ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ, 21 ਜੁਲਾਈ। ਕਰੋਨਾ ਮਹਾਂਮਾਰੀ ਅਤੇ ਕੇਂਦਰ ਤੇ ਸੂਬਾ ਸਰਕਰ ਵੱਲੋਂ ਕਈ ਮਹੀਨੇ ਲੋਕਾਂ ‘ਤੇ ਮੜੇ ਗਏ ਲਾਕਡਾਊਨ ਅਤੇ ਕਰਫਿਊ ਕਾਰਣ ਗੰਭੀਰ ਆਰਥਿਕ ਸੰਕਟ ਵਿੱਚ ਫਸੇ ਖੇਤ ਮਜ਼ਦੂਰਾਂ ਦੀ ਸਾਰ ਨਾ ਲੈਣ ਵਾਲੀ ਸਰਕਾਰ ਖਿਲਾਫ ‘ਪੰਜਾਬ ਖੇਤ ਮਜ਼ਦੂਰ ਯੂਨੀਅਨ‘ ਵੱਲੋਂ ਮੁਕਤਸਰ ਦੇ ਡੀ. ਸੀ. ਦਫਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਤਰਸੇਮ ਸਿੰਘ ਖੁੰਡੇ ਹਲਾਲ, ਕਾਕਾ ਸਿੰਘ ਖੁੰਡੇ ਹਲਾਲ, ਜਸਵਿੰਦਰ ਸਿੰਘ ਸੰਗੂਧੌਨ, ਕੁਲਦੀਪ ਕੌਰ, ਹਰਪ੍ਰੀਤ ਕੌਰ, ਵਿਜੈ ਸਿੰਘ ਥਾਂਦੇਵਾਲਾ, ਮੰਦਰ ਸਿੰਘ ਥਾਂਦੇਵਾਲਾ, ਤੇਜਿੰਦਰ ਕੌਰ, ਪ੍ਰਵੀਨ ਰਾਣੀ, ਦਰਸ਼ਨਾ ਰਾਣੀ, ਜਮਨਾ ਰਾਣੀ ਹੋਰਾਂ ਨੇ ਕਿਹਾ ਕਿ ਕਰੋਨਾ ਤੋਂ ਬਚਾਅ ਦੇ ਨਾਂ ਹੇਠ ਸੂਬਾ ਸਰਕਾਰ ਵੱਲੋਂ ਲੋਕਾਂ ਦੇ ਸੰਘਰਸ਼ ‘ਤੇ ਮੜੀਆਂ ਪਾਬੰਦੀਆਂ ਤੁਰੰਤ ਖਤਮ ਕੀਤੀਆਂ ਜਾਣ। ਮਾਈਕ੍ਰੋਫਾਈਨਾਂਸ ਕੰਪਨੀਆਂ ਵੱਲੋਂ ਔਰਤਾਂ ਤੋਂ ਕਰਜ਼ੇ ਦੀਆਂ ਜ਼ਬਰੀ ਕਿਸ਼ਤਾਂ ਵਸੂਲਣ ਤੇ ਘਰਾਂ ਦਾ ਸਮਾਨ ਚੁੱਕਣ ‘ਤੇ ਪਾਬੰਦੀ ਲਾਈ ਜਾਵੇ। ਬਿਜਲੀ ਬਿੱਲਾਂ ਦੇ ਬਕਾਏ ਖਤਮ ਕੀਤੇ ਜਾਣ। ਮਨਰੇਗਾ ਤਹਿਤ ਸਾਲ ਭਰ ਦੇ ਰੁਜ਼ਗਾਰ ਦੀ ਗਰੰਟੀ ਕੀਤੀ ਜਾਵੇ ਅਤੇ ਖੜੇ ਬਕਾਏ ਤੁਰੰਤ ਦਿੱਤੇ ਜਾਣ। ਲੋੜਵੰਦ ਪਰਿਵਾਰਾਂ ਦੇ ਕੱਟੇ ਹੋਏ ਰਾਸ਼ਨ ਕਾਰਡ ਬਹਾਲ ਕੀਤੇ ਜਾਣ। ਬੇਘਰੇ ਤੇ ਲੋੜਵੰਦਾਂ ਨੂੰ ਪਲਾਟ ਦਿੱਤੇ ਜਾਣ। ਜ਼ਮੀਨੀ ਸੁਧਾਰ ਕਾਨੂੰਨ ਸਖਤ ਨਾਲ ਲਾਗੂ ਕਰਕੇ ਵਾਧੂ ਨਿਕਲਦੀ ਜ਼ਮੀਨ ਦੀ ਵੰਡ ਖੇਤ ਮਜ਼ਦੂਰਾਂ ਤੇ ਗਰੀਬ ਲੋਕਾਂ ਵਿੱਚ ਕੀਤੀ ਜਾਵੇ। ਕੇਂਦਰ ਸਰਕਾਰ ਵੱਲੋਂ ਲਿਆਂਦਾ ਬਿਜਲੀ ਸੋਧ ਬਿੱਲ ਤੁਰੰਤ ਰੱਦ ਕੀਤਾ ਜਾਵੇ। ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਕੀਤਾ ਵਾਧਾ ਵਾਪਸ ਲਿਆ ਜਾਵੇ। ਇਸ ਦੌਰਾਨ ਪ੍ਰਸ਼ਾਸਨ ਵੱਲੋਂ ਮੰਗ ਪੱਤਰ ਨਾ ਲੈਣ ‘ਤੇ ਆਗੂਆਂ ਨੇ ਕੰਧਾਂ ਉਪਰ ਮੰਗ ਪੱਤਰ ਚਿਪਕਾ ਕੇ ਧਰਨਾ ਸਮਾਪਤ ਕਰ ਦਿੱਤਾ।