ਅਸ਼ੋਕ ਵਰਮਾ
ਬਠਿੰਡਾ 16 ਜੁਲਾਈ : ਪੰਜਾਬ ਖੇਤ ਮਜਦੂਰ ਯੂਨੀਅਨ ਨੇ ਕਰੋਨਾ ਮਹਾਂਮਾਰੀ ਕਾਰਨ ਠੱਪ ਹੋਏ ਕੰਮਾਂ ਕਰਕੇ ਕਿਸ਼ਤਾਂ ਭਰਨ ਤੋਂ ਅਸਮਰੱਥ ਖੇਤ ਮਜਦੂਰਾਂ ਤੋਂ ਜਬਰੀ ਕਿਸ਼ਤਾਂ ਭਰਾਉਣ ਵਾਲੀਆਂ ਫਾਈਨਾਸ ਕੰਪਨੀਆਂ ਦੇ ਕਰਿੰਦਿਆਂ ਨੂੰ ਪਿੰਡਾਂ ਵਿੱਚ ਘੇਰਨ ਦਾ ਐਲਾਨ ਕੀਤਾ ਹੈ। ਪਿੰਡ ਜੇਠੂਕੇ ਵਿੱਚ ਹੋਈ ਖੇਤ ਮਜਦੂਰਾਂ ਦੀ ਮੀਟਿੰਗ ਨੂੰ ਸਬੋਧਨ ਕਰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਸਰਕਾਰ ਦੀ ਸ਼ਹਿ ’ਤੇ ਪ੍ਰਾਈਵੇਟ ਕੰਪਨੀਆਂ ਸ਼ਰੇਆਮ ਔਰਤਾਂ ਨੂੰ ਘਰੇਲੂ ਸਮਾਨ ਚੁੱਕ ਲੈ ਜਾਣ ਦੀਆਂ ਧਮਕੀਆਂ ਦੇ ਰਹੀਆਂ ਹਨ । ਉਨਾਂ ਕਿਹਾ ਕਿ ਹੁਣ ਜਦੋਂ ਕਿਸਾਨ ਤੇ ਖੇਤ ਮਜਦੂਰ ਆਪਣੀਆਂ ਹੱਕੀ ਮੰਗਾਂ ਦੀ ਖਾਤਰ ਸੰਘਰਸ਼ ਕਰਨ ਲਈ ਮੈਦਾਨ ਵਿੱਚ ਨਿੱਤਰ ਰਹੇ ਹਨ ਤਾਂ ਸਰਕਾਰ ਨੇ ਕਰੋਨੇ ਦੇ ਬਹਾਨੇ ਜਨਤਕ ਇਕੱਠਾਂ ’ਤੇ ਪਾਬੰਦੀਆਂ ਲਾਕੇ ਇਨਾਂ ਸੰਘਰਸ਼ਾਂ ਨੂੰ ਫੇਲ ਕਰਨ ਦੀ ਚਾਲ ਚੱਲੀ ਹੈ ਜਿਸ ਦਾ ਜਵਾਬ ਆਪਣੇ ਇਕੱਠਾਂ ਦੇ ਜੋਰ ’ਤੇ ਦਿੱਤਾ ਜਾਏਗਾ।
ਉਨਾਂ ਕਿਹਾ ਕਿ ਸੂਬਾ ਕਮੇਟੀ ਦੇ ਸੱਦੇ ਤਹਿਤ 20 ਜੁਲਾਈ ਨੂੰ ਐਸ ਡੀ ਐਮ ਫੂਲ ਦੇ ਦਫਤਰ ਅੱਗੇ ਮਾਈਕਰੋਫਾਈਨਾਸ ਕੰਪਨੀਆਂ ਵੱਲੋਂ ਦਿੱਤੇ ਕਰਜ਼ੇ ਨੂੰ ਮਾਫ ਕਰਵਾਉਣ, ਕੰਪਨੀਆਂ ਵੱਲੋਂ ਕਿਸ਼ਤਾਂ ਨਾ ਮੋੜਨ ਵਾਲਿਆਂ ਦਾ ਘਰੇਲੂ ਸਮਾਨ ਜਬਤ ਕਰਨ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਦੇਣ ਵਾਲਿਆਂ ’ਤੇ ਕੇਸ ਦਰਜ ਕਰਵਾਉਣ, ਜਨਤਕ ਵੰਡ ਪ੍ਰਣਾਲੀ ਰਾਹੀਂ ਘਰੇਲੂ ਵਰਤੋਂ ਦੀਆਂ ਸਾਰੀਆਂ ਵਸਤਾਂ ਸਰਕਾਰੀ ਡੀਪੂਆਂ ਤੋਂ ਦੇਣਾ ਯਕੀਨੀ ਬਣਾਉਣ,ਕੱਟੇ ਨੀਲੇ ਕਾਰਡ ਚਾਲੂ ਕਰਵਾਉਣ,10-10 ਮਰਲੇ ਦੇ ਪਲਾਟ ਲੈਣ,ਮਜਦੂਰਾਂ ਦੇ ਬਿਜਲੀ ਬਿੱਲਾਂ ਦੀ ਮਾਫੀ ਕਰਵਾਉਣ ਆਦਿ ਮੰਗਾਂ ਸਬੰਧੀ ਧਰਨਾ ਲਾਇਆ ਜਾਵੇਗਾ । ਉਨਾਂ ਖੇਤ ਮਜਦੂਰਾਂ ਨੂੰ ਪਰਿਵਾਰਾਂ ਸਮੇਤ ਧਰਨੇ ਵਿੱਚ ਪੁੱਜਣ ਦੀ ਅਪੀਲ ਕੀਤੀ ਤਾਂ ਜੋ ਸਰਕਾਰੀ ਅਤੇ ਮਾਈਕਰੋ ਫਾਇਨਾਂਸ ਕੰਪਨੀਆਂ ਦੇ ਹੱਲਿਆਂ ਨੂੰ ਪਛਾੜਿਆ ਜਾ ਸਕੇ। ਮੀਟਿੰਗ ਵਿੱਚ ਖੇਤ ਮਜਦੂਰ ਆਗੂ ਰੱਖਾ ਸਿੰਘ,ਚਮਕੌਰ ਸਿੰਘ,ਗੌਬਿੰਦ ਸਿੰਘ,ਬਲਵੰਤ ਸਿੰਘ, ਸਿਕੰਦਰ ਸਿੰਘ,ਸੁਖਦੇਵ ਸਿੰਘ ਤੇ ਬਾਬੂ ਸਿੰਘ ਆਦਿ ਵੀ ਸ਼ਾਮਲ ਸਨ ।