ਰਜਨੀ ਵਾਲੀਆ, ਕਪੂਰਥਲਾ

ਧਰਤੀ ਦੇ ਮੁੱਖ ਨੂੰ ਧਵਾਉਣ ਦਾ ਮਹੀਨਾ ਏ,
ਸੌਣ ਦਾ ਮਹੀਨਾ ਏ ਨੀ ਸੌਣ ਦਾ ਮਹੀਨਾ ਏ |
ਪਈਆਂ ਨੇਂ ਜੋ ਅੰਬਰਾਂ ਤੇ ਪੀਘਾਂ ਸਤਰੰਗੀਆਂ,
ਲਗਦੀਆਂ ਸੱਜਣਾਂ ਦੇ ਮੁੱਖ ਵਾਂਗੂ ਚੰਗੀਆਂ |
ਦੂਰ ਨਾ ਹੋ ਨੇੜੇ-ਨੇੜੇ ਆਉਣ ਦਾ ਮਹੀਨਾ ਏ |
ਸੌਣ ਦਾ ਮਹੀਨਾ ਏ ਨੀ ਸੌਣ ਦਾ ਮਹੀਨਾ ਏ |
ਜੀਵੇਂ ਚੰਨ ਚਾਨਣੀਂ ਨੂੰ ਲਗਦਾ ਪਿਆਰਾ ਏ,
ਸਾਡਾ ਉਵੇਂ ਤੇਰੇ ਬਿਨਾਂ ਕਿੱਥੇ ਆ ਗੁਜ਼ਾਰਾ ਵੇ,
ਮਨ ਆਪਣੇਂ ਨੂੰ ਸਮਝਾਉਣ ਦਾ ਮਹੀਨਾ ਏ |
ਸੌਣ ਦਾ ਮਹੀਨਾ ਏ ਨੀ ਸੌਣ ਦਾ ਮਹੀਨਾ ਏ |
ਆਈ ਝੜੀਆਂ ਦੀ ਰੁੱਤ ਤੇ ਪੀਘਾਂ ਦੇ ਹੁਲਾਰੇ ਦੀ,
ਯਾਦ ਵੱਢ-ਵੱਢ ਖਾਂਵਦੀ ਏ ਸੱਜਣ ਪਿਆਰੇ ਦੀ,
ਦੁੱਖ-ਸੁੱਖ ਕੋਲ ਬਹਿ ਵੰਡਾਉਣ ਦਾ ਮਹੀਨਾ ਏ |
ਸੌਣ ਦਾ ਮਹੀਨਾ ਏ ਨੀ ਸੌਣ ਦਾ ਮਹੀਨਾ ਏ |
ਵਗਦੀ ਹਵਾ ਸੋਹਣੇਂ ਸਾਜ਼ ਛੇੜ ਦੇਂਦੀ ਏ,
ਰਾਗਾਂ ਵਿੱਚ ਗਾਉਣ ਲਈ ਕੁਦਰਤ ਕਹਿੰਦੀ ਏ,
ਹੱਥਾਂ ਵਿੱਚ ਹੱਥ ਪਾ ਕੇ ਗਾਉਣ ਦਾ ਮਹੀਨਾ ਏ |
ਸੌਣ ਦਾ ਮਹੀਨਾ ਏ ਨੀ ਸੌਣ ਦਾ ਮਹੀਨਾ ਏ |
ਪੱਤਿਆਂ ਦੀ ਖੜ-ਖੜ ਸੁਰ ਸੋਹਣੇਂ ਛੇੜੇ ਨੇਂ,
ਸੱਜਣਾਂ ਨੇ ਗਲ ਲਾ ਕੇ ਦੁੱਖ ਹੀ ਨਬੇੜੇ ਨੇਂ,
ਦਿਲ ਦੀ ਉਮੰਗ ਨੂੰ ਜਗਾਉਣ ਦਾ ਮਹੀਨਾ ਏ |
ਸੌਣ ਦਾ ਮਹੀਨਾ ਏ ਨੀ ਸੌਣ ਦਾ ਮਹੀਨਾ ਏ
ਸਖੀਓ ਨੀ ਮਾਹੀ ਮੇਰਾ ਦੂਰ ਹੋ ਕੇ ਬਹਿ ਗਿਆ,
ਆਪਣਿਆਂ ਹੱਥਾਂ ਵਿੱਚ ਚੈਨ ਮੇਰਾ ਲੈ ਗਿਆ,
ਰੁੱਸੇ ਹੋਏ ਮਾਹੀ ਨੂੰ ਮਨਾਉਣ ਦਾ ਮਹੀਨਾ ਏ |
ਸੌਣ ਦਾ ਮਹੀਨਾ ਏ ਨੀ ਸੌਣ ਦਾ ਮਹੀਨਾ ਏ
ਲੰਘਣਾ ਏ ਸਮਾਂ ਤੇਰੇ ਨਾਲ ਸੋਹਣਾ ਰੋਜ਼ ਵੇ,
ਆ ਘਰੇ ਢੋਲਾ ਰਜਨੀ ਨੂੰ ਲਗ ਜਾਵੇ ਮੌਜ ਵੇ,
ਤੇਰੀ ਢੋਲਾ ਦੀਦ ਨੂੰ ਕਮਾਉਣ ਦਾ ਮਹੀਨਾ ਏ |
ਸੌਣ ਦਾ ਮਹੀਨਾ ਏ ਨੀ ਸੌਣ ਦਾ ਮਹੀਨਾ ਏ