6.3 C
United Kingdom
Monday, April 21, 2025

More

    ਜੇ‘ ਫਾਰਮ ਵਾਲੇ ਸਾਰੇ ਕਿਸਾਨਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਦਾ ਮਿਲੇਗਾ ਲਾਭ : ਡੀਸੀ

    ਅਸ਼ੋਕ ਵਰਮਾ
    ਬਠਿੰਡਾ, 19 ਜੁਲਾਈ: ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਸਾਲ 2020-21 ਲਈ ‘ਆਯੂਸ਼ਮਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ‘ ਤਹਿਤ ਸਿਹਤ ਬੀਮੇ ਦਾ ਲਾਭ ਲੈਣ ਲਈ 24 ਜੁਲਾਈ, 2020 ਤੱਕ ਅਰਜ਼ੀਆਂ ਦੇਣ ਦੀ ਅਪੀਲ ਕੀਤੀ ਹੈ।  ਿੲਸ ਯੋਜਨਾਂ ਨਾਲ ਹਰੇਕ ਲਾਭਪਾਤਰੀ ਪਰਿਵਾਰ ਨੂੰ ਪੰਜ ਲੱਖ ਰੁਪਏ ਤੱਕ ਦਾ ਨਗਦੀ ਰਹਿਤ ਇਲਾਜ ਮੁਹੱਈਆ ਹੋਵੇਗਾ।ਇਹ ਜਾਣਕਾਰੀ ਦਿੰਦਿਆਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਬੀ ਸ਼੍ਰੀਨਿਵਾਸ਼ਨ ਨੇ ਦੱਸਿਆ ਕਿ ‘ਜੇ‘ ਫਾਰਮ ਅਤੇ ‘ਗੰਨਾ ਤੋਲ ਪਰਚੀ‘ ਵਾਲੇ ਸਾਰੇ ਕਿਸਾਨ ਇਸ ਸਕੀਮ ਦਾ ਲਾਭ ਲੈਣ ਲਈ ਯੋਗ ਹਨ, ਜਿਨਾਂ ਨੂੰ 24 ਜੁਲਾਈ ਤੱਕ ਘੋਸ਼ਣਾ ਪੱਤਰ ਲੋੜੀਂਦੇ ਦਸਤਾਵੇਜ਼ਾਂ ਸਮੇਤ ਸਬੰਧਤ ਮਾਰਕੀਟ ਕਮੇਟੀ ਦਫ਼ਤਰ ਜਾਂ ਆਪਣੇ ਆੜਤੀਏ ਕੋਲ ਜਮਾਂ ਕਰਵਾਉਣੇ ਹੋਣਗੇ। ਉਨਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਵੱਲੋਂ ਕਿਸਾਨਾਂ ਦੇ ਬੀਮੇ ਦਾ ਸਮੁੱਚਾ ਪ੍ਰੀਮੀਅਮ ਅਦਾ ਕੀਤਾ ਜਾਵੇਗਾ ਜਿਸ ਕਰਕੇ ਕਿਸਾਨਾਂ ਨੂੰ ਇਸ ਲਈ ਕੋਈ ਫੀਸ ਵੀ ਨਹੀਂ ਦੇਣੀ ਪਵੇਗੀ।

                   ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਸਿਹਤ ਬੀਮਾ ਸਕੀਮ ਤਹਿਤ ਲਾਭਪਾਤਰੀ ਦਿਲ ਦੇ ਅਪ੍ਰੇਸ਼ਨ, ਕੈਂਸਰ ਦੇ ਇਲਾਜ, ਜੋੜ ਬਦਲਾਉਣ ਅਤੇ ਐਕਸੀਡੈਂਟ ਦੇ ਕੇਸਾਂ ਵਰਗੇ ਵੱਡੇ ਅਪ੍ਰੇਸ਼ਨਾਂ ਦੇ ਇਲਾਜ ਸਮੇਤ 1396 ਬਿਮਾਰੀਆਂ ਲਈ 546 ਸੂਚੀਬੱਧ ਹਸਪਤਾਲਾਂ ਅਤੇ 208 ਸਰਕਾਰੀ ਹਸਪਤਾਲਾਂ ਵਿੱਚ ਪੰਜ ਲੱਖ ਰੁਪਏ ਤੱਕ ਦਾ ਇਲਾਜ ਕਰਵਾ ਸਕਦੇ ਹਨ। ਬੀ ਸ਼੍ਰੀਨਿਵਾਸ਼ਨ ਨੇ ਹੋਰ ਦੱਸਿਆ ਕਿ ਸਾਲ 2020-21 ਦੌਰਾਨ ਜ਼ਿਲੇ ਸਮੇਤ ਸੂਬਾ ਭਰ ਦੇ 8.70 ਲੱਖ ‘ਜੇ‘ ਫਾਰਮ ਹੋਲਡਰ ਕਿਸਾਨਾਂ ਅਤੇ 80,000 ਗੰਨਾ ਉਤਪਾਦਕਾਂ ਨੂੰ ਸਿਹਤ ਬੀਮਾ ਯੋਜਨਾ ਦਾ ਲਾਭ ਮਿਲੇਗਾ ਜਦਕਿ ਇਸ ਸਕੀਮ ਦੇ ਪਹਿਲੇ ਸਾਲ 2019-20 ਦੌਰਾਨ ਪੰਜ ਲੱਖ ਕਿਸਾਨ ਇਸ ਯੋਜਨਾ ਦੇ ਘੇਰੇ ਹੇਠ ਆਏ ਸਨ ਜਿਨਾਂ ਨੂੰ ਮੰਡੀ ਬੋਰਡ ਵੱਲੋਂ ਸਾਲ 2015 ਵਿੱਚ ਜਾਰੀ ਕੀਤੇ ‘ਜੇ‘ ਫਾਰਮਾਂ ਦੇ ਆਧਾਰ ‘ਤੇ ਯੋਗ ਪਾਇਆ ਗਿਆ ਸੀ।

           ਉਨਾਂ ਦੱਸਿਆ ਕਿ ਮੰਡੀ ਬੋਰਡ ਵੱਲੋਂ ਇਕ ਜਨਵਰੀ, 2020 ਨੂੰ ਅਤੇ ਉਸ ਤੋਂ ਬਾਅਦ 8.70 ਲੱਖ ਕਿਸਾਨਾਂ ਨੂੰ ਉਨਾਂ ਦੀ ਖੇਤੀਬਾੜੀ ਉਪਜ ਵੇਚਣ ਲਈ ‘ਜੇ‘ ਫਾਰਮ ਹੋਲਰਡਾਂ ਵਜੋਂ ਰਜਿਸਟਰਡ ਕੀਤਾ ਗਿਆ ਹੈ ਅਤੇ ਇਸੇ ਤਰਾਂ ਇਕ ਨਵੰਬਰ, 2019 ਤੋਂ 31 ਮਾਰਚ, 2020 ਦੇ ਪਿੜਾਈ ਸੀਜ਼ਨ ਦੌਰਾਨ ਗੰਨੇ ਦੀ ਫਸਲ ਵੇਚਣ ਵਾਲੇ 80,000 ਗੰਨਾ ਉਤਪਾਦਕ ਹਨ ਜੋ ਇਸ ਯੋਜਨਾ ਲਈ ਸਾਰੇ ਹੀ ਯੋਗ ਮੰਨੇ ਜਾਣਗੇ। ਉਨਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਨਾਂ ਨੂੰ ਸਕੀਮ ਵਿੱਚ ਸ਼ਾਮਲ ਕਰਨ ਦੀ ਹਰੀ ਝੰਡੀ ਦੇਣ ਨਾਲ ਸਾਰੇ 9.50 ਲੱਖ ਕਿਸਾਨ ਤੇ ਉਨਾਂ ਦੇ ਪਰਿਵਾਰ 20 ਅਗਸਤ, 2020 ਤੋਂ ਸਕੀਮ ਦਾ ਲਾਭ ਲੈਣ ਦੇ ਹੱਕਦਾਰ ਬਣ ਜਾਣਗੇ।ਡਿਪਟੀ ਕਮਿਸ਼ਨਰ ਨੇ ਜ਼ਿਲੇ ਦੀਆਂ ਮਾਰਕੀਟ ਕਮੇਟੀਆਂ ਨੂੰ ਵੀ ਬਿਨਾਂ ਕਿਸੇ ਦਿੱਕਤ ਦੇ ਇਸ ਸਹੂਲਤ ਦਾ ਲਾਭ ਲੈਣ ਨੂੰ ਯਕੀਨੀ ਬਣਾਉਣ ਵਿੱਚ ਕਿਸਾਨਾਂ ਦੀ ਸਹਾਇਤਾ ਕਰਨ ਲਈ ਆਖਿਆ  ਹੈ।
                ਉਨਾਂ ਇਹ ਵੀ ਦੱਸਿਆ ਕਿ ਮੰਡੀ ਬੋਰਡ ਨੇ ਯੋਗ ਕਿਸਾਨਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਹੈ ਤਾਂ ਕਿ ਹਰੇਕ ਕਿਸਾਨ ਨੂੰ ਇਸ ਦਾ ਲਾਭ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾ ਸਕੇ। ਇਛੁੱਕ ਕਿਸਾਨਾਂ ਵੱਲੋਂ ਸਵੈ-ਘੋਸ਼ਣਾ ਪੱਤਰ ਵਾਲਾ ਫਾਰਮ ਸਬੰਧਤ ਮਾਰਕੀਟ ਕਮੇਟੀ ਦਫ਼ਤਰ ਜਾਂ ਆੜਤੀਆ ਫਰਮ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ ਜਾਂ ਫੇਰ ਪੰਜਾਬ ਮੰਡੀ ਬੋਰਡ ਦੀ ਵੈੱਬਸਾਈਟ ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਮੰਡੀ ਬੋਰਡ ਵੱਲੋਂ ਕਿਸਾਨਾਂ ਪਾਸੋਂ ਅਰਜ਼ੀਆਂ ਪ੍ਰਾਪਤ ਹੋਣ ਤੋਂ ਬਾਅਦ ਵਿਸ਼ੇਸ਼ ਤੌਰ ‘ਤੇ ਬਣਾਏ ਪੋਰਟਲ ‘ਤੇ ਅਪਲੋਡ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਯੋਗ ਕਿਸਾਨਾਂ ਨੂੰ ‘ਸਿਹਤ ਬੀਮਾ ਕਾਰਡ‘ ਜਾਰੀ ਹੋ ਜਾਣਗੇ। ਉਨਾਂ ਅੱਗੇ ਕਿਹਾ ਕਿ ਇਸ ਨਗਦੀ ਰਹਿਤ ਸਕੀਮ ਨਾਲ ਸਾਰੀਆਂ ਬਿਮਾਰੀਆਂ ਜਿਨਾਂ ਨੂੰ 24 ਘੰਟੇ ਤੋਂ ਵੱਧ ਸਮੇਂ ਲਈ ਹਸਪਤਾਲ ਵਿੱਚ ਦਾਖਲ ਹੋਣ ਦੀ ਲੋੜ ਹੁੰਦੀ ਹੈ ਜਾਂ ਦਿਨ ਦੀ ਦੇਖਭਾਲ ਦੇ ਇਲਾਜ ਬਾਰੇ ਸਕੀਮ ਹੇਠ ਸੂਚੀਬੱਧ ਹਨ, ਦਾ ਇਲਾਜ ਹੋਵੇਗਾ।

         ਉਨਾਂ ਅੱਗੇ ਦੱਸਿਆ ਕਿ ਇਸ ਬੀਮਾ ਯੋਜਨਾ ਤਹਿਤ ਕਿਸਾਨ ਪਰਿਵਾਰ ਵਿੱਚ ਘਰ ਦੇ ਮੁਖੀ ਤੋਂ ਇਲਾਵਾ ਪਤੀ/ਪਤਨੀ, ਮਾਤਾ/ਪਿਤਾ, ਅਣਵਿਆਹੇ ਬੱਚੇ, ਤਲਾਕਸ਼ੁਦਾ ਧੀ ਅਤੇ ਉਸ ਦੇ ਨਾਬਾਲਗ ਬੱਚੇ, ਵਿਧਵਾ ਨੂੰਹ ਅਤੇ ਉਸ ਦੇ ਨਾਬਾਲਗ ਬੱਚੇ ਲਾਭ ਦੇ ਹੱਕਦਾਰ ਮੰਨੇ ਜਾਣਗੇ। ਉਨਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਕੋਈ ਵੀ ਹੋਰ ਜਾਣਕਾਰੀ ਹਾਸਲ ਕਰਨ ਲਈ ਟੋਲ ਫ੍ਰੀ ਨੰਬਰ 104 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!