7.5 C
United Kingdom
Sunday, March 8, 2026

More

    ਟਰੈਕਟਰ ਮਾਰਚ ਦੀ ਸਫਲਤਾ ਲਈ ਕਿਸਾਨਾਂ ਨੇ ਪੂਰੀ ਤਾਕਤ ਝੋਕੀ

    ਅਸ਼ੋਕ ਵਰਮਾ
    ਚੰਡੀਗੜ,24ਜੁਲਾਈ।ਪੰਜਾਬ ਦੀਆਂ 13 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਅਕਾਲੀ ਦਲ ਤੇ ਭਾਰਤੀ ਜੰਤਾ ਪਾਰਟੀ ਦੇ ਆਗੂਆਂ ਦੀ ਰਿਹਾਇਸ਼ ਵੱਲ 27 ਜੁਲਾਈ ਨੂੰ ਕੀਤੇ ਜਾਣ ਵਾਲੇ ਟਰੈਕਟਰ ਮਾਰਚ ਨੂੰ ਲੈਕੇ ਇਸ ਅੰਤਮ ਪੜਾਅ ’ਚ ਪੂਰੀ ਤਾਕਤ ਝੋਕ ਦਿੱਤੀ ਗਈ ਹੈ। ਜੱਥੇਬੰਦੀ ਵੱਲੋਂ ਇੰਨੀਂ ਦਿਨੀ ਪੂਰੇ ਪੰਜਾਬ ’ਚ  ਅਰਥੀਆਂ ਸਾੜੀਆਂ ਜਾ ਰਹੀਆਂ ਹਨ ਅਤੇ ਝੰਡਾ ਮਾਰਚਾਂ ਤੋ ਇਲਾਵਾ ਮੀਟਿੰਗਾਂ ਦਾ ਦੌਰ ਚਲਾਇਆ ਜਾ ਰਿਹਾ ਹੈ। ਹੁਣ ਤੱਕ ਬਰਨਾਲਾ, ਮਾਨਸਾ, ਬਠਿੰਡਾ, ਸੰਗਰੂਰ, ਪਟਿਆਲਾ, ਫਰੀਦਕੋਟ, ਫਿਰੋਜਪੁਰ ਅਤੇ ਲੁਧਿਆਣਾ ਆਦਿ ਜਿਲਿਆਂ ਦੇ ਦੋ ਸੌ ਤੋਂ ਵਧੇਰੇ ਪਿੰਡਾਂ ’ਚ ਪਹੁੰਚ ਕੀਤੀ ਜਾ ਚੁੱਕੀ ਹੈ ਅਤੇ ਤਿਆਰੀਆਂ ਜਾਰੀ ਹਨ। ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ, ਜਨਰਲ ਸਕੱਤਰ ਜਗਮੋਹਣ ਸਿੰਘ ਪਟਿਆਲਾ ਅਤੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ ਦਾ ਕਹਿਣਾ ਸੀ ਕਿ ਅਸਲ ’ਚ ਹੁਣ ਕਿਸਾਨੀ ਲਈ ਕਰੋ ਜਾਂ ਮਰੋ ਦਾ ਸਵਾਲ ਬਣ ਗਿਆ ਹੈ ਕਿਉਂਕਿ ਖੇਤੀ ਆਰਡੀਨੈਂਸਾਂ ਨੇ ਖੇਤੀ ਖੇਤਰ ਨੂੰ ਤਬਾਹ ਕਰਕੇ ਰੱਖ ਦੇਣਾ ਹੈ।
                      ਆਗੂਆਂ ਨੇ ਕਿਹਾ ਕਿ ਕਰੋਨਾ ਸੰਕਟ ਦੌਰਾਨ ਜਬਰੀ ਠੋਸੇ ਲਾਕਡਾਊਨ ਨੇ ਹਰ ਤਰਾਂ ਦੇ ਕੰਮ ਧੰਦਿਆਂ ਨੂੰ ਚੌਪਟ ਕਰ ਦਿੱਤਾ ਹੈ ਅਤੇ ਲੋਕ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਹਨ ਪਰ ਕਰੋਨਾ ਦੀ ਆੜ ਹੇਠ ਮੋਦੀ ਸਰਕਾਰ ਖੇਤੀ ਵਿਰੋਧੀ ਆਰਡੀਨੈਂਸ ਜਾਰੀ ਕਰਕੇ ਕਿਸਾਨਾਂ ਦੇ ਉਜਾੜੇ ਦਾ ਰਾਹ ਪੱਧਰਾ ਕਰ ਰਹੀ ਹੈ। ਉਨਾਂ ਆਖਿਆ ਕਿ ਦੁਖਦਾਇਕ ਪਹਿਲੂ ਹੈ ਕਿ ਐਨਡੀਏ ਸਰਕਾਰ ਐਮਐਸਪੀ ਖਤਮ ਨਾਂ ਕਰਨ ਦੇ ਦਾਅਵੇ ਕਰਕੇ  ਲੋਕਾਂ ਨੂੰ ਖੁਦ ਗੁੰਮਰਾਹ ਕਰ ਰਹੀ ਹੈ ਜਦੋਂਕਿ ਉਲਟਾ   ਦੋਸ਼ ਜੱਥੇਬੰਦੀਆਂ ਤੇ ਲਾਏ ਜਾ ਰਹੇ ਹਨ। ਉਨਾਂ ਆਖਿਆ ਕਿ ਹਕੀਕਤ ਇਹ ਹੈ ਕਿ ਜੇ ਕਰ ਖੁੱਲੀ ਮੰਡੀ ਦਾ ਸਿਧਾਂਤ ਲਾਗੂ ਕਰ ਦਿੱਤਾ ਗਿਆ ਤਾਂ ਸਰਕਾਰੀ ਖਰੀਦ ਬੰਦ ਹੋ ਜਾਵੇਗੀ ਜਿਸ ਨਾਲ ਘੱਟੋ ਘੱਟ ਸਮਰੱਥਨ ਮੁੱਲ ਖਤਮ ਹੋ ਜਾਏਗਾ। ਕਿਸਾਨ ਆਗੂਆਂ ਨੇ ਕਿਹਾ ਕਿ ਮੱਥੀ ਦੀ ਘੱਟੋ ਘੱਟ ਸਮਰੱਥਨ ਮੁੱਲ 1750 ਰੁਪਏ ਪ੍ਰਤੀ ਕੁਇੰਟਲ ਹੈ ਪਰ ਮੰਡੀਆਂ ‘ਚ ਕਿਸਾਨਾਂ ਤੋਂ ਸਿਰਫ ਛੇ ਸੌ  ਤੋਂ ਬਾਰਾਂ ਸੌ ਰੁਪਏ ਕੁਇੰਟਲ ਖਰੀਦੀ ਜਾ ਰਹੀ ਹੈ ।
                     ਉਨਾਂ ਚਿੰਤਾ ਜਤਾਈ ਕਿ ਮੰਡੀ ਦੇ ਬੂਹੇ ਖੋਹਲਣ ਨਾਲ ਕਣਕ ਅਤੇ ਝੋਨੇ ਦਾ ਹਾਲ ਵੀ ਮੱਕੀ ਵਾਲਾ ਹੋ ਜਾਣਾ ਹੈ। ਉਨਾਂ ਕਿਹਾ ਕਿ ਆਰਡੀਨੈਂਸ ’ਚ ਭਾਰਤ ’ਚ ਕਿਤੇ ਵੀ ਫਸਲ ਵੇਚਣ ਅਤੇ ਸਟੋਰ ਕਰਨ ਦੀ ਖੁੱਲ ਦਰਸਾਈ ਗਈ ਹੈ ਪਰ 95 ਫੀਸਦੀ ਕਿਸਾਨ ਇਸ ਹਾਲਤ ’ਚ ਹਨ ਕਿ ਉਹ ਨਾਂ ਤਾਂ ਸਟੋਰ ਅਤੇ ਨਾਂ ਹੀ ਦੂਰ ਦੁਰਾਡੇ ਵੇਚਣ ਜਾ ਸਕਦੇ ਹਨ। ਆਗੂਆਂ ਨੇ ਦੋਸ਼ ਲਾਇਆ ਕਿ ਅਸਲ ’ਚ ਇਹ ਕਿਸਾਨਾਂ ਦੇ ਨਾਂ ਹੇਠ ਪ੍ਰਾਈਵੇਟ ਧਨਾਢ ਵਪਾਰੀਆਂ ਨੂੰ ਖੁੱਲੀਆਂ ਛੋਟਾਂ ਦੇਣ ਦਾ ਪੈਂਤੜਾ ਹੈ ਜਿਸ ਨੂੰ ਜੱਥੇਬੰੀ ਮੁੱਢ ਤੋਂ ਰੱਦ ਕਰਦੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅਨਾਜ, ਦਾਲਾਂ ’ਤੇ ਤੇਲ ਬੀਜਾਂ ਨੂੰ ਜ਼ਰੂਰੀ ਵਸਤਾਂ ਦੇ ਦਾਇਰੇ ਚੋਂ ਬਾਹਰ ਕਰਕੇ ਵਪਾਰੀਆਂ ਨੂੰ  ਜਖੀਰੇਬਾਜੀ ਕਰਨ ਲਈ ਰਾਹ ਪੱਧਰਾ ਕਰ ਦਿੱਤਾ ਗਿਆ ਹੈ ਜਿਸ ਨੂੰ ਲੈਕੇ ਕਿਸਾਨ ਰੋਹ ਨਾਲ ਭਰੇ ਪੀਤੇ ਬੈਠੇ ਹਨ।  ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਸੜਕਾਂ ਤੇ ਉੱਤਰਨ ਦਾ ਸ਼ੌਂਕ ਨਹੀਂ ਉਨਾਂ ਨੂੰ ਇੰਨਾਂ ਫੈਸਲਿਆਂ ’ਚ ਮੌਤ ਦੇ ਵਰੰਟ ਦਿਖਾਈ ਦੇ ਰਹੇ ਹਨ।
                 ਆਗੂਆਂ ਨੇ ਪੰਜਾਬ ਸਰਕਾਰ ਤੇ ਕਿਸਾਨ ਪੱਖੀ ਹੋਣ ਦਾ ਪਖੰਡ ਕਰਨ ਦਾ ਦੋਸ਼ ਲਾਇਆ ਅਤੇ ਆਖਿਆ ਕਿ  ਕਿਸਾਨ ਆਗੂਆਂ ਨੂੰ ਕਰੋਨਾ ਦੀ ਆੜ ਹੇਠ ਚਿੱਠੀਆਂ ਕੱਢ ਕੇ ਸੰਘਰਸ਼ ਕਰਨ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਕੈਪਟਨ ਸਰਕਾਰ ਟਰੈਕਟਰ ਮਾਰਚ ਤੇ ਰੋਕਾਂ ਲਾਕੇ ਬਾਦਲਾਂ ਦਾ ਪੱਖ ਪੂਰ ਰਹੀ ਹੈ। ਉਨਾਂ ਸਵਾਲ ਕੀਤਾ ਕਿ ਜਦੋਂ  ਬੱਸਾਂ ਪੂਰੀਆਂ ਭਰੀਆਂ ਜਾ ਸਕਦੀਆਂ ਹਨ ਤਾਂ ਟਰੈਕਟਰ ਮਾਰਚ ਤੇ ਰੋਕ ਕਿਉਂ। ਆਗੂਆਂ ਨੇ ਕਿਹਾ ਕਿ ਸੰਘਰਸ਼ ਕਰਦੇ ਕਾਰਕੁੰਨਾਂ ਤੇ ਕੇਸ ਦਰਜ ਕਰਕੇ ਸਰਕਾਰ ਵੱਲੋਂ  ਦਹਿਸ਼ਤ ਦਾ ਮਹੌਲ ਪੈਦਾ ਕੀਤਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਸਰਕਾਰ ਅਜਿਹੇ ਹਥੱਕੰਡਿਆਂ ਤੋਂ ਬਾਜ ਆਵੇ ਨਹੀਂ ਤਾਂ ਉਸ ਨੂੰ ਕਿਸਾਨੀ ਵਿਰੋਧ ਦਾ ਖਮਿਆਜਾ ਭੁਗਤਣਾ ਪਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ  ਜਥੇਬੰਦੀਆਂ ਦਾ ਇਤਿਹਾਸਕ ਟਰੈਕਟਰ ਮਾਰਚ ਮੁਲਕ ਦੇ ਹਾਕਮਾਂ ਦੀ ਨੀਂਦ ਹਰਾਮ ਕਰਕੇ ਰੱਖ ਦੇਵੇਗਾ ਅਤੇ ਕੇਂਦਰ ਸਰਕਾਰ ਨੂੰ ਕਿਸੇ ਵੀ ਸੂਰਤ ਵਿੱਚ ਆਰਡੀਨੈਂਸ ਲਾਗੂ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਏਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!