ਮਹਿਲ ਕਲਾਂ21ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ, ਪੰਜਾਬ ਦੇ ਸੂਬਾ ਪੱਧਰੀ ਸੱਦੇ ਤੇ ਸਥਾਨਕ ਬੀ. ਪੀ .ਈ.ਓ. ਦਫ਼ਤਰ ਵਿਖੇ ਪੰਜਾਬ ਸਰਕਾਰ ਦੇ ਉਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ ਜਿਸ ਵਿੱਚ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਜੋ ਵੀ ਭਰਤੀ ਕੀਤੀ ਜਾਵੇਗੀ ਉਹ ਕੇਂਦਰ ਪੈਟਰਨ ਤੇ ਕੀਤੀ ਜਾਵੇਗੀ।ਇਸ ਸਮੇਂ ਹਾਜਰ ਆਗੂਆਂ ਨੇ ਕਿਹਾ ਕਿ ਹਰ ਘਰ ਨੌਕਰੀ ਦਾ ਵਾਅਦਾ ਕਰਕੇ ਸੱਤਾ ਤੇ ਕਾਬਜ਼ ਹੋਣ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਇਸ ਤਰ੍ਹਾਂ ਦੇ ਨੋਟੀਫਿਕੇਸ਼ਨ ਜਾਰੀ ਕਰ ਕੇ ਉਨ੍ਹਾਂ ਦੇ ਹੱਕਾਂ ਤੇ ਹਮਲਾ ਕਰ ਰਹੀ ਹੈ। ਬਠਿੰਡਾ ਥਰਮਲ ਪਲਾਂਟ ਵੇਚਣਾ ਅਤੇ ਇਸ ਤਰ੍ਹਾਂ ਦੇ ਨੋਟੀਫਿਕੇਸ਼ਨ ਜਾਰੀ ਕਰਨਾ ਪੰਜਾਬ ਦੀ ਤਬਾਹੀ ਦਾ ਚਿੰਨ੍ਹ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਨੇ ਲੰਮੇ ਸੰਘਰਸ਼ਾਂ ਉਪਰੰਤ ਇਹ ਸਹੂਲਤਾਂ ਹਾਸਲ ਕੀਤੀਆਂ ਹਨ ਪੰਜਾਬ ਦੇ ਮੁਲਾਜ਼ਮ ਆਪਣੇ ਇਹ ਹੱਕ ਇਸ ਤਰ੍ਹਾਂ ਨਹੀਂ ਖੋਹਣ ਦੇਣਗੇ। ਇਸ ਤਰ੍ਹਾਂ ਦੇ ਫੈਸਲੇ ਕਰਕੇ ਇਹ ਸਰਕਾਰ ਪੰਜਾਬ ਦੇ ਲੋਕਾਂ ਨਾਲ ਧਰੋਹ ਕਰ ਰਹੀ ਹੈ । ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੱਦੇ ਤੇ ਇਸ ਵਿਰੋਧ ਵਿੱਚ ਸ਼ਾਮਲ ਵੱਖ ਵੱਖ ਜਥੇਬੰਦੀਆਂ ਦੇ ਕਾਰਕੁਨਾਂ ਵਿੱਚ ਐੱਸ.ਐੱਸ. ਏ/ਰਮਸਾ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਚੁਹਾਣਕੇ,ਡੀ ਟੀ ਐੱਫ ਬਰਨਾਲਾ ਦੇ ਪ੍ਰੈੱਸ ਸਕੱਤਰ ਬਲਜਿੰਦਰ ਪ੍ਰਭੂ, ਬਲਾਕ ਮਹਿਲ ਕਲਾਂ ਦੇ ਪ੍ਰਧਾਨ ਮਾਲਵਿੰਦਰ ਸਿੰਘ ਬਰਨਾਲਾ, ਚਰਨਜੀਤ ਭੱਦਲਵੱਢ, ਵਰਿੰਦਰ ਕੁਮਾਰ, ਸੁਖਦੇਵ ਸਿੰਘ, ਹਰਪਾਲ ਸਿੰਘ, ਰਘਬੀਰ ਚੰਦ ਆਦਿ ਹਾਜ਼ਰ ਸਨ।