
– ਰਾਜਿੰਦਰ ਪਰਦੇਸੀ
ਜੋ ਸੀ ਪ੍ਰੀਤਾਂ ਦਾ ਸਰਮਾਇਆ
ਜੋ ਸੀ ਸਾਂਝਾਂ ਦਾ ਤਿਰਹਾਇਆ
ਸੱਜਣਾਂ ਉਹ ਸਾਵਣ ਨਾ ਆਇਆ
ਸੱਜਣਾਂ ਉਹ ਸਾਵਣ ਨਾ ਆਇਆ
ਰੁੱਖਾਂ ਬਿਨ ਹਰ ਪੀਂਘ ਉਦਾਸੀ
ਹਰ ਇਕ ਮਨ ਦੀ ਰੀਝ ਪਿਆਸੀ
ਉਡਦੀ ਰਹਿੰਦੀ ਧੂੜ ਪਹੇ ‘ਚੋਂ
ਇਸ ਰੁੱਤ ਵੀ ਪਤਝੜ ਦੇ ਵਾਸੀ
ਚੜ੍ਹੀਆਂ ਤੱਕ ਘਨਘੋਰ ਘਟਾਵਾਂ
ਜਦ ਮੋਰਾਂ ਸੀ ਰੌਲਾ ਪਾਇਆ
ਸੱਜਣਾਂ ਉਹ ਸਾਵਣ ਨਾ ਆਇਆ
ਮਹਿਕ ਵਿਹੂਣੀ ਰਾਤ ਦੀ ਰਾਣੀ
ਮਰ ਮਰ ਪੈਂਦੀ ਰਾਤ ਲੰਘਾਣੀ
ਬਾਦਲ ਬਾਦਲ ਗਾਉਂਦੇ ਹਾਰੇ
ਇਸ ਸਾਵਣ ਬਿਜਲੀ ਨਾ ਪਾਣੀ
ਪੌਣਾਂ ਦੇ ਗਲ ਲੱਗ ਕੇ ਨੱਚ ਨੱਚ
ਜੋ ਸੀ ਤੇਰੇ ਨਾਲ ਬਿਤਾਇਆ
ਸੱਜਣਾ ਉਹ ਸਾਵਣ ਨਾ ਆਇਆ
ਇਹ ਤਾਂ ਹੈ ਬੱਸ ਨਾਂ ਦਾ ਸਾਵਣ
ਬੱਸ ਨਿਰ੍ਹੀ ਚੁੱਪ-ਚਾਂ ਦਾ ਸਾਵਣ
ਜਿਸ ਨੇ ਸਾਡੇ ਜਜ਼ਬੇ ਭੁੰਨ ਤੇ
ਦੱਸ ਇਹ ਕਿਹੜੀ ਥਾਂ ਦਾ ਸਾਵਣ
ਜਦ ਤੇਰੀ ਬੁੱਕਲ ਵਿਚ ਭਿੱਜ ਭਿੱਜ
ਅੰਬੀ ਦਾ ਸੀ ਚੂਸਾ ਲਾਇਆ
ਸੱਜਣਾ ਉਹ ਸਾਵਣ ਨਾ ਆਇਆ
ਰੁੱਖ ਹਨ ਤਾਂ ਸੰਸਾਰ ਹੈ ਸਾਵਣ
ਝਾਂਜਰ ਦੀ ਝਨਕਾਰ ਹੈ ਸਾਵਣ
ਕੋਇਲ ਦੇ ਹਨ ਗੀਤ ਵਣਾਂ ਮੰਗ
ਤੀਆਂ ਹਨ ਤਿਉਹਾਰ ਹੈ ਸਾਵਣ
‘ਪਰਦੇਸੀ’ ਨੂੰ ਫਿਰ ਕਿਸ ਕਿਹਣੈ
ਤੂੰ ਸਾਨੂੰ ਐਨਾ ਤੜਪਾਇਆ
ਸੱਜਣਾ ਉਹ ਸਾਵਣ ਨਾ ਆਇਆ
ਮੋਬਾਇਲ….+91 9780213351