ਡਿਪਟੀ ਕਮਿਸ਼ਨਰ ਨੇ ਅੱਜ ਪੌਦੇ ਲਾ ਕੇ ਹਰਿਆਵਲ ਮੁਹਿੰਮ ਦਾ ਆਗਾਜ਼ ਕੀਤਾ
ਬਰਨਾਲਾ, 24 ਜੁਲਾਈ ( ਆਰਕੇ ਵਰਮਾ)
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਸ. ਕੇਵਲ ਸਿੰਘ ਢਿੱਲੋਂ ਦੇ ਯਤਨਾਂ ਸਦਕਾ ਜ਼ਿਲ੍ਹਾ ਬਰਨਾਲਾ ਨੂੰ ਹਰਿਆ-ਭਰਿਆ ਬਣਾਉਣ ਲਈ ਡੇਢ ਲੱਖ ਪੌਦੇ ਲਾਏ ਜਾਣਗੇ। ਇਸ ਮੁਹਿੰਮ ਦੀ ਸ਼ੁਰੂਆਤ ਅੱਜ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਪੌਦੇ ਲਗਾ ਕੇ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਫੂਲਕਾ ਨੇ ਦੱਸਿਆ ਕਿ ਬਰਨਾਲੇ ਨੂੰ ਹਰਿਆ-ਭਰਿਆ ਬਣਾਉਣ ਲਈ ਪੂਰੇ ਜ਼ਿਲ੍ਹੇ ਵਿੱਚ 1.50 ਲੱਖ ਪੌਦੇ ਲਾਏ ਜਾਣਗੇ, ਜਿਸ ਦੀ ਸ਼ੁਰੂਆਤ ਅੱਜ ਬਰਨਾਲਾ ਸ਼ਹਿਰ ’ਚ ਗਰੀਨ ਐਵੇਨਿਊ ਕਲੋਨੀ ਤੋਂ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਰਨਾਲਾ ਸ਼ਹਿਰ ਦੀਆਂ ਸੜਕਾਂ, ਆਈਟੀਆਈ ਚੌਕ, ਹੰਢਿਆਇਆ ਚੌਕ ਤੇ ਸ਼ਹਿਰ ਦੀਆਂ ਹੋਰ ਥਾਵਾਂ ’ਤੇ ਵਣ ਵਿਭਾਗ ਵੱਲੋਂ ਚੰਗੀ ਕਿਸਮ ਦੇ ਬੂਟੇ ਲਗਾਏ ਜਾਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਆਦਿਤਯ ਡੇਚਲਵਾਲ ਅਤੇ ਸਹਾਇਕ ਕਮਿਸ਼ਨਰ (ਜ) ਅਸ਼ੋਕ ਕੁਮਾਰ ਵੱਲੋਂ ਵੀ ਪੌਦੇ ਲਾਏ ਗਏ ਅਤੇ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਮੁਹਿੰਮ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।ਇਸ ਮੌਕੇ ਸ੍ਰੀਮਤੀ ਵਿਦਿਆ ਸਾਗਰੀ ਆਰਯੂ, ਆਈਐਫਐਸ ਵਣ ਮੰਡਲ ਅਫਸਰ ਸੰਗਰੂਰ ਨੇ ਦੱਸਿਆ ਕਿ ਵਣ ਵਿਭਾਗ ਵੱਲੋਂ ਵਾਤਾਵਰਣ ਸੰਭਾਲ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਪੌਦੇ ਲਾਉਣ ਤੋਂ ਵੀ ਅਹਿਮ ਇਨ੍ਹਾਂ ਦੀ ਸੰਭਾਲ ਹੈ, ਜਿਸ ਲਈ ਵਿਭਾਗ ਤਾਂ ਯਤਨ ਕਰਦਾ ਹੀ ਹੈ, ਬਲਕਿ ਸਬੰਧਤ ਇਲਾਕੇ ਦੇ ਵਸਨੀਕ ਵੀ ਆਪਣਾ ਨੈਤਿਕ ਫਰਜ਼ ਨਿਭਾਉਣ। ਇਸ ਮੌਕੇ ਵਣ ਰੇਂਜ ਅਫਸਰ ਅਜੀਤ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਛਾਂਦਾਰ ਪੌਦੇ ਜਿਵੇਂ ਨਿੰਮ, ਅੰਬ, ਜਾਮਨ, ਅਮਲਤਾਸ, ਗੁਲਮੋਹਰ, ਚਕਰੇਸੀਆ, ਸ਼ੀਸ਼ਮ ਸਮੇਤ ਅਨੇਕ ਤਰ੍ਹਾਂ ਦੇ ਪੌਦੇ ਲਾਏ ਜਾ ਰਹੇ ਹਨ। ਇਸ ਮੌਕੇ ਅਸ਼ੋਕ ਕੁਮਾਰ, ਰਾਜ ਮਹਿੰਦਰ , ਐਸ.ਪੀ. ਕੌਸ਼ਲ, ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਪਰਦੀਪ ਸਿੰਘ ਸੋਢੀ, ਦੀਪ ਸੰਘੇੜਾ, ਹੈਪੀ ਢਿੱਲੋਂ, ਹਰਦੀਪ ਜਾਗਲ, ਚੇਅਰਮੈਨ ਇੰਪਰੂਵਮੈਂਟ ਟਰੱਸਟ ਮੱਖਣ ਸ਼ਰਮਾ ਤੇ ਵਣ ਰੇਂਜ ਬਰਨਾਲਾ ਦਾ ਸਮੂਹ ਸਟਾਫ ਹਾਜ਼ਰ ਸੀ।