ਪੁਲਿਸ ਵੱਲੋਂ ਕੇਸ ਦਰਜ
ਅਸ਼ੋਕ ਵਰਮਾ
ਬਠਿੰਡਾ,18 ਜੁਲਾਈ: ਬਠਿੰਡਾ ਜਿਲੇ ਦੇ ਰਾਮਪੁਰਾ ਫੂਲ ਨੇੜਲੇ ਪਿੰਡ ਢਿਪਾਲੀ ਵਿਖੇ ਇੱਕ ਪਤੀ ਵੱਲੋਂ ਆਪਣੀ ਪਤਨੀ ਅਤੇ ਉਸ ਦੇ ਪ੍ਰੇਮੀ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦਾ ਕਾਰਨ ਦੋਵਾਂ ਵਿਚਕਾਰ ਕਥਿਤ ਨਜਾਇਜ ਸਬੰਧ ਦੰਸੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਰਤਕ ਰਜਿੰਦਰ ਸਿੰਘ ਉਰਫ ਰਾਜੂ (30) ਦੇ ਆਪਣੇ ਤਾਏ ਦੀ ਨੂੰਹ ਮਨਪ੍ਰੀਤ ਕੌਰ ਉਰਫ ਰੂਬੀ (28) ਨਾਲ ਪਿਛਲੇ ਕਰੀਬ ਦੋ ਸਾਲਾਂ ਤੋ ਕਥਿਤ ਨਜਾਇਜ਼ ਸਬੰਧ ਚਲੇ ਆ ਰਹੇ ਸਨ। ਇਸ ਮਾਮਲੇ ਨੂੰ ਲੈ ਕੇ ਰੂਬੀ ਦੇ ਪਤੀ ਬਲਦੇਵ ਸਿੰਘ ਨੇ ਕਈ ਵਾਰ ਆਪਣੀ ਪਤਨੀ ਨੂੰ ਸਮਝਾਇਆ ਸੀ ਪਰ ਉਹ ਰੁਕੀ ਨਹੀਂ। ਬਲਦੇਵ ਸਿੰਘ ਨੇ ਆਪਣੇ ਸਹੁਰਿਆਂ ਨੂੰ ਸੱਦਕੇ ਪਿੰਡ ਦੇ ਪਤਵੰਤੇ ਵਿਅਕਤੀਆਂ ਤੇ ਪੰਚਾਇਤ ਦੀ ਹਾਜਰੀ ’ਚ ਰਜਿੰਦਰ ਸਿੰਘ ਨੂੰ ਤਾੜਨਾ ਕੀਤੀ ਸੀ, ਪਰ ਦੋਵਾਂ ਜਾਣਿਆਂ ਨੇ ਕਿਸੇ ਦੀ ਗੱਲ ਨਾ ਮੰਨੀ ।
ਪਤਾ ਲੱਗਿਆ ਹੈ ਕਿ ਦੋਵਾਂ ਦੇ ਕਥਿਤ ਨਜਾਇਜ਼ ਸਬੰਧਾਂ ਤੋ ਤੰਗ ਆਕੇ ਸ਼ੁੱਕਰਵਾਰ ਰਾਤ ਨੂੰ ਕਰੀਬ 12 ਵਜੇ ਜਦੋਂ ਰਜਿੰਦਰ ਸਿੰਘ ਰੂਬੀ ਨੂੰ ਮਿਲਣ ਲਈ ਆਇਆ ਸੀ। ਦੋਵਾਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਦੇਖਦਿਆਂ ਹੀ ਬਲਦੇਵ ਸਿੰਘ ਨੇ ਘਰ ’ਚ ਪਏ ਕਸੀਏ ਨਾਲ ਦੋਵਾਂ ਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਦੋਵਾਂ ਨੂੰ ਗੰਭੀਰ ਚੋਟਾਂ ਆਈਆਂ ਅਤੇ ਦੋਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਨੂੰ ਦਿੱਤੇ ਬਿਆਨਾਂ ’ਚ ਮਿ੍ਰਤਕ ਦੇ ਭਰਾ ਇੰਦਰਜੀਤ ਸਿੰਘ ਨੇ ਦੱਸਿਆ ਹੈ ਕਿ ਉਸਦਾ ਭਰਾ ਰਜਿੰਦਰ ਸਿੰਘ ਟਰੱਕ ਡਰਾਇਵਰ ਹੈ ਜਿਸ ਦੇ ਮਨਪ੍ਰੀਤ ਕੌਰ ਨਾਲ ਕਥਿਤ ਨਜਾਇਜ਼ ਸਬੰਧ ਸਨ । ਉਨਾਂ ਦੱਸਿਆ ਕਿ 17 ਜੁਲਾਈ ਦੀ ਰਾਤ ਨੂੰ ਰਜਿੰਦਰ ਸਿੰਘ ਟਰੱਕ ਲਿਜਾਣ ਬਾਰੇ ਕਹਿਕੇ ਘਰ ਤੋਂ ਚਲਾ ਗਿਆ ਜਿਸ ਤੋਂ ਬਾਅਦ ਸਾਰਾ ਪਰਿਵਾਰ ਸੌਂ ਗਿਆ ।
ਕਰੀਬ ਬਾਰਾਂ ਵਜੇ ਅਚਾਨਕ ਗੁਆਂਢ ’ਚ ਰਹਿੰਦੇ ਬਲਦੇਵ ਸਿੰਘ ਦੇ ਘਰੋਂ ਰੌਲਾ ਪੈਂਦਾ ਸੁਣਾਈ ਦਿੱਤਾ ਤਾਂ ਮੌਕੇ ਤੇ ਜਾ ਕੇ ਦੇਖਿਆ ਕਿ ਬਲਦੇਵ ਸਿੰਘ ਅਤੇ ਉਸ ਦਾ ਭਰਾ ਜਗਦੇਵ ਸਿੰਘ ਦੋਵੇਂ ਕਹੀ ਨਾਲ ਮਨਪ੍ਰੀਤ ਕੌਰ ਅਤੇ ਰਜਿੰਦਰ ਸਿੰਘ ਤੇ ਵਾਰ ਕਰ ਰਹੇ ਸਨ । ਉਨਾਂ ਦੱਸਿਆ ਕਿ ਜਦੋਂ ਉਨਾਂ ਨੂੰ ਲਲਕਾਰਿਆ ਗਿਆ ਤਾਂ ਦੋਵੇਂ ਭਰਾ ਵਾਰਦਾਤ ਵਾਲੀ ਥਾਂ ਤੋ ਫਰਾਰ ਹੋ ਗਏ । ਉਨਾਂ ਦੱਸਿਆ ਕਿ ਜਦੋਂ ਨਜ਼ਦੀਕ ਤੋਂ ਦੇਖਿਆ ਤਾਂ ਪਤਾ ਲੱਗਿਆ ਕਿ ਮਨਪ੍ਰੀਤ ਕੌਰ ਅਤੇ ਰਜਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ । ਇਸ ਦੀ ਸੂਚਨਾ ਅਸੀ ਪਿੰਡ ਦੀ ਸਰਪੰਚ ਸ਼ਿੰਦਰਪਾਲ ਕੌਰ ਨੂੰ ਦਿੱਤੀ ਜਿੰਨਾਂ ਅੱਗਿਓਂ ਪੁਲਿਸ ਨੂੰ ਸੂਚਿਤ ਕੀਤਾ । ਪੁਲਿਸ ਨੇ ਸਿਵਲ ਹਸਪਤਾਲ ਰਾਮਪੁਰਾ ਤੋਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ਾਂ ਵਾਰਿਸਾਂ ਹਵਾਲੇ ਕਰ ਦਿੱਤੀਆਂ ਹਨ।
ਥਾਣਾ ਫੂਲ ਟਾਊਨ ਦੇ ਮੁੱਖ ਥਾਣਾ ਅਫਸਰ ਹਰਬੰਸ ਸਿੰਘ ਦਾ ਕਹਿਣਾ ਸੀ ਕਿ ਇਨਾਂ ਕਤਲਾਂ ਸਬੰਧੀ ਦੋ ਜਣਿਆਂ ਖਿਲਾਫ ਮੁਕੱਦਮਾ ਨੰਬਰ 78 ਧਾਰਾ 302,34 ਤਹਿਤ ਦਰਜ ਕਰ ਲਿਆ ਹੈ। ਉਨਾਂ ਦੱਸਿਆ ਕਿ ਫਿਲਹਾਲ ਇਸ ਮਾਮਲੇ ’ਚ ਕੋਈ ਗਿ੍ਰਫਤਾਰੀ ਨਹੀਂ ਹੋਈ ਹੈ ਪਰ ਜਲਦੀ ਹੀ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਜਾਏਗਾ। ਉਨਾਂ ਦੱਸਿਆ ਕਿ ਮੁਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮਰਨ ਵਾਲਿਆਂ ਦੇ ਪਿਛਲੇ ਕੁੱਝ ਸਮੇਂ ਤੋਂ ਆਪਸ ’ਚ ਕਥਿਤ ਨਜਾਇਜ ਸਬੰਧ ਸਨ।