ਚਲਦਾ ਜਾਵੇ ਨਿਰੰਤਰ ਚੱਕਰ ਜ਼ਿੰਦਗੀ ਦਾ,
ਔਖਾ ਬੜਾ ਕਮਾਉਣਾ ਅੱਖਰ ਜ਼ਿੰਦਗੀ ਦਾ।
ਕੋਈ ਮਿਲਜੇ ਪਾਰਖੂ ਤਾਂ ਗੱਲ ਵੱਖਰੀ ਏ,
ਮੁਸ਼ਕਲ ਹੋਵੇ ਤਰਾਸ਼ ਇਹ ਪੱਥਰ ਜ਼ਿੰਦਗੀ ਦਾ।
ਬਾਜ਼ੀ ਦੇਵੇ ਖਲਾਰ ਜੋ ਦਾਤਾ ਆਪੇ ਹੀ,
ਫਿਰ ਆਪੇ ਦੇਵੇ ਸਮੇਟ ਵੀ ਪੱਤਰ ਜ਼ਿੰਦਗੀ ਦਾ।
ਕਿਹੜੇ ਕੰਮ ਲਈ ਆਈਆਂ ਬੰਦਿਆ ਸੋਚ ਜ਼ਰਾ,
ਪਲ ਪਲ ਜਾਵੇ ਘਟਦਾ ਵੱਖਰ ਜ਼ਿੰਦਗੀ ਦਾ।
ਢੁਕਵੇਂ ਵੇਲੇ ਢੁਕਵੀਂ ਸੇਧ ਜੇ ਮਿਲ ਜਾਵੇ,
ਮਿਲ ਜਾਵੇ ਫਿਰ ਗੁੜ ਤੇ ਸ਼ੱਕਰ ਜ਼ਿੰਦਗੀ ਦਾ।
ਦੁੱਖਾਂ ਨੂੰ ਨਾ “ਅਮਨ” ਐਵੇਂ ਧਿਰਕਾਰਿਆ ਕਰ,
ਦੁੱਖਾਂ ਨੂੰ ਮਨ ਲੈ ਧੀ ਤੇ ਪੁੱਤਰ ਜ਼ਿੰਦਗੀ ਦਾ।
ਪ੍ਰੀਤਅਮਨ , ਮੋਰਿੰਡਾ
6280932905