22.5 C
United Kingdom
Sunday, June 21, 2026

More

    ਬਾਦਲਾਂ ਦੀ ਰਿਹਾਇਸ਼ ਘੇਰਨ ਆਏ ਕਿਸਾਨਾਂ ‘ਤੇ ਲਾਠੀਚਾਰਜ

    ਅਸ਼ੋਕ ਵਰਮਾ
    ਬਠਿੰਡਾ 21 ਜੁਲਾਈ। ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਦੀ ਵਾਪਸੀ ਲਈ ਸੰਘਰਸ਼ ਕਰ ਰਹੀ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਯਤਨ ਕਰ ਰਹੇ ਕਿਸਾਨਾਂ ਤੇ ਅੱਜ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ ਅੱਧੀ ਦਰਜਨ ਕਿਸਾਨ ਆਗੂ ਜਖਮੀ ਹੋ ਗਏ। ਇਸ ਘਿਰਾਓ ਨੂੰ ਦੇਖਦਿਆਂ ਪੁਲਿਸ ਨੇ ਬਾਦਲ ਪ੍ਰੀਵਾਰ ਦੀ ਰਿਹਾਇਸ਼ ਵੱਲ ਜਾਂਦੀਆਂ ਸੜਕਾਂ ਤੇ ਭਾਰੀ ਨਾਕਾਬੰਦੀ ਕਰਕੇ ਇਲਾਕੇ ਨੂੰ ਪੁਲਿਸ ਛਾਉਣੀ ’ਚ ਤਬਦੀਲ ਕੀਤਾ ਹੋਇਆ ਸੀ। ਇਸ ਦੇ ਬਾਵਜੂਦ ਕਿਸਾਨਾਂ ਵੱਲੋਂ ਬੋਲੇ ਹੱਲੇ ਕਾਰਨ ਪੁਲਿਸ ਦੀਆਂ ਰੋਕਾਂ ਢਹਿ ਢੇਰੀ ਹੋ ਗਈਆਂ। ਇਸ ਮੌਕੇ ਕਿਸਾਨਾਂ ਨੇ ਖਿਓਵਾਲੀ ਸੜਕ ਤੇ ਧਰਨਾ ਲਾ ਦਿੱਤਾ । ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ ਕੀਤੀ ਪਰ ਜਦੋਂ ਪੁਲਿਸ ਤੋਂ ਮਾਮਲਾ ਨਾਂ ਸੰਭਲਿਆ ਤਾਂ ਪੁਲਿਸ ਨੇ ਲਾਠੀਚਾਰਜ ਸ਼ੂਰੁ ਕਰ ਦਿੱਤਾ।
                          ਇਸ ਮੌਕੇ ਪੁਲਿਸ ਨੇ ਬੇਰਹਿਮੀ ਨਾਲ ਕਿਸਾਨਾਂ ਤੇ ਡਾਂਗਾਂ ਚਲਾਈਆਂ ਜਿਸ ਦੇ ਸਿੱਟੇ ਵਜੋਂ ਗੁਰੂਹਰਸਹਾਏ ਇਲਾਕੇ ਦੇ ਕਿਸਾਨ ਆਗੂ ਧਰਮ ਸਿੰਘ ਦੇ ਸਿਰ ਤੇ ਸੱਟ ਵੱਜ ਗਈ ਜਦੋਂਕਿ ਕੁੱਝ ਹੋਰ ਕਿਸਾਨ ਆਗੂਆਂ ਨੂੰ ਸਖਤ ਚੋਟਾਂ ਆਈਆਂ ਹਨ। ਭੜਕੇ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਅਗਲੀ ਸੰਘਰਸ਼ੀ ਰੂਪਰੇਖਾ ਉਲੀਕਣ ਲਈ 25 ਜੁਲਾਈ ਨੂੰ ਸੂਬਾ ਕਮੇਟੀ ਦੀ ਮੀਟਿੰਘਗ ਅੰਮਿ੍ਰਤਸਰ ’ਚ ਸੱਦ ਲਈ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨੋਂ ਆਰਡੀਨੈਂਸਾਂ ਨਾਲ ਪੰਜਾਬ ਦੀ ਕਿਸਾਨੀ ਤਬਾਹ ਹੋ ਜਾਵੇਗੀ। ਇੱਥੇ ਦਾ ਮੰਡੀਕਰਨ ਸਿਸਟਮ ਤੇ ਐੱਮਐੱਸਪੀ ਸਾਰਾ ਕੁਝ ਆਉਣ ਵਾਲੇ ਸਮੇਂ ਵਿੱਚ ਖਤਮ ਕਰਨ ਦਾ ਰਾਹ ਪੱਧਰ ਕਰਨ ਲਈ ਹੀ ਇਹ ਆਰਡੀਨੈਂਸ ਲਿਆਂਦੇ ਗਏ ਹਨ।   ਜੱਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ,ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ ,ਜਿਲਾ ਪ੍ਰਧਾਨ ਇੰਦਰਜੀਤ ਸਿੰਘ,ਧਰਮ ਸਿੰਘ ਸਿੱਧੂ ਅਤੇ ਨਰਿੰਦਰ ਸਿੰਘ ਜਤਾਲਹਾ ਨੇ ਕਿਹਾ ਕਿ ਪੰਜਾਬ ਦੀ ਖੇਤੀ ਨੂੰ ਖਤਮ ਕਰਨ ਦੀਆਂ ਸਜਿਸ਼ਾਂ ਸ਼ੁਰੂ ਹੋ ਗਈਆਂ ਹਨ।
    ਉਨਾਂ ਆਖਿਆ ਕਿ ਇਸ ਦੇ ਬਾਵਜੂਦ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਚੁੱਪ ਧਾਰੀ ਹੋਈ ਹੈ। ਉਨਾਂ ਆਖਿਆ ਕਿ ਇਹ ਆਰਡੀਨੈਂਸ ਲਾਗੂ ਹੋਣ ਨਾਲ ਕਣਕ, ਝੋਨੇ, ਨਰਮੇ, ਗੰਨੇ ਦੀ ਸਰਕਾਰੀ ਖਰੀਦ ਵੀ ਬੰਦ ਕਰ ਦਿੱਤੀ ਜਾਏਗੀ ਜਿਸ ਨਾਲ ਕਿਸਾਨ ਪੂਰੀ ਤਰਾ ਕਾਰਪੋਰੇਟ ਘਰਾਣਿਆਂ ਦੇ ਰਹਿਮੋਕਰਮ ਤੈ ਰਹਿ ਜਾਣਗੇ। ਉਨਾਂ ਆਖਿਆ ਕਿ ਵੱਡੇ ਆਰਥਿਕ ਘਾਟੇ ਦੀ ਮਾਰ ਹੇਠ ਆਏ ਪੰਜਾਬ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਪਹਿਲਾਂ ਹੀ ਵਧੀਆਂ ਹੋਈਆਂ ਹਨ ਅਤੇ ਨਵੇਂ ਆਰਡੀਨੈਂਸ ਖੇਤੀ ਖੇਤਰ ਨੂੰ ਤਬਾਹ ਕਰ ਦੇਣਗੇ। ਕਿਸਾਨ ਆਗੂਆਂ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਕਰੋਨਾ ਵਾਇਰਸ ਦੀ ਆੜ ਹੇਠ  ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕਰਨ ’ਚ ਤੇਜੀ ਲੈ ਆਂਦੀ ਹੈ।  ਉਨਾਂ ਆਖਿਆ ਕਿ ਇਸੇ ਨੀਤੀ ਨੂੰ ਅੱਗੇ ਵਧਾਉਂਦਿਆਂ ਖੇਤੀ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਲਈ ਤਿੰਨ ਖੇਤੀ ਆਰਡੀਨੈਂਸ ਲਿਆਂਦੇ ਹਨ।
                          ਕਿਸਾਨ ਆਗੂਆਂ ਨੇ ਕਿਹਾ ਕਿ  ਇੰਨਾਂ ਨਵੇਂ ਪ੍ਰਬੰਧਾਂ ਦੀ ਬਦੌਲਤ ਕਾਰਪੋਰੇਟ ਘਰਾਣਿਆਂ ਨੂੰ ਲੁੱਟ ਕਰਟ ਦੀ ਖੁੱਲੀ ਛੁੱਟੀ ਮਿਲ ਜਾਏਗੀ ਜਦੋਂਕਿ ਵੱਡੀ ਗਿਣਤੀ ਕਿਸਾਨ ਖੇਤੀ ਧੰਦੇ ਚੋਂ ਬਾਹਰ ਹੋ ਜਾਣਗੇ। ਆਗੂਆਂ ਨੇ ਬਿਜਲੀ ਸੋਧ ਬਿੱਲ ਤੇ ਉਂਗਲ ਉਠਾਉਂਦਿਆਂ ਕਿਹਾ ਕਿ ਇਹ ਬਿੱਲ ਪੰਜਾਬੀਆਂ ਲਈ ਮਾਰੂ ਸਿੱਧ ਹੋਵੇਗਾ ਅਤੇ ਸਬਸਿਡੀਆਂ ਦਾ ਭੋਗ ਪੈ ਜਾਣਾ ਹੈ। ਕਿਸਾਨ ਆਗੂਆਂ ਨੇ ਤਿੰਨੇ ਖੇਤੀ ਆਰਡੀਨੈਂਸ ਅਤੇ  ਬਿਜਲੀ ਸੋਧ ਬਿੱਲ 2020 ਵਾਪਿਸ ਲੈਣ ਦੀ ਮੰਗ ਕੀਤੀ ਅਤੇ ਅਜਿਹਾ ਨਾਂ ਹੋਣ ਦੀ ਸੂਰਤ ’ਚ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਕਿਸਾਨ ਆਗੂਆਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਇੱਕ ਮੰਗ ਪੱਤਰ ਦਿੱਤਾ। ਇਸ ਮੌਕੇ ਸੁਰਿੰਦਰ ਸਿੰਘ ਘੁੱਦੂਵਾਲਾ, ਰਛਪਾਲ ਸਿੰਘ, ਅੰਗਰੇਜ ਸਿੰਘ ਬੂਟੇਵਾਲਾ, ਬਲਜਿੰਦਰ ਸਿੰਘ ਤਲਵੰਡੀ , ਸੁਖਵੰਤ  ਸਿੰਘ, ਸਾਹਿਬ ਸਿੰਘ ਦੀਨੋਕੇ ਅਤੇ  ਅਮਨਦੀਪ ਸਿੰਘ ਖਚਰਭੰਨ ਆਦਿ ਆਗੂ ਵੀ ਹਾਜਰ ਸਨ।

            ਅਕਾਲੀ ਦਲ ਵੱਲੋਂ ਦਿੱਤਾ ਪੱਖ
    ਸੁਖਬੀਰ ਸਿੰਘ ਬਾਦਲ ਨੇ ਇਕੱਠ ਨੂੰ ਸੰਬੋਧਨ ਕਰਦਿਆਂ, ਉਨਾਂ ਪੇਸ਼ਕਸ਼ ਕੀਤੀ ਕਿ ਕੇਂਦਰੀ ਖੇਤੀਬਾੜੀ ਮੰਤਰੀ ਐੱਨ.ਐਸ. ਤੋਮਰ ਤੋਂ ਆਰਡੀਨੈਂਸ ‘ਤੇ ਕਿਸੇ ਵੀ ਤਰਾਂ ਦੀ ਸਪੱਸ਼ਟੀਕਰਨ ਲੈਣ ਲਈ ਉਹ ਕਿਸਾਨ ਜੱਥੇਬੰਦੀਆਂ ਦੇ ਵਫਦ ਦੀ ਅਗਵਾਈ ਕਰਨ ਲਈ ਸਦਾ ਹਾਜ਼ਰ ਹਨ। ਉਨਾਂ ਨੇ ਸਪਸ਼ਟ ਸ਼ਬਦਾਂ ‘ਚ ਐਲਾਨ ਕੀਤਾ ਹੈ ਕਿ ਅਕਾਲੀ ਦਲ ਸਦਾ ਕਿਸਾਨਾਂ ਦੇ ਨਾਲ ਖੜੇਗਾ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਤੱਤੀ ਵਾਅ ਨਹੀਂ ਲੱਗਣ ਦੇਵੇਗਾ। “ਸਾਡੇ ਲਈ ਕਿਸਾਨਾਂ ਦੀ ਭਲਾਈ ਤੇ ਬਿਹਤਰੀ ਤੋਂ ਵੱਧ ਮਹੱਤਵਪੂਰਨ ਕੁਝ ਨਹੀਂ ਹੈ। ਸਦਾ ਕਿਸਾਨ ਹਿੱਤਾਂ ਦੀ ਰਾਖੀ ‘ਤੇ ਸ੍ਰੋਮਣੀ ਅਕਾਲੀ ਦਲ ਨੇ ਸਦਾ ਡਟ ਕੇ ਪਹਿਰਾ ਦਿੱਤਾ ਹੈ।  ਇਸ ਮੁੱਦੇ ‘ਤੇ ਅਸੀਂ ਕੋਈ ਸਮਝੌਤਾ ਨਹੀਂ ਕਰਾਂਗੇ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!