ਫਰੀਦਕੋਟ (ਪੰਜ ਦਰਿਆ ਬਿਊਰੋ)

ਸ਼੍ਰੋਮਣੀ ਸ਼ਹੀਦ, ਮਹਾਨ ਜਰਨੈਲ ਤੇ ਬਾਣੀਕਾਰ ਬਾਬਾ ਜੀਵਨ ਸਿੰਘ ( ਭਾਈ ਜੈਤਾ ਜੀ) ਜੀ ਦੀ ਲਾਸਾਨੀ ਕੁਰਬਾਨੀ ਨੇ ਰੰਗ ਰੇਟੇ ਸਿੰਘਾਂ ਨੂੰ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀਆਂ ਅਪਾਰ ਬਖਸ਼ਿਸ਼ਾਂ ਸਦਕਾ ਸਿੱਖ ਇਤਿਹਾਸ ਵਿਚ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਅਮਰ ਬਣਾ ਦਿੱਤਾ। ਬਾਬਾ ਬੀਰ ਸਿੰਘ, ਬਾਬਾ ਧੀਰ ਸਿੰਘ, ਬਾਬਾ ਦੀਪ ਸਿੰਘ, ਬਾਬਾ ਬੰਦਾ ਸਿੰਘ ਬਹਾਦਰ ਤੇ ਸਰਦਾਰ ਹਰੀ ਸਿੰਘ ਨਲੂਆ ਰੰਗ ਰੇਟੇ ਸਿੰਘਾਂ ਦੇ ਉਹ ਮਹਾਨ ਯੋਧੇ ਹਨ ਜਿੰਨਾ ਨੂੰ ਗੁਰੂ ਸਾਹਿਬ ਦੀ ਅਪਾਰ ਕਿਰਪਾ ਪ੍ਰਾਪਤ ਹੋਈ। ਇਮਾਨਦਾਰ, ਵਫ਼ਾਦਾਰ ਤੇ ਸਿਰ ਲੱਥ ਕੌਮ ਨੇ ਕੂਟਨੀਤੀ ਤੋਂ ਕਦੇ ਸਹਾਰਾ ਨਹੀਂ ਲਿਆ । ਜਿਸ ਕਰਕੇ ਗੁਰੂ ਸਾਹਿਬ ਦੇ ਜਾਣ ਮਗਰੋਂ ਬਿਪਰਵਾਦ ਦੀ ਸੋਚ ਤੋਂ ਗ੍ਰਸਤ ਸਿੱਖੀ ਬਾਣੇ ਵਾਲਿਆਂ ਨੇ ਰੰਗ ਰੇਟੇ ਸਿੰਘਾਂ ਨੂੰ ਜਾਤ ਪਾਤ ਦੇ ਤਰਾਜੂ ਵਿੱਚ ਤੋਲਦਿਆਂ ਉਹਨਾਂ ਦੇ ਮਾਣ ਸਨਮਾਨ ਨੂੰ ਬੇਹੱਦ ਢਾਹ ਲਾਈ ਤੇ ਉਹਨਾਂ ਨੂੰ ਬਖਸ਼ਿਸ਼ਾਂ ਦੇ ਰੂਪ ਵਿਚ ਮਿਲੇ ਖਿਤਾਬਾਂ ਤੇ ਜੇਤੂ ਨਿਸ਼ਾਨੀਆਂ ਨੂੰ ਢਹਿ ਢੇਰੀ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਜਿਸ ਨਾਲ ਸਿੱਖੀ ਦੇ ਉੱਚੇ ਤੇ ਸੁੱਚੇ ਫ਼ਲਸਫ਼ੇ ਨੂੰ ਬੇਹੱਦ ਢਾਹ ਲੱਗੀ। ਨਫ਼ਰਤ ਤੇ ਊਚ ਨੀਚ ਦੇ ਅਣਮਨੁੱਖੀ ਵਰਤਾਰੇ ਕਾਰਨ ਦਿਨੋਂ ਦਿਨ ਸਿੱਖਾਂ ਦੀ ਘਟਦੀ ਗਿਣਤੀ ਪ੍ਰਤੀ ਸੁਚਾਰੂ ਤੇ ਸੁਹਿਰਦਤਾ ਭਰਪੂਰ ਸੁਨੇਹਾ ਦਿੰਦੇ ਗੀਤ ” ਰੋਲ ਦਿੱਤਾ ਰੰਗ ਰੇਟਾ” ਨੂੰ ਗਾਇਕ ਤੇ ਗੀਤਕਾਰ, ਚਿੰਤਕ, ਲੇਖਕ ਤੇ ਸਮਾਜ ਸੁਧਾਰਕ ਡਾਕਟਰ ਅਵਤਾਰ ਸਿੰਘ ਨੇ ਬਹੁਤ ਹੀ ਪ੍ਰਸ਼ੰਸ਼ਾਤਮਿਕ ਤਰੀਕੇ ਨਾਲ ਪੇਸ਼ ਕੀਤਾ ਹੈ। ਇਸ ਗੀਤ ਨੂੰ ਜੱਸ ਰਿਕਾਰਡਜ਼ ਮਿਊਜ਼ਿਕ ਕੰਪਨੀ ਵੱਲੋਂ ਡਿਵੋਸ਼ਨਲ ਸੀਰੀਜ਼ ਹੇਠ ਵਰਲਡ ਲੈਵਲ ਤੇ ਸ਼ੁਕਰਵਾਰ ਮਿਤੀ 17-7-2020 ਨੂੰ ਯੂ ਟਿਊਬ ਤੇ ਸੋਸ਼ਲ ਸਾਈਟਸ ਤੇ ਸਵੇਰੇ ਨੌਂ ਵਜੇ ਅਪਲੋਡ ਕਰ ਦਿੱਤਾ ਜਾਵੇਗਾ। ਇਸ ਗੀਤ ਦੀ ਸਮੁੱਚੀ ਟੀਮ ਸ. ਰਜਿੰਦਰ ਸਿੰਘ ਰਿਆੜ, ਸ. ਮੁਖਤਿਆਰ ਸਿੰਘ ( ਰਿਟਾਇਰਡ ਐੱਸ ਪੀ), ਸ. ਸੁਖਮੰਦਰ ਸਿੰਘ ਗੱਜਣਵਾਲਾ, ਮਾਸਟਰ ਪਰਮਪਾਲ ਸਿੰਘ ਰੂਬੀ, ਸ. ਬੱਲ, ਲਾਡੀ ਰੰਗ ਰੇਟਾ, ਨਿੰਦਰਪਾਲ਼ ਮਚਾਕੀ, ਅਜੇ ਤੇ ਅਭੈ ਅਟਵਾਲ, ਵੀਡੀਉ ਡਾਇਰੈਕਟਰ ਸ਼ਿੰਦਾ ਸਿੰਘ ਸ਼ਿੰਦਾ, ਕੈਮਰਾ ਮੈਂਨ ਰੋਹਿਤ ਅੰਗੁਰਾਲਾ, ਐਡੀਟਰ ਕੁਲਦੀਪ ਸ਼ਾਹਕੋਟ, ਮਾਸਟਰ ਲਖਵਿੰਦਰ ਜੀਤ, ਹਰਦੇਵ ਦੇਵ, ਸੰਗੀਤਕਾਰ ਕੇ ਬੀ ਬੀਟ, ਉੱਘੇ ਗਾਇਕ ਮੇਜਰ ਮਹਿਰਮ ਨੇ ਬਹੁਤ ਹੀ ਮਿਹਨਤ ਨਾਲ ਕੰਮ ਕੀਤਾ ਹੈ। ਜਾਤ ਪਾਤ ਤੇ ਊਚ ਨੀਚ ਦੀਆਂ ਨਫ਼ਰਤ ਭਰਪੂਰ ਕੁਰੀਤੀਆਂ ਤੇ ਕਰਾਰੀ ਚੋਟ ਕਰਦੇ ” ਰੋਲ ਦਿੱਤਾ ਰੰਗ ਰੇਟਾ” ਗੀਤ ਦੀ ਦਰਸ਼ਕਾਂ ਵੱਲੋੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।