13.1 C
United Kingdom
Sunday, June 7, 2026

More

    ਬਠਿੰਡਾ ਪੁਲਿਸ ਵੱਲੋਂ ਕਰੋਨਾ ਨੇਮਾਂ ਦੀ ਉਲੰਘਣਾ ਕਰਨ ਤੇ ਕਾਨੂੰਨੀ ਜੱਫੇ

    ਅਸ਼ੋਕ ਵਰਮਾ
    ਬਠਿੰਡਾ, 16ਜੁਲਾਈ। ਕੈਪਟਨ ਸਰਕਾਰ ਵੱਲੋਂ ਦੋ ਦਿਨ ਪਹਿਲਾਂ ਲਾਕਡਾਉਨ ਸਬੰਧੀ ਜਾਰੀ ਨਵੀਆਂ ਹਦਾਇਤਾਂ ਮਗਰੋਂ ਬਠਿੰਡਾ ਪੁਲੀਸ ਸਖਤੀ ਦੇ ਰੌਂਅ ’ਚ ਆ ਗਈ ਹੈ। ਪੁਲਿਸ ਨੇ ਬੁੱਧਵਾਰ ਨੂੰ ਸ਼ਹਿਰ ਵਿੱਚ ਕਰੋਨਾਂ ਵਾਇਰਸ ਸਬੰਧੀ ਨਿਯਮਾਂ ਅਤੇ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਕਰੀਬ 4 ਦਰਜਨ ਵਿਅਕਤੀਆਂ ਖਿਲਾਫ ਵੱਖ ਵੱਖ ਥਾਣਿਆਂ ’ਚ 32 ਪੁਲਿਸ ਕੇਸ ਦਰਜ ਕੀਤੇ ਹਨ। ਇੰਨਾਂ ਮਾਮਲਿਆਂ ਚੋਂ  ਅੱਧੀ ਦਰਜਨ ਕੇਸਾਂ ’ਚ ਧਾਰਾ 188 ਦੇ ਨਾਲ ਨਾਲ ਸੈਕਸ਼ਨ 51 ਡੀਐਮ ਐਕਟ ਤੋਂ ਇਲਾਵਾ ਧਾਰਾ 269 ਤੇ 270 ਵੀ ਲਾਈਆਂ ਗਈਆਂ ਹਨ। ਇੰਨਾਂ ਧਾਰਾਵਾਂ ਤਹਿਤ ਸਜਾ ਵੀ ਕੀਤੀ ਜਾ ਸਕਦੀ ਹੈ। ਅਹਿਮ ਤੱਥ ਹੈ ਕਿ ਇੰਨਾਂ ’ਚ ਮਾਸਕ ਨਾ ਪਾਉਣ ਅਤੇ ਸਮਾਜਿਕ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕ ਸ਼ਾਮਲ ਹਨ ਜਿੰਨਾਂ ਖਿਲਾਫ਼ ਪੁਲਿਸ ਨੇ ਏਨੀ ਸਖਤ ਕਾਰਵਾਈ  ਕੀਤੀ ਹੈ। ਵਿਸ਼ੇਸ਼ ਪਹਿਲੂ ਹੈ ਕਿ ਪਹਿਲਾਂ ਇਨਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਸਿਰਫ ਚਲਾਨ ਕਰਕੇ ਜ਼ਰਮਾਨਾ ਵਸੂਲਿਆ ਜਾਂਦਾ ਸੀ। ਜਦੋਂ ਲੋਕਾਂ ਨੇ ਨਿਯਮਾਂ ਨੂੰ ਗੰਭੀਰਤਾ ਨਾਲ ਨਾਂ ਲਿਆ ਜਿਸ ਦਾ ਸਿੱਟਾ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੀ ਗਿਣਤੀ ਵਧਣ ਦੇ ਰੂਪ ’ਚ ਸਾਹਮਣੇ ਆਇਆ ਹੈ।  
                      ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਸਮਾਜਿਕ ਦੂਰੀ ਦੇ ਨਿਯਮ ਨੂੰ ਸਖਤੀ ਨਾਲ ਲਾਗੂ ਕਰਵਾਉਣ ਲਈ ਪੰਜਾਬ ਪੁਲਿਸ ਨੂੰ ਹੁਣ ਮੁਕੱਦਮੇ ਦਰਜ਼ ਕਰਨ ਦੇ ਹੁਕਮ ਦਿੱਤੇ ਗਏ ਹਨ। ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ’ਚ ਲਾਈਨੋ ਪਾਰ ਇਲਾਕਾ ਸਾਹਮਣੇ ਆਇਆ ਹੈ ਜੋਕਿ ਥਾਣਾ ਕੈਨਾਲ ਕਲੋਨੀ ਅਧੀਨ ਆਉਂਦਾ ਹੈ। ਇਸ ਇਕੱਲੇ ਥਾਣੇ ’ਚ 8 ਮੁਕੱਦਮੇ ਦਰਜ ਕੀਤੇ ਗਏ ਹਨ। ਇੰਨਾਂ ਚੋਂ ਇੱਕ ਕੇਸ 10 ਵਿਅਕਤੀਆਂ ਖਿਲਾਫ ਦਰਜ ਹੋਇਆ ਹੈ ਜਿੰਨਾਂ ’ਚ ਇੱਕ ਪਿਓ ਪੁੱਤ ਵੀ ਹਨ। ਥਾਣਾ ਸਦਰ ਬਠਿੰਡਾ ਅਤੇ ਥਾਣਾ ਨੇਹੀਆਂ ਵਾਲਾ ’ਚ ਤਿੰਨ ਤਿੰਨ ਕੇਸ ਦਰਜ ਕੀਤੇ ਗਏ ਹਨ। ਥਾਣਾ ਕੋਤਵਾਲੀ ਅਤੇ ਥਾਣਾ ਤਲਵੰਡੀ ਸਾਬੋ ’ਚ ਦੋ-ਦੋ ਤੋਂ ਇਲਾਵਾ ਥਾਣਾ ਦਿਆਲਪੁਰਾ,ਸਦਰ ਰਾਮਪੁਰਾ,ਥਾਣਾ ਬਾਲਿਆਂ ਵਾਲੀ,ਥਾਣਾ ਸੰਗਤ ਅਤੇ ਥਾਣਾ ਨੰਦਗੜ ’ਚ ਇੱਕ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਖਤਰੇ ਨੂੰ ਮਹਿਸੂਸ ਕਰਦਿਆਂ ਅਤੇ ਆਮ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਏਗਾ। ਉਨਾਂ ਆਖਿਆ ਕਿ ਜੋ ਵੀ ਵਿਅਕਤੀ ਮਾਸਕ ਨਹੀਂ ਪਹਿਨਦਾ ਅਤੇ ਸਮਾਜਿਕ ਦੂਰੀ ਨਹੀਂ ਬਣਾਉਂਦਾ ਤਾਂ ਉਹ ਆਪਣੇ ਨਾਲ ਨਾਲ ਦੂਸਰਿਆਂ ਲਈ ਖਤਰਾ ਬਣਦਾ ਹੈ  ਜੋਕਿ ਚਿੰਤਾਜਨਕ ਹੈ।                  
                     ਓਧਰ ਬਠਿੰਡਾ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਪੁਲਿਸ ਨੇ ਜਾਗਰੂਕਤਾ ਮੁਹਿੰਮ ਵੀ ਚਲਾਈ ਅਤੇ ਕਰੋਨਾ ਵਾਇਰਸ ਸਬੰਧੀ ਜਾਰੀ ਜਿਲਾ ਮੈਜਿਸਟਰੇਟ ਦੇ ਹੁਕਮਾਂ ਤੋਂ ਆਕੀ ਲੋਕਾਂ ਦੀ ਵੀ ਚੰਗੀ ਲਾਹ ਪਾਹ ਕੀਤੀ। ਇੱਕ ਪਾਸ਼ ਕਲੋਨੀ ’ਚ ਤਾਂ ਕਾਨੂੰਨ ਝਾਂੜਨ ਵਾਲੇ ਨੌਜਵਾਨਾਂ ਨੂੰ ਪੁਲਿਸ ਮੁਲਾਜਮਾਂ ਨੇ ਅਨੁਸ਼ਾਸ਼ਨ ਦਾ ਪਾਠ ਪੜਾਇਆ। ਜਦੋਂ ਉਨਾਂ ਨੂੰ ਪੁਲਿਸ ਕੇਸ ਦਰਜ ਕਰਨ  ਅਤੇ ਸਜ਼ਾ ਬਾਰੇ ਦੱਸਿਆ ਤਾਂ ਉਸ ਨੇ ਮੁਆਫੀ ਮੰਗ ਕੇ ਖਹਿੜਾ ਛੁਡਾਇਆ।  ਪੁਲਿਸ ਮੁਲਾਜਮਾਂ ਨੇ ਕਿਹਾ ਕਿ ਸਰਕਾਰ ਉਨਾਂ ਦੀ ਭਲਾਈ ਲਈ ਕਾਇਦੇ ਕਾਨੂੰਨ ਬਣਾ ਰਹੀ ਹੈ ਫਿਰ ਵੀ ਲੋਕ ਸਮਝ ਨਹੀਂ ਰਹੇ ਜੋ ਮਾੜੀ ਗੱਲ ਹੈ।  ਉਨਾਂ ਆਖਿਆ ਕਿ ਕਰੋਨਾ ਦੇ ਕੇਸਾਂ ’ਚ ਵਾਧਾ ਹੋਣ ਦਾ ਵੱਡਾ ਕਾਰਨ ਆਮ ਲੋਕਾਂ ਦਾ ਬਿਨਾਂ ਮਤਲਬ ਸੜਕਾਂ ਤੇ ਘੁੰਮਣ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣਾ ਨਾ ਕਰਨਾ ਹੈ। ਪੁਲਿਸ ਮੁਲਾਜਮਾਂ  ਦਾ ਕਹਿਣਾ ਹੈ ਕਿ ਕੁਝ ਨੌਜਵਾਨ ਸ਼ਹਿਰ ਵਿੱਚ ਬਿਨਾਂ ਮਾਸਕ ਪਾਇਆਂ ਘੁੰਮ ਰਹੇ ਸਨ ਜਦੋਂਕਿ ਕਈਆਂ ਵੱਲੋਂ ਪੰਜ ਤੋਂ ਵੱਧ ਬੰਦਿਆਂ ਦੇ ਇਕੱਠੇ ਹੋਣ ਤੇ ਲੱਗੀ ਰੋਕ ਦੀ ਦੀ ਉਲੰਘਣਾ ਕੀਤੀ ਜਾ ਰਹੀ ਸੀ। ਸ਼ਹਿਰ ’ਚ ਹੀ ਕੁੱਝ ਥਾਵਾਂ ਤੇ ਮੁਲਾਜਮਾਂ ਨੇ ਘੁੰਮਦੇ ਨੌਜਵਾਨਾਂ ਦੀ ਖਿਚਾਈ ਵੀ ਕੀਤੀ।
                                   ਨਿਯਮਾਂ ਦੀ ਉਲੰਘਣਾ ਬਰਦਾਸ਼ਤ ਨਹੀਂ–ਐਸਐਸਪੀ
    ਸੀਨੀਅਰ ਪੁਲਿਸ ਕਪਤਾਨ ਬਠਿੰਡਾ ਡਾ ਨਾਨਕ ਸਿੰਘ ਦਾ ਕਹਿਣਾ ਸੀ ਕਿ ਕਰੋਨਾ ਵਾਇਰਸ ਸਬੰਧੀ ਬਣੇ ਨਿਯਮਾਂ ਅਤੇ ਜਿਲਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੀ ਆਗਿਆ ਨਹੀਂ ਦਿੱਤੀ ਜਾਏਗੀ। ਉਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਅਜਿਹਾ ਕਰਦਾ ਪਾਇਆ ਗਿਆ ਤਾਂ ਪੁਲਿਸ ਕੇਸ ਦਰਜ ਕੀਤੇ ਜਾਣਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!