਈਂ…!
ਪਰ ਇੱਕੋ ਗੱਲ ਦਾ ਦਰਦ ਤੇ ਅਫ਼ਸੋਸ ਐ ਪੱਪਨੀ, ਕਿ ਮੈਂ ਤੇਰੀ ਖਾਤਰ ਕੁਛ ਕਰ ਨੀ ਸਕੀ…!” ਉਸ ਦੀਆਂ ਅੱਖਾਂ ‘ਚੋਂ ਵੀ ਹੰਝੂ “ਤ੍ਰਿੱਪ-ਤ੍ਰਿੱਪ” ਚੋਈ ਜਾ ਰਹੇ ਸਨ।
ਡੋਲੀ ਤੁਰਨ ਵੇਲ਼ੇ ਤੱਕ ਬਾਪੂ ਨੇ ਪੱਪਨੀ ਨਾਲ਼ ਅੱਖ ਨਹੀਂ ਮਿਲ਼ਾਈ ਉਹ ਦਾਰੂ ਦੀ ਅੱਧੀ ਬੋਤਲ ਅੰਦਰ ਸੁੱਟੀ ਫ਼ਿਰਦਾ ਸੀ। ਪੱਪਨੀ ਨੇ ਵੀ ਬਾਪੂ ਵੱਲ ਸਿਰ ਉਚਾ ਕਰ ਕੇ ਨਹੀਂ ਦੇਖਿਆ ਸੀ। ਉਸ ਨੇ ਬਾਪੂ ਦਾ “ਭਾਣਾ” ਮਿੱਠਾ ਕਰ ਕੇ “ਮੰਨ” ਲਿਆ ਸੀ। ਤੁਰਨ ਵੇਲ਼ੇ ਜਦ ਭਾਬੀ ਸੁਖਵਿੰਦਰ ਨੇ ਪੱਪਨੀ ਨੂੰ ਗਲਵਕੜੀ ਪਾਈ ਤਾਂ ਪੱਪਨੀ ਦਾ ਅਗਲਾ ਪਿਛਲਾ ਹੜ੍ਹ ਹਿੱਲ ਪਿਆ। ਉਹ ਸੁਖਵਿੰਦਰ ਭਾਬੀ ਅਤੇ ਬੀਜੀ ਦੇ ਗਲ਼ ਲੱਗ ਕੇ ਜਾਰ-ਜਾਰ ਰੋਈ।
ਬਰਾਤੀ ਫ਼ੁੱਲਾਂ ਵਾਲ਼ੀ ਕਾਰ ਦੇ ਅੱਗੇ ਨੱਚ ਰਹੇ ਸਨ। ਪੱਪਨੀ ਨੂੰ ਇੰਜ ਮਹਿਸੂਸ ਹੋ ਰਿਹਾ ਸੀ, ਜਿਵੇਂ ਸ਼ਗਨਾਂ ਵਾਲ਼ੀ ਕਾਰ ਦੇ ਅੱਗੇ ਮੁਰਦੇ ਨੱਚ ਰਹੇ ਹੋਣ! ਜਿਵੇਂ ਸਿਵਿਆਂ ‘ਚੋਂ ਉਠ ਕੇ ਪਿੰਜਰ ਭੰਗੜਾ ਪਾ ਰਹੇ ਹੋਣ!
ਜਦ ਉਹਨਾਂ ਦੀ ਕਾਰ ਵੱਡੀ ਸੜਕ ‘ਤੇ ਚੜ੍ਹੀ ਤਾਂ ਅੱਗਿਓਂ ਬੂਟਾ ਡਾਕੀਆ ਸਾਈਕਲ ‘ਤੇ ਚੜ੍ਹਿਆ ਆ ਰਿਹਾ ਸੀ। ਪੱਪਨੀ ਦੀਆਂ ਅੱਖਾਂ ਵਿਚ ਖ਼ੂਨ ਉਤਰ ਆਇਆ।
ਉਸ ਦਾ ਦਿਲ ਕੀਤਾ ਕਿ ਕਾਰ ਤੋਂ ਉਤਰ ਕੇ ਬੂਟੇ ਨੂੰ ਢਾਹ ਲਵੇ ਅਤੇ ਉਸ ਦੀਆਂ ਰਗਾਂ ਦਾ ਗੰਦਾ ਖ਼ੂਨ ਪੀ ਜਾਵੇ। …ਤੂੰ ਕੀਹਦੀਆਂ-ਕੀਹਦੀਆਂ ਰਗਾਂ ਦਾ ਖ਼ੂਨ ਪੀਵੇਂਗੀ, ਪੱਪਨੀ…? ਰੱਬ ਦੀ ਰਜ਼ਾ ‘ਚ ਕਿਉਂ ਨਹੀਂ ਰਹਿੰਦੀ…? ਹੁਣ ਤਾਂ ਦੜ ਵੱਟ ਕੇ ਜ਼ਮਾਨਾ ਕੱਟਣਾ ਪਊ…! ਅੱਜ ਤੋਂ ਬਾਅਦ ਮੈਂ ਬਾਪੂ ਦੇ ਘਰ ਨਹੀਂ ਆਉਣਾਂ…! ਪਰ ਹਾਏ ਨੀ ਦੁਸ਼ਟੇ..! ਬੀਜੀ ਦਾ ਕੀ ਬਣੂੰ..? ਬੀਜੀ ਦਾ ਕੀ ਕਸੂਰ…? ਉਸ ਦਾ ਅੰਦਰ ਕਰਾਹ ਉਠਿਆ।
ਪੱਪਨੀ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਸ਼ਗਨਾਂ ਦੀ ਕਾਰ ਉਸ ਦੇ ਸਹੁਰੀਂ ਪਹੁੰਚ ਗਈ? ਉਹ ਤਾਂ ਸੋਚਾਂ ਦੀਆਂ ਕਪੜਛੱਲਾਂ ਵਿਚ ਗੜੁੱਚ ਸੀ।
ਸੱਸ ਨੇ ਪਾਣੀ ਵਾਰਿਆ।
ਮੇਲਣਾਂ ਨੇ ਬੜੀਆਂ ਰੀਝਾਂ ਨਾਲ਼ ਨਵੀਂ ਬਹੂ ਦੀ “ਦਿਖਾਈ” ਕੀਤੀ।
ਪੱਪਨੀ ਚੁੱਪ ਸੀ। ਉਸ ਨੇ ਆਪਣੇ ਜਜ਼ਬਾਤਾਂ ਨੂੰ ਬੁਰੀ ਤਰ੍ਹਾਂ ਬੰਨ੍ਹ ਮਾਰਿਆ ਹੋਇਆ ਸੀ। ਉਹ ਸਿਲ਼-ਪੱਥਰ ਹੀ ਤਾਂ ਹੋਈ ਬੈਠੀ ਸੀ।
ਰਾਤ ਹੋਈ!
ਰੋਟੀ ਖਾਣ ਤੋਂ ਬਾਅਦ ਉਸ ਨੂੰ ਵੱਖ ਕਮਰੇ ਵਿਚ ਲਿਜਾਇਆ ਗਿਆ। ਮਨਚੱਲੀਆਂ ਕੁੜੀਆਂ ਉਸ ਨਾਲ਼ ਟਿੱਚਰ ਮਛਕਰੀ ਕਰਦੀਆਂ ਰਹੀਆਂ। ਪਰ ਪੱਪਨੀ ਆਪਣੇ ਖਿਆਲਾਂ ਵਿਚ ਹੀ ਦਫ਼ਨ ਹੋਈ ਪਈ ਸੀ। ਉਸ ਨੂੰ ਕੁੜੀਆਂ ਦੀ ਕੋਈ ਗੱਲ ਨਹੀਂ ਸੁਣੀ ਸੀ। ਜੇ ਕੋਈ ਸੁਣੀ ਸੀ ਤਾਂ ਉਸ ਨੂੰ ਕੋਈ ਸਮਝ ਨਹੀਂ ਆਈ ਸੀ। ਉਸ ਦਾ ਧਿਆਨ ਤਾਂ ਆਪਣੇ ਰਮਣੀਕ ਵੱਲ ਸੀ। ਉਹ ਤਾਂ ਸੂਹੇ ਘੁੰਡ ਵਿਚ ਢਕੀ ਆਪਣੇ ਰਮਣੀਕ ਜੀ ਨਾਲ਼ ਗੱਲਾਂ ਕਰ ਰਹੀ ਸੀ। …ਜੇ ਕਿਤੇ ਸਾਡਾ ਵਿਆਹ ਹੋ ਜਾਂਦਾ, ਤਾਂ ਕਿੰਨਾਂ ਚਾਅ ਹੋਣਾਂ ਸੀ ਅੱਜ ਮੈਨੂੰ ਤੇ ਰਮਣੀਕ ਨੂੰ…! ਅਸੀਂ ਇੱਕ-ਦੂਜੇ ਲਈ ਮਰ ਮਿਟਣਾ ਸੀ…! ਖ਼ੁਸ਼ੀ ਵਿਚ ਇੱਕ-ਦੂਜੇ ਨੂੰ ਧੂਹ-ਧੂਹ ਕੇ ਪਿਆਰ ਕਰਨਾ ਸੀ…!
ਪਰ ਉਸ ਦੀ ਸੁਹਾਣੀ ਸੋਚ ‘ਤੇ ਤਾਂ ਸੁਆਹ ਓਦੋਂ ਧੂੜੀ ਗਈ, ਜਦੋਂ ਸੋਹਲ-ਮਾਲੂਕ ਰਮਣੀਕ ਦੀ ਜਗਾਹ ਵਿਗੜੇ ਸਾਹਣ ਵਰਗਾ ਗੁਰਜੀਤ ਧੁੱਸ ਦੇਈ ਉਤੇ ਨੂੰ ਚੜ੍ਹਦਾ ਆ ਰਿਹਾ ਦਿਸਿਆ! ਉਸ ਦੀ ਪੱਗ ਢਿਲ਼ਕੀ ਹੋਈ ਸੀ ਅਤੇ ਉਸ ਦੇ ਸਾਹਾਂ ‘ਚੋਂ ਸ਼ਰਾਬ ਦੀ ਬਦਬੂ ਨਹੀਂ, “ਭੜਦਾਅ” ਮਾਰ ਰਹੀ ਸੀ। ਪੱਪਨੀ ਦਾ ਦਿਲ ਫ਼ੜਿਆ ਗਿਆ, ਉਸ ਨੇ ਸਾਹ ਘੁੱਟ ਲਿਆ ਅਤੇ ਅੱਖਾਂ ਬੰਦ ਕਰ ਲਈਆਂ, ਜਿਵੇਂ ਡਾਕਟਰ ਦੀ ਸੂਈ ਤੋਂ ਡਰਦਾ ਜੁਆਕ ਬੰਦ ਕਰ ਲੈਂਦਾ ਹੈ! ਉਹ ਕਿਸੇ ਵੀ “ਵਾਰ” ਲਈ ਆਪਣੇ ਆਪ ਨੂੰ ਤਿਆਰ ਕਰ ਕੇ ਬੈਠ ਗਈ। ਚਾਹੇ ਅੱਜ ਕੋਈ ਉਸ ਦੀ ਘੰਡੀ ਵੀ ਲਾਹ ਧਰਦਾ, ਉਸ ਨੂੰ ਕੁਝ ਵੀ ਮਹਿਸੂਸ ਨਹੀਂ ਹੋਣਾ ਸੀ।
ਫ਼ਿਰ ਅਚਾਨਕ ਉਸ ਨੂੰ ਮਹਿਸੂਸ ਹੋਇਆ ਕਿ ਕੋਈ ਬੋਰੀ ਵਾਂਗ ਉਸ ਦੇ ਉਪਰ ਡਿੱਗਿਆ ਸੀ। ਉਸ ਦੀਆਂ ਹੱਡੀਆਂ ਦੇ ਜੜਾਕੇ ਪਏ ਸਨ। ਪਰ ਉਸ ਨੇ ਅੱਖਾਂ ਬੰਦ ਕਰ ਕੇ ਹੇਠਲਾ ਬੁੱਲ੍ਹ ਦੰਦਾਂ ਹੇਠ ਦੱਬ ਰੱਖਿਆ ਸੀ। ਕੁਇੰਟਲ਼ ਭਾਰਾ ਗੁਰਜੀਤ ਪਤਾ ਨਹੀਂ ਕਿੰਨਾਂ ਚਿਰ ਉਸ ਉਪਰ ਘੋਲ਼ ਕਰਦਾ ਰਿਹਾ। ਉਹ ਮਿੱਟੀ ਬਣੀ ਪਈ ਰਹੀ। ਬਰਦਾਸ਼ਤ ਕਰਦੀ ਰਹੀ। ਉਸ ਨੂੰ ਬਰਦਾਸ਼ਤ ਕਰਨਾ ਵੀ ਪੈਣਾ ਸੀ। ਗੁਰਜੀਤ ਉਸ ਦਾ ਪਤੀ ਸੀ, ਉਸ ਦਾ ਹੱਕ ਸੀ, ਅਧਿਕਾਰ ਸੀ, ਜੋ ਮਰਜ਼ੀ ਕਰਦਾ…!
ਬਾਪੂ ਦਾ ਹੱਕ ਸੀ, ਉਸ ਨੇ ਉਸ ਨੂੰ ਗਿਆਰਾਂ ਸਾਲ ਵੱਡੀ ਉਮਰ ਦੇ ਗੁਰਜੀਤ ਨਾਲ਼ ਵਿਆਹ ਦਿੱਤਾ! ਹੁਣ ਗੁਰਜੀਤ ਦਾ ਹੱਕ ਸੀ ਕਿ ਉਹ ਮੇਰੇ ਸਰੀਰ ਨੂੰ ਜਿਸ ਤਰ੍ਹਾਂ ਚਾਹੇ, ਚੂੰਡੇ…! ਜਦ ਗੁਰਜੀਤ ਆਪਣਾ ਤਾਣ ਲਾ ਕੇ ਸ਼ਰਾਬ ਦੇ ਨਸ਼ੇ ਵਿਚ ਘੁਰਾੜੇ ਮਾਰਨ ਲੱਗ ਪਿਆ ਤਾਂ ਪੱਪਨੀ ਨੇ ਮੁੜ ਰੋ ਕੇ ਆਪਣਾ ਮਨ ਹੌਲ਼ਾ ਕਰਨਾ ਸ਼ੁਰੂ ਕਰ ਦਿੱਤਾ…! ਉਹ ਲੁੱਟੀ-ਪੁੱਟੀ ਜਾ ਚੁੱਕੀ ਸੀ…! ਉਸ ਪੱਲਿਓਂ ਸਾਰਾ ਕੁਛ ਖੁੱਸ ਗਿਆ ਸੀ, ਜਾਂ ਖੋਹ ਲਿਆ ਗਿਆ ਸੀ, ਜੋ ਉਸ ਨੇ “ਆਪਣੇ” ਰਮਣੀਕ ਲਈ “ਸਾਂਭ ਕੇ” ਰੱਖਿਆ ਸੀ! ਹੁਣ ਉਹ ਰਮਣੀਕ ਵੱਲੋਂ ਝੂਠੀ ਪੈ ਗਈ ਸੀ ਅਤੇ ਉਸ ਨੂੰ ਭੁੱਲਣ ਦੀ ਕੋਸ਼ਿਸ਼ ਵਿਚ ਸੀ, ਪਰ ਰਮਣੀਕ ਅਜਿਹਾ ਬੇਸ਼ਰਮ ਅਤੇ ਢੀਠ ਸੀ ਕਿ ਉਸ ਦੇ ਮਨ ਤੋਂ ਉਤਰਨ ਦਾ ਨਾਮ ਹੀ ਨਹੀਂ ਲੈਂਦਾ ਸੀ…!
-“ਦੁਨੀਆਂ ਚਾਹੇ ਕੁਛ ਕਹੇ, ਰਮਣੀਕ…! ਪਰ ਤੇਰੀ ਪੱਪਨੀ ਨੇ ਆਪਣੇ ਨਿੱਜੀ ਸੁਆਰਥ ਜਾਂ ਕਿਸੇ ਮਤਲਬ ਵਾਸਤੇ ਆਪਣੀ ਇੱਜ਼ਤ-ਅਣਖ਼ ਦਾਅ ‘ਤੇ ਨਹੀਂ ਲਾਈ…! ਆਪਣੀ ਇੱਜ਼ਤ ‘ਤੇ ਕਾਲ਼ਸ ਦਾ ਪ੍ਰਛਾਂਵਾਂ ਤੱਕ ਨਹੀਂ ਪੈਣ ਦਿੱਤਾ…! ਜਿੰਨਾਂ ਚਿਰ ਵੱਸ ਚੱਲਿਆ, ਇਸ ਇੱਜ਼ਤ ਅਤੇ ਅਣਖ਼ ਨੂੰ ਸਿਰਫ਼ “ਤੇਰੀ” ਸਮਝ ਕੇ ਬਰਕਰਾਰ ਰੱਖਿਆ, ਕਿਸੇ ਕੁੱਤੇ-ਬਿੱਲੇ ਅੱਗੇ ਨਹੀਂ ਪਰੋਸੀ…! ਇਹ ਸਰੀਰ ਸਿਰਫ਼ ਤੇਰੀ ਅਮਾਨਤ ਸੀ, ਇਸ ਨੂੰ ਨਿਲਾਮ ਨਹੀਂ ਕੀਤਾ…! ਤੇਰੀ ਖ਼ਾਤਰ ਸਲਾਮਤ ਰੱਖਿਆ..! ਜੇ ਮੈਂ ਮਤਲਬੀ ਜਾਂ ਸੁਆਰਥੀ ਹੁੰਦੀ ਤਾਂ ਤੇਰੇ ਖ਼ਤ ਲਈ ਇਹ ਇੱਜ਼ਤ ਬੂਟੇ ਅੱਗੇ ਵੀ ਨਿਲਾਮ ਕਰ ਸਕਦੀ ਸੀ, ਪਰ ਨਹੀਂ…! ਆਪਣੇ ਸਿਰੜ-ਸਿਦਕ ‘ਤੇ ਕਾਇਮ ਰਹੀ, ਰਮਣੀਕ…! ਬਾਪੂ ਦੇ ਹਠ ਅੱਗੇ ਝੁਕਣਾ ਅਤੇ ਬੇਵਸੀ ਵਿਚ ਗੁਰਜੀਤ ਅੱਗੇ ਆਤਮ ਸਮਰਪਣ ਕਰਨਾ ਤਾਂ ਮੇਰੀ ਮਜਬੂਰੀ ਸੀ…! ਮੇਰੀ ਮਜਬੂਰੀ ਸੀ, ਸੋਹਣਿਆਂ…!” ਉਸ ਦਾ ਫ਼ਿਰ ਰੋਣ ਨਿਕਲ਼ ਗਿਆ, “ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਜ਼ਿੰਦਗੀ ਵਿਚ ਮੈਂ ਤੇਰੀ ਨਹੀਂ ਹੋ ਸਕਣਾ…! ਜੇ ਮੈਨੂੰ ਪਤਾ ਹੁੰਦਾ ਕਿ ਮੈਂ ਤੇਰੀ ਕਦੇ ਨਹੀਂ ਬਣ ਸਕਣਾ ਤਾਂ ਮੈਂ ਸਮਾਜ ਦੀਆਂ ਇਹ ਖ਼ੂਨੀ ਕੰਧਾਂ ਕਦੇ ਵੀ ਪਾਰ ਕਰਨ ਦੀ ਕੋਸ਼ਿਸ਼ ਨਾ ਕਰਦੀ, ਰਮਣੀਕ…! ਮੈਂ ਤੈਨੂੰ ਆਪਣਾ “ਆਪਾ” ਇਸ ਲਈ ਅਰਪਣ ਕੀਤਾ ਸੀ ਕਿ ਇੱਕ ਨਾ ਇੱਕ ਦਿਨ ਮੈਂ ਤੇਰੀ ਹੋ ਹੀ ਜਾਣਾ ਹੈ, ਅੱਗੋਂ ਕੀ, ਤੇ ਪਿੱਛੋਂ ਕੀ…? ਇਸ ਸਰੀਰ ਤੇਰੀ ਹੀ ਤਾਂ ਅਮਾਨਤ ਹੈ, ਤੈਨੂੰ ਹੀ ਸਮਰਪਣ ਹੋਣਾ ਹੈ, ਇਸ ਲਈ ਤੈਨੂੰ ਅਰਪਣ ਕੀਤਾ ਸੀ, ਕਿਸੇ ਸੁਆਰਥ, ਮਜਬੂਰੀ ਜਾਂ ਬੇਵੱਸੀ ਵਿਚ ਨਹੀਂ, ਆਪਣੀ ਖ਼ੁਸ਼ੀ ਨਾਲ਼…! ਆਪਣੀ ਸਹਿਮਤੀ ਨਾਲ਼ ਇਹ ਸਰੀਰ ਤੇਰੇ ਹਵਾਲੇ ਕੀਤਾ ਸੀ…! ਕੀ ਪਤਾ ਸੀ ਕਿ ਸਮਾਜ ਦੇ ਕਾਲ਼ੇ ਕਾਨੂੰਨਾਂ ਨੇ ਮੈਨੂੰ ਘੇਰ ਕੇ, ਜਬਰੀ ਗੁਰਜੀਤ ਦੇ ਖੁੱਡੇ ਵਾੜ ਦੇਣਾ ਸੀ…? ਮੈਂ ਤਾਂ ਇਹੀ ਸਮਝਦੀ ਰਹੀ ਸੀ ਕਿ ਮੇਰੇ ਰਮਣੀਕ ਬਿਨਾਂ ਹੋਰ ਕੋਈ ਵੀ ਕਦੇ ਮੇਰੀ ਜ਼ਿੰਦਗੀ ਵਿਚ ਨਹੀਂ ਆਵੇਗਾ ਅਤੇ ਮੇਰੇ ਇਸ ਸਰੀਰ ਨੂੰ ਛੁਹ ਤੱਕ ਨਹੀਂ ਸਕੇਗਾ, ਇਸ ਲਈ ਤੇਰੀ ਬਣ-ਬਣ ਕੇ ਹੀ ਤਾਂ ਉਡੀ ਫ਼ਿਰਦੀ ਸੀ…! ਪਰ ਕੀ ਪਤਾ ਸੀ ਕਿ ਸ਼ੇਰ ਦੀ ਮਾਰ ‘ਤੇ ਗਿੱਦੜ ਕਲੋਲਾਂ ਕਰਨਗੇ…?” ਉਸ ਦੀ ਸੋਚ ਗੁਰਜੀਤ ਦੇ ਵੱਡੇ ਸਾਰੇ ਘੁਰਾੜੇ ਨਾਲ਼ ਟੁੱਟੀ ਅਤੇ ਉਹ ਕੰਬਲ਼ ਲੈ ਕੇ ਟੇਢੀ ਲੇਟ ਗਈ, ਜਿਵੇਂ ਉਹ ਕਦੇ ਰਮਣੀਕ ਦੀ ਬੁੱਕਲ਼ ਵਿਚ ਪੈਂਦੀ ਹੁੰਦੀ ਸੀ ਅਤੇ ਰਮਣੀਕ ਉਸ ਦੇ ਵਾਲ਼ ਪਲ਼ੋਸਦਾ ਹੁੰਦਾ ਸੀ।…..
-“ਫ਼ੇਰ…? ਕੁੜੀ ਵਸ ਗਈ…?” ਸੁੱਖੀ ਨੇ ਪੁੱਛਿਆ।
-“ਹਾਂ…! ਚਰਨ ਸਿਉਂ ਤੇ ਮੁਹਿੰਦਰ ਕੌਰ ਆਪਣੇ ਮੁੰਡੇ ਕੋਲ਼ੇ ਕਨੇਡਾ ਚਲੇ ਗਏ, ਪੱਪਨੀ ਨੇ ਫ਼ੇਰ ਕੀਹਦੇ ਕੋਲ਼ੇ ਆਉਣਾ ਸੀ…?”
ਸੁੱਖੀ ਚੁੱਪ ਕਰ ਗਈ।