ਅਸ਼ੋਕ ਵਰਮਾ
ਮਾਨਸਾ, 19 ਜੁਲਾਈ : ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰਪਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਪ-ਰਜਿਸਟਰਾਰ ਸਹਿਕਾਰੀ ਸਭਾਵਾਂ ਪਰਮਜੀਤ ਸਿੰਘ ਨੇ ਦੱਸਿਆ ਕਿ ਮਾਨਸਾ ਜ਼ਿਲੇ ਦੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚ ਪੰਜਾਬ ਸਰਕਾਰ ਦੇ ਮਿਸ਼ਨ ਫ਼ਤਿਹ ਮੁਹਿੰਮ ਤਹਿਤ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ-ਕਰਮਚਾਰੀਆਂ ਵੱਲੋਂ ਪਿੰਡ-ਪਿੰਡ, ਘਰ-ਘਰ ਜਾ ਕੇ ਲੋਕਾਂ ਨੂੰ ਕੋਰੋਨਾ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ।ਉਨਾਂ ਦੱਸਿਆ ਕਿ ਇਸ ਸਬੰਧੀ ਮਾਨਸਾ ਤਹਿਸੀਲ ਦੀਆਂ 26 ਸਹਿਕਾਰੀ ਸਭਾਵਾਂ ਦੇ 46 ਪਿੰਡ , ਤਹਿਸੀਲ ਬੁਢਲਾਡਾ ਦੇ 23 ਸਭਾਵਾਂ ਦੇ 50 ਪਿੰਡ ਅਤੇ ਤਹਿਸੀਲ ਸਰਦੂਲਗੜ ਦੇ 20 ਸਭਾਵਾਂ ਦੇ 50 ਪਿੰਡਾਂ ਦੇ ਲੋਕਾਂ ਨੂੰ ਕੋਰੋਨਾ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ।ਉਨਾਂ ਦੱਸਿਆ ਕਿ ਇਸ ਤਰਾਂ ਪੂਰੇ ਜ਼ਿਲੇ ਦੀਆਂ 69 ਸਭਾਵਾਂ ਦੇ ਨਾਲ-ਨਾਲ 146 ਪਿੰਡਾਂ ਵਿਚ ਜਾਗਰੂਕਤਾ ਅਭਿਆਨ ਚਲਾਇਆ ਗਿਆ।
ਉਨਾਂ ਦੱਸਿਆ ਕਿ ਮਾਸਕ ਦੀ ਵਰਤੋ ਕਰਨ, ਸਮੇਂ-ਸਮੇਂ ‘ਤੇ ਹੱਥਾਂ ਨੂੰ ਸਾਫ਼ ਰੱਖਣ, ਸਮਾਜਿਕ ਦੂਰੀ ਬਣਾਈ ਰੱਖਣ ਸਬੰਧੀ ਜਾਣੂ ਕਰਵਾਇਆ ਗਿਆ।ਉਪ-ਰਜਿਸਟਰਾਰ ਨੇ ਦੱਸਿਆ ਕਿ ਇਸ ਦੌਰਾਨ ਲੋਕਾਂ ਨੂੰ ਪੰਜਾਬ ਸਰਕਾਰ ਦੀ ਕੋਵਾ ਐਪ ਬਾਰੇ ਜਾਣਕਾਰੀ ਦਿੱਤੀ ਗਈ ਕਿ ਕੋਰੋਨਾ ਸਬੰਧੀ ਕੋਈ ਵੀ ਜਾਣਕਾਰੀ ਐਪ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਸਮੇਂ ਸਹਿਕਾਰਤਾ ਵਿਭਾਗ ਦੇ ਇੰਸਪੈਕਟਰ ਅਤੇ ਸਭਾਵਾਂ ਦੇ ਸਕੱਤਰ ਵੀ ਸਬੰਧਤ ਪਿੰਡਾਂ ਵਿਚ ਹਾਜਰ ਸਨ।ਸਮੂਹ ਜ਼ਿਲੇ ਦੇ ਪਿੰਡ ਵਾਸੀਆਂ ਨੂੰ ਸਹਿਕਾਰਤਾ ਵਿਭਾਗ ਵੱਲੋਂ ਇਸ ਗੱਲ ਉੱਤੇ ਜੋਰ ਦਿੱਤਾ ਗਿਆ ਕਿ ਕੋਰੋਨਾ ਬਿਮਾਰੀ ਨੂੰ ਅਸੀਂ ਸਾਰੇ ਮਿਲ ਕੇ ਫ਼ਤਿਹ ਕਰ ਸਕਦੇ ਹਾਂ ਜੇਕਰ ਅਸੀ ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ਸਿਰ ਦਿੱਤੀਆਂ ਗਈਆਂ ਹਦਾਇਤਾਂ ਦਾ ਪੂਰਾ-ਪੂਰਾ ਪਾਲਣ ਕਰਾਂਗੇ।