ਲੰਡਨ (ਪੰਜ ਦਰਿਆ ਬਿਊਰੋ)
“ਗੁਰਪ੍ਰੀਤ ਗੀਤ ਵਰਗੀ ਨੌਜਵਾਨ ਸ਼ਾਇਰਾ ਦਾ ਜ਼ੋਬਨ ਰੁੱਤੇ ਤੁਰ ਜਾਣਾ ਅਥਾਹ ਦੁੱਖਦਾਈ ਹੈ। ਸੰਭਾਵਨਾਵਾਂ ਭਰਪੂਰ ਗੀਤ ਦੀ ਮੌਤ ਪੰਜਾਬੀ ਸਾਹਿਤ ਜਗਤ ਲਈ ਬਹੁਤ ਵੱਡਾ ਘਾਟਾ ਹੈ।”, ਉਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਸਾਹਿਤ ਕਲਾ ਕੇਂਦਰ ਸਾਊਥਾਲ ਦੀ ਪ੍ਰਧਾਨ ਸ਼ਾਇਰਾ ਕੁਲਵੰਤ ਕੌਰ ਢਿੱਲੋਂ ਨੇ ਪੰਜ ਦਰਿਆ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਸੰਸਥਾ ਵੱਲੋਂ ਜਸ਼ਵੀਰ ਸਾਥੀ, ਅਜੀਮ ਸ਼ੇਖਰ, ਮਨਪ੍ਰੀਤ ਸਿੰਘ ਬੱਧਨੀ ਕਲਾਂ, ਮਨਜੀਤ ਕੌਰ ਪੱਡਾ, ਗੁਰਨਾਮ ਗਰੇਵਾਲ਼ ਸਮੇਤ ਸਮੂਹ ਅਹੁਦੇਦਾਰ ਤੇ ਮੈਂਬਰ ਗੁਰਪ੍ਰੀਤ ਗੀਤ ਦੇ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੁੰਦੇ ਹਨ। ਸ੍ਰੀਮਤੀ ਢਿੱਲੋਂ ਨੇ ਕਿਹਾ ਕਿ ਪੰਜਾਬੀ ਸਾਹਿਤ ਦੇ ਅੰਬਰ ਉੱਤੇ ਤਾਰੇ ਵਾਂਗ ਚਮਕਣ ਦੀ ਸਮਰੱਥਾ ਵਾਲੀ ਗੀਤ ਦੀ ਬਦਕਿਸਮਤੀ ਹੀ ਰਹੀ ਕਿ ਆਪਣੇ ਨਵ ਪ੍ਰਕਾਸ਼ਿਤ ਕਾਵਿ ਸੰਗ੍ਰਹਿ “ਸੁਪਨਿਆਂ ਦੇ ਦਸਤਖ਼ਤ” ਨੂੰ ਆਪਣੇ ਹੱਥਾਂ ਵਿੱਚ ਫੜ੍ਹ ਕੇ ਘੜੀ ਪਲ ਨਿਹਾਰ ਵੀ ਨਾ ਸਕੀ।