ਜਿਹੜੀਆਂ ਸੰਗਤਾਂ ਕੋਲ ਘਰ ਵਿੱਚ ਰਾਸ਼ਨ ਨਹੀਂ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਕਰਨ ਸੰਪਰਕ
ਰੋਮ, ਇਟਲੀ (ਕੈਂਥ)

ਇਸ ਸਮੇਂ ਪੂਰੀ ਇਟਲੀ ਕੋਰੋਨਾਵਾਇਰਸ ਕਾਰਨ ਬਹੁਤ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਝੱਲ ਰਹੀ ਹੈ, ਅਜਿਹੇ ਮਾੜੇ ਦੌਰ ਵਿੱਚ ਇਟਲੀ ਦੀ ਸ਼੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਇਟਲੀ ਸਰਕਾਰ ਨੂੰ ਆਪਣੇ ਵੱਲੋਂ ਵੱਧ ਤੋਂ ਵੱਧ ਸਹਿਯੋਗ ਦੇ ਰਹੀ ਹੈ ਤਾਂ ਜੋ ਇਟਲੀ ਨੂੰ ਇਸ ਕੁਦਰਤੀ ਕਹਿਰ ਦੀ ਤਬਾਹੀ ਤੋਂ ਬਚਾਇਆ ਜਾ ਸਕੇ। ਪਿਛਲੇ ਕਾਫ਼ੀ ਸਮੇਂ ਤੋਂ ਇਟਲੀ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦਾ ਝੰਡਾ ਬੁਲੰਦ ਕਰ ਰਿਹਾ ਸ਼੍ਰੀ ਗੁਰੂ ਰਵਿਦਾਸ ਟੈਂਪਲ (ਵਿਚੈਂਸਾ) ਜਿਸ ਨੇ ਸਦਾ ਹੀ ਮਨੁੱਖਤਾ ਦੀ ਸੇਵਾ ਨੂੰ ਪਰਮੋ ਧਰਮ ਸਮਝਿਆ ਹੈ ਇਸ ਔਖੀ ਘੜ੍ਹੀ ਵਿੱਚ ਇਟਲੀ ਸਰਕਾਰ ਦੀ ਸਹਾਇਤਾ ਲਈ ਅੱਗੇ ਆਇਆ ਹੈ। ਜਿਸ ਵਿੱਚ ਜ਼ਿਲ੍ਹਾ ਵਿਚੈਂਸਾ ,ਵਿਰੋਨਾ ਦੀਆਂ ਸੰਗਤਾਂ ਅਤੇ ਇਟਲੀ ਤੋਂ ਇੰਗਲੈਂਡ ਜਾ ਵਸੀਆ ਸੰਗਤਾਂ ਵੱਲੋਂ ਆਪਣੀ ਨੇਕ ਕਮਾਈ ਵਿੱਚ ਯੋਗਦਾਨ ਪਾਇਆ ਗਿਆ ਹੈ।ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ 10.000 ਯੂਰੋ ਦੀ ਆਰਥਿਕ ਸਹਾਇਤਾ ਇਟਲੀ ਸਰਕਾਰ ਦੇ ਅਦਾਰੇ ਰੇਜੋਨੋ ਦੇਲ ਵੇਨੇਤੋ, ਰੈੱਡ ਕਰਾਸ ਵਿਰੋਨਾ ਅਤੇ ਵਿਚੈਂਸਾ ਵਿਖੇ ਕੋਰੋਨਾਵਾਇਰਸ ਲਈ ਬਣ ਰਹੇ ਹਸਪਤਾਲ ਵਿੱਚ ਬੈਂਕ ਰਾਹੀ ਦਾਨ ਦਿੱਤੀ ਹੈ। ਇਸ ਮੌਕੇ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਪਾਲ ਭੈਰੋ ਵੱਲੋਂ ਇਹ ਵੀ ਅਪੀਲ ਕੀਤੀ ਗਈ ਹੈ ਜਿਹੜੀਆਂ ਸੰਗਤਾਂ ਕੋਲੋ ਇਸ ਮਾੜੇ ਸਮੇਂ ਵਿੱਚ ਘਰ ਵਿੱਚ ਰਾਸ਼ਨ ਵਗੈਰਾ ਨਹੀ ਹੈ ਤਾਂ ਉਹ ਬਿਨ੍ਹਾਂ ਝਿਜਕ ਪ੍ਰਬੰਧਕ ਕਮੇਟੀ ਨਾਲ ਰਾਬਤਾ ਕਾਇਮ ਕਰੇ ।ਕਮੇਟੀ ਉਹਨਾਂ ਨੂੰ ਰਾਸ਼ਨ ਮੁਹੱਈਆ ਕਰਵਾਏਗੀ ਅਤੇ ਜਿਹੜੀ ਸੰਗਤਾਂ ਦੂਰ ਦੂਰਾਡੇ ਰਹਿੰਦੀਆਂ ਹਨ ਉਹਨਾਂ ਦੀਆਂ ਨੇੜੇ ਦੀਆਂ ਮਾਰਕਿਟਾਂ ਨੂੰ ਕਮੇਟੀ ਵੱਲੋਂ ਯੂਰੋ ਭੇਜੇ ਜਾਣਗੇ ਤਾਂ ਜੋ ਉਹਨਾਂ ਨੂੰ ਰਾਸ਼ਨ ਮਿਲ ਸਕੇ। ਕਮੇਟੀ ਵੱਲੋਂ ਕਈ ਪਰਿਵਾਰਾਂ ਨੂੰ ਇਹ ਸੇਵਾ ਕੀਤ ਵੀ ਜਾ ਚੁੱਕੀ ਹੈ।ਸਤਪਾਲ ਭੈਰੋ ਨੇ ਇਟਲੀ ਵਾਸਿਆਂ ਦਾ ਮਾੜੇ ਸਮੇਂ ਵਿੱਚ ਸਹਾਇਤਾ ਦੇਣ ਲਈ ਇਟਲੀ ਤੋਂ ਇੰਗਲੈਂਡ ਵਸੇ ਜਿੰਦਰ ਸ਼ੀਹਮਾਰ, ਗੁਰਦੁਆਰਾ ਸਾਹਿਬ ਦੇ ਵਜ਼ੀਰ ਭਾਈ ਸਤਨਾਮ ਸਿੰਘ ਅਤੇ ਸਮੁੱਚੀਆਂ ਸੰਗਤਾਂ ਦਾ ਇਸ ਮਹਾਨ ਸੇਵਾ ਲਈ ਤਹਿ ਦਿਲੋਂ ਧੰਨਵਾਦ ਕੀਤਾ ਹੈ। ਉਹਨਾਂ ਸੰਗਤ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਸਤਿਗੁਰੂ ਰਵਿਦਾਸ ਮਹਾਰਾਜ ਦੇ 643ਵੇਂ ਆਗਮਨ ਪੁਰਬ ਦੇ ਸਮਾਗਮ ਜਿਹੜੇ ਕਿ 4 ਅਤੇ 5 ਅਪ੍ਰੈਲ 2020 ਨੂੰ ਗੁਰਦੁਆਰਾ ਸਾਹਿਬ ਵਿਖੇ ਹੋਣੇ ਸਨ ਉਹ ਕੋਰੋਨਾਵਾਇਰਸ ਕਾਰਨ ਅਗਲੇ ਸਮੇਂ ਵਿੱਚ ਕਰਵਾਏ ਜਾਣਗੇ। ਸੰਗਤਾਂ ਨੂੰ ਬੇਨਤੀ ਹੈ ਕਿ ਇਸ ਮਾੜੇ ਦੌਰ ਵਿੱਚ ਸਰਕਾਰ ਦੇ ਹੁਕਮਾਂ ਦੀ ਪਾਲਣ ਕਰੇ ਹੋਏ ਆਪਣੇ ਘਰਾਂ ਵਿੱਚ ਹੀ ਰਹਿਣ ਤਾਂ ਜੋ ਇਸ ਮਹਾਂਮਾਰੀ ਮੋਨ ਬਚਿਆ ਜਾ ਸਕੇ। ਪ੍ਰੈੱਸ ਨੂੰ ਇਹ ਜਾਣਕਾਰੀ ਰਾਜਕੁਮਾਰ ਵਿਚੈਂਸਾ ਨੇ ਦਿੱਤੀ।