ਰਜਨੀ ਵਾਲੀਆ, ਕਪੂਰਥਲਾ
ਤੈਨੂੰ ਸਵਾਲ ਪਾਉਣਾ ਏ,
ਤੇ ਮੈਂ ਜਵਾਬ ਲੈਣਾਂ ਏ |
ਤੇਰੇ ਹਵਾਲੇ ਬਾਗ ਯਾਰਾ,
ਮੈਂ ਬਸ ਗੁਲਾਬ ਲੈਣਾ ਏ |
ਵੇ ਤੂੰ ਰੁੱਸਣਾ ਨਾ ਜਾਣੇਂ,
ਤੇ ਮੈਂ ਜਿੱਦੀ ਡਾਢੀ ਵੇ |
ਤੇਰੇ ਵਿੱਚ ਬਹੁਤ ਹਲੀਮੀ ਏ,
ਤਾਂ ਹੀ ਨਿਭ ਜਾਣੀਂ ਸਾਡੀ ਵੇ |
ਤੇਰੇ ਨਾਲ ਜਿਦਣਾ-ਜੁਦਣਾਂ ਨਈਂ,
ਤੈਥੋਂ ਹਿਸਾਬ ਲੈਣਾ ਏ|
ਤੈਨੂੰ ਸਵਾਲ ਪਾਉਣਾ ਏ,
ਤੇ ਮੈਂ ਜਵਾਬ ਲੈਣਾਂ ਏ |
ਤੇਰੇ ਖੇਤ ਤੇਰੀ ਧਰਤੀ,
ਤੇਰੀਆਂ ਕਣਕਾਂ ਸਿੱਟੇ ਵੇ |
ਤੇਰਿਆਂ ਬੰਨਿਆਂ ਤੇ ਨੱਚਦੀ,
ਤੇ ਮੇਰੇ ਮਹਿਕਣ ਗਿੱਟੇ ਵੇ |
ਵੇ ਮੈਂ ਹੁਣ ਲੈਣੇਂ ਨਈਂ ਦਰਿਆ,
ਪੂਰਾ ਪੰਜਾਬ ਲੈਣਾ ਏ |
ਤੈਨੂੰ ਸਵਾਲ ਪਾਉਣਾ ਏ,
ਤੇ ਮੈਂ ਜਵਾਬ ਲੈਣਾਂ ਏ |
ਜੇ ਤੈਨੂੰ ਅੱਖਰ ਆਖਾਂ ਮੈਂ,
ਤੂੰ ਦਿਲ ਦੇ ਵਰਕੇ ਆ ਜਾਵੇਂ |
ਜੇ ਤੈਨੂੰ ਸਾਹ ਕਹਾਂ ਸੱਜਣਾਂ,
ਤੂੰ ਸੀਨੇ ਵਿੱਚ ਸਮਾ ਜਾਵੇਂ |
ਵੇ ਤੂੰ ਮੇਰੇ ਸੁਪਨੇ ਵਿੱਚ ਆਵੇਂ,
ਤੈਥੋਂ ਸੁਰਖਾਬ ਲੈਣਾਂ ਏ |
ਤੈਨੂੰ ਸਵਾਲ ਪਾਉਣਾ ਏ,
ਤੇ ਮੈਂ ਜਵਾਬ ਲੈਣਾਂ ਏ |
ਮੈਂ ਤੈਨੂੰ ਪਿਆਰ ਕਰਦੀ ਹਾਂ,
ਤੂੰ ਅੱਖਾਂ ਬੰਦ ਕਰਕੇ ਲੈ ਜਾ |
ਬੜਾ ਇਤਬਾਰ ਕਰਦੀ ਹਾਂ,
ਤੂੰ ਅੱਖਾਂ ਬੰਦ ਕਰਕੇ ਲੈ ਜਾ |
ਮੈਂ ਮਲਿਕਾ ਤੇਰਿਆਂ ਖਾਬਾਂ ਦੀ,
ਤੇ ਮੈਂ ਨਵਾਬ ਲੈਣਾ ਏ |
ਤੈਨੂੰ ਸਵਾਲ ਪਾਉਣਾ ਏ,
ਤੇ ਮੈਂ ਜਵਾਬ ਲੈਣਾਂ ਏ |
ਵੇ ਤੂੰ ਤਾਂ ਕੌਲਾਂ ਦਾ ਪੱਕਾ,
ਤੇਰੀ ਸਰਦਾਰੀ ਸਾਡੇ ਤੇ |
ਹਾਂ ਮੈਂ ਬੇਗਮ ਤੇ ਤੂੰ ਯੱਕਾ,
ਤੇਰੀ ਸਰਦਾਰੀ ਸਾਡੇ ਤੇ |
ਰਜਨੀ ਕੀ ਆਖੇ ਤੈਨੂੰ,
ਤੇਰੇ ਚੋਂ ਆਬ ਲੈਣਾ ਏ |
ਤੈਨੂੰ ਸਵਾਲ ਪਾਉਣਾ ਏ,
ਤੇ ਮੈਂ ਜਵਾਬ ਲੈਣਾਂ ਏ |