11.9 C
United Kingdom
Wednesday, May 8, 2024

More

    ਨਾਵਲ- ‘ਬੋਦੀ ਵਾਲ਼ਾ ਤਾਰਾ ਚੜ੍ਹਿਆ’ (11)

    ਕਾਂਡ 11


    ਦੋ ਕੁ ਦਿਨ ਜੰਗੀਰੋ ਨੇ ਮੁਕੰਮਲ ਤੌਰ ‘ਤੇ ਅਰਾਮ ਕੀਤਾ।
    ਨੇਕਾ ਮੱਖੀ ਵਾਂਗ ਉਸ ਦੇ ਸਿਰਹਾਣੇ ਹੀ ਬੈਠਾ ਰਿਹਾ। ਬਾਬਾ ਵੀ ਉਸ ਦੇ ਮਨ ਵਿਚ ਕਿਸੇ ਨਛੱਤਰ ਵਾਂਗ ਘੁੰਮਦਾ ਰਿਹਾ। ਬੁੱਕਣ ਨੇ ਨੇਕੇ ਅਤੇ ਜੰਗੀਰੋ ਨਾਲ਼ ਕੋਈ ‘ਤੇਰ-ਮੇਰ’ ਨਹੀਂ ਕੀਤੀ ਸੀ। ਪਰ ਨੇਕੇ ਦੀ ਭੈਣ ਛੋਟੋ ਨੂੰ ਆਪਣੇ ਗੂੰਗੇ ਭਰਾ ਦਾ ਚੇਤਾ ਆਉਂਦਾ ਤਾਂ ਉਸ ਨੂੰ ਜੰਗੀਰੋ ‘ਤੇ ਚੇਹ ਚੜ੍ਹ ਜਾਂਦੀ। ਉਹ ਸੋਚਦੀ ਕਿ ਜੇ ਉਸ ਦਾ ਮਾਸੂਮ ਭਰਾ ਗੂੰਗਾ ਇਕਲਾਪੇ ਦਾ ਦਸੌਂਟਾ ਕੱਟ ਰਿਹਾ ਸੀ, ਤਾਂ ਇਸ ਦੀ ਕਸੂਰਵਾਰ ਸਰਾਸਰ ਜੰਗੀਰੋ ਸੀ। ਛੋਟੋ ਨੂੰ ਆਪਣੇ ਕਮਲ਼ੇ-ਰਮਲ਼ੇ ਭਰਾ ਦਾ ਅਤੀਅੰਤ ਦਰਦ ਆਉਂਦਾ। ਉਸ ਨੇ ਅੱਜ ਤੱਕ ਕਿਸੇ ਦਾ ਸੁਖ ਨਹੀਂ ਦੇਖਿਆ ਸੀ। ਜਦੋਂ ਛੋਟੋ ਨੂੰ ਗੂੰਗੇ ਦੀ ਯਾਦ ਆ ਜਾਂਦੀ, ਤਰਸ ਅਤੇ ਵੈਰਾਗ ਵਿਚ ਉਸ ਦਾ ਕਾਲ਼ਜਾ ਦੋਫ਼ਾੜ ਹੋ ਜਾਂਦਾ ਅਤੇ ਉਹ ਅੱਖਾਂ ਭਰ ਆਉਂਦੀ।
    ਇੱਕ ਦਿਨ ਛੋਟੋ ਨੇ ਦੁਪਿਹਰ ਦੀ ਰੋਟੀ ਖਾਣ ਤੋਂ ਬਾਅਦ ਨੇਕੇ ਨੂੰ ਆਪਣੇ ਕੋਲ਼ ਬੁਲਾਇਆ।
    ਨੇਕਾ ਹਾਜ਼ਰ ਹੋ ਗਿਆ।
    -“ਕੀ ਗੱਲ ਐ, ਛੋਟੋ…?”
    ਜਦ ਛੋਟੋ ਨੇ ਮੂੰਹ ਉਪਰ ਚੁੱਕਿਆ ਤਾਂ ਉਸ ਦੀਆਂ ਅੱਖਾਂ ਨੱਕੋ-ਨੱਕ ਭਰੀਆਂ ਹੋਈਆਂ ਸਨ।
    -“ਕਹਿੰਦੇ ਹੁੰਦੇ ਐ ਐਨਾਂ ਪਿੱਛਾ ਤਾਂ ਕੋਈ ਕਿਸੇ ਜਾਨਵਰ ਨੂੰ ਨੀ ਦਿੰਦਾ, ਜਿੰਨਾਂ ਆਪਣੇ ਗੂੰਗੇ ਨੂੰ ਤੂੰ ਦੇ ਦਿੱਤੈ, ਨੇਕਿਆ…! ਓਸ ਦਾ ਵੀ ਕੁਛ ਸੋਚ…! ਓਸ ਬੱਜੋਰੱਤੇ ਨੇ ਅੱਜ ਤੱਕ ਸੁਖ ਦਾ ਸਾਹ ਨੀ ਲਿਆ…! ਫ਼ੇਰ ਵੀ ਤੇਰਾ ਆਬਦਾ ਭਰਾ ਐ, ਕੋਈ ਸੱਤ ਬਿਗਾਨਾ ਨੀ…! ਤੂੰ ਐਸ ਚਗਲ਼ ਮਗਰ ਲੱਗ ਕੇ ਆਪਣੇ ਖ਼ੂਨ ਨੂੰ ਵਿਸਾਰਿਐ ਨੇਕਿਆ, ਇਹਦਾ ਦੇਣ ਤੈਨੂੰ ਰੱਬ ਦੀ ਦਰਗਾਹ ‘ਚ ਦੇਣਾ ਪਊਗਾ…!”
    -“……………।” ਨੇਕਾ ਸਿਰ ਸੁੱਟੀ ਬੈਠਾ ਸੀ।
    -“ਓਸ ਦਾ ਪਤਾ ਸੁਤਾ ਤਾਂ ਲੈ ਕਦੇ, ਬਈ ਹੈਗਾ ਕਿ…! ਬੰਦੇ ਦਾ ਕੀ ਵਿਸਾਹ ਹੁੰਦੈ…? ਫ਼ੇਰ ਵੀ ਤੇਰਾ ਆਬਦਾ ਖ਼ੂਨ ਐਂ, ਚਗਲ਼ ਤੀਮੀਆਂ ਬੀਹ ਮਿਲ਼ ਜਾਂਦੀਐਂ, ਨੇਕਿਆ…! ਪਰ ਮਾਂ ਦੇ ਢਿੱਡੋਂ ਜੰਮੇ ਭਰਾ ਨੀ ਨਸੀਬ ਹੁੰਦੇ…! ਕੀ ਹੋ ਗਿਆ ਜੇ ਤੂੰ ਪੱਥਰ ਦਿਲ ਐਂ, ਪਰ ਓਹਦਾ ਲੋਲ੍ਹੜ ਜੇ ਦਾ ਮੈਨੂੰ ਤਾਂ ਬਲ੍ਹਾਈ ਤਰਸ ਤੇ ਮੋਹ ਆਉਂਦੈ, ਨੇਕਿਆ…!” ਛੋਟੋ ਦੀਆਂ ਅੱਖਾਂ ਫ਼ਿਰ ਵਹਿ ਤੁਰੀਆਂ।
    -“…………..!” ਨੇਕਾ ਘਸੁੰਨ ਵਾਂਗੂੰ ਵੱਟਿਆ ਬੈਠਾ ਸੀ।
    ਉਹ ਕੁਛ ਨਾ ਬੋਲਿਆ।
    -“ਐਨਾਂ ਵੀ ਬੇਕਿਰਕ ਨਾ ਬਣ, ਨੇਕਿਆ…! ਉਤੇ ਰੱਬ ਦੇਂਹਦੈ…!” ਛੋਟੋ ਵੱਟ ਖਾ ਗਈ।
    -“ਮਿਲ਼ ਆਊਂਗਾ ਕਿਸੇ ਦਿਨ ਜਾ ਕੇ ਮੈਂ…! ਕਿਉਂ ਕਲੇਸ਼ ਕਰਦੀ ਐਂ…?” ਉਹ ਉਠਦਾ ਬੜੀ ਧਹੱਮਲ ਨਾਲ਼ ਬੋਲਿਆ।
    ਪਰ ਛੋਟੋ ਨੇ ਮਹਿਸੂਸ ਕੀਤਾ ਕਿ ਨੇਕਾ ‘ਖਾਨਾ ਪੂਰਤੀ’ ਲਈ ਆਖ ਗਿਆ ਸੀ, ਪਰ ਗੂੰਗੇ ਦਾ ਇਸ ਨੂੰ ਕੋਈ ਮੋਹ ਨਹੀਂ, ਤੇ ਨਾ ਹੀ ਇਹ ਕਦੇ ਗੂੰਗੇ ਨੂੰ ਮਿਲਣ ਜਾਵੇ।
    ਛੋਟੋ ਦਾ ਅੰਦਰ ਭਰਾ ਦੇ ਵੈਰਾਗ ਵਿਚ ਲਹੂ-ਲੁਹਾਣ ਹੋਇਆ ਪਿਆ ਸੀ। ਅੰਦਰੇ ਅੰਦਰ ਉਹ ਪਿੱਟਣ ਵਾਲ਼ੀ ਹੋਈ ਪਈ ਸੀ। ਉਸ ਦਾ ਦਿਲ ਕਰਦਾ ਸੀ ਕਿ ਉਹ ਰਾਕਟ ਬਣ ਜਾਵੇ ਅਤੇ ਆਪਣੇ ਭੋਲ਼ੇ-ਭਾਲ਼ੇ ਅਤੇ ਦਰਵੇਸ਼ ਭਰਾ ਨੂੰ ਉੱਡ ਕੇ ਮਿਲ਼ ਆਵੇ। ਪਰ ਘਰ ਦੀ ਕਬੀਲਦਾਰੀ ਅਤੇ ਆਰਥਿਕ ਹਾਲਤ ਉਸ ਨੂੰ ਲਈ ਬੈਠੇ ਸਨ।
    ਉਹ ਲੰਮਾਂ ਹਾਉਕਾ ਭਰ ਕੇ ਚੁੱਪ ਕਰ ਗਈ।
    ਪਰ ਅੰਦਰੋਂ ਉਸ ਦੇ ਸਾੜ ਉਠਿਆ ਸੀ।
    ਇਸ ਸਭ ਕਾਸੇ ਦਾ ਕਾਰਨ ਉਹ ਸਿਰਫ਼ ਅਤੇ ਸਿਰਫ਼ ਜੰਗੀਰੋ ਨੂੰ ਮੰਨ ਰਹੀ ਸੀ। …ਜੇ ਇਹ ਹਰਾਮ ਦੀ ਨੇਕੇ ਦੀ ਜ਼ਿੰਦਗੀ ‘ਚ ਨਾ ਆਉਂਦੀ, ਇਹ ਦੋਨੋ ਭਰਾ ਆਪਦੀ ਚੰਗੀ ਗੁਜ਼ਰ ਕਰੀ ਜਾਂਦੇ ਸੀ। ਹੁਣ ਉਸ ਨੂੰ ਜੰਗੀਰੋ ‘ਤੇ ਖਿਝ ਆਉਣ ਲੱਗ ਪਈ।
    ਛੋਟੋ ਦੇ ਮਨ ਅੰਦਰ ਤੂਫ਼ਾਨ ਚੱਲ ਪਿਆ ਸੀ।
    ਹੁਣ ਜੰਗੀਰੋ ਉਸ ਨੂੰ ਫੁੱਟੀ ਅੱਖ ਨਾਲ਼ ਵੀ ਨਹੀਂ ਭਾਉਂਦੀ ਸੀ। ਚਾਹੇ ਉਹ ਮੂੰਹੋਂ ਚੁੱਪ ਸੀ। ਪਰ ਅੰਦਰ ਉਸ ਦਾ ਰਿੱਝਣ ਲੱਗ ਪਿਆ ਸੀ।
    ਰਾਤ ਨੂੰ ਛੋਟੋ ਨੇ ਬੁੱਕਣ ਨਾਲ਼ ਗੱਲ ਕੀਤੀ।
    -“ਤੂੰ ਨੇਕੇ ਨੂੰ ਠ੍ਹੋਕਰ ਕੇ ਦੇਖ਼…! ਉਹ ਤਾਂ ਔਸ ਕੁੱਤੀ ਦੀਆਂ ਲਾਲ਼ਾ ਈ ਬਾਹਲ਼ੀਆਂ ਚੱਟੀ ਜਾਂਦੈ…? ਤੀਮੀ-ਮਾਨੀ ਨਾਲ਼ ਮੋਹ-ਪਿਆਰ ਰਾਹ-ਰਾਹ ਸਿਰ ਦਾ ਹੁੰਦੈ, ਇਹ ਤਾਂ ਨਸੂੜ੍ਹੇ ਦੀ ਗਿੜ੍ਹਕ ਮਾਂਗੂੰ ਚਿੰਬੜਿਆ ਪਿਆ ਓਹਨੂੰ…! ਇਹ ਕੋਈ ਹੂਰਾਂ-ਪਰੀ ਥੋੜੋ ਐ…? ਦੁਨੀਆਂ ਭਰ ਦੀ ਚਗਲ਼ ਨੂੰ ਕਿਮੇ ਹੱਥ ਦਾ ਰੁਮਾਲ ਬਣਾਈ ਫ਼ਿਰਦੈ, ਜਿਵੇਂ ਕਦੇ ਕੁਛ ਦੇਖਿਆ ਈ ਨੀ ਹੁੰਦਾ…!”
    -“ਤੇ ਓਹਨੇ ਦੇਖਿਆ ਵੀ ਕੀ ਐ…?” ਬੁੱਕਣ ਅੱਗਿਓਂ ਬੋਲਿਆ।
    -“……………।”
    -“ਜੇ ਇਹ ਨਾ ਮਿਲ਼ਦੀ, ਓਹ ਤਾਂ ਬਿਚਾਰਾ ਅੱਡੀਆਂ ਰਗੜਦਾ, ਛੜਾ ਈ ਮਰ ਜਾਂਦਾ…! ਤੂੰ ਕਿਹੜਾ
    ਰਿਸ਼ਤਿਆਂ ਦੀ ਲਾਇਣ ਲਾਅਤੀ ਸੀ ਓਹਦੇ ਵਾਸਤੇ…!”
    -“………..।” ਛੋਟੋ ਦਾ ਮੂੰਹ ਬੰਦ ਹੋ ਗਿਆ।
    ਸੱਚੀ ਗੱਲ ਕਪਾਲ਼ ‘ਚ ਆ ਵੱਜੀ ਸੀ।
    -“ਪਰ ਐਨੀਆਂ ਲਾਲ਼ਾ ਚੱਟਣੀਆਂ ਵੀ ਕੀ ਆਖ਼…? ਤੂੰ ਉਹਨੂੰ ਕੋਈ ਮੱਤ ਦੇਹ…!”
    -“ਮੈਂ ਮੱਤ ਕੀ ਦੇਵਾਂ…? ਮਸਾਂ ਓਹਦਾ ਘਰ ਵਸਿਐ, ਤੂੰ ਮਿਹਰ ਕਰ, ਵਸਿਆ ਰਹਿਣ ਦੇ, ਨਾ ਉਜਾੜ…! ਬਿਨਾਂ ਗੱਲੋਂ ਖੌਰੂ ਨਾ ਪਾਅ..!”
    -“ਵੇ ਓਹਨੂੰ ਆਪਣੇ ਗੂੰਗੇ ਦਾ ਫ਼ਿਕਰ ਵੀ ਹੋਣਾ ਚਾਹੀਦੈ…! ਉਹ ਤਾਂ ਅੱਠੇ ਪਹਿਰ ਆਬਦੀ ਤੀਮੀ ਦੀਆਂ ਕੱਛਾਂ ਈ ਸੁੰਘੀ ਜਾਂਦਾ ਰਹਿੰਦੈ…! ਹੋਰ ਤਾਂ ਓਹਨੂੰ ਕੁਛ ਸੁਝਦਾ ਈ ਨੀ…!”
    -“ਆਹ ਗੱਲ ਆਖ ਨ੍ਹਾਂ ਫ਼ੇਰ…! ਹੋਰ ਈ ਕਹਾਣੇ ਸੁਣਾਉਣ ਲੱਗਪੀ…!”
    -“ਵੇ ਮੈਨੂੰ ਤਾਂ ਓਹਦਾ ਲੋਲ੍ਹੇ ਜੇ ਦਾ ਬਾਹਲ਼ਾ ਈ ਦਰੇਗ ਆਉਂਦੈ…!” ਛੋਟੋ ਅੱਖਾਂ ਭਰ ਆਈ।
    -“ਇਹ ਲੰਡਰ ਘਤਿੱਤੀ ਅੱਗੇ ਕਿਹੜਾ ਬਿਚਾਰੇ ਗੂੰਗੇ ਨੂੰ ਸ਼ਕਰਕੰਦੀ ਭੁੰਨ ਕੇ ਖੁਆਉਂਦਾ ਸੀ…? ਜਾਂ ਓਹਦੀਆਂ ਲੱਤਾਂ ਘੁੱਟਦਾ ਸੀ..?”
    -“ਵੇ ਕਾਹਨੂੰ…! ਤੂੰ ਸਮਝਿਆ ਨੀ…! ‘ਕੱਲਾ ਬੰਦਾ ਹਾਰ ਜਾਂਦੈ…!” ਛੋਟੋ ਦੀਆਂ ਅੱਖਾਂ ਅਤੇ ਨੱਕ ਵਗੀ ਜਾ ਰਿਹਾ ਸੀ।
    -“ਕਿਉਂ ਦਿਲ ਹੌਲ਼ਾ ਕਰਦੀ ਐਂ…? ਮੈਂ ਸਮਝਾਉਂਗਾ ਓਹਨੂੰ, ਪੈਜਾ ‘ਰਾਮ ਨਾਲ਼, ਲੱਗਪੀ ਕੁਵੇਲ਼ੇ ਸੀਂਢ ਸਿੱਟਣ…!”
    -“ਵੇ ਮੈਨੂੰ ਤਾਂ ਦਰਵੇਸ਼ ਗੂੰਗੇ ਦਾ ਮੋਹ ਮਾਰੀ ਜਾਂਦੈ, ‘ਕੱਲਾ ਬੰਦਾ ਓਦਰ ਜਾਂਦੈ…!” ਉਹ ਹੁਬਕੀਂ-ਹੁਬਕੀਂ ਰੋ ਰਹੀ ਸੀ।
    -“ਹੁਣ ਦੱਸ, ਮੈਂ ਕੀ ਕਰਾਂ…? ਤੂੰ ਤਾਂ ਅੱਧੀ ਰਾਤੋਂ ਸਿਆਪਾ ਪਾ ਕੇ ਬਹਿਗੀ…! ਜਾਹ ਜਾ ਕੇ ਮਿਲ ਆ ਓਹਨੂੰ..! ਮੈਂ ਤੈਨੂੰ ਕਦੇ ਰੋਕਿਐ..?” ਉਹ ਉਠ ਕੇ ਬੈਠ ਗਿਆ।
    -“……….।” ਛੋਟੋ ਚੁੱਪ ਚਾਪ ਰੋਈ ਜਾ ਰਹੀ ਸੀ।
    -“ਜਾਹ ਜਾ ਕੇ ਮਿਲ ਆ…! ਦਿਲ ਹੌਲ਼ਾ ਨਾ ਕਰ…! ਸੌਂ ਜਾ ਹੁਣ…! ਕੱਲ੍ਹ ਨੂੰ ਓਹਨੂੰ ਮਿਲ ਕੇ ਆ ਤੂੰ, ਤੇਰਾ ਦਿਲ ਟਿਕਜੂ…! ਤੇ ਮੈਂ ਏਸ ਚੌਧਰੀ ਨਾਲ਼ ਗੱਲ ਕਰਦੈਂ…!”
    ਅਗਲੇ ਦਿਨ ਸਾਝਰੇ ਹੀ ਛੋਟੋ ਆਪਣੇ ਪੇਕਿਆਂ ਨੂੰ ਬੱਸ ਚੜ੍ਹ ਗਈ।
    ਹੁਣ ਗੂੰਗੇ ਕੋਲ਼ ਸਿਰਫ਼ ਦੋ ਮੱਝਾਂ ਸਨ, ਜਿੰਨ੍ਹਾਂ ਦਾ ਦੁੱਧ ਪਾ ਕੇ ਉਹ ਆਪਣਾ ਤੋਰਾ ਤੋਰੀ ਜਾਂਦਾ ਸੀ।
    ਛੋਟੋ ਨੂੰ ਦੇਖ ਕੇ ਗੂੰਗਾ ਅੱਕ ਦੇ ਫ਼ੁੱਲ ਵਾਂਗੂੰ ਖਿੜ ਗਿਆ।
    -“ਟੇੜਾ ਡੀਅ ਕੜ ਆਇਆ…?”
    -“ਵੇ ਮੇਰਾ ਤਾਂ ਜੀਅ ਬਾਹਲ਼ੇ ਚਿਰ ਦਾ ਕਰਦਾ ਸੀ ਮਿਲਣ ਨੂੰ ਗੂੰਗਿਆ, ਪਰ ਘਰੋਂ ਕਿਤੇ ਨਿਕਲ਼ ਹੁੰਦੈ…? ਵੀਹ ਕਬੀਲਦਾਰੀਆਂ ਘਰਾਂ ਦੀਆਂ…! ਸਿਆਪੇ ਈ ਨੀ ਲੋਟ ਆਉਂਦੇ, ਭਰਾਵਾ…!”
    -“ਮਾੜ ਲਏ ਬੀਲਡਾੜੀ ਨੇ…!” ਗੂੰਗਾ ਹੱਥ ‘ਤੇ ਹੱਥ ਮਾਰ ਕੇ ਹੱਸ ਪਿਆ।
    -“ਆਹੀ ਤਾਂ ਗੱਲ ਐ, ਮਾਰੇ ਵੇ ਤਾਂ ਕਬੀਲਦਾਰੀ ਦੇ ਐਂ…!”
    -“ਹੋਟੋ…!”
    -“ਬੋਲ ਵੀਰਾ…!” ਗੂੰਗੇ ਨੂੰ ‘ਛੋਟੋ’ ਨਹੀਂ ਕਹਿਣਾ ਆਉਂਦਾ ਸੀ, ਉਹ ਛੋਟੋ ਨੂੰ ‘ਹੋਟੋ’ ਹੀ ਦੱਸਦਾ ਸੀ।
    -“ਮੇੜਾ ਡੀਅ ਨੀ ਲੱਗਡਾ…!” ਗੂੰਗਾ ਉਦਾਸ ਹੋ ਗਿਆ ਅਤੇ ਉਸ ਨੇ ਬਲ਼ਦੀ ਮੜ੍ਹੀ ਵਾਂਗ ਹਾਉਕਾ ਲਿਆ।
    -“ਵੇ ਜੀਅ ਤਾਂ ਮੇਰਾ ਵੀ ਲੱਗਦਾ, ਗੂੰਗਿਆ…! ਜੀਅ ਨੂੰ ਕੀ ਦੋਸ਼ ਐ? ‘ਕੱਲਾ ਤਾਂ ਦਰੱਖਤ ਓਦਰ ਜਾਂਦੈ, ਤੂੰ ਤਾਂ ਫ਼ੇਰ ਹੱਡ ਮਾਸ ਦਾ ਬੰਦੈਂ…!”
    -“ਟਾਹ ਬਾਂਵਾਂ…?”
    -“ਚਾਹ ਤਾਂ ਮੈਂ ਆਪ ਈ ਬਣਾ ਲੈਨੀ ਆਂ…!” ਛੋਟੋ ਨੇ ਚੁੱਲ੍ਹੇ ਵਿਚ ਛਿਟੀਆਂ ਡਾਹ ਕੇ ਅੱਗ ਬਾਲਣੀ ਸ਼ੁਰੂ ਕਰ ਦਿੱਤੀ। ਛੋਟੋ ਕੋਈ ਗੱਲ ਕਰਨਾ ਚਾਹੁੰਦੀ ਸੀ। ਪਰ ਦਰਵੇਸ਼ ਭਰਾ ਦੇ ਵੈਰਾਗ ਵਿਚ ਉਸ ਦਾ ਮਨ ਨੱਕੋ ਨੱਕ ਭਰਿਆ ਪਿਆ ਸੀ। ਉਸ ਤੋਂ ਗੱਲ ਸ਼ੁਰੂ ਨਹੀਂ ਹੋ ਰਹੀ ਸੀ।
    -“ਵੇ ਤੇਰਾ ਜੀਅ ਲੱਗ ਗਿਆ ਆਪਣੇ ਨੇਕੇ ਬਿਨਾਂ…?” ਉਸ ਨੇ ਰਵਾਇਤੀ ਜਿਹੀ ਗੱਲ ਕੀਤੀ।
    -“ਲਾਉਨਾ ਹੀ ਪੈਂਡਾ…! ਓਹ ਕਹਿੰਡਾ ਹੀ ਟੇੜੀ ਭਾਬੀ ਹਿਸਤਾ ਲਿਆ ਕੇ ਡਊਗੀ…!”
    -“ਓਹਦੇ ਲਿਆਂਦੇ ਰਿਸ਼ਤੇ ‘ਤੇ ਈ ਬੰਨ੍ਹੀਂ ਗਾਨੇ…! ਲਾਈਲੱਗ ਕਿਤੋਂ ਦਾ..! ਲਿਆ ਕੇ ਦਿਊਗੀ ਰਿਸ਼ਤਾ ਓਹੋ…! ਅਖੇ ਆਪ ਨੰਗ, ਬਾਪ ਨੰਗ, ਤੇ ਤੀਜੇ ਨੰਗ ਨਾਨਕੇ…!” ਛੋਟੋ ਨੇ ਕਮਲ਼ੇ-ਰਮਲ਼ੇ ਭਰਾ ਨੂੰ ਗਲਵਕੜੀ ਵਿਚ ਲੈ ਲਿਆ। ਭਰਾ ਨੂੰ ਨਾਲ਼ ਲਾ ਕੇ ਉਸ ਦਾ ਕਾਲ਼ਜਾ ਠਰ ਗਿਆ ਸੀ।
    ਛੋਟੋ ਦੀ ਗੱਲ ‘ਤੇ ਗੂੰਗਾ ਹੱਸ ਪਿਆ।
    -“ਹੈ ਕਿੱਠੇ ਓ…?”
    -“ਵੇ ਕਿੱਥੇ ਨੂੰ ਓਹਨੇ ਜਲਾਲਾਬਾਦ ਜਾਣਾ ਸੀ…? ਮੇਰੇ ਕੋਲ਼ੇ ਡੇਰੇ ਲਾਈ ਬੈਠੈ…!”
    -“ਟੇੜੇ ਕੋਲ਼ੇ…?”
    -“ਆਹੋ…! ਮੇਰੇ ਕੋਲ਼ੇ…!”
    -“ਕਡੋਂ ਡਾ…?”
    -“ਹੋ ਗਿਆ ਮਹੀਨਾਂ ਕੁ ਓਹਨੂੰ…!”
    -“ਅਟਾ ਪਟਾ ਨੀ ਡੱਹਿਆ…!”
    -“ਅਤਾ ਪਤਾ ਕੀ ਦੱਸਦੀ…? ਝੋਨੇ ਦੀ ਲੁਆਈ ਸਿਰ ਆ ਚੜ੍ਹੀ ਸੀ…! ਅਸੀਂ ਸਾਰੇ ਝੋਨਾ ਲਾਉਣ ‘ਚ ਰੁੱਝਗੇ…!”
    -“ਟਲੋ, ਟਾੜ ਪੈਹੇ ਆਗੇ…!”
    -“ਵੇ ਚਾਰ ਪੈਸੇ ਤਾਂ ਆਗੇ, ਪਰ ਜੰਗੀਰੋ ਦੇ ਤਾਂ ਕੀੜਾ ਛੂਹ ਗਿਆ ਸੀ…!”
    -“ਅੱਠਾ ਜੀ…?” ਗੂੰਗੇ ਦਾ ਦਿਲ ਜੋਰ ਨਾਲ਼ ਧੜਕਿਆ।
    -“ਵੇ ਉਹ ਤਾਂ ਮਰ ਕੇ ਬਚੀ ਐ…!”
    -“ਹੁਨ ਠੀਕ ਆ…?”
    -“ਆਹੋ, ਹੁਣ ਤਾਂ ਠੀਕ ਐ…!”
    -“ਮੇੜੇ ਹਿਸਤੇ ਬਾੜੇ ਨੀ ਬੋਲੀ ਕੁਹ…?”
    -“ਵੇ ਕਮਲ਼ਿਆ, ਤੇਰੇ ਰਿਸ਼ਤੇ ਬਾਰੇ ਉਹਨੇ ਕੁਛ ਕੀ ਬੋਲਣਾ ਸੀ…? ਉਹ ਤਾਂ ਤੈਨੂੰ ਟੱਲੂ ਲਾ ਕੇ ਆਪਣਾ ਕੰਮ ਕੱਢਦੇ ਰਹੇ…!”
    -“…………….।” ਸੁਣ ਕੇ ਗੂੰਗਾ ਨਿਰਾਸ਼ ਹੋ, ਚੁੱਪ ਵੱਟ ਗਿਆ।
    -“ਰਿਸ਼ਤੇ ਕਿਤੇ ਧਰੇ ਪਏ ਐ, ਗੂੰਗਿਆ…? ਉਹ ਤਾਂ ਲਾਰਾ ਲਾ ਕੇ ਤੇਰਾ ਮਨ ਪ੍ਰਚਾਵਾ ਕਰਦੇ ਰਹੇ, ਤੇ ਆਪਣਾ ਉਲੂ ਸਿੱਧਾ ਕਰਕੇ ਰਾਹ ਪਏ…!”
    -“…………..।” ਗੂੰਗਾ ਉਦਾਸ ਹੋ ਗਿਆ।
    ਉਹ ਤਾਂ ਆਪਣੇ ‘ਡੋਲ਼ੇ’ ਦੀ ਉਡੀਕ ਵਿਚ ਅੰਬਰੀਂ ਉਡਿਆ ਫ਼ਿਰਦਾ ਸੀ।
    -“ਤੂੰ ਚਾਰ ਦਿਨ ਸਾਡੇ ਕੋਲ਼ੇ ਆਜਾ…!” ਉਸ ਦੀ ਉਦਾਸੀ ਭਾਂਪਦੀ ਹੋਈ ਛੋਟੋ ਬੋਲੀ।
    -“ਮ੍ਹੀਆਂ ਡਾ ਨੀ ਠੜਨਾ…!”
    -“ਵੇ ਮੱਝਾਂ ਦਾ ਵੀ ਆਪੇ ਸਰਜੂ…! ਕਿਸੇ ਨੂੰ ਕਹਿ ਦਿਆਂਗੇ, ਸਾਂਭਲੂ..! ਦੋ ਦਿਨ ਦੇ ਪੱਠੇ ‘ਕੱਠੇ ਸਿੱਟਜੀਂ…!”
    -“ਨਹੀਂ…ਓਡੜ ਜਾਂਗੀਆਂ…!”
    -“ਵੇ ਨਹੀਂ ਓਦਰ’ਦੀਆਂ…! ਯਧ ਕਮਲ਼ਾ ਨਾ ਹੋਵੇ…!” ਛੋਟੋ ਉਬਲ਼ਦੀ ਚਾਹ ਦੀ ਪਤੀਲੀ ਚੁੱਲ੍ਹੇ ਤੋਂ ਥੱਲੇ ਲਾਹੁੰਦੀ ਬੋਲੀ। ਉਹ ਸੋਚ ਰਹੀ ਸੀ ਕਿ ਗੂੰਗੇ ਦੇ ਓਦਰਨ ਬਾਰੇ ਕੋਈ ਵੀ ਨਹੀਂ ਸੋਚ ਰਿਹਾ ਸੀ। ਪਰ ਧਰਮੀ-ਕਰਮੀ ਅਤੇ ਰੱਬੀ ਬਿਰਤੀ ਵਾਲ਼ਾ ਗੂੰਗਾ ਬੇਜ਼ੁਬਾਨ ਪਸ਼ੂਆਂ ਦੇ ਉਦਰੇਵੇਂ ਬਾਰੇ ਕਿੰਨਾਂ ਸੋਚ ਰਿਹਾ ਸੀ…? ਛੋਟੋ ਨੂੰ ਗੂੰਗਾ ਰੱਬ ਦਾ ਰੂਪ ਲੱਗਿਆ।
    -“ਓਹਨੇ ਮੁੜਨਾ ਕਡੋਂ ਆ…?”
    -“ਕੀਹਨੇ…? ਨੇਕੇ ਨੇ…? ਵੇ ਉਹਦਾ ਮੁੜਨ ਦਾ ਹੁਣ ਮੈਨੂੰ ਕੋਈ ਇਰਾਦਾ ਨੀ ਲੱਗਦਾ…! ਉਹ ਤਾਂ ਆਬਦੀ ਤੀਮੀ ‘ਚੋਂ ਈ ਅੱਖ ਨੀ ਖੋਲ੍ਹਦਾ…! ਓਹਨੂੰ ਈ ਹਿੱਕ ਦਾ ਵਾਲ਼ ਬਣਾਈ ਫ਼ਿਰਦੈ…!”
    ਗੂੰਗਾ ਫ਼ੇਰ ਚੁੱਪ ਹੋ ਗਿਆ।
    -“ਹੁਣ ਤਾਂ ਉਹਨੂੰ ਸਾਰਾ ਕੁਛ ਓਹੋ ਤੀਮੀ ਈ ਲੱਗਦੀ ਐ, ਭਰਾਵਾ..! ਸਾਰਾ ਜੱਗ ਜਹਾਨ ਭੁੱਲ ਗਿਆ ਓਹਨੂੰ ਓਹਦੇ ਚੁੜੇਲ ਦੇ ਮਗਰ ਲੱਗ ਕੇ…! ਹੁਣ ਤਾਂ ਬੱਸ ਓਹਦੇ ਦੁਆਲ਼ੇ ਈ ਕੁੱਤੇ ਮਾਂਗੂੰ ਪੂਛ ਹਿਲਾਉਂਦਾ ਰਹਿੰਦੈ…!”
    -“ਅੱਠਾ…?” ਗੂੰਗਾ ਖ਼ੁਸ਼ ਹੋ ਗਿਆ।
    -“ਆਹੋ…!”
    -“ਟਲੋ, ਕਿਹੇ ਡਾ ਘੜ ਟਾਂ ਵਹਿਆ…!”
    -“ਵੇ ਕਿਸੇ ਦਾ ਕਾਹਦਾ ਘਰ ਵਸਿਆ…? ਆਪਣੇ ਆਬਦੇ ਤਾਂ ਨੀ ਭੁੱਲਣੇ ਚਾਹੀਦੇ, ਭਰਾਵਾ…? ਐਨਾਂ ਵੀ ਮਤਲਬੀ ਨੀ ਹੋਣਾ ਚਾਹੀਦਾ ਬੰਦੇ ਨੂੰ…! ਆਬਦੇ ਭੈਣ ਭਰਾਵਾਂ ਬਾਰੇ ਵੀ ਸੋਚਣਾ ਚਾਹੀਦੈ, ਗੂੰਗਿਆ…! ਆਬਦਾ ਖ਼ੂਨ ਤਜਿਆ ਥੋੜ੍ਹੋ ਜਾਂਦੈ…?”
    -“ਟੋਈ ਨਾ…! ਉਹਡਾ ਟਾਂ ਘੜ ਵਹਿਆ…!”
    -“ਵੇ ਕਾਹਦੀ ਕੋਈ ਨਾ…? ਤੇ ਕਾਹਦਾ ਓਹਦਾ ਘਰ ਵਸਿਆ…? ਉਹ ਤਾਂ ਜਮਾਂ ਈ ਨਿਰਮੋਹਾ ਹੋ ਗਿਆ, ਭਾਈ…!”
    -“ਟਿੰਟਾ ਨਾ ਕੜਿਆ ਕੜ…!”
    -“ਵੇ ਕਿਉਂ ਨਾ ਚਿੰਤਾ ਕਰਿਆ ਕਰਾਂ, ਖਸਮਾਂ ਨੂੰ ਖਾਣਿਆਂ..? ਮੈਨੂੰ ਤੇਰੀ ਚਿੰਤਾ ਰਹਿੰਦੀ ਐ..! ਬੇਬੇ ਜਿਉਂਦੀ ਹੁੰਦੀ, ਫ਼ੇਰ ਵੀ ਕੋਈ ਚਿੰਤਾ ਨੀ ਸੀ ਹੋਣੀ..!”
    -“ਬੇਬੇ ਟਾਂ ਗਈ ਠੁਹਗਾਂ ਨੂੰ…!”
    -“ਵੇ ਪਤਾ ਨੀ ਸੁਰਗਾਂ ਨੂੰ ਗਈ ਐ, ਤੇ ਪਤਾ ਨੀ ਕਿੱਥੇ ਗਈ ਐ, ਬਚਾਰੀ…! ਪਰ ਤੇਰੀ ਜਿੰਦਗੀ ਨਰਕ ਬਣੀ ਪਈ ਐ…!”
    ਗੂੰਗਾ ਚੁੱਪ ਚਾਪ ਚਾਹ ਪੀ ਰਿਹਾ ਸੀ।
    -“ਲਿਆ ਆਟਾ ਕੱਢ..! ਮੈਂ ਆਥਣ ਦੀਆਂ ਰੋਟੀਆਂ ਲਾਹ ਦਿਆਂ ਤੇਰੀਆਂ, ਕਿੱਥੇ ਹੱਥ ਬਾਲ਼ਦਾ ਫ਼ਿਰੇਂਗਾ…!”
    -“ਟੇ ਕੱਲ ਨੂੰ ਕੌਨ ਲਾਹੂ…?”
    -“ਵੇ ਕੱਲ੍ਹ ਨੂੰ ਫ਼ੇਰ ਆਪ ਲਾਹ ਲਈਂ…! ਆਥਣ ਦੀਆਂ ਤਾਂ ਲਾਹ ਦਿਆਂ…! ਤੂੰ ਵੀ ਬਾਹਲ਼ੀ ਜਾਨ ਖਾਣੀਂ ਕਰ ਲੈਨੈਂ…!”
    ਗੂੰਗਾ ਉਚੀ-ਉਚੀ ਹੱਸ ਪਿਆ।
    -“ਟਾਹ ਪੀਲਾਂ…?”
    -“ਆਹੋ, ਚਾਹ ਪੀ ਲੈ…! ਚਾਹ ਪੀ ਕੇ ਕੱਢ ਦੇਈਂ…!”
    -“ਟੰਗਾ…!”
    ਬਾਹਰੋਂ ਲੱਕੜ ਦਾ ਦਰਵਾਜਾ ਖੁੱਲ੍ਹਿਆ।
    -“ਓਏ ਗੂੰਗਿਆ…!”
    -“ਹੋ ਬਾਈ…!”
    -“ਮੱਝਾਂ ਨੀ ਲੈ ਕੇ ਜਾਣੀਆਂ…?”
    -“ਅੜਕ ਟੇ ਆਣਾ…!”
    -“ਅੜਕ ਕੇ ਆਉਣਾਂ…? ਕੰਜਰ ਦਿਆ ਸੂਰਜ ਸਿਰ ‘ਤੇ ਆਇਆ ਪਿਐ…!”
    -“ਹੋਟੋ ਆਈ ਆ…!”
    -“ਓਹ ਅੱਛਾ…! ਤਕੜੀ ਐਂ ਭੈਣ, ਛੋਟੋ…?”
    -“ਆਹੋ ਤਕੜੀ ਐਂ, ਕੈਲਿਆ…! ਤੇਰਾ ਕੀ ਹਾਲ ਐ, ਵੀਰਾ…?”
    -“ਹਰੀ ਕੈਮ ਐਂ ਭੈਣੇ…! ਮਿਹਰ ਐ ਬਾਬੇ ਦੀ…!”
    -“ਓਏ ਗੂੰਗਿਆ…!”
    -“ਹੋ ਬਾਈ…?”
    -“ਮੈਂ ਤੇਰੀਆਂ ਮੱਝਾਂ ਲੈ ਜਾਨੈਂ, ਤੂੰ ਕਰ ਛੋਟੋ ਨਾਲ਼ ਗੱਲਾਂ-ਬਾਤਾਂ…! ਜਦੋਂ ਜੀਅ ਕੀਤਾ ਆ ਜਾਈਂ…!”
    -“ਕੋਲ੍ਹ ਡਿਆਂ…?”
    -“ਮੈਂ ਆਪੇ ਖੋਲ੍ਹ ਲੈਨੈਂ…! ਮੈਂ ਮੈਰੇ ਚੱਲਿਐਂ…! ਉਥੇ ਆਜੀਂ…! ਰਹੇਂਗੀ ਛੋਟੋ ਅੱਜ …?”
    -“ਵੇ ਕਾਹਨੂੰ ਭਰਾਵਾ..! ਕਿੱਥੇ ਸਰਦੈ ਮੇਰਾ…? ਮੈਨੂੰ ਤਾਂ ਐਸ ਬੱਜੋਰੱਤੇ ਦਾ ਮੋਹ ਖਿੱਚ ਲਿਆਉਂਦੈ, ਨਹੀਂ ਤਾਂ ਕਬੀਲਦਾਰੀ ‘ਚ ਸਿਰ ਖੁਰਕਣ ਦੀ ਵਿਹਲ ਨੀ, ਵੀਰਾ…!”
    -“ਆਹੋ…! ਵੀਹ ਤਾਂ ਘਰਾਂ ਦੇ ਝਮੇਲੇ ਹੁੰਦੇ ਐ…! ਨਹੀਂ ਨਿਕਲ਼ਿਆ ਜਾਂਦਾ ਘਰੋਂ..! ਜਿਉਂਦੇ ਜੀਅ ਕਾਹਨੂੰ ਕਰ੍ਹੀਂਡਲ਼ ਲਹਿੰਦੈ ਕਬੀਲਦਾਰੀ ਦਾ…!” ਉਹ ਮੱਝਾਂ ਖੋਲ੍ਹਦਾ ਬੋਲਿਆ।
    -“ਮੈਂ ਚੱਲਿਐਂ, ਗੂੰਗਿਆ…! ਤੂੰ ਆਜੀਂ ਜਦੋਂ ਭੈਣ ਚਲੀ ਗਈ…!”
    -“…………!” ਗੂੰਗੇ ਨੇ ‘ਹਾਂ’ ਵਿਚ ਸਿਰ ਹਿਲਾ ਦਿੱਤਾ।
    -“ਜੇ ਛੋਟੋ ਨੇ ਆਥਣੇ ਜਾਣਾ ਹੋਇਆ, ਫ਼ੇਰ ਚਾਹੇ ਨਾ ਆਈਂ, ਆਪੇ ਸਾਂਭ ਲਊਂਗਾ ਮੈਂ..! ਚਿੰਤਾ ਨਾ ਕਰੀਂ…!”
    -“ਹੰਗਾ…!”
    ਕੈਲਾ ਮੱਝਾਂ ਲੈ ਕੇ ਬਾਹਰ ਨਿਕਲ਼ ਗਿਆ।
    ਉਸ ਦੇ ਜਾਣ ਤੋਂ ਬਾਅਦ ਗੂੰਗਾ ਫ਼ਿਰ ਉਚੀ-ਉਚੀ ਹੱਸ ਪਿਆ।
    -“ਕੀ ਹੋ ਗਿਆ…?”
    -“ਐਹਨਾਂ ਨੂੰ ਬਾਬੇ ਨੇ ਉੱਟ ਲਿਆ…!”
    -“ਕਿਹੜੇ ਬਾਬੇ ਨੇ ਲੁੱਟ ਲਿਆ…?”
    -“ਹੀਗਾ ਓਈ…! ਹੈਂਦਾ ਠੋਡੇ ਹੋਨਾ ਡੱਬਿਆ…!”
    -“ਐਹੋ ਜਿਆ ਕਿਹੜਾ ਸੀਗਾ ਕੋਈ…? ਸੋਨਾ ਦੱਬਿਐ…? ਫ਼ੇਰ…?”
    -“ਮੰਟੜ ਮਾੜ ਕੇ ਉੱਟ ਕੇ ਹਾਹ ਪਿਆ…!”
    -“ਲੁੱਟ ਕੇ ਰਾਹ ਤਾਂ ਪੈਣਾ ਈ ਸੀ…! ਮੰਤਰ ਮਾਰ ਕੇ ਉਹਨੇ ਬੈਠ ਥੋੜ੍ਹੋ ਰਹਿਣਾ ਸੀ…?”
    -“ਬੁਈਆਂ ਪੈੜ ਨੀ ਹੀ ਲਾਉਈਆਂ…!”
    -“ਬੁੜ੍ਹੀਆਂ ਨੇ ਪੈਰ ਕਾਹਦੇ ਲਾਉਣੇ ਸੀ..? ਕੰਮ ਤਾਂ ਸਾਰਾ ਇਹਨਾਂ ਦੇ ਪੈਰੋਂ ਖ਼ਰਾਬ ਹੁੰਦੈ, ਭਰਾਵਾ…!”
    …..ਅਸਲ ਵਿਚ ਕੈਲੇ ਦੇ ਪ੍ਰੀਵਾਰ ਨਾਲ਼ ਇੱਕ ‘ਬਾਬੇ’ ਵੱਲੋਂ ਕਾਫ਼ੀ ਵੱਡੀ ਠੱਗੀ ਮਾਰੀ ਗਈ ਸੀ ਅਤੇ ਬੜੀ ਸਫ਼ਾਈ ਨਾਲ਼ ਸਾਰੇ ਟੱਬਰ ਨੂੰ ਲੁੱਟ ਕੇ ਰਾਹ ਪਿਆ ਸੀ। ਕੈਲੇ ਦੀ ਦੂਰੋਂ ਲੱਗਦੀ ਭੂਆ ਦੀ ਕੁੜੀ ਸੁੱਖੀ ਕਈ ਦਿਨ ਤੋਂ ਇੱਕ ਸਾਧੂ ਦੀ ਉਸਤਤ ਕਰਦੀ ਥੱਕਦੀ ਨਹੀਂ ਸੀ। ਉਹਨਾਂ ਦੇ ਘਰੇ ਇੱਕ ਸਾਧੂ ਬਾਬਾ ਜੀ ਆਏ ਸਨ ਅਤੇ ਉਹਨਾਂ ਦਾ ਪੈਸਾ ਦੁੱਗਣਾ ਕਰ ਗਏ ਸਨ। ਉਹਨਾਂ ਕੋਲ਼ ਬਹੁਤਾ ਪੈਸਾ ਹੈ ਵੀ ਨਹੀਂ ਸੀ, ਨਹੀਂ ਤਾਂ ਹੋਰ ਪੈਸਾ ਦੇ ਕੇ ਮਾਲਾ-ਮਾਲ ਹੋ ਜਾਂਦੇ। ਪਰ ਉਸ ਨੂੰ ਅੱਚਵੀ ਲੱਗ ਗਈ ਸੀ ਕਿ ਕੈਲੇ ਹੋਰਾਂ ਕੋਲ਼ ਬਾਹਵਾ ਪੈਸਾ ਹੈ, ਉਹ ਬਾਬਾ ਜੀ ਨੂੰ ਸੱਦ ਕੇ ਦੁੱਗਣਾ ਕਰਵਾਉਣ, ਇਸ ਮਕਸਦ ਨੂੰ ਲੈ ਕੇ ਉਹ ਵਾਰ-ਵਾਰ ਕੈਲੇ ਦੇ ਪ੍ਰਵਾਰ ਕੋਲ਼ ਚੱਕਰ ਮਾਰ ਰਹੀ ਸੀ। ਪਰ ਜ਼ਿੱਦੀ ਕੈਲਾ ਲੱਤ ਨਹੀਂ ਲਾ ਰਿਹਾ ਸੀ।
    -“ਜਮੀਤ ਕੁਰੇ, ਸਿਆਣੇ ਕਹਿੰਦੇ ਹੁੰਦੇ ਐ ਜਦੋਂ ਕਰਮ ਮਾੜੇ ਹੋਣ, ਓਦੋਂ ਮੱਤ ਮਾਰੀ ਜਾਂਦੀ ਐ…!” ਸੁੱਖੀ ਨੇ ਆਪਣਾ ਪੂਰਾ ਤਾਣ ਲਾ ਕੇ ਕਿਹਾ।
    -“…………….।” ਜਮੀਤ ਕੌਰ ਚੁੱਪ ਰਹੀ।
    -“ਸਾਡੇ ਕੋਲ਼ ਤਾਂ ਜੇ ਹੋਰ ਪੈਸੇ ਹੁੰਦੇ, ਅਸੀਂ ਤਾਂ ਫ਼ੋਰਾ ਨਾ ਲਾਉਂਦੇ, ਬਾਬਾ ਜੀ ਦੇ ਹਵਾਲੇ ਕਰ ਦਿੰਦੇ…! ਨਾ ਹਿੰਗ ਲੱਗਦੀ ਐ ਤੇ ਨਾ ਫ਼ਟਕੜੀ…!”
    -“…………..!”
    -“ਨਾਲ਼ੇ ਬਾਬਾ ਜੀ ਨੂੰ ਕੀ ਚੱਟੀ ਪਈ ਐ…? ਉਹ ਤਾਂ ਲੋਕਾਂ ਦਾ ਈ ਭਲਾ ਲੋੜਦੇ ਐ…! ਤੇਰੀ ਤਾਂ ਉਹ ਗੱਲ ਐ, ਅਖੇ ਗਧੇ ਨੂੰ ਦਿੰਦੇ ਸੀ ਨੂਣ, ਕਹਿੰਦਾ ਮੇਰੇ ਕੰਨ ਪੱਟਦੇ ਐ…!”
    -“ਕੁੜ੍ਹੇ ਸੁੱਖੀ ਕਮਲ਼ੀਏ…! ਪੈਸਾ ਕੌਣ ਨੀ ਚਾਹੁੰਦਾ…? ਪਰ ਡਰ ਤਾਂ ਤੇਰੇ ਆਲ਼ੇ ਭਰਾ ਤੋਂ ਲੱਗਦੈ, ਭੈਣੇ…! ਉਹ ਤਾਂ ਪਰਾਗਾ ਪਾਉਣ ਲੱਗਿਆ ਵੀ ਮਿੰਟ ਨੀ ਲਾਉਂਦਾ, ਧੇਹ-ਧੇਹ ਕੁੱਟਦੈ…!”
    -“ਜਮੀਤ ਕੁਰੇ…? ਬੁੜ੍ਹੀ ਦੇ ਆਖੇ ਬੰਦਾ ਨਾ ਲੱਗੇ…? ਸੱਤਾਂ ਪੱਤਣਾਂ ਦੀ ਤਾਂ ਤੂੰ ਤਾਰੂ ਐਂ, ਭਾਬੀਏ…! ਮਾਰ ਕੋਈ ਰੇਖ ‘ਚ ਮੇਖ਼…! ਕਰ ਓਹਨੂੰ ਚਿੱਤ…!”
    -“ਨ੍ਹੀ ਮੈਂ ਤਾਂ ਤੇਰੇ ਆਲ਼ੇ ਭਰਾ ਤੋਂ ਬਾਹਲ਼ਾ ਈ ਡਰਦੀ ਐਂ, ਸੁੱਖੀ…! ਘੋਟੋ ਦੇ ਵਿਆਹ ਵੇਲ਼ੇ ਨੀ ਤੂੰ ਦੇਖਿਆ…? ਹੋਰ ਕੁਛ ਹੱਥ ਨੀ ਆਇਆ ਤਾਂ ਲੱਡੂਆਂ ਨਾਲ਼ ਈ ਕੁੱਟਣ ਡਹਿ ਪਿਆ ਸੀ, ਯਾਦ ਨੀ ਤੈਨੂੰ…!”
    ਸੁੱਖੀ ਹੱਸ ਪਈ।
    -“ਇਹ ਤਾਂ ਬਾਹਲ਼ਾ ਈ ਅਲ਼ੱਥ ਐ ਭੈਣੇ…!”
    -“ਤੇਰੀ ਮਰਜੀ ਐ, ਭਾਬੋ…! ਮੈਂ ਤਾਂ ਥੋਡਾ ਈ ਭਲਾ ਲੋੜਦੀ ਸੀ…! ਮੈਂ ਕਿਹੜਾ ਵਿਚੋਂ ਕੁਛ ਕੱਢਣਾ ਪਾਉਣੈ…?”
    -“ਸੁੱਖੀ, ਤੂੰ ਇਉਂ ਕਰ…!” ਜਮੀਤ ਕੌਰ ਕੁਛ ਸੋਚ ਕੇ ਬੋਲੀ।
    -“…………..?” ਸੁੱਖੀ ਨੇ ਸੁਆਲੀਆ ਅੱਖਾਂ ਉਪਰ ਚੁੱਕੀਆਂ।
    -“ਤੂੰ ਕਰ ਆਪਣੇ ਭਰਾ ਨਾਲ਼ ਗੱਲ, ਤੇਰੇ ਮਗਰ ਵੋਟ ਮੈਂ ਪਾਊਂ…! ਕੀ ਐ ਲੋਟ ਆਜੇ…? ਊਂ ਤਾਂ ਉਹ ਬਾਵੇ ਅੰਗ ਆਉਣ ਆਲ਼ਾ ਬੰਦਾ ਨੀ, ਕਹੀ ‘ਤੇ ਟੁੱਕ ਖਾਦੈ…! ਤੈਨੂੰ ਪਤੈ, ਜਿਹੜੇ ਲਾਹੌਰ ਸਲੱਗ, ਤੇ ਉਹ ਅੰਬਰਸਰ ਵੀ ਸਲੱਗ ਈ ਹੁੰਦੇ ਐ…!” ਵਿਅੰਗ ਕਸ ਕੇ ਉਹ ਹੱਸ ਪਈ।
    -“ਆਪਾਂ ਦੋਨੋ ਈ ਜੋਰ ਲਾਵਾਂਗੀਆਂ, ਉਹ ਲੋਟ ਕਿਵੇਂ ਨੀ ਆਊਗਾ…? ਮੈਂ ਚੱਕ ਕੇ ਥੱਲੇ ਨਾ ਧਰ ਲਊਂਗੀ…!”
    ਆਥਣੇ ਜਦ ਕੈਲਾ ਖੇਤੋਂ ਘਰ ਆਇਆ ਤਾਂ ਜਮੀਤ ਕੌਰ ਅਤੇ ਸੁੱਖੀ ਚੁੱਪ ਚਾਪ ਮੱਖੀਆਂ ਵਾਂਗ ਰਸੋਈ ਦੀ ਕੰਧ ਨਾਲ਼ ਲੱਗੀਆਂ ਬੈਠੀਆਂ ਸੀ। ਇੱਕ ਪਾਸੇ ਤਪਲੇ ਵਿਚ ਦਾਲ਼ ਰਿੱਝ ਰਹੀ ਸੀ।
    -“ਤਕੜੀ ਐਂ ਸੁੱਖੀ…?” ਕੈਲਾ ਮੋਢੇ ਤੋਂ ਲਾਹ ਕੇ ਕਹੀ ਇੱਕ ਖੂੰਜੇ ਰੱਖਦਾ ਹੋਇਆ ਬੋਲਿਆ।
    -“ਤਕੜੀ ਐਂ, ਬਾਈ…! ਪੂਰੀ ਲੋਹੇ ਅਰਗੀ…! ਘੋੜੈਂ ਮੈਂ ਤਾਂ…!”
    -“ਗੁਰਮੇਲ ਨੂੰ ਵੀ ਕਦੇ ਬਾਹਰ ਕੱਢ ਲਿਆ ਕਰ…? ਉਹਨੂੰ ਕਦੇ ਅੰਦਰੇ ਈ ਉਲੀ ਲੱਗ ਜਾਣੀ ਐਂ…!”
    -“ਬਾਈ ਘਰਾਂ ਦੇ ਕੰਮ ਕਿਹੜਾ ਥੋੜ੍ਹੇ ਹੁੰਦੇ ਐ…? ਸਿਰ ਖੁਰਕਣ ਦੀ ਵਿਹਲ ਨੀ ਮਿਲ਼ਦੀ…!”
    -“ਅੱਛਾ…? ਸੈਰ ਸਪਾਟੇ ਨੂੰ ਤੂੰ ਰੱਖੀ ਹੋਈ ਐਂ…? ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ…? ਤੂੰ ਤੋਰੇ ਫੇਰੇ ‘ਤੇ ਰਿਹਾ ਕਰ, ਤੇ ਸੱਪਾਂ ਦੀਆਂ ਸਿਰੀਆਂ ਮਿੱਧਣ ਵਾਸਤੇ ਬਿਚਾਰਾ ਗੁਰਮੇਲ਼…? ਲੁਆ ਲਿਆ ਕਰ ਉਹਨੂੰ ਭਗਤ ਨੂੰ ਵੀ ਬਾਹਰਲੀ ਹਵਾ…!”
    -“ਵੇ ਬਾਹਰ ਕੱਢਣ ਨੂੰ ਮੈਂ ਉਹਨੂੰ ਕਿਹੜਾ ਰੱਸੇ ‘ਨਾ ਬੰਨ੍ਹਿਐਂ, ਭਰਾਵਾ…? ਉਹ ਤਾਂ ਆਪ ਈ ਨੀ ਨਵੀਂ ਨਵੇਲੀ ਬਹੂ ਮਾਂਗੂੰ ਬਾਹਰ ਨਿਕਲ਼ਦਾ…!”
    -“ਤੇਰਾ ਡਰ ਈ ਐਨੈ, ਉਹ ਦਿਲ ਈ ਨੀ ਕੱਢਦਾ…! ਬਾਹਰ ਨਿਕਲ਼ ਕੇ ਉਹਨੇ ਪੁੜਪੜੀ ‘ਚ ਚਿੱਬ ਪੁਆਉਣੇ ਐਂ…? ਗੱਲ ਕਰਨ ਲੱਗੀ ਤਾਂ ਤੂੰ ਘਰੂਟ ਮਾਰਨ ਆਉਨੀ ਐਂ…!” ਕੈਲਾ ਹੱਸ ਪਿਆ।
    -“ਚੰਗਾ, ਕਰੀ ਚੱਲ ਟਿੱਚਰਾਂ, ਤੇ ਲਾਹੀ ਚੱਲ ਆਬਦਾ ਚਾਅ, ਭਰਾਵਾ…!”
    -“ਤੂੰ ਉਹਦੇ ਵਿਚਾਰੇ ਦੇ ਉਤੋਂ ਦੀ ਪਈ ਵੀ ਐਂ, ਸੁੱਖੀ…! ਤੇ ਉਹ ਬਿਚਾਰਾ ਦਰਵੇਸ਼ ਕਸੂਤਾ ਫਸਿਐ, ਉਹ ਤਾਂ ਮੈਨੂੰ ਮੈਦ ਐ ਬਈ ਸਾਹ ਵੀ ਤੈਨੂੰ ਪੁੱਛ ਕੇ ਲੈਂਦੈ…!”
    -“ਮਰਦ ਐਨੇ ਵੀ ਆਗਿਆਕਾਰ ਨੀ ਹੁੰਦੇ, ਬਾਈ…! ਭਰਮ ਐਂ ਤੈਨੂੰ…! ਗੁਰਮੇਲ ਤਾਂ ਊਂਈਂ ਚੁੱਪ ਕੀਤਾ ਜਿਐ…! ਚੁੱਪ ਵਗਦੇ ਪਾਣੀ ਕਹਿੰਦੇ ਡੂੰਘੇ ਹੁੰਦੇ ਐ…!”
    -“ਚੁੱਪ ਕੀਤਾ ਜਿਆ ਈ ਹੋਣੈ, ਬੋਲਣ ਦੀ ਤਾਂ ਤੂੰ ਉਹਦੀ ਸੱਤਿਆ ਸੂਤ ਲਈ…! ਤੂੰ ਤਾਂ ਪੀ ਲਏ ਸਰਾਲ਼ ਮਾਂਗੂੰ ਉਹਦੇ, ਸਾਹ…!”
    -“ਵੇ ਗੱਲਾਂ ‘ਚ ਨੀ ਮੈਂ ਭਰਾਵਾ ਤੈਨੂੰ ਜਿੱਤ ਸਕਦੀ…!”
    -“ਹੋਰ ਤੂੰ ਹੁਣ ਮੇਰੇ ਨਾਲ਼ ਕੁੱਕੜ ਲੜਾਉਣੇ ਐਂ…?”
    ਸਾਰੇ ਹੱਸ ਪਏ।
    -“ਤੂੰ ਹੁਣ ਕਿਵੇਂ ਗੇੜੇ ਮਾਰੇ…? ਆਬਦੀ ਭਾਬੀ ਨੂੰ ਪਾਠ ਪੜ੍ਹਾਉਣ ਤਾਂ ਨੀ ਆਗੀ ਬਈ ਬੰਦੇ ਕਿਵੇਂ ਜੁੱਤੀ ਥੱਲੇ ਰੱਖੀਦੇ ਐ…?”
    -“ਵਹਿਮ ਦਾ ਕੋਈ ‘ਲਾਜ ਨੀ, ਵੀਰਾ…! ਕਰੀ ਚੱਲ ਬੱਕੜਵਾਹ..! ਮੈਂ ਤਾਂ ਹੋਰ ਮਸਲਾ ਲੈ ਕੇ ਤੇਰੇ ਕੋਲ਼ੇ ਆਈ ਸੀ..!”
    -“ਹੋਰ ਮਸਲਾ…? ਕਿਤੇ ਗੁਰਮੇਲ ਦੇ ਕਸੂਤੇ ਥਾਂ ਸੱਟ ਤਾਂ ਨੀ ਮਾਰ ਆਈ, ਹੋਰ ਨਾ ਕਿਤੇ ਛੱਬੀ ਦਾ ਕੇਸ ਬਣ ਗਿਆ ਹੋਵੇ…?”
    -“ਵੇ ਸੁੱਖ ਮੰਗ਼…! ਕਾਹਨੂੰ ਹੱਥ ਧੋ ਕੇ ਮੇਰੇ ਮਗਰ ਪਿਐਂ…? ਅਸੀਂ ਤਾਂ ਇੱਕ-ਦੂਜੇ ਦੇ ਸਾਹਾਂ ‘ਚ ਸਾਹ ਲੈ ਕੇ ਜਿਉਂਨੇ ਆਂ…! ਤੇ ਤੂੰ ਕਮਲ਼ੀ ਮਾਂਗੂੰ ਝਾਟਾ ਖਿਲਾਰ ਕੇ ਮੇਰੇ ਮਗਰ ਪੈ ਗਿਆ…!”
    ਕੈਲਾ ਹੱਸ ਪਿਆ।
    -“ਹੋਰ ਕਿਸੇ ਬਿਗਾਨੇ ਦੇ ਮਗਰ ਪੈ ਕੇ ਮੈਂ ਕੁੱਟ ਖਾਣੀ ਐਂ…? ਘਰਦਿਆਂ ਦੇ ਮਗਰ ਈ ਪਵਾਂਗੇ…!”
    -“ਤੇਰੇ ਬਾਈ ਦੀ ਘੁੱਟ ਲੱਗੀ ਵੀ ਐ…!” ਜਮੀਤ ਕੌਰ ਨੇ ਸੁੱਖੀ ਦੇ ਕੰਨ ‘ਚ ਗੁੱਝਾ ਕਿਹਾ।
    -“ਅੱਛਾ ਜੀ…! ਮੈਨੂੰ ਨੀ ਸੀ ਪਹਿਲਾਂ ਪਤਾ…?”
    -“ਕੀ ਨੀ ਸੀ ਪਤਾ…? ਹੁਣ ਕੀ ਤੂੰ ‘ਮਰੀਕਾ ਦਾ ਰਾਹ ਲੱਭ ਲਿਆ…?”
    -“ਮੈਨੂੰ ਨੀ ਸੀ ਪਤਾ ਮੇਰਾ ਬਾਈ ਰੰਗਾਂ ‘ਚ ਹੋਇਆ ਫਿਰਦੈ…!”
    -“ਤੇ ਮੈਂ ਬਦਰੰਗਾ ਸੀ ਕਦੋਂ…? ਮੈਂ ਤਾਂ ਰਹਿੰਦਾ ਈ ਰੰਗਾਂ ‘ਚ ਐਂ, ਕੁੜੀਏ…!”
    -“ਮੈਂ ਵੀ ਕਿਹਾ ਬਾਈ ਵਕੀਲਾਂ ਮਾਂਗੂੰ ਗੱਲਾਂ ਕਿੱਥੋਂ ਕੱਢ-ਕੱਢ ਕੇ ਲਿਆਈ ਜਾਂਦੈ…? ਇਹ ਤਾਂ ਮੈਨੂੰ ਐਨਾਂ ਕਦੇ ਬੋਲਿਆ ਨੀ ਸੀ..! ਮੈਨੂੰ ਕੀ ਪਤਾ ਸੀ ਰੂੜੀ ਮਾਰਕਾ ਛਕੀ ਫਿਰਦੈ…?”
    -“ਰੂੜੀ ਮਾਰਕਾ ਨੀ, ਤੇਰ੍ਹਵਾਂ ਰਤਨ ਐ…! ਤੂੰ ਅੱਜ ਕਿਵੇਂ ਗੇੜੇ ਮਾਰੇ…?”
    ਅਚਾਨਕ ਬੱਤੀ ਚਲੀ ਗਈ।
    ਹਨ੍ਹੇਰ ਘੁੱਪ ਹੋ ਗਿਆ।
    -“ਲੈ…! ਐਹਨੂੰ ਵੀ ਗੋਲ਼ੀ ਹੁਣ ਲੰਗਰ ਝੁਲਸਣ ਵੇਲ਼ੇ ਈ ਵੱਜਣੀ ਸੀ…! ਗੌਰਮਿਲਟ ਵੀ ਬਦਲੇ ਲੈਂਦੀ ਐ…!”
    ਜਮੀਤ ਕੌਰ ਨੇ ਲੈਂਪ ਜਗਾ ਲਿਆ।
    -“ਆਬਦੇ ਭਰਾ ਨਾਲ਼ ਹੁਣ ਗੱਲ ਕਰ…! ਹੁਣ ਬਾਹਵਾ ਸੁਰ ‘ਚ ਬੋਲਦੈ..!” ਜਮੀਤ ਕੌਰ ਨੇ ਫਿਰ ਸੁੱਖੀ ਦੇ ਕੰਨ ‘ਚ ਆਖਿਆ, “ਪੀਤੀ ‘ਚ ਤਾਂ ਚਾਹੇ ਆਬਦੇ ਆਲ਼ੇ ਭਰਾ ਨੂੰ ਗੱਡੇ ਜੋੜ ਲੈ…! ਸੋਫੀ ਨੇ ਗਿੱਟੇ ਸੋਟੀ ਨੀ ਲੱਗਣ ਦੇਣੀ…!”
    -“ਆ ਜਾ ਬਾਈ, ਐਥੇ ਬਹਿ ਕੇ ਰੋਟੀ ਖਾ, ਨਾਲ਼ੇ ਤੇਰੇ ਨਾਲ਼ ਇੱਕ ਗੱਲ ਕਰਨੀ ਐਂ…!”
    -“ਦੇਖੀਂ…! ਐਨੇ ਕੁਵੇਲ਼ੇ ਕਿਹੜੀ ਗੱਲ ਕਰਨੀ ਐਂ ਤੂੰ…? ਵੋਟਾਂ ‘ਚ ਤਾਂ ਨੀ ਖੜ੍ਹਨਾਂ…?”
    -“ਵੇ ਫੋਟ੍ਹ…! ਕੋਈ ਚੱਜ ਦੀ ਗੱਲ ਵੀ ਕਰਲੈ, ਬਾਈ…! ਰੂੜੀ ਮਾਰਕਾ ਘਰਦਿਆਂ ‘ਤੇ ਈ ਖਰੀ ਕਰਨੀ ਐਂ…?”
    ਲਾਈਟ ਆ ਗਈ।
    ਘਰ ਵਿਚ ਦਿਨ ਚੜ੍ਹ ਗਿਆ।
    ਜਮੀਤ ਕੌਰ ਨੇ ਲੈਂਪ ‘ਤੇ ਫ਼ੂਕ ਮਾਰ ਦਿੱਤੀ।
    -“ਚੱਲ ਦੱਸ…? ਹੁਣ ਤਾਂ ਲੈਟ ਵੀ ਆਗੀ…! ਹੁਣ ਤਾਂ ਤੇਰੀ ਗੱਲ ਵੀ ਦਿਸੂਗੀ…!”
    ਸੁੱਖੀ ਨਾਲ਼ ਜਮੀਤ ਕੌਰ ਵੀ ਹੱਸ ਪਈ।
    -“ਸਾਡੇ ਘਰ ਇੱਕ ਮਾਂਹਪੁਰਖ ਆਏ ਸੀ…!”
    -“ਜੇ ਮਾਂਹਪੁਰਖ ਆਏ ਸੀ ਤਾਂ ਛੋਲੇ-ਪੁਰਖ ਵੀ ਲੈ ਆਉਣੇ ਸੀ…!”
    -“ਬਾਈ ਤੂੰ ਗੱਲ ਤਾਂ ਸੁਣ…! ਤੇਰੇ ਫ਼ਾਇਦੇ ਦੀ ਗੱਲ ਐ…!”
    -“ਫੇਰ ਮਾਂਹਪੁਰਖ ਕਹਿਣਾ ਬੰਦ ਕਰ…! ਮਹਾਂਪੁਰਖ ਆਖ਼…!”
    -“ਵੇ ਜੁਬਾਨ ਨੀ ਉਲਟਦੀ ਖਸਮਾਂ ਨੂੰ ਖਾਣੀ…!”
    -“ਆਹੋ…! ਜੁਬਾਨ ਕਿੱਥੋਂ ਉਲਟਣੀ ਐਂ…? ਕੱਲ੍ਹ ਦੀ ਤਾਂ ਤੂੰ ਜੁਆਕੜੀ ਐਂ…!”
    -“ਚੰਗਾ…! ਮੈਂ ਨੀ ਹੁਣ ਦੱਸਦੀ..! ਭਾਬੋ, ਮੈਨੂੰ ਰੋਟੀ ਪਾ, ਮੈਂ ਤਾਂ ਖਾ ਕੇ ਸੌਵਾਂ…!”
    -“ਤੂੰ ਬੀਬੀ ਦੀ ਗੱਲ ਤਾਂ ਸੁਣ’ਲਾ…! ਕਮਲ਼ ਜਿਆ ਕਿਉਂ ਮਿੱਧੀ ਜਾਨੈਂ…? ਧੀ ਧਿਆਣੀ ਕਿੱਡੀ ਦੂਰੋਂ ਚੱਲ ਕੇ ਆਈ ਐ…!” ਜਮੀਤ ਕੌਰ ਨੇ ਵੀ ਨਿਹੋਰੇ ਜਿਹੇ ਨਾਲ਼ ਕਿਹਾ।
    -“ਲਿਆ ਮੈਨੂੰ ਇੱਕ ਖਾਲੀ ਗਿਲਾਸ ਤੇ ਪਾਣੀ ਦੇਹ…! ਬੀਬੀ ਰਾਣੀ ਦੀ ਗੱਲ ਮੈਂ ਚੱਜ ਨਾਲ਼ ਈ ਸੁਣ ਲਊਂਗਾ…!”
    -“ਲੈ…! ਬਹਾਨੇ ਨਾਲ਼ ਪੀਣਾ ਤਾਂ ਮੂਤ ਐ…!”
    -“ਓਏ ਇਹ ਤਾਂ ਤੇਰ੍ਹਵਾਂ ਰਤਨ ਐਂ…! ਇਹਨੂੰ ਮੂਤ ਨਾ ਆਖ਼…!”
    ਜਮੀਤ ਕੌਰ ਨੇ ਪਾਣੀ ਅਤੇ ਖਾਲੀ ਗਿਲਾਸ ਕੰਧੋਲ਼ੀ ‘ਤੇ ਰੱਖ ਦਿੱਤਾ।
    -“ਬੇਅਦਬੀ ਨੀ ਕਰੀਦੀ ਤੇਰ੍ਹਵੇਂ ਰਤਨ ਦੀ…! ਅਦਬ ਨਾਲ਼ ਬੋਲੀਦੈ…!” ਆਖਦੇ ਕੈਲੇ ਨੇ ਡੱਬ ਵਿਚੋਂ ਅਧੀਆ ਕੱਢ ਕੇ ਰਹਿੰਦੀ ਦਾਰੂ ਗਿਲਾਸ ਵਿਚ ਉਲ਼ੱਦ ਲਈ।
    -“ਤੇਰ੍ਹਵਾਂ ਰਤਨ ਤਾਂ ਥੋਡੇ ਪੀਣ ਆਲ਼ਿਆਂ ਆਸਤੇ ਹੋਊਗਾ, ਬਾਈ…! ਘਰਦਿਆਂ ਆਸਤੇ ਤਾਂ ਮੂਤ ਤੇ ਤਬਾਹੀ ਐ…!”
    -“ਤੂੰ ਕੋਈ ਗੱਲ ਕਰਨ ਨੂੰ ਕਹਿੰਦੀ ਸੀ ਮੇਰੇ ਨਾਲ਼…!” ਕੈਲੇ ਨੇ ਭਰਿਆ ਗਿਲਾਸ ਪੀਤਾ ਨਹੀਂ, ਇੱਕ ਤਰ੍ਹਾਂ ਨਾਲ਼ ਹਲ਼ਕ ‘ਚ ਡੋਲ੍ਹਿਆ ਸੀ।
    -“ਦਾਲ਼ ਦੇਹ ਭੋਰਾ…!” ਉਸ ਨੇ ਘਸਮੈਲ਼ਾ ਜਿਹਾ ਮੂੰਹ ਬਣਾਉਂਦੇ ਨੇ ਕਿਹਾ। ਕੌੜੀ ਦਾਰੂ ਨੇ ਉਸ ਅੰਦਰ ਅੱਗ ਮਚਾ ਦਿੱਤੀ ਸੀ।
    ਜਮੀਤ ਕੌਰ ਨੇ ਸਬਜ਼ੀ ਪਾ ਕੇ ਕੰਧੋਲ਼ੀ ‘ਤੇ ਰੱਖ ਦਿੱਤੀ।
    -“ਹਾਂ…! ਹੁਣ ਦੱਸ…?” ਉਹ ਬਲ਼ਦ ਵਾਂਗ ਉਗਾਲ਼ਾ ਜਿਹਾ ਕਰਦਾ ਪੁੱਛ ਰਿਹਾ ਸੀ। ਉਸ ਦੀ ‘ਟੁੱਚ-ਟੁੱਚ’ ਦੂਰ ਤੱਕ ਸੁਣਦੀ ਸੀ।
    -“ਸਾਡੇ ਇੱਕ ਸੰਤ ਬਾਬਾ ਜੀ ਆਏ ਸੀ…!” ਉਹ ‘ਮਾਂਹਪੁਰਖ’ ਕਹਿਣ ਤੋਂ ਗੁਰੇਜ਼ ਕਰ ਗਈ।
    -“ਸੱਤ ਬਚਨ…!”
    -“ਬਾਈ ਟਿੱਚਰ ਨੀ, ਧਿਆਨ ਨਾਲ਼ ਸੁਣ…!”
    -“ਸੁਣਾ…!”
    -“ਓਸ ਨੇ ਸਾਡੇ ਪੈਸੇ ਦੁੱਗਣੇ ਕਰ ਦਿੱਤੇ…! ਸਾਡੇ ਕੋਲ਼ੇ ਤਾਂ ਸੀ ਈ ਲੱਖ ਕੁ ਰੁਪਈਆ, ਜੇ ਬਹੁਤੇ ਹੁੰਦੇ, ਅਸੀਂ ਕੀਹਦੇ ਲੈਣ ਦੇ ਸੀ..? ਹੁਣ ਨੂੰ ਟਰੱਕ ਪਾ ਕੇ ਲੱਖਾਂਪਤੀ ਹੋਏ ਬੈਠੇ ਹੁੰਦੇ…!”
    -“ਬੀਬੀ ਰਾਣੀਏਂ…! ਜੇ ਇਹਨਾਂ ਬੂਬਨੇ ਸਾਧਾਂ ਕੋਲ਼ ਕੁਛ ਹੋਵੇ, ਇਹ ਆਪ ਧੱਕੇ ਧੋੜੇ ਕਿਉਂ ਖਾਂਦੇ ਫਿਰਨ…? ਇਹ ਤਾਂ ਮੇਰੇ ਸਾਲ਼ੇ ਆਪ ਖਾਖੀ ਨੰਗ ਤੇ ਲੁਟੇਰੇ ਹੁੰਦੇ ਐ…!”
    -“ਤੇ ਸਾਡੇ ਲੱਖ ਰੁਪਈਏ ਨੂੰ ਦੁੱਗਣਾ ਕਰਨ ਦੀ ਸੰਤ ਬਾਬਾ ਜੀ ਨੂੰ ਚੱਟੀ ਪਈ ਸੀ…? ਉਹ ਤਾਂ ਲੋਕਾਂ ਦਾ ਭਲਾ ਕਰਨ ਵਾਲ਼ੇ ਰਹਿਮਤੀ ਪੁਰਖ ਐ, ਬਾਈ…!”
    -“ਜੇ ਸਾਧ ਲੋਕਾਂ ਨੂੰ ਕਰੋੜਾਂਪਤੀ ਕਰਨ ਆਲ਼ੇ ਹੁੰਦੇ, ਤਾਂ ਖੇਤਾਂ, ਫੈਕਟਰੀਆਂ, ਮਿੱਲ੍ਹਾਂ ਦੀ ਕੀ ਲੋੜ ਸੀ…? ਮੈਨੂੰ ਇੱਕ ਗੱਲ ਯਾਦ ਆ ਗਈ, ਸੁਣਾਵਾਂ…?”
    -“……………..।” ਉਤਰ ਵਿਚ ਕੋਈ ਨਾ ਬੋਲਿਆ।
    -“ਕਿਸੇ ਜੱਟ ਦੀ ਮੱਝ ਮਰ ਗਈ…! ਜੱਟੀ ਨੇ ਹਾਲ ਦੁਹਾਈ ਪਾਈ ਕਿ ਜਾਹ ਜਾ ਕੇ ਮੱਝ ਲੈ ਕੇ ਆ, ਜੁਆਕਾਂ ਨੂੰ ਦੁੱਧ ਪੀਣ ਵਾਸਤੇ ਨੀ ਮਿਲ਼ਦਾ…! ਜੱਟੀ ਦਾ ਸਤਾਇਆ ਵਿਚਾਰਾ ਜੱਟ ਚਲਿਆ ਗਿਆ…! ਮੰਡੀ ਤੋਂ ਮੱਝ ਤਾਂ ਕੋਈ ਨਾ ਮਿਲ਼ੀ, ਪਰ ਆਉਂਦੇ ਆਉਂਦੇ ਨੂੰ ਪਿੰਡ ਦੀ ਜੂਹ ਕੋਲ਼ ਇੱਕ ਸਾਧ ਮਿਲ਼ ਗਿਆ…! ਘਰਵਾਲ਼ੀ ਦੇ ਛਿੱਤਰਾਂ ਤੋਂ ਡਰਦਾ ਜੱਟ ਸਾਧ ਨੂੰ ਨਾਲ਼ ਲੈ ਆਇਆ ਕਿ ਚਲੋ ਇੱਕ ਅੱਧਾ ਦਿਨ ਸਾਧ ਕਰ ਕੇ ਜੱਟੀ ਦੀਆਂ ਗਾਲ਼ਾਂ ਤੋਂ ਤਾਂ ਛੁਟਕਾਰਾ ਮਿਲੂ…! ਚਲੋ ਜੀ, ਜੱਟ ਦੇ ਘਰ ਸਾਧ ਜੀ ਆਇਆ ਦੇਖ ਕੇ ਲੋਕਾਂ ਨੇ ਤਾਂ ਜੱਟ ਦੇ ਘਰ ਨੂੰ ਵਹੀਰਾਂ ਘੱਤ ਲਈਆਂ…! ਪਿੰਡ ‘ਚੋਂ ਕੋਈ ਪ੍ਰਸ਼ਾਦ ਬਣਾ ਕੇ ਲਈ ਆਉਂਦੈ, ਕੋਈ ਦੁੱਧ ਦਾ ਡੋਲੂ ਭਰੀ ਆਉਂਦੈ, ਕੋਈ ਆਟਾ ਚੱਕੀ ਆਉਂਦੈ…! ਜੱਟ ਦੇ ਘਰ ਤਾਂ ਹੋ ਗਈਆਂ ਲਹਿਰਾਂ ਬਹਿਰਾਂ…! ਓਹਨਾਂ ਤੋਂ ਤਾਂ ਦੁੱਧ ਤਾਂ ਕੀ ਸਾਂਭਿਆ ਜਾਣਾ ਸੀ, ਹੋਰ ਰਸਦਾਂ ਨਾ ਸਾਂਭੀਆਂ ਜਾਇਆ ਕਰਨ, ਘਰੇ ਤਾਂ ਹੋ ਗਈਆਂ ਨੌਂ ਨਿਧੀਆਂ ਤੇ ਅਠਾਰਾਂ ਸਿਧੀਆਂ…! ਖ਼ੈਰ, ਸਵਾ ਕੁ ਮਹੀਨੇ ਬਾਅਦ ਸਾਧ ਚਲਿਆ ਗਿਆ…! ਘਰੇ ਫ਼ੇਰ ਓਹੀ ਭੰਗ ਭੁੱਜਣ ਲੱਗ ਪਈ…! ਜੱਟੀ ਨੇ ਫ਼ੇਰ ਜੱਟ ਨੂੰ ਠ੍ਹੋਕਰਿਆ, ਕਹਿੰਦੀ ਰੱਬ ਦਿਆ ਬੰਦਿਆ, ਕੁਛ ਕਰ, ਜੁਆਕਾਂ ਨੂੰ ਦੁੱਧ ਚਾਹੀਦੈ…! …ਤੇ ਜੱਟ ਜੱਟੀ ਨੂੰ ਪੁੱਛਣ ਲੱਗਿਆ, ਹੁਣ ਇਹ ਦੱਸ ਬਈ ਮੈਂ ਮੱਝ ਲੈ ਕੇ ਆਵਾਂ ਕਿ ਕੋਈ ਸਾਧ ਈ ਫ਼ੜ ਲਿਆਮਾਂ…?”
    ਸਾਰੇ ਉਚੀ-ਉਚੀ ਹੱਸ ਪਏ।
    -“ਓਹੀ ਨੌਂ ਨਿਧਾਂ ਤੇ ‘ਠਾਰਾਂ ਸਿਧਾਂ ਮੈਂ ਤੇਰੇ ਘਰੇ ਲਿਆਉਣ ਨੂੰ ਫਿਰਦੀ ਐਂ, ਬਾਈ..! ਮੈਂ ਤੇਰੀ ਕੋਈ ਵੈਰਨ ਥੋੜ੍ਹੋ ਆਂ…? ਮੈਂ ਤਾਂ ਬਾਈ ਦੇ ਘਰ ਨੂੰ ਹੱਸਦਾ ਵੱਸਦਾ ਤੇ ਭਰਿਆ ਭਕੁੰਨਿਆਂ ਦੇਖਣਾ ਚਾਹੁੰਦੀ ਆਂ…! ਮੈਂ ਤਾਂ ਆਹੀ ਚਾਹੁੰਨੀ ਐਂ ਬਈ ਮੇਰਾ ਬਾਈ ਮੈਨੂੰ ਲੋਕਾਂ ਤੋਂ ਗਿੱਠ ਉਚਾ ਦਿਸੇ…!”
    -“ਤੇਰਾ ਸਾਧ ਕਰਦਾ ਕੀ ਐ…? ਕਿਹੜੀ ਜੁਗਤੀ ਸਿੱਧ ਕਰਦੈ…?”
    -“ਸਾਡੇ ਕੋਲ਼ੇ ਲੱਖ ਰੁਪਈਆ ਸੀ…!” ਸੁੱਖੀ ਕੈਲੇ ਦੇ ਨੇੜੇ ਹੋ ਕੇ ਬੜੀ ਧੀਮੀ ਅਵਾਜ਼ ‘ਚ ਬੋਲੀ, “ਸੰਤ ਬਾਬਾ ਜੀ ਨੇ ਲੱਖ ਤੋਂ ਦੋ ਲੱਖ ਬਣਾ ਕੇ ਸਾਡੇ ਹੱਥ ‘ਤੇ ਧਰ ਦਿੱਤਾ…!”
    -“ਤੇ ਥੋਤੋਂ ਕੀ ਲਿਆ…?”
    -“ਐਮੇ ਬਾਧੂ ਝੂਠ ਬੋਲਾਂ, ਸਾਥੋਂ ਓਹਨੇ ਕੀ ਲੈਣਾ ਸੀ…? ਸਾਥੋਂ ਲਿਆ ਸਿਰਫ ਆਉਣ ਜਾਣ ਦਾ ਕਿਰਾਇਆ-ਭਾੜ੍ਹਾ..!”
    -“ਤੇ ਸਾਧ ਨੂੰ ਕੀ ਫ਼ੈਦਾ ਹੋਇਆ…?”
    -“ਓਹ ਰੱਬਾ ਮੇਰਿਆ…! ਬਾਬਾ ਜੀ ਤਾਂ ਲੋਕਾਂ ਦਾ ਭਲਾ ਈ ਸੋਚਦੇ ਐ, ਬਾਈ ਮੇਰਿਆ…! ਓਹਨਾਂ ਨੂੰ ਕੀ ਲਾਲਚ…? ਓਹਨਾ ਦੇ ਕਿਹੜਾ ਪੱਪੂ ਹੋਰੀਂ ਰੋਂਦੇ ਐ…?”
    -“ਨਹੀਂ, ਅਸੀਂ ਨੀ ਮੰਗਵਾਉਣਾ ਕੋਈ ਸਾਧ…! ਤੂੰ ਕਿਸੇ ਹੋਰ ਦਾ ਈ ਪਾਰ-ਉਤਾਰਾ ਕਰ…! ਸਾਨੂੰ ਬਖ਼ਸ਼…! ਸਾਨੂੰ ਤਾਂ ਦਸਾਂ ਨਹੁੰਆਂ ਦੀ ਕਿਰਤ ਈ ਬਹੁਤ ਐ…! ਦਇਆ ਐ ਬਾਬੇ ਨਾਨਕ ਜੀ ਦੀ…!”
    -“ਚੱਲ ਛੱਡ ਬਾਈ…! ਮਾੜੇ ਕਰਮ ਕਿਸੇ ਸਾਧ ਸੰਤ ਕੋਲ਼ ਵੀ ਨੀ ਜਾਣ ਦਿੰਦੇ…!”
    -“ਤੂੰ ਹੁਣ ਇੱਕ ਈ ਲੱਲੀ ਲਾਈ ਐ, ਸਾਧ ਆਲ਼ੀ, ਹੁਣ ਬੱਸ ਵੀ ਕਰ…! ਕਿ ਤੇਰੇ ਚਰਨਾਂ ‘ਚ ਹੁਣ ਡੰਡੌਤ ਬੰਦਨਾਂ ਕਰਾਂ…?”
    -“ਹੁਣ ਚੁੱਪ ਕਰ ਸੁੱਖੀ…! ਇਹਨੂੰ ਮੈਂ ਮਨਾਊਂਗੀ…!”
    -“ਚੰਗਾ, ਮੈਂ ਚੁੱਪ ਐਂ…! ਸੱਚ ਆਹ ਕੜਬਚੱਬਾਂ ਦੇ ਕੀ ਰੌਲ਼ਾ ਪੈ ਗਿਆ ਸੀ…?” ਸੁੱਖੀ ਨੇ ਗੱਲ ਬਦਲੀ।
    -“ਓਏ ਕੁਛ ਨੀ…!”
    -“ਤਾਂ ਵੀ…? ਕੋਈ ਗੱਲ ਤਾਂ ਹੋਉਗੀ…? ਪਿੰਡ ‘ਚ ਤਾਂ ਬੂ-ਬੂ ਹੋਈ ਪਈ ਐ…!”
    -“ਤੈਨੂੰ ਕੀਹਨੇ ਦੱਸ’ਤਾ…?”
    -“ਕਿਸੇ ਨੇ ਦੱਸਿਆ ਹੋਵੇ…! ਸੰਤੀ ਭੂਆ ਨੇ ਦੱਸਿਐ…!”
    -“ਸੰਤੀ ਭੂਆ ਓਦੂੰ ਲਾਹੌਰ ਦਾ ਰੇਡੀਓ ਟੇਸ਼ਣ ਬਣੀ ਰਹਿੰਦੀ ਐ, ਰੱਬ-ਰੱਬ ਨੀ ਕੀਤਾ ਜਾਂਦਾ…!”
    -“ਉਹਨਾਂ ਦੀ ਕੁੜੀ ਦਾ ਰੌਲ਼ਾ ਸੀ, ਸੁੱਖੀ…!”
    -“ਕਿਹੜੀ ਕੁੜੀ ਦਾ…?”
    -“ਜਿਹੜੀ ਕਾਲਜ ‘ਚ ਪੜ੍ਹਦੀ ਸੀ!”
    -“ਉਹ ਬੱਗੇ ਜੇ ਮੂੰਹ ਆਲ਼ੀ…?”
    -“ਆਹੋ, ਓਹੀ…!”
    -“ਕੀ ਨਾਂ ਸੀ ਭਲਾ ਜਿਆ ਓਹਦਾ…?”
    -“ਪੱਪਨੀ…!”
    -“ਆਹੋ, ਪੱਪਨੀ…!”
    -“ਓਏ ਉਹ ਵੀ ਅੱਗ ਲੱਗੜੀ ਬਾਹਲ਼ੇ ਤੱਤੇ ਪੈਰਾਂ ਆਲ਼ੀ ਸੀ, ਅੱਗ ਤੋਂ ਦੀ ਲਿਟਦੀ ਸੀ…!”
    -“ਗੱਲ ਹੋਈ ਕੀ ਸੀ…?”
    -“ਗੱਲ ਕੀ ਹੋਣੀ ਸੀ…? ਜਦੋਂ ਪੁੱਠੀ ਭਮਾਲ਼ੀ ਆਉਂਦੀ ਐ, ਡਮਾਕ ਫ਼ਿਰ ਜਾਂਦੈ…! ਮਾੜੇ ਕੰਮਾਂ ਦੇ ਮਾੜੇ ਨਤੀਜੇ…! ਇਹਦੇ ਨਾਲ਼ ਮੁੰਡਾ ਪੜ੍ਹਦਾ ਸੀ ਕਾਲਜ, ਕਿਸੇ ਬਾਹਰਲੇ ਪਿੰਡ ਦਾ…! ਪੜ੍ਹਦਾ-ਪੜ੍ਹਦਾ ਉਹ ਮੁੰਡਾ ਚਲਿਆ ਗਿਆ, ਬਾਹਰ…! ਬਾਹਰੋਂ ਵੀ ਉਹਦੀਆਂ ਚਿੱਠੀਆਂ ਆਉਂਦੀਆਂ ਰਹੀਆਂ…!”
    -“ਅੱਛਾ…!”
    -“ਇੱਕ ਚਿੱਠੀ ਲੱਗ’ਗੀ ਪੱਪਨੀ ਦੇ ਪਿਉ ਚਰਨ ਸਿਉਂ ਦੇ ਦੇ ਹੱਥ…! ਚਰਨ ਸਿਉਂ ਤੈਨੂੰ ਪਤੈ ਬਈ ਅੱਗੇ ਭੰਬੂਕੈ…! …ਤੇ ਬੱਸ, ਉਹ ਭੂਸਰ ਗਿਆ…! ਇਸ ਗੱਲ ਤੋਂ ਘਾਣੀ ਵਿਗੜ’ਗੀ…!”
    -“ਲੈ ਦੱਸ…? ਵੇ ਇਹਨਾਂ ਦੀ ਪੱਪਨੀ ਤਾਂ ਪਹਿਲਾਂ ਹੀ ‘ਟੱਪਣੀ’ ਸੀ, ਅੱਠੇ ਪਹਿਰ ਟਪੂੰ-ਟਪੂੰ ਕਰਦੀ ਰਹਿੰਦੀ ਸੀ, ਕਿਤੇ ਪੈਰ ਨੀ ਸੀ ਲਾਉਂਦੀ, ਸਭ ਨੂੰ ਪਤਾ ਸੀ ਕਿ ਕੋਈ ਨਾ ਕੋਈ ਚੰਦ ਚਾਹੜੂਗੀ…! ਲੈ, ਲਾਅ’ਤੇ ਰੰਗ਼…!”
    ….ਅਸਲ ਵਿਚ ਪੱਪਨੀ ਡੀ. ਐੱਮ. ਕਾਲਿਜ ਮੋਗਾ ਦੀ ਵਿਦਿਆਰਥਣ ਸੀ। ਗੁਆਂਢੀ ਪਿੰਡ ਦੇ ਹਾਈ ਸਕਲੂ ਤੋਂ ਹੀ ਉਹ ਆਪਣੇ ਹਮ-ਜਮਾਤੀ ਰਮਣੀਕ ਨੂੰ ਬਹੁਤ ਚਾਹੁੰਦੀ ਸੀ। ਮੋਟੀਆਂ-ਮੋਟੀਆਂ ਅੱਖਾਂ ਵਾਲ਼ਾ ਰਮਣੀਕ ਗੋਰਾ ਨਿਸ਼ੋਹ, ਸਾਊ ਅਤੇ ਰਲ਼ਾਉਟਾ ਜਿਹਾ ਮੁੰਡਾ ਸੀ। ਪੱਪਨੀ ਰਮਣੀਕ ‘ਤੇ ਜਾਨ ਵਾਰਦੀ ਸੀ, ਉਸ ਦੇ ਸਾਹ ਵਿਚ ਸਾਹ ਲੈਂਦੀ ਅਤੇ ਕਦੇ ਉਸ ਦਾ ਮੁੜ੍ਹਕਾ ਨਹੀਂ ਸਹਾਰਦੀ ਸੀ। ਰਮਣੀਕ ਵੀ ਪੱਪਨੀ ‘ਤੇ ਲਹੂ ਡੋਲ੍ਹਦਾ ਸੀ। ਰਮਣੀਕ ਪੱਪਨੀ ਨੂੰ ਇਸ ਲਈ ਵੀ ਜ਼ਿਆਦਾ ਚੰਗਾ ਲੱਗਦਾ ਸੀ, ਕਿਉਂਕਿ ਉਹ ਹੋਰ ਲੰਡਰ ਅਤੇ ‘ਗੁੰਡੇ’ ਜਿਹੇ ਮੁੰਡਿਆਂ ਵਾਂਗ ਕੁੜੀਆਂ ਦੇ ਝੱਗੇ ਨਹੀਂ ਖਿੱਚਦਾ ਸੀ। ਉਹਨਾਂ ਵਾਂਗ ਚੂੰਢੀਆਂ ਨਹੀਂ ਵੱਢਦਾ ਸੀ। ਰਮਣੀਕ ਨੂੰ ਪੱਪਨੀ ਦਾ ਤਿਰਛਾ ਤੱਕ ਕੇ ਝੁਣਝੁਣੀ ਜਿਹੀ ਲੈਣੀ ਅਤੇ ਫ਼ਿਰ ਮੁਸਕੁਰਾਉਣਾ ਬਹੁਤ ਪਸੰਦ ਸੀ।
    -“ਤੇਰੀ ਤਿਰਛੀ ਤੱਕਣੀ ਕਦੇ ਕਤਲ ਕਰਵਾਊ…!” ਰਮਣੀਕ ਨੇ ਆਖਿਆ ਸੀ।
    -“ਕਤਲ ਨਹੀਂ, ਇਹ ਮੁਸਕੁਰਾਹਟ ਕਿਸੇ ਨੂੰ ਜ਼ਿੰਦਗੀ ਵੀ ਦਿੰਦੀ ਐ, ਇਹ ਮੈਨੂੰ ਪਤੈ…!” ਉਸ ਨੇ ਰਮਣੀਕ ਦੀ ਹੱਕ ਵਿਚ ਉਂਗਲ਼ ਖੋਭ ਕੇ ਵਿਅੰਗਮਈ ਕਿਹਾ।
    ਰਮਣੀਕ ਨੇ ਪੱਪਨੀ ਨੂੰ ਗਲਵਕੜੀ ਪਾ ਲਈ।
    -“ਆਹ ਸਾਰਾ ਕਾਲਜ ਮੇਰਾ ਵੈਰੀ ਤੇਰੇ ਕਰ ਕੇ ਈ ਬਣਿਐਂ ਕਿ ਐਨੀ ਨਖ਼ਰੇ ਵਾਲ਼ੀ ਪੱਟੀ ਫ਼ਿਰਦੈ…!”
    -“ਬਣਿਆਂ ਰਹੇ…! ਖਾਵੇ ਖਸਮਾਂ ਨੂੰ…! ਪਵੇ ਢੱਠੇ ਖੂਹ ‘ਚ…! ਪਰ ਮੈਂ ਤਾਂ ਤੇਰੀ ਬਣ ਕੇ ਰਹਿੰਨੀ ਐਂ ਨ੍ਹਾਂ…? ਕਿਸੇ ਹੋਰ ਦੇ ਤਾਂ ਮੈਂ ਜੁੱਤੀ ਨੀ ਮਾਰਦੀ…!”
    -“ਹਾਏ ਰੱਬਾ…! ਤੇਰੀ ਗਾਲ਼ਾਂ ਕੱਢਣ ਦੀ ਆਦਤ ਨੀ ਜਾਣੀ…!” ਉਸ ਨੇ ਗਲਵਕੜੀ ਨੂੰ ਫ਼ਿਰ ਕਸ ਲਿਆ।
    ਉਹਨਾਂ ਦੇ ਦਿਨ ਤੀਆਂ ਵਾਂਗ ਲੰਘ ਰਹੇ ਸਨ।
    ਇੱਕ-ਦੂਜੇ ਦੀ ਮਸਤੀ ਦੋਨਾਂ ਦੀ ਹੋਸ਼ ਭੁਲਾਈ ਫ਼ਿਰਦੀ ਸੀ।
    ਪ੍ਰੇਮ-ਭਗਤੀ ਵਿਚ ਉਹਨਾਂ ਨੂੰ ਜੱਗ ਜਹਾਨ ਦੀ ਸੁਰਤ ਨਹੀਂ ਸੀ।
    ਪਰ ਉਹਨਾਂ ਦੀ ਪ੍ਰੇਮ-ਭਗਤੀ ‘ਚ ਵਿਘਨ ਤਾਂ ਓਦੋਂ ਪਿਆ, ਜਦ ਇੱਕ ਦਿਨ ਰਮਣੀਕ ਨੇ ਇੱਕ ਅਜੀਬ ਹੀ ਖ਼ਬਰ ਸੁਣਾਈ।
    -“ਘਰ ਦੇ ਮੈਨੂੰ ਬਾਹਰ ਭੇਜਣ ਨੂੰ ਫ਼ਿਰਦੇ ਐ…!” ਰਮਣੀਕ ਦੀ ਗੱਲ ਸੁਣ ਕੇ ਪੱਪਨੀ ਡਿੱਗਣ ਵਾਲ਼ੀ ਹੋ ਗਈ। ਜਿਵੇਂ ਕਿਸੇ ਸ਼ਾਂਤ ਸਮੁੰਦਰ ਵਿਚ ਭਾਰਾ ਪੱਥਰ ਡਿੱਗਿਆ ਸੀ। ਜਿਸ ਨੇ ਸਾਰੇ ਸਾਗਰ ਦੀ ਸ਼ਾਂਤੀ ਭੰਗ ਕਰ ਮਾਰੀ ਸੀ।
    -“ਕਿਉਂ…?” ਪੱਪਨੀ ਦੇ ਮੱਥੇ ‘ਤੇ ਕੱਚੀ ਤਰੇਲ਼ੀ ਆ ਗਈ।
    -“ਬੱਸ ‘ਕੱਲਾ-‘ਕੱਲਾ ਪੁੱਤ ਚੰਗਾ ਨੀ ਲੱਗਦਾ ਘਰਦਿਆਂ ਨੂੰ…!”
    -“ਕਿੱਥੇ…?”
    -“ਜਰਮਨੀ…!”
    -“ਮੇਰਾ ਕੀ ਬਣੂੰ…? ਮੈਨੂੰ ਨੀ ਪਤਾ, ਮੇਰਾ ਨੀ ਜੀਅ ਲੱਗਣਾ…!”
    -“…………।” ਦੁਖੀ ਅਤੇ ਓਦਰਿਆ ਰਮਣੀਕ ਚੁੱਪ ਵੱਟ ਗਿਆ ਅਤੇ ਪੱਪਨੀ ਆਪਣਾ ਹੱਥ ਛੁਡਾ ਕੇ ਦੌੜ ਗਈ। ਉਸ ਦਾ ਮੱਲੋਜੋਰੀ ਰੋਣ ਨਿਕਲ਼ ਗਿਆ ਸੀ। ਰਮਣੀਕ ਬਿਨਾ ਜਿਉਣਾ ਤਾਂ ਕੀ, ਉਸ ਨੂੰ ਸਾਹ ਲੈਣਾ ਵੀ ਪ੍ਰਵਾਨ ਨਹੀਂ ਸੀ। ਪਰ ਰਮਣੀਕ ਤਾਂ ਅੱਖਾਂ ਫ਼ੇਰ, ਬਾਹਰ ਨੂੰ ਉਡਾਰੀ ਮਾਰਨ ਲਈ ਤਿਆਰ ਬੈਠਾ ਸੀ। ਪੱਪਨੀ ਨੂੰ ਹੀ ਪਤਾ ਸੀ ਕਿ ਉਸ ਦਾ ਇੱਕ-ਇੱਕ ਸਾਹ ਰਮਣੀਕ ਦੀ ਯਾਦ ਨੂੰ ਅਰਪਨ ਹੁੰਦਾ ਸੀ। ਦਿਲ ਦੀ ਹਰ ਧੜਕਣ ਰਮਣੀਕ ਦੇ ਨਾਂ ਬੋਲਦੀ ਸੀ। ਪਰ ਰਮਣੀਕ ਤਾਂ ਬਿਗਾਨਾ ਬਣ, ਕੂਚ ਕਰਨ ਦੀਆਂ ਤਿਆਰੀਆਂ ਵਿੱਢੀ ਬੈਠਾ ਸੀ। ਉਸ ਦਾ ਧਾਹ ਮਾਰਨ ਨੂੰ ਜੀਅ ਕੀਤਾ, ਪਰ ਆਪਣੇ ਹਿਰਦੇ ਦੀ ਭੁੱਬ ਉਹ ਆਪਣੀ ਛਾਤੀ ਵਿਚ ਹੀ ਦਫ਼ਨ ਕਰ ਗਈ। ਜਿਹੜੀ ਦੁਨੀਆਂ ਉਸ ਨੂੰ ਰਮਣੀਕ ਦੀ ਹੋਂਦ ਨਾਲ਼ ਸੁਹਾਣੀ ਅਤੇ ਰੰਗਲੀ ਲੱਗਦੀ ਸੀ, ਅੱਜ ਓਹੀ ਦੁਨੀਆਂ ਪੱਪਨੀ ਨੂੰ ਉੱਜੜੀ-ਉੱਜੜੀ, ਖੰਡਰ ਅਤੇ ਬੀਆਬਾਨ ਜਾਪ ਰਹੀ ਸੀ।
    -“ਮੇਰੇ ਬਾਹਰ ਜਾਣ ਨਾਲ਼ ਆਪਣੀ ਮੁਹੱਬਤ ਰੁਕ ਤਾਂ ਨੀ ਜਾਣੀ…?” ਉਹ ਉਸ ਦੇ ਪਿੱਛੇ ਜਾ ਕੇ ਖੜ੍ਹ ਗਿਆ।
    -“ਰਮਣੀਕ…!”
    -“ਬੋਲ਼…?”
    -“ਜੇ ਮੈਨੂੰ ਇੱਕ ਰੱਤੀ ਭਰ ਵੀ ਮੁਹੱਬਤ ਕੀਤੀ ਐ ਤਾਂ ਅੱਜ ਮੈਨੂੰ ‘ਕੱਲੀ ਛੱਡ ਦੇ…!”
    -“ਉਠ…! ਕਮਲ਼ ਨੀ ਮਾਰੀਦਾ ਹੁੰਦਾ…!” ਉਸ ਨੇ ਬਾਹੋਂ ਫ਼ੜ ਕੇ ਪੱਪਨੀ ਨੂੰ ਉਠਾਉਣਾ ਚਾਹਿਆ, ਪਰ ਉਹ ਰਿਹਾੜੀ ਜੁਆਕ ਵਾਂਗੂੰ ਹੋਰ ਛਾਪਲ਼ ਗਈ ਅਤੇ ਉਸ ਦਾ ਉਚੀ-ਉਚੀ ਰੋਣ ਨਿਕਲ਼ ਗਿਆ। ਕਾਲਜ ਦੀ ਰੁਮਕਦੀ ਹਵਾ ਪੱਪਨੀ ਨੂੰ ਅੱਜ ਵੈਣ ਪਾਉਂਦੀ ਲੱਗ ਰਹੀ ਸੀ। ਉਸ ਦੇ ਹੁਸੀਨ ਚਿਹਰੇ ‘ਤੇ ਉਦਾਸੀ ਅਤੇ ਨਿਰਾਸ਼ਤਾ ਦੀ ਸਿੱਕਰੀ ਚੜ੍ਹ ਗਈ ਸੀ।
    -“ਮੁੱਲਾਂ ਦੀ ਦੌੜ ਮਸੀਤਾਂ ਤਾਂਈਂ…! ਮੈਨੂੰ ਪਤਾ ਸੀ ਤੂੰ ਪੱਪਨੀ ਕੋਲ਼ੇ ਈ ਹੋਵੇਂਗਾ…!” ਇੱਕ ਪਾਸਿਓਂ ਤਾਰ ਬੋਲਿਆ। ਉਹ ਕਾਲਜ ਦੀ ਪਾਰਕ ਦੇ ਇੱਕ ਖੂੰਜੇ ਮੀਲ ਪੱਥਰ ਵਾਂਗ ਗੱਡਿਆ ਖੜ੍ਹਾ ਮੁਸਕਰਾਈ ਜਾ ਰਿਹਾ ਸੀ।
    ਤਾਰ ਰਮਣੀਕ ਦਾ ਜਿਗਰੀ ਯਾਰ ਸੀ।
    -“ਤੂੰ ਚੱਲ, ਮੈਂ ਆਉਨੈ…!” ਰਮਣੀਕ ਨੇ ਬੇਰੁੱਖੀ ਜਿਹੀ ਨਾਲ਼ ਉੱਤਰ ਦਿੱਤਾ।
    -“ਰੂਹ ਨਾਲ਼ ਗੱਲ ਕਰ, ਰੂਹ ਨਾਲ਼…! ਫ਼ਾਹਾ ਨਾ ਵੱਢ…! ਡਿੱਗੀ ਖੋਤੇ ਤੋਂ, ਤੇ ਗੁੱਸਾ ਵਿਚਾਰੇ ਘੁਮਿਆਰ ‘ਤੇ…? ਜੰਗ ਕਿਸੇ ਗੱਲੋਂ ਥੋਡੀ ਹੋਈ ਹੋਣੀ ਐਂ, ਤੇ ਰੰਘੜਊ ਮੇਰੇ ‘ਤੇ…? ਗਰੀਬ ਮਾਰ ਨਾ ਕਰਿਆ ਕਰੋ…!” ਹਮੇਸ਼ਾ ਦੀ ਤਰ੍ਹਾਂ ਤਾਰ ਬੇਪ੍ਰਵਾਹਾਂ ਵਾਂਗ ਬੋਲਿਆ।
    -“ਅਸੀਂ ਕੋਈ ਕੰਮ ਦੀ ਗੱਲ ਕਰਦੇ ਐਂ…!”
    -“ਕੋਈ ਥਰਮਲ ਪਲਾਂਟ ਚਲਾਉਣੈਂ…?”
    ਰੋਂਦੀ-ਰੋਂਦੀ ਪੱਪਨੀ ਹੱਸ ਪਈ।
    -“ਮੈਂ ਚੱਲਦੈਂ ਭਲਵਾਨ ਦੇ ਢਾਬੇ ਨੂੰ…! ਤੂੰ ਥਰਮਲ ਪਲਾਂਟ ਦਾ ਐਗਰੀਮੈਂਟ ਕਰ ਕੇ ਆਜੀਂ…!” ਆਦਤ ਅਨੁਸਾਰ ਵਿਅੰਗ ਦਾ ਤੀਰ ਮਾਰ ਕੇ ਤਾਰ ਤੁਰ ਗਿਆ। ਪੱਪਨੀ ਨੂੰ ਤਾਰ ਹਮੇਸ਼ਾ ਆਪਣੇ ਸਕੇ ਭਰਾ ਵਰਗਾ ਲੱਗਿਆ ਸੀ। ਜਿੱਥੇ ਵੀ ਲੋੜ ਪਈ ਸੀ, ਤਾਰ ਉਹਨਾਂ ਦੇ ਓਥੇ ਹੀ ਕੰਮ ਆਇਆ ਸੀ।
    -“ਉਠ ਨ੍ਹਾਂ…! ਉਠ ਕੇ ਗੱਲ ਕਰ…!” ਉਸ ਨੇ ਮੁੜ ਪੱਪਨੀ ਨੂੰ ਉਠਾਉਣਾ ਚਾਹਿਆ।
    -“ਤੁਸੀਂ ਜਾਓ…!” ਤੇ ਉਹ ਉਠ ਕੇ ਤੁਰ ਗਈ। ਜਿਵੇਂ ਰਮਣੀਕ ਦੀ ਰੂਹ ਤੁਰ ਗਈ ਸੀ। ਉਸ ਅੰਦਰ ਪਾੜ ਜਿਹਾ ਪਿਆ। ਆਤਮਾ ਜਿਵੇਂ ਦੋਫ਼ਾੜ ਹੋ ਗਈ ਸੀ। ਉਦਾਸ ਪੱਪਨੀ ਉਸ ਤੋਂ ਦੇਖੀ ਨਹੀਂ ਜਾ ਰਹੀ ਸੀ।
    ਉਸ ਦੇ ਦੇਖਦੇ-ਦੇਖਦੇ ਪੱਪਨੀ ਛੋਟੇ ਦਰਵਾਜੇ ਰਾਹੀਂ ਬਾਹਰ ਨਿਕਲ਼ ਗਈ। ਜਿਵੇਂ ਹਵਾ ਦਾ ਝੌਂਕਾ ਲੰਘਿਆ ਸੀ।
    ਹਰਾਸਿਆ ਜਿਹਾ ਰਮਣੀਕ ਭਲਵਾਨ ਦੇ ਢਾਬੇ ‘ਤੇ ਆ ਗਿਆ।
    ਤਾਰ ਉਸ ਦੀ ਉਡੀਕ ਵਿਚ ਹੀ ਬੈਠਾ ਸੀ।
    -“ਅੱਜ ਕੱਲ੍ਹ ਵੱਡੇ ਵੱਡੇ ਐਗਰੀਮੈਂਟ ਕਰਨ ਲੱਗ ਪਏ, ਸੁੱਖ ਐ…?”
    -“ਕਾਹਦੀ ਸੁੱਖ ਐ ਯਾਰ…! ਗਰੀਬ ਦੀ ਝੁੱਗੀ ‘ਚ ਵੜ ਗਿਆ ਸੀ ਹਾਥੀ, ਤੇ ਉਹਦਾ ਸਾਰਾ ਛਿੱਛ-ਪੱਤ ਉਗੀਸ ਕੇ ਲੈ ਗਿਆ ਸੀ, ਉਹ ਗੱਲ ਮੇਰੇ ਨਾਲ਼ ਹੋਈ ਪਈ ਐ…!” ਰਮਣੀਕ ਨੇ ਡਾਂਗ ਜਿੱਡਾ ਹਾਉਕਾ ਲਿਆ।
    ਤਾਰ ਉਚੀ-ਉਚੀ ਹੱਸ ਪਿਆ।
    -“ਜਦੋਂ ਉਖਲੀ ‘ਚ ਸਿਰ ਦੇ ਦੇਈਏ, ਤਾਂ ਸੱਟਾਂ ਦੀ ਪ੍ਰਵਾਹ ਨਾ ਕਰੀਏ, ਬਾਈ…! ਫ਼ੇਰ ਦਿਲ ਕੱਢ ਕੇ, ਸ਼ੇਰ ਬਣ ਕੇ ਖਾਈਏ…!”
    -“ਯਾਰ ਤਾਰ, ਤੈਨੂੰ ਮਜ਼ਾਕ ਸੁਝਦੇ ਐ..? ਮੈਂ ਗੱਡੀ ਥੱਲੇ ਸਿਰ ਦੇਣ ਆਲ਼ਾ ਹੋਇਆ ਪਿਐਂ…!” ਰਮਣੀਕ ਨੇ ਰੋਣਹਾਕਾ ਹੋ ਕੇ ਕਿਹਾ।
    -“ਫ਼ੇਰ ਸਿਰ ‘ਤੇ ਸਿਹਰੇ ਬੱਝ ਜਾਣਗੇ…? ਗੱਡੀ ਥੱਲੇ ਸਿਰ ਤਾਂ ਜਦੋਂ ਮਰਜੀ ਐ ਦੇ ਦੇਈਂ, ਗੱਲ ਤਾਂ ਜਿਉਣਾ ਔਖੈ, ਮਰਨ ਦਾ ਕੀ ਐ..? ਮਰਨ ਦੇ ਤਾਂ ਵੀਹ ਢਾਣਸ ਹੋ ਜਾਂਦੇ ਐ…!”
    -“ਤਾਰ…!”
    -“ਬੋਲ ਬਾਈ…?”
    -“ਦਸ ਕੁ ਰੁਪਈਏ ਹੈਗੇ ਐ…?”
    -“ਲੈ ਵੀਹ ਚੱਕ…! ਹੋਰ ਹੁਕਮ…?” ਤਾਰ ਨੇ ਗੀਝੇ ‘ਚੋਂ ਵੀਹ ਦਾ ਨੋਟ ਕੱਢ ਕੇ ਦਿੰਦਿਆਂ ਕਿਹਾ।
    -“ਜਾਹ ਬੋਤਲ ਲੈ ਕੇ ਆ…!”
    -“ਨਾਲ਼ੇ ਤਾਂ ਅੰਨ੍ਹੇ ਨੂੰ … ਦਿਓ, ਤੇ ਨਾਲ਼ੇ ਘਰੇ ਛੱਡ ਕੇ ਆਓ…? ਦੋ-ਦੋ ਕੰਮ ਮੈਥੋਂ ਨੀ ਹੁੰਦੇ…!”
    -“ਯਾਰ ਇੱਲਤਾਂ ਨਾ ਕਰ…! ਕਰ ਹਿੰਮਤ ਬਾਈ ਬਣਕੇ…!”
    -“ਤੂੰ ਹਿੰਮਤ ਕਿਉਂ ਨੀ ਕਰਦਾ…?”
    -“ਮੇਰੀ ਤਾਂ ਸਾਰੀ ਹਿੰਮਤ ਖੂਹ-ਖਾਤੇ ਪੈ ਗਈ, ਬਾਈ…!”
    -“ਕਸੂਰ ਪੱਪਨੀ ਤਾਂ ਨ੍ਹੀ…! ਕਸੂਰ ਤਾਂ ਬਾਈ ਸਿਆਂ, ਤੇਰੈ…!” ਉਸ ਨੇ ਬਰਛੇ ਵਰਗਾ ਹੱਥ ਰਮਣੀਕ ਵੱਲ ਸਿੰਨ੍ਹ ਕੇ ਕਿਹਾ।
    -“ਮੈਂ ਅੱਗੇ ਹਲਾਲ ਹੋਇਆ ਪਿਐਂ, ਹੁਣ ਜਿਹੜੀ ਕਸਰ ਰਹਿੰਦੈ ਐ, ਉਹ ਤੂੰ ਪੂਰੀ ਕਰ ਲੈ…!”
    -“ਬੰਦਾ ਬਣਜਾ, ਬੰਦਾ…! ਕੁਪੱਤੀ ਸੱਸ ਵਾਂਗੂੰ ਮਿਹਣੇ ਜੇ ਨਾ ਮਾਰਿਆ ਕਰ..! ਓਏ ਛੋਟੂ..!” ਉਸ ਨੇ ਢਾਬੇ ਵਾਲ਼ੇ ਮੁੰਡੂ ਨੂੰ ਅਵਾਜ਼ ਮਾਰੀ।
    -“ਹਾਂ ਜੀ…!”
    -“ਉਰ੍ਹੇ ਆ…!”
    ਮੁੰਡੂ ਕੋਲ਼ ਆ ਗਿਆ।
    -“ਲੈ ਆਹ ਫ਼ੜ ਪੈਸੇ, ਤੇ ਆਹ ਨਾਭੇ ਆਲ਼ੇ ਸਰਦਾਰ ਜੀ ਵਾਸਤੇ ਬੋਤਲ ਫ਼ੜ ਕੇ ਲਿਆ…!”
    ਪੈਸੇ ਲੈ ਕੇ ਮੁੰਡਾ ਚਲਿਆ ਗਿਆ।
    ਤਾਰ ਸਟੂਲ ‘ਤੇ ਲੱਤਾਂ ਧਰ ਕੇ ਬੈਠ ਗਿਆ।
    ਰਮਣੀਕ ਦੁਖੀ ਜਿਹਾ ਚੁੱਪ ਬੈਠਾ ਸੀ।
    -“ਨਾਭੇ ਆਲ਼ੇ ਸਰਦਾਰ ਜੀ ਨੂੰ ਆਮਲੇਟ ਬਣਾ ਕੇ ਦੇਹ, ਭਲਵਾਨਾ…! ਅਜੇ ਇਹਨੇ ਬਥੇਰੀਆਂ ਮੱਲਾਂ ਮਾਰਨੀਐਂ…!”
    ਭਲਵਾਨ ਹੱਸ ਪਿਆ।
    ਮੁੰਡਾ ਬੋਤਲ ਲੈ ਕੇ ਆ ਗਿਆ।
    -“ਲਓ ਸਰਦਾਰ ਬਹਾਦਰ…! ਬੋਤਲ ਹਾਜ਼ਰ ਐ, ਭੋਗ ਲਾਓ…!” ਤਾਰ ਨੇ ਬੋਤਲ ਝਿਣਕ ਕੇ ਮਣਕਾ ਬੰਨ੍ਹਿਆਂ ਅਤੇ ਬੜੀ ਬੇਕਿਰਕੀ ਨਾਲ਼ ਸੀਲ ਤੋੜੀ।
    -“ਮੁੰਡਿਆ ਗਿਲਾਸ ਵੀ ਲਿਆ…! ਹੁਣ ਇਹ ਬੁੱਕਾਂ ਨਾਲ਼ ਥੋੜ੍ਹੋ ਪੀਣੀ ਐਂ…? ਖ਼ਸਮਾਂ ਨੂੰ ਖਾਣਾ…!”
    ਮੁੰਡਾ ਦੋ ਗਿਲਾਸ ਰੱਖ ਗਿਆ।
    -“ਭਲਵਾਨਾ ਆਮਲੇਟ ਆਊ ਅੱਜ….?”
    -“ਆ ਗਈ ਛੋਟੇ ਵੀਰ, ਜਰੈਂਦ ਵੀ ਕਰੋ…! ਆਮਲੇਟ ਮੇਰੇ ਗੀਝੇ ‘ਚ ਥੋੜ੍ਹੋ ਪਾਈ ਐ…? ਲੈ ਆਹ ਚੱਕ, ਤੇ ਲਾਓ ਰੰਗ਼…!” ਭਲਵਾਨ ਨੇ ਆਮਲੇਟ ਦੀ ਪਲੇਟ ਲਿਆ ਧਰੀ।
    -“ਰੰਗ ਤਾਂ ਆਹ ਛੋਟਾ ਵੀਰ ਲਾਊਗਾ, ਭਲਵਾਨਾ…! ਅਸੀਂ ਤਾਂ ਬਦਰੰਗੇ ਬੰਦੇ ਈ ਆਂ…!”
    ਭਲਵਾਨ ਹੱਸ ਕੇ ਮੁੜ ਗਿਆ।
    ਉਸ ਦੀਆਂ ਮੋਟੀਆਂ ਮੁੱਛਾਂ ਵਿਚ ਕੁਦਰਤੀ ਮੁਛਕੜੀ ਛੁਪੀ ਹੋਈ ਸੀ।
    ਤਾਰ ਨੇ ਗਿਲਾਸਾਂ ਵਿਚ ਦਾਰੂ ਉਲ਼ੱਦ ਲਈ
    -“ਚੱਕ ਮਿੱਤਰਾ..! …ਤੇ ਮਾਰ ਗ਼ਮਾਂ ‘ਤੇ ਲਕੀਰ…!” ਉਸ ਨੇ ਧਰਤੀ ਮਾਂ ਨੂੰ ਛਿੱਟਾ ਦਿੱਤਾ ਅਤੇ ਗਿਲਾਸ ਮੂੰਹ ਨੂੰ ਲਾ ਲਿਆ।
    ਦੋਨਾਂ ਨੇ ਗਿਲਾਸ ਖਾਲੀ ਕਰ ਦਿੱਤੇ।
    ਠੰਢੇ ਮੌਸਮ ਵਿਚ ਦਾਰੂ ਗਰਮ ਲੀਕ ਪਾਉਂਦੀ ਥੱਲੇ ਉੱਤਰੀ ਸੀ।
    ਉਪਰੋਥਲ਼ੀ ਰਮਣੀਕ ਨੇ ਤਿੰਨ ਪੈੱਗ ਸੂਤ ਧਰੇ। ਉਸ ਦੀਆਂ ਅੱਖਾਂ ਵਿਚ ਨਸ਼ੇ ਦੀ ਲਾਟ ਡੋਲਣ ਲੱਗ ਪਈ ਸੀ। ਨਸ਼ੇ ਨਾਲ਼ ਰੰਗ ਸੰਧੂਰੀ ਹੋ ਗਿਆ ਸੀ।
    -“ਬਾਈ, ਮੈਂ ਪੱਪਨੀ ਬਿਨਾ ਮਰ ਜਾਊਂਗਾ…! ਮੈਥੋਂ ਨੀ ਰਿਹਾ ਜਾਣਾ ਮੇਰੀ ਪੱਪਨੀ ਬਿਨਾ…!” ਰਮਣੀਕ ਰੋਣ ਲੱਗ ਪਿਆ।
    ਤਾਰ ਫ਼ੇਰ ਹੱਸ ਪਿਆ।
    -“ਆਪੇ ਬੇਬੇ ਮੱਥਾ ਟੇਕਦੀ ਐਂ, ਤੇ ਆਪੇ ਬੁੱਢ ਸੁਹਾਗਣ ਭਾਈ…! ਆਪ ਈ ਉਹਨੂੰ ਛੱਡ ਕੇ ਚੱਲਿਐਂ ਤੇ ਆਪ ਈ ਉਹਦੇ ਵਿਯੋਗ ‘ਚ ਰੋਈ ਜਾਨੈ…! ਉਹਦਾ ਤਾਂ ਵਿਚਾਰੀ ਦਾ ਕੋਈ ਕਸੂਰ ਨੀ…!” ਤਾਰ ਨੇ ਗਿਲਾਸ ਹੱਥ ਵਿਚ ਹੀ ਫ਼ੜਿਆ ਹੋਇਆ ਸੀ।
    -“………..।” ਰਮਣੀਕ ਬੈਠਾ ਰੋਈ ਜਾ ਰਿਹਾ ਸੀ।
    -“ਪੱਥਰ ਨੂਣ ਨੂੰ ਕਹਿੰਦਾ ਅਖੇ ਬਾਈ ਖੁਰਦੇ ਜਾਨੇ ਐਂ…! ਤੇ ਨੂਣ ਕਹਿੰਦਾ ਜਿਹੜੇ ਖੁਰਦੇ ਐ, ਉਹ ਬੋਲਦੇ ਈ ਨੀ…! ਜਿਹੜੀ ਕੁੜੀ ਨੂੰ ਤੂੰ ਦਗਾ ਦੇ ਚੱਲਿਐਂ, ਉਹ ਤਾਂ ਵਿਚਾਰੀ ਕੁਸਕੀ ਨੀ, ਤੇ ਤੂੰ ਬੁੜ੍ਹੀਆਂ ਵਾਂਗੂੰ ਬੂਹਕਣ ਲੱਗ ਪਿਆ…! ਨਾਲ਼ੇ ਚੋਰੀ, ਤੇ ਨਾਲ਼ੇ ਉਤੋਂ ਸੀਨਾ ਜੋਰੀ…?”
    -“ਤੇ ਹੋਰ ਕੀ ਕਰਾਂ…?” ਉਹ ਹੋਰ ਉਚੀ ਰੋਣ ਲੱਗ ਪਿਆ।
    -“ਇਹ ਤੇਰਾ ਕੰਮ ਐਂ…! ਮੈਂ ਤੇਰਾ ਵਕੀਲ ਥੋੜ੍ਹੋ ਐਂ…? ਤੈਨੂੰ ਕਿਹਾ ਸੀ ਬਈ ਇਸ਼ਕ-ਮੁਸ਼ਕ ਆਲ਼ੇ ਪੰਗੇ ਨਾ ਲਿਆ ਕਰ…! ਹੁਣ ਭੁਗਤ…!” ਉਹ ਧਹੱਮਲ ਨਾਲ਼ ਪੀ ਰਿਹਾ ਸੀ।
    -“ਮੈਂ ਪੱਪਨੀ ਬਿਨਾ ਜੀ ਨੀ ਸਕਦਾ ਬਾਈ…!”
    -“ਤੇ ਨਾ ਜੀਅ…! ਤੇਰੇ ਕਿਸੇ ਨੇ ਗਲ਼ ‘ਗੂਠਾ ਦਿੱਤੈ…?”
    -“ਤੂੰ ਮੇਰਾ ਬਾਈ ਐਂ ਕਿ ਵੈਰੀ…?”
    -“ਜੋ ਮਰਜੀ ਸਮਝਲੈ…!”
    ਉਹਨਾਂ ਬੋਤਲ ਸਿਰੇ ਲਾ ਦਿੱਤੀ।
    -“ਇੱਕ ਬੋਤਲ ਹੋਰ ਮੰਗਵਾ, ਤਾਰ…!”
    -“ਦੋ ਮੰਗਵਾ ਦਿੰਨੈ…! ਆ ਬਈ ਛੋਟੂ…! ਜਾਹ ਇੱਕ ਸ਼ੀਸ਼ੀ ਹੋਰ ਫ਼ੜ ਕੇ ਲਿਆ…! ਨਾਭੇ ਵਾਲ਼ੇ ਸਰਦਾਰ ਬਹਾਦਰ ਅਜੇ ਕੰਡੇ ‘ਚ ਨੀ ਹੋਏ…!” ਤਾਰ ਨੇ ਪੈਸੇ ਦਿੰਦਿਆਂ ਕਿਹਾ।
    ਛੋਟੂ ਜਾ ਕੇ ਬੋਤਲ ਲੈ ਆਇਆ।
    ਰਮਣੀਕ ਆਥਣ ਤੱਕ ਪੀ-ਪੀ ਕੇ ਕਮਲ਼ਾ ਹੋ ਗਿਆ ਸੀ। ਤਾਰ ਨੂੰ ਸਿਰਫ਼ ਇਹ ਸੀ ਕਿ ਰਮਣੀਕ ਆਪਣਾ ਗ਼ਮ ਅੰਦਰੋਂ ਧੋ ਲਵੇ, ਕੋਈ ਗੱਲ ਅੰਦਰ ਨਾ ਰੱਖੇ। ਉਹ ਜਿਗਰੀ ਯਾਰ ਦਾ ਦਿਲੀ ਦਰਦ ਸਮਝਦਾ ਸੀ। ਪਰ ਕੁਛ ਕਰ ਨਹੀਂ ਸਕਦਾ ਸੀ। ਉਹ ਸਮਾਜ ਅੱਗੇ ਹਾਰਿਆ ਬੈਠਾ, ਆਪਣੀ ਹਾਰ ‘ਤੇ ਹੀ ਹੱਸੀ ਜਾ ਰਿਹਾ ਸੀ।
    ਸ਼ਾਮ ਨੂੰ ਤਾਰ ਨੇ ਰਮਣੀਕ ਨੂੰ ਉਸ ਦੇ ਘਰ ਅੱਗੇ ਉਤਾਰ ਦਿੱਤਾ।
    ਹਫ਼ਤੇ ਦੇ ਵਿਚ-ਵਿਚ ਰਮਣੀਕ ਦਾ ਵੀਜ਼ਾ ਲੱਗ ਗਿਆ।
    ਮਾਂ-ਬਾਪ ਖ਼ੁਸ਼ ਸਨ ਕਿ ਉਹਨਾਂ ਦਾ ਮੁੰਡਾ ‘ਬਾਹਰ’ ਚੱਲਿਆ ਸੀ। ਪਰ ਰਮਣੀਕ ਦੀ ਹਿੰਮਤ ਨਹੀਂ ਪੈ ਰਹੀ ਸੀ ਕਿ ਉਹ ਪੱਪਨੀ ਸਾਹਮਣੇ ਹੋਵੇ। ਉਸ ਦਾ ਸਾਹਸ ਬਰਫ਼ ਦੀ ਟੁਕੜੀ ਵਾਂਗੂੰ ਖ਼ੁਰ ਜਾਂਦਾ ਸੀ। ਜੇਰਾ ਰੇਤ ਵਾਂਗ ਕਿਰ ਜਾਂਦਾ ਸੀ। ਪਰ ਉਹ ਪੱਪਨੀ ਨੂੰ ਮਿਲ਼ੇ ਬਿਨਾ ਵੀ ਜਾਣਾ ਨਹੀਂ ਚਾਹੁੰਦਾ ਸੀ। ਕਾਲਜ ਛੱਡਣ ਦਾ ਉਸ ਨੇ ਨੋਟਿਸ ਦੇ ਦਿੱਤਾ ਸੀ। ਅਖੀਰਲੇ ਦਿਨ ਉਹ ਪੱਪਨੀ ਨੂੰ ਮਿਲ਼ਿਆ। ਉਸ ਦੀ ਤਿਲ੍ਹਕਦੀ-ਤਿਲ੍ਹਕਦੀ ਨਜ਼ਰ ਪੱਪਨੀ ਦੇ ਚਿਹਰੇ ਤੋਂ ਹੋ ਕੇ ਖਿਸਕ ਜਾਂਦੀ। ਉਸ ਦਾ ਹੌਸਲਾ ਉਸ ਦੀਆਂ ਅੱਖਾਂ ‘ਚ ਅੱਖਾਂ ਪਾ ਕੇ ਗੱਲ ਕਰਨ ਦਾ ਨਹੀਂ ਸੀ।
    ਪੱਪਨੀ ਉਸ ਅੱਗੇ ਸ਼ਾਂਤ ਖੜ੍ਹੀ ਸੀ।
    -“ਬੋਲਣਾ ਨਹੀਂ ਕੁਛ…?” ਪੱਪਨੀ ਦੇ ਬੋਲ ਥਿੜਕ ਗਏ। ਉਸ ਦੀ ਅਵਾਜ਼ ਵਿਚ ਹੰਝੂ ਬੋਲੇ।
    -“ਮੈਂ ਬੂਟੇ ਡਾਕੀਏ ਨਾਲ਼ ਗੱਲ ਕਰ ਲਈ ਐ, ਮੇਰੀ ਚਿੱਠੀ ਤੈਨੂੰ ਉਹ ਦੇ ਕੇ ਜਾਇਆ ਕਰੂ, ਮੇਰੀ ਚਿੱਠੀ ਦਾ ਜਵਾਬ ਦੇ ਦਿਆ ਕਰੀਂ…!” ਉਸ ਤੋਂ ਬੱਸ ਇਤਨਾ ਹੀ ਆਖ ਹੋਇਆ।
    ਬੇਵੱਸੀ ਅਤੇ ਮਜਬੂਰੀ ਦੋਹਾਂ ਦੇ ਬੂਹੇ ਮੱਲੀ ਖੜ੍ਹੀ ਸੀ।
    -“ਤੇਰੀ ਖਾਤਰ ਮੈਂ ਆਪਣੀ ਇੱਜ਼ਤ ਦੀ ਪ੍ਰਵਾਹ ਨੀ ਕੀਤੀ, ਹੁਣ ਚਿੱਠੀ ਦਾ ਵੀ ਉੱਤਰ ਨਾ ਦਿਊਗੀ…? ਕੀ ਹੋ ਗਿਆ ਤੂੰ ਦਗ਼ਾ ਦੇ ਚੱਲਿਆ, ਮੈਂ ਤਾਂ ਓਹੀ ਹਾਂ, ਤੇ ਓਹੀ ਰਹੂੰਗੀ ਰਮਣੀਕ…! ਉਡੀਕ ਕਰੂੰਗੀ ਤੇਰੀ ਮੱਥੇ ‘ਤੇ ਹੱਥ ਧਰ ਕੇ…! ਤੂੰ ਜਿਸ ਦਿਨ ਪਰਤਿਆ, ਆਹੀ, ਸਾਂਅਵੀਂ ਦੀ ਸਾਂਅਵੀਂ ਤੇਰੇ ਸਾਹਮਣੇ ਹਾਜਰ ਹੋਊਂਗੀ, ਪੂਰੀ ਦੀ ਪੂਰੀ, ਸੁੱਚੀ ਤੇ ਸੱਚੀ…!” ਉਸ ਦੇ ਚਿਹਰੇ ਦਾ ਆਤਮ-ਵਿਸ਼ਵਾਸ ਕਿਸੇ ਨੂਰ ਵਾਂਗ ਝਲਕਦਾ ਸੀ।
    -“ਮੈਂ ਪੜ੍ਹਾਈ ਪੂਰੀ ਕਰ ਕੇ ਛੇਤੀ ਪਰਤੂੰਗਾ…!”
    -“ਜਿਵੇਂ ਬੰਜਰ ਧਰਤੀ ਮੀਂਹ ਦੇ ਛੜਾਕੇ ਦੀ ਉਡੀਕ ਕਰਦੀ ਐ, ਓਸੇ ਤਰ੍ਹਾਂ ਤੇਰੀ ਰਾਹ ਦੇਖੂੰਗੀ ਸੋਹਣਿਆਂ…! ਕੀ ਹੋ ਗਿਆ ਤੂੰ ਬੇਮੁੱਖ ਹੋ ਚੱਲਿਆ, ਪਰ ਮੈਂ ਤਾਂ ਓਹੀ ਦੀ ਓਹੀ ਰਹੂੰਗੀ…! ਜਿਸ ਦਿਨ ਵੀ ਪਰਤਿਆ, ਬੇਦਾਗ ਤੇ ਭਰੀ ਭਰਾਈ ਈ ਮਿਲੂੰਗੀ…!”
    -“ਜਾਂਦੀ ਵਾਰ ਦੀ ਗਲਵਕੜੀ ਨੀ ਪਾਉਣੀ…?”
    ਪੱਪਨੀ ਨੇ ਰਮਣੀਕ ਦੇ ਗਲ਼ ਲੱਗ ਕੇ ਧਾਹ ਮਾਰੀ।
    ਹਵਾ ਜਿਵੇਂ ਕੀਰਨੇਂ ਪਾਉਂਦੀ ਵਗ ਰਹੀ ਸੀ।
    ਮਾਹੌਲ ਗ਼ਮਗੀਨ ਸੀ।
    -“ਮੈਂ ਵੀ ਜਲਦੀ ਆਉਣ ਦੀ ਕੋਸ਼ਿਸ਼ ਕਰੂੰਗਾ…! ਹੁਣ ਤਾਂ ਆਪਣਾ ਸਮਾਜ ਅੱਗੇ ਕੋਈ ਜੋਰ ਨਹੀਂ, ਪਰ ਜਦ ਮੈਂ ਆਪਣੇ ਪੈਰਾਂ ‘ਤੇ ਹੋ ਗਿਆ, ਆਪਣਾ ਮਿਲਣਾ ਸੌਖਾ ਹੋ ਜਾਊਗਾ, ਪੱਪਨੀ…! ਇਹ ਮੇਰੇ ਦਿਲ ਦਾ ਵਿਸ਼ਵਾਸ ਐ…!”
    -“ਆਸ ਵਿਸ਼ਵਾਸ ਨਾਲ਼ੋ ਜ਼ਿਆਦਾ ਧਰਵਾਸ ਬਣਦੀ ਐ, ਰਮਣੀਕ…! ਮੈਂ ਤਾਂ ਸਾਰੀ ਜ਼ਿੰਦਗੀ ਤੇਰੀ ਆਂ, ਜਦੋਂ ਮਰਜ਼ੀ ਆ ਕੇ ਸਾਂਭ ਲਵੀਂ…!” ਉਹ ਤੋਰੀ ਦੀ ਵੇਲ ਵਾਂਗ ਰਮਣੀਕ ਦੀ ਹਿੱਕ ਨਾਲ਼ ਲੱਗੀ, ਕਿਸੇ ਵੇਗ ਵਿਚ ਗੱਲਾਂ ਕਰ ਰਹੀ ਸੀ। …ਤੇ ਉਹ ਸਿਸਕੀਆਂ ਭਰਦੇ ਇੱਕ-ਦੂਜੇ ਤੋਂ ਵੱਖ ਹੋਏ ਸਨ। ਉਹਨਾਂ ਦੇ ਦਿਲਾਂ ਦੀ ਉਦਾਸੀ ਦੀ ਕੋਈ ਹੱਦ ਨਹੀਂ ਸੀ।
    ਅਗਲੇ ਦਿਨ ਸ਼ਾਮ ਨੂੰ ਰਮਣੀਕ ਜਰਮਨੀ ਨੂੰ ਉਡਾਰੀ ਮਾਰ ਗਿਆ ਸੀ।

    PUNJ DARYA

    Leave a Reply

    Latest Posts

    error: Content is protected !!