
ਅੰਮ੍ਰਿਤਸਰ (ਰਾਜਿੰਦਰ ਰਿਖੀ)
13 ਅਪ੍ਰੈਲ ਨੂੰ ਆਪੋ ਆਪਣੇ ਕੋਠਿਆਂ ਉਪਰ ਝੰਡੇ ਝੁਲਾ ਕੇ ਭਾਈਚਾਰਕ ਏਕਤਾ ਦਾ ਸਬੂਤ ਦਿਉ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰੋ । ਇਹ ਸ਼ਬਦ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੇਂਦਰੀ ਕਮੇਟੀ ਦੇ ਮੈਂਬਰ ਕਾਮਰੇਡ ਗੁਰਨਾਮ ਸਿੰਘ ਦਾਊਦ ਅਤੇ ਤਹਿਸੀਲ ਬਾਬਾ ਬਕਾਲਾ ਦੇ ਸਕੱਤਰ ਸਾਥੀ ਗੁਰਮੇਜ ਸਿੰਘ ਤਿਮੋਵਾਲ ਨੇ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਕਹੇ । ਉਹਨਾਂ ਕਿਹਾ ਕਿ 1919 ਦੀ ਵਿਸਾਖੀ ਵਾਲੇ ਦਿਨ ਅੰਗਰੇਜ ਸਾਮਰਾਜ ਦੇ ਨਿਰਦਈ ਰਾਜ ਦਾ ਮੁਕਾਬਲਾ ਕਰਦਿਆਂ ਹਿੰਦੂ, ਸਿੱਖ, ਮੁਸਲਮਾਨ ਅਤੇ ਈਸਾਈਆਂ ਵਲੋਂ ਸਾਂਝੇ ਤੌਰ ‘ਤੇ ਡੋਲੇ ਗਏ ਖੂਨ ਨੂੰ ਪ੍ਰਣਾਮ ਕਰੋ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰੋ ।
ਆਗੂਆਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਕਰੋਨਾ ਤੋਂ ਬਚਾਅ ਕਰਨ ਲਈ ਸਰਕਾਰ ਵੱਲੋਂ ਕੀਤੇ ਗਏ ਲਾਕਡਾਉਨ ਉਤੇ ਪੂਰੀ ਤਰ੍ਹਾਂ ਨਾਲ ਅਮਲ ਕਰਨ, ਇਕ ਦੂਜੇ ਤੋਂ ਵਿੱਥ ਪਾ ਕੇ ਰੱਖਣ ਅਤੇ ਅੱਵਲ ਅੱਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ਦੇ ਮਹਾਂ ਵਾਕ ਉਪਰ ਅਮਲ ਕਰਦਿਆਂ ਭਾਈਚਾਰਕ ਏਕਤਾ ਦੀ ਰਾਖੀ ਕਰਨ ।
ਕਾਮਰੇਡ ਗੁਰਨਾਮ ਸਿੰਘ ਦਾਊਦ ਅਤੇ ਕਾਮਰੇਡ ਗੁਰਮੇਜ ਸਿੰਘ ਤਿਮੋਵਾਲ ਨੇ ਜੋਰ ਦੇ ਕੇ ਕਿਹਾ ਕਿ ਇਸ ਦਿਨ ਕੋਠਿਆਂ ‘ਤੇ ਝੰਡੇ ਝੁਲਾ ਕੇ ਅਤੇ ਨਾਹਰੇ ਮਾਰ ਕੇ ਸਰਕਾਰ ਦਾ ਧਿਆਨ ਖਿੱਚਿਆ ਜਾਵੇ ਕਿ ਉਹ ਕਰੋਨਾ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰਾਂ ਲਈ ਸੁਰੱਖਿਆ ਦਾ ਸਾਮਾਨ, ਮਰੀਜ਼ਾਂ ਦੇ ਇਲਾਜ ਲਈ ਪੂਰੀਆਂ ਮੁਫਤ ਦਵਾਈਆਂ, ਵੈਂਟੀਲੇਟਰ ਆਦਿ ਸਾਰਾ ਲੋੜੀਂਦਾ ਸਾਮਾਨ ਦਾ ਪੂਰਾ ਪ੍ਰਬੰਧ ਕਰੇ ਅਤੇ ਡਲਿਵਰੀ ਦੇ ਕੇਸਾਂ ਵਲ ਵੀ ਪੂਰਾ ਧਿਆਨ ਦੇਵੇ ।
ਉਕਤ ਆਗੂਆਂ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਗਰੀਬਾਂ ਦੀ ਜਿੰਦਗੀ ਨੂੰ ਚਲਦਾ ਰੱਖਣ ਲਈ ਉਹਨਾਂ ਲਈ ਰਾਸ਼ਨ ਸਮੇਤ ਸਾਰੀਆਂ ਘਰੇਲੂ ਲੋੜਾਂ ਦੀ ਪੂਰਤੀ ਕੀਤੀ ਜਾਵੇ ।ਉਹਨਾਂ ਕਿਹਾ ਕਿ ਰਿਪੋਰਟਾਂ ਮਿਲ ਰਹੀਆਂ ਹਨ ਕਿ ਡਿਪੂਆਂ ਤੋਂ ਵੰਡੇ ਜਾਂਦੇ ਅਨਾਜ ਵੇਲੇ ਵੀ ਧੜੇਬੰਦਕ ਵਿਤਕਰਾ ਕੀਤਾ ਜਾ ਰਿਹਾ ਹੈ ਅਤੇ ਕੁਝ ਲੋਕਾਂ ਨੂੰ ਰਾਸ਼ਨ ਕਾਰਡ ਕੱਟੇ ਜਾਣ ਕਰਕੇ ਅਨਾਜ ਨਹੀਂ ਮਿਲਦਾ ਜਦ ਕਿ ਕੁਝ ਖਾਂਦੇ ਪੀਂਦੇ ਲੋਕ ਇਹ ਅਨਾਜ ਲੈ ਰਹੇ ਹਨ ।ਅਸੀਂ ਮੰਗ ਕਰਦੇ ਹਾਂ ਕਿ ਜਿਨ੍ਹਾਂ ਲੋੜਵੰਦਾਂ ਦੇ ਰਾਸ਼ਨ ਕਾਰਡ ਕੱਟੇ ਗਏ ਹਨ ਉਹਨਾਂ ਨੂੰ ਵੀ ਇਸ ਔਖੀ ਘੜੀ ਵਿੱਚ ਅਨਾਜ ਦਿਤਾ ਜਾਵੇ ਅਤੇ ਉਹਨਾਂ ਦੇ ਰਾਸ਼ਨ ਕਾਰਡ ਵੀ ਬਣਾਏ ਜਾਣ ।