ਅਸ਼ੋਕ ਵਰਮਾ
ਬਠਿੰਡਾ,24ਜੁਲਾਈ। ਬਠਿੰਡਾ ਜ਼ਿਲੇ ਵਿੱਚ ਤੇਜ਼ੀ ਨਾਲ ਵੱਧ ਰਹੇ ਕਰੋਨਾ ਮਰੀਜ਼ਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਦੀ ਮਾਸ ਮੀਡੀਆ ਵਿੰਗ ਟੀਮ ਨੇ ਵੱਖ ਵੱਖ ਮਾਧਿਅਮ ਰਾਹੀਂ ਜਾਗਰੂਕਤਾ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਬਲਾਕ ਸੰਗਤ ਦੇ ਪਿੰਡ ਜੱਸੀ ਬਾਗ਼ ਵਾਲੀ ਵਿੱਖੇ ਇਕੋ ਪਰਿਵਾਰ ਦੇ ਕਰੋਨਾ ਪਾਜੀਟਿਵ ਹੋਣ ਤੋਂ ਏਰੀਆ ਨੂੰ ਮਿੰਨੀ ਕੰਟੋਨਮੈਂਟ ਜ਼ੋਨ ਬਣਾ ਦਿੱਤਾ ਗਿਆ ਹੈ। ਸੀਨੀਅਰ ਮੈਡੀਕਲ ਅਫ਼ਸਰ ਦੇ ਦਿਸ਼ਾ ਨਿਰਦੇਸ਼ਾ ਤੇ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਗੁਰੂਘਰ ਅਤੇ ਸਾਂਝੀਆਂ ਥਾਵਾਂ ਤੇ ਕਰੋਨਾ ਤੋਂ ਬਚਾਅ ਸੰਬੰਧੀ ਪੋਸਟਰ ਲਾਏ ਅਤੇ ਪਿੰਡ ਦੇ ਇਤਿਹਾਸਕ ਗੁਰੂਘਰ ਦੇ ਪ੍ਰਬੰਧਕ ਜੱਥੇਦਾਰ ਜਰਨੈਲ ਸਿੰਘ ਨਾਲ਼ ਮੁਲਾਕਾਤ ਕਰਕੇ ਉਨਾਂ ਨੂੰ ਸਿਹਤ ਵਿਭਾਗ ਦੀਆਂ ਕਰੋਨਾ ਬਾਰੇ ਹਦਾਇਤਾਂ ਦੱਸਣ ਬਾਰੇ ਕਿਹਾ ਗਿਆ।
ਇਸ ਮੌਕੇ ਪਿੰਡ ਮਛਾਨਾ ਵਿੱਖੇ ਸਥਿਤ ਡਿਸਟਿਲਰੀ ਯੂਨਿਟ ਬੀਸੀਐਲ ਵਿੱਚ ਲੇਬਰ ਅਤੇ ਸਟਾਫ਼ ਨੂੰ ਕਰੋਨਾ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬਲਾਕ ਹੈਲਥ ਐਜੁਕੇਟਰ ਸਾਹਿਲ ਪੁਰੀ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣਾ ਮੂੰਹ ਮਾਸਕ ਨਾਲ ਢਕ ਕੇ ਰੱਖਣਾ , ਇਕੱਠ ਵਿਚ ਜਾਣ ਤੋਂ ਬਚਣਾ ਅਤੇ ਹੱਥਾਂ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ। ਇਸ ਮੌਕੇ ਉਹਨਾਂ ਕਰੋਨਾ ਦੇ ਲੱਛਣਾਂ ਬਾਰੇ ਜਾਣਕਾਰੀ ਦਿੱਤੀ ਅਤੇ ਬੁਖ਼ਾਰ, ਛਾਤੀ ਵਿੱਚ ਦਰਦ, ਸਾਹ ਲੈਣ ਵਿੱਚ ਦਿੱਕਤ ਆਉਣ ਤੇ ਤੁਰੰਤ ਨਜ਼ਦੀਕੀ ਸਿਹਤ ਸੰਸਥਾ ਵਿਚ ਸੰਪਰਕ ਕਰਨ ਲਈ ਕਿਹਾ। ਇਸ ਮੌਕੇ ਸਬ ਸੈਂਟਰ ਜੱਸੀ ਬਾਗ਼ ਵਾਲੀ ਤੋਂ ਹੈਲਥ ਵਰਕਰ ਕਮਲੇਸ਼ ਰਾਣੀ, ਹਰਮੀਤ ਸਿੰਘ, ਸਰਪੰਚ ਜੱਸੀ ਬਾਗ਼ ਵਾਲੀ, ਸ਼ਾਮਲਾਲ ਸ਼ਰਮਾ ਅਤੇ ਜੀਐਮ ਅਵਤਾਰ ਸਿੰਘ ਨੇ ਸਹਿਯੋਗ ਦਿੱਤਾ।