12.4 C
United Kingdom
Monday, May 20, 2024

More

    ਥਰਮਲ ਪਲਾਂਟ ਦਾ ਢਹਿਣਾ ਪੰਜਾਬ ਦੇ ਉਜਾੜੇ ਦੀ ਦਾਸਤਾਨ – ਹਰਸਿਮਰਤ

    ਅਸ਼ੋਕ ਵਰਮਾ                
    ਬਠਿੰਡਾ, 16 ਜੁਲਾਈ:  ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਨੂੰ ਲੈ ਕੇ ਪੰਜਾਬ ਦੀ ਕਾਂਗਰਸ ਸਰਕਾਰ ਇੱਕ ਵਾਰ ਫ਼ੇਰ ਬੁਰੀ ਤਰਾਂ ਆਲੋਚਨਾ ਦਾ ਸਾਹਮਣਾ ਕਰ ਰਹੀ ਹੈ। ਅਖ਼ਬਾਰ ‘ਚ ਥਰਮਲ ਪਲਾਂਟ ਨੂੰ ਢਹਿ-ਢੇਰੀ ਕਰਨ ਦੇ ਟੈਂਡਰ ਨੋਟਿਸ ਦਾ ਸਖ਼ਤ ਨੋਟਿਸ ਲੈਂਦਿਆਂ, ਕੇਂਦਰੀ ਮੰਤਰੀ ਅਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਸੂਬਾ ਸਰਕਾਰ ਨੂੰ ਘਰਦਿਆਂ ਕਿਹਾ ਹੈ ਕਿ ਜਿਹੜੇ ਸਾਲ ‘ਚ ਦੁਨੀਆ ਭਰ ਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੀ ਹੈ, ਉਸੇ ਸਾਲ ‘ਚ ਸੂਬਾ ਸਰਕਾਰ ਨੇ ਥਰਮਲ ਪਲਾਂਟ ਨੂੰ ਢਹਿ-ਢੇਰੀ ਕਰਨ ਦਾ ਫ਼ੈਸਲਾ ਕਰਕੇ ਦੁਨੀਆ ਭਰ ਦੀ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਮਾਰੀ ਹੈ।  
                      ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਕਰੜੇ ਹੱਥੀਂ ਲੈਂਦਿਆਂ ਸ਼੍ਰੀਮਤੀ ਬਾਦਲ ਨੇ ਕਿਹਾ ਕਿ ਸੱਤਾ ਦੇ ਲਾਲਚ ਵਿੱਚ ਵੋਟਾਂ ਬਟੋਰਨ ਦੇ ਮੰਤਵ ਨਾਲ ਪਹਿਲਾਂ ਕਾਂਗਰਸ ਨੇ ਇਹ ਭਰੋਸਾ ਦਿੱਤਾ ਕਿ ਥਰਮਲ ਪਲਾਂਟ ਨੂੰ ਨਿਰਵਿਘਨ ਚਲਾਇਆ ਜਾਵੇਗਾ, ਪਰ ਸੱਤਾ ‘ਤੇ ਕਾਬਜ਼ ਹੁੰਦਿਆਂ ਹੀ ਉਨਾਂ ਪਹਿਲਾਂ ਇਸ ਨੂੰ ਬੰਦ ਕਰਨ ਦਾ ਗ਼ੈਰ-ਵਾਜਿਬ ਫ਼ੈਸਲਾ ਲਿਆ ਅਤੇ ਹੁਣ ਇਸ ਨੂੰ ਢਾਹੁਣ ਦੀ ਤਿਆਰੀ ਕੀਤੀ ਜਾ ਰਹੀ ਹੈ ਜੋ ਕਿ ਅਤਿ ਨਿੰਦਣਯੋਗ ਹੈ। ਸ਼੍ਰੀਮਤੀ ਬਾਦਲ ਨੇ ਅੱਗੇ ਕਿਹਾ ਕਿ ਪਹਿਲਾਂ ਸੂਬਾ ਸਰਕਾਰ ਨੇ ਪੰਜਾਬ ਦੇ ਖ਼ਜ਼ਾਨੇ ਦੀ ਵਰਤੋਂ ਪਾਰਟੀ ਆਗੂਆਂ ਨੂੰ ਸੱਤਾ ਸੁੱਖ ਦੇਣ ਲਈ ਕੀਤੀ ਜਿਸ ਦੀ ਭਰਪਾਈ ਲਈ ਸਰਕਾਰ ਨੇ ਲੋਕਾਂ ਉੱਤੇ ਮਹਿੰਗੀ ਬਿਜਲੀ ਦਾ ਬੇਲੋੜਾ ਬੋਝ ਪਾਇਆ ਹੈ।
    ਉਨਾਂ ਆਖਿਆ ਕਿ ਉਸ ਤੋਂ ਬਾਅਦ ਕੇਂਦਰ ਵੱਲੋਂ ਆਏ ਰਾਸ਼ਨ ‘ਚ ਕਥਿਤ ਘੁਟਾਲਾ ਕਰਕੇ ਗ਼ਰੀਬਾਂ ਤੇ ਲੋੜਵੰਦਾਂ ਦੇ ਹੱਕ ਦੇ ਰਾਸ਼ਨ ਰਾਹੀਂ ਆਪਣੀਆਂ ਜੇਬਾਂ ਭਰਨ ਲੱਗਿਆਂ ਵੀ ਸੰਕੋਚ ਨਹੀਂ ਕੀਤਾ। ਸ਼੍ਰੀਮਤੀ ਬਾਦਲ ਨੇ ਕਿਹਾ ਕਿ ਸ਼ਾਸਨ ਕਾਲ ਦਾ ਖ਼ਾਤਮਾ ਹੁੰਦਾ ਦੇਖ ਸੂਬਾ ਸਰਕਾਰ ਹਰ ਹੀਲੇ ਆਪਣੀਆਂ ਜੇਬਾਂ ਭਰਨ ‘ਤੇ ਉਤਾਰੂ ਹੋਈ ਹੈ, ਅਤੇ ਥਰਮਲ ਪਲਾਂਟ ਨੂੰ ਢਾਹੁਣ ਦਾ ਫ਼ੈਸਲਾ ਇਸੇ ਤਹਿਤ ਲਿਆ ਗਿਆ ਹੈ। ਸ਼੍ਰੀਮਤੀ ਬਾਦਲ ਨੇ ਕਿਹਾ ਕਿ ਅਜਿਹੇ ਫ਼ੈਸਲੇ ਪੰਜਾਬ ਦੇ ਉਜਾੜੇ ਦੇ ਕੌੜੇ ਸੱਚ ਦਾ ਪ੍ਰਗਟਾਵਾ ਕਰਦੇ ਹਨ।    

    PUNJ DARYA

    Leave a Reply

    Latest Posts

    error: Content is protected !!