ਜਸਵੀਰ ਜੱਸ, ਲੰਡਨ।
ਪਰਵਾਸ ਮੇਰੀ ਮਜਬੂਰੀ ਨਹੀਂ ਸੀ
ਪਰਵਾਸ ਦਾ ਮੈਨੂੰ ਚਾਅ ਸੀ ।
ਪਰਵਾਸ ਵਿੱਚ ਧਰਵਾਸ ਸੀ
ਕਿ ਮੁੜ ਆਵਾਂਗਾ ਆਪਣੇ ਦੇਸ
ਜਦੋਂ ਲੋੜਾਂ ਪੂਰੀਆੰ ਹੋ ਗਈਆਂ
ਜਦੋਂ ਸੁਪਨੇ ਪੂਰੇ ਹੋ ਗਏ ।।
ਆਸਾੰ ਦੇ ਅਸਮਾਨ ਖੁੱਲੇ ਸੀ
ਪਹਾੜ ਸਮੁੰਦਰ ਟੱਪਣੇ
ਔਖੇ ਨਹੀਂ ਲੱਗੇ ।
ਸੂਰਜ ਦੀ ਤਪਿਸ਼ ਨੇ
ਮੇਰੇ ਖੰਭ ਨਹੀਂ ਪਿਘਲਾਏ
ਮੇਰੀ ਪਰਵਾਜ਼ ਨਹੀਂ ਰੁਕੀ
ਜਦੋਂ ਤੱਕ ਮੈਨੂੰ ਨਹੀਂ ਮਿਲਿਆ ਉਹ ਦੇਸ
ਜਿੱਥੇ ਮੇਰਾ ਦਾਣਾ ਪਾਣੀ ਲਿਖਿਆ ਸੀ।।
ਉਹ ਦੇਸ ਜੋ ਮੇਰੀਆੰ ਲੋੜਾਂ ਪੂਰੀਆੰ ਕਰੇਗਾ
ਜੋ ਮੇਰੇ ਸੁਪਨੇ ਪੂਰੇ ਕਰੇਗਾ
ਪਿੱਛੇ ਰਹਿ ਗਏ ਆਪਣਿਆੰ ਲਈ
ਸੁਗਾਤਾਂ ਲੱਭਾਂਗਾ ।।
ਮੇਰੇ ਪਰਵਾਸ ਦੀ ਪਰਵਾਜ਼
ਹੁਣ ਠਹਰਾਉ ਵਿੱਚ ਬਦਲ ਗਈ
ਫਿਰ ਮੈਂ ਰੁੱਝ ਗਿਆ ।
ਆਪਣੇ ਸੁਪਨੇ ਪੂਰੇ ਕਰਨ ਵਿੱਚ
ਆਪਣੀਆੰ ਲੋੜਾਂ ਪੂਰੀਆੰ ਕਰਨ ਵਿੱਚ
ਕਾਲ-ਚੱਕਰ ਦੀ ਗਤੀ ਦਾ ਅੰਦਾਜ਼ਾ ਨਹੀਂ ਸੀ
ਮੈਨੂੰ ਪਤਾ ਹੀ ਨਹੀਂ ਲੱਗਾ
ਮੈਂ ਕਦੋਂ ਇੱਕ ਪਰਵਾਸੀ ਤੋਂ
ਪਰਦੇਸੀ ਹੋ ਗਿਆ ।।
ਪਰਦੇਸੀ ਹੋਣ ਦਾ ਮੈਨੂੰ ਚਾਅ ਨਹੀਂ ਸੀ
ਜਿਵੇਂ ਪਰਵਾਸੀ ਹੋਣ ਦਾ ਸੀ
ਵਾਪਸੀ ਦਾ ਧਰਵਾਸ ਨਹੀਂ ਸੀ
ਪਰਦੇਸੀ ਹੋਣ ਵਿੱਚ ।
ਕਿਂਉਕਿ ਅਜੇ ਮੇਰੇ ਸੁਪਨੇ ਪੂਰੇ ਨਹੀਂ ਹੋਏ
ਮੇਰੀਆ ਲੋੜਾਂ ਪੂਰੀਆੰ ਨਹੀਂ ਹੋਈਆੰ
ਸੁਗਾਤਾਂ ਮੰਗਾੰ ਬਣ ਗਈਆਂ ।।
ਹੁਣ ਸੂਰਜ ਤਪਿਸ਼ ਦਿੰਦਾ ਹੈ ਮੇਰੇ ਖੰਭਾੰ ਨੂੰ
ਹੁਣ ਉਹੀ ਪਹਾੜ ਮੈਨੂੰ ਉੱਚੇ ਲੱਗਦੇ ਨੇ
ਹੁਣ ਉਹੀ ਸਮੁੰਦਰ ਡੂੰਘੇ ਲੱਗਦੇ ਨੇ
ਪਿੱਛੇ ਰਹਿ ਗਏ ਆਪਣੇ ਓਪਰੇ ਜਿਹੇ ਲੱਗਦੇ ਨੇ
ਸ਼ਾਇਦ ਸੁਗਾਤਾਂ ਆਦਤਾੰ ਬਣ ਗਈਆੰ ਨੇ
ਹੁਣ ਦੂਰੀਆੰ ਦੇਸਾੰ ਦੀਆੰ ਹੀ ਨਹੀਂ
ਦਿਲਾੰ ਦੀਆੰ ਵੀ ਨੇ ।।
ਪਰਵਾਸੀ ਤੋਂ ਪਰਦੇਸੀ ਹੋਣ
ਦਾ ਦੁੱਖ ਤਾਂ ਹੈ ਪਰ
ਇਸ ਪਰਵਾਜ਼ ਵਿੱਚ ਮੈਂ
ਕੁਝ ਨਵੇਂ ਸਾਥੀ ਬਣਾ ਲਏ ਨੇ
ਉਂਨਾਂ ਦਿਆਂ ਆਲ੍ਹਣਿਆਂ ਕੋਲ ਹੀ
ਮੈਂ ਵੀ ਆਲ੍ਹਣਾ ਪਾ ਲਿਆ ਹੈ ।।
ਹੁਣ ਮੇਰੀਆੰ ਲੋੜਾਂ ਮੇਰੇ ਸੁਪਨੇ
ਮੇਰੇ ਆਲ੍ਹਣੇ ਵਿਚਲੇ ਜੀਆੰ ਲਈ ਹਨ
ਪਰ ਉਹ ਕਦੇ ਵੀ ਨਹੀਂ ਸਮਝਣਗੇ
ਮੇਰੇ ਪਰਵਾਸੀ ਤੋਂ ਪਰਦੇਸੀ ਹੋਣ ਦਾ ਦਰਦ
ਮੈਨੂੰ ਜਿੰਨਾ ਪਰਵਾਸੀ ਹੋਣ ਦਾ ਚਾਅ ਸੀ
ਮੈਨੂੰ ਉਂਨਾਂ ਹੀ ਪਰਦੇਸੀ ਹੋਣ ਦਾ ਦੁੱਖ ਹੈ
ਪਰਵਾਸ ਮੇਰੀ ਮਜਬੂਰੀ ਨਹੀਂ ਸੀ
ਪਰਵਾਸ ਦਾ ਮੈਨੂੰ ਚਾਅ ਸੀ ।।