ਸਹਿਰ ਦੀਆਂ ਸੜਕਾਂ ਦੇ ਨਵੀਨੀਕਰਨ ਤੇ ਖਰਚ ਕੀਤੇ ਜਾ ਰਹੇ ਹਨ 12 ਕਰੋੜ
ਮਲੇਰਕੋਟਲਾ: 15 ਜੁਲਾਈ (ਜਮੀਲ ਜੌੜਾ)

ਪੰਜਾਬ ਦੇ ਟ੍ਰਾਂਸਪੋਰਟ ਤੇ ਜਲ ਸਪਲਾਈ ਮੰਤਰੀ ਮੈਡਮ ਰਜ਼ੀਆਂ ਸੁਲਤਾਨਾ ਨੇ ਅੱਜ ਸਥਾਨਕ ਵਿਰੋਧੀ ਪਾਰਟੀਆਂ ਵੱਲੋਂ ਉੇਡਾਈਆਂ ਜਾ ਰਹੀਆਂ ਅਫਵਾਹਾਂ ਦਾ ਜੋਰਦਾਰ ਖੰਡਨ ਕਰਦਿਆਂ ਸ਼ਪੱਸ਼ਟ ਕੀਤਾ ਕਿ ਸ਼ਹਿਰ ਦੀਆਂ ਸੜਕਾਂ ਜੋ ਜਰਗ ਪੁਲ ਦੀ ਉਸਾਰੀ ਹੋਣ ਕਾਰਨ ਭਾਰੀ ਵਾਹਨ ਸ਼ਹਿਰ ਦੇ ਅੰਦਲੇ ਬਾਜ਼ਾਰਾਂ ਅਤੇ ਹੋਰਨਾਂ ਸ਼ੜਕਾਂ ਤੋਂ ਲੰਘਣ ਕਰਕੇ ਬੁਰੀ ਤਰ੍ਹਾਂ ਟੁੱਟ ਚੁਕੀਆਂ ਹਨ ਦੇ ਨਵੀਨੀਕਰਨ ਉਪੱਰ 12 ਕਰੋੜ ਰੁਪੈ ਦੀ ਰਾਸ਼ੀ ਖਰਚ ਕੀਤੀ ਜਾ ਰਹੀ ਹੈ ਤੇ ਇਹ ਰਾਸ਼ੀ ਨਗਰ ਕੋਂਸਲ ਮਾਲੇਰਕੋਟਲਾ ਪਾਸ ਪਹੁੰਚ ਚੁਕੀ ਹੈ ਤੇ ਇਸ ਕੰਮ ਲਈ ਟੈਂਡਰ ਵੀ ਮੰਗ ਲਏ ਗਏ ਹਨ ਜੋ 30 ਜੁਲਾਈ ਨੂੰ ਖੁਲਣਗੇ ਤੇ ਇਸ ਤੋਂ ਤੁਰੰਤ ਬਾਅਦ ਸੜਕਾਂ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਹੋ ਜਾਵੇਗਾ। ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਇਥੇ ਇਹ ਵੀ ਦੱਸਿਆ ਕਿ ਸ਼ਹਿਰ ਦੇ ਲੋਕਾਂ ਨੂੰ ਬਰਸਾਤੀ ਪਾਣੀ ਤੋਂ ਨਿਜਾਤ ਦਿਲਾਉਣ ਲਈ ਬਰਸਾਤੀ ਪਾਣੀ ਦੀ ਨਿਕਾਸੀ ਲਈ ਸਟੋਰਮ ਵਾਟਰ ਸੀਵਰੇਜ ਵੀ ਪਵਾਇਆ ਜਾ ਰਿਹਾ ਹੈ ਤੇ ਅਗਲੇ ਹਫਤੇ ਇਹ ਸਟੋਰਮ ਵਾਟਰ ਸੀਵਰੇਜ ਦਾ ਕੰਮ ਸ਼ੁਰੂ ਹੋ ਜਾਵੇਗਾ ਜਿਸ ਨਾਲ ਸਦੀਆਂ ਤੋਂ ਚੱਲਿਆ ਆ ਰਿਹਾ ਬਰਸਾਤੀ ਪਾਣੀ ਦਾ ਮਸਲਾ ਮੁਕੰਮਲ ਤੌਰ ਤੇ ਹੱਲ ਹੋ ਜਾਵੇਗਾ ।
ਇਸ ਮੌਕੇ ਮੈਡਮ ਰਜ਼ੀਆ ਸੁਲਤਾਨਾ ਨੇ ਜ਼ੌਰ ਦੇ ਕੇ ਦੋਹਰਾਇਆ ਕਿ ਜਿਥੇ ਉਹ ਆਪਣੇ ਚੋਣ ਵਾਅਦੇ ਮੁਤਾਬਿਕ ਮਲੇਰਕੋਟਲਾ ਨੂੰ ਜਿਲ੍ਹਾ ਅਤੇ ਮੈਡੀਕਲ ਕਾਲਜ ਬਣਾ ਕੇ ਹੀ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੋਟਾਂ ਮੰਗਣ ਲਈ ਅਵਾਮ ਕੋਲ ਜਾਵੇਗੀ।ਉਥੇ ਹੀ ਉਹਨਾਂ ਮਾਲੇਰਕੋਟਲਾ ਦੀਆਂ ਬੇਟੀਆਂ ਦੀ ਉਚ ਸਿਖਿਆ ਲਈ ਸਰਕਾਰੀ ਗਰਲਜ਼ ਕਾਲਜ ਮਨਜ਼ੂਰ ਕਰਵਾਕੇ ਸ਼ਹਿਰ ਨੂੰ ਇਕ ਤੋਹਫਾ ਦਿਤਾ ਹੈ ,ਇਹ ਗਰਲਜ਼ ਕਾਲਜ ਸ਼ਹਿਰ ਦੇ ਜਮਾਲਪੁਰਾ ਇਲਾਕੇ ਅੰਦਰ ਬਨਣ ਜਾ ਰਿਹਾ ਹੈ ਜਿਸ ਦੀ ਤਾਮੀਰ ਦਾ ਕੰਮ ਵੀ ਅਗਲੇ ਮਹੀਨੇ ਸ਼ੁਰੂ ਹੋ ਰਿਹਾ ਹੈ।ਉਹਨਾਂ ਦੱਸਿਆ ਕਿ ਕਾਲਜ ਲਈ ਖਰੀਦ ਕੀਤੀ ਜ਼ਮੀਨ ਉਚ ਸਿਖਿਆ ਵਿਭਾਗ ਦੇ ਨਾਮ ਹੋ ਚੁਕੀ ਹੈ ਤੇ ਪਹਿਲੇ ਪੜਾਅ ੱਿਵਚ ਕਾਲਜ ਤੇ 5 ਕਰੋੜ ਦੀ ਰਕਮ ਖਰਚ ਕੀਤੀ ਜਾ ਰਹੀ ਹੈ।
ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੇ ਕੋਵਿਡ-19 ਦੌਰਾਨ ਸਿਹਤ, ਸਿਵਲ ਤੇ ਪੁਲਿਸ ਪ੍ਰਸਾਸ਼ਨ ਵੱਲੋਂ ਆਮ ਲੋਕਾਂ ਦੀ ਸੇਵਾ ਵਿਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਲਈ ਪ੍ਰਸਾਸ਼ਨਿਕ ਅਧਿਕਾਰੀਆਂ ਦੀ ਸਲਾਘਾ ਕਰਦਿਆਂ ਕਿਹਾ ਕਿ ਇਕ ਪਾਸੇ ਸਮੁੱਚਾ ਪ੍ਰਸਾਸ਼ਨ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਦਿਨ ਰਾਤ ਇਕ ਕਰ ਰਿਹਾ ਹੈ ਦੂਜੇ ਪਾਸੇ ਸਹਿਰ ਦੇ ਕੁੱਝ ਸਰਾਰਤੀ ਅਨਸਰ ਅਜਿਹੇ ਨਾਜ਼ੁਕ ਮੌਕੇ ਵੀ ਆਪਣੀ ਹੋਛੀ ਸਿਆਸਤ ਚਮਕਾਉਣ ਤੋਂ ਬਾਜ ਨਹੀਂ ਆ ਰਹੇ। ਉਨ੍ਹਾਂ ਅਜਿਹੇ ਅਨਸਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਸਹਿਰ ਦੇ ਮਹੌਲ ਨੂੰ ਖਰਾਬ ਕਰਨ ਤੋਂ ਬਾਜ ਆਉਣ ਨਹੀਂ ਤਾਂ ਅਜਿਹੇ ਸਰਾਰਤੀਆਂ ਨਾਲ ਸਿੱਝਣ ਲਈ ਸਖਤੀ ਨਾਲ ਪੇਸ਼ ਆਇਆ ਜਾਵੇਗਾ। ਮੈਡਮ ਰਜ਼ੀਆ ਸੁਲਤਾਨਾ ਨੇ ਸਪੱਸਟ ਕੀਤਾ ਕਿ ਉਹ ਜਦੋਂ ਤੋਂ ਮਲੇਰਕੋਟਲਾ ਦੀ ਸਿਆਸਤ ਵਿਚ ਸਰਗਰਮ ਹੋਈ ਹੈ ਉਦੋਂ ਤੋਂ ਹੀ ਉਨ੍ਹਾਂ ਇਸ ਸਹਿਰ ਦੇ ਅਮਨ, ਸ਼ਾਂਤੀ, ਆਪਸੀ ਭਾਈਚਾਰੇ ਅਤੇ ਸਹਿਰ ਦੀਆਂ ਧਰਮ ਨਿਰਪੱਖ ਭਾਈਚਾਰਕ ਰਵਾਇਤਾਂ ਨੂੰ ਕਦੇ ਵੀ ਠੇਸ਼ ਨਹੀਂ ਲੱਗਣ ਦਿੱਤੀ। ਉਨ੍ਹਾਂ ਐਲਾਨ ਕੀਤਾ ਕਿ ਉਹ ਮਲੇਰਕੋਟਲਾ ਦੇ ਆਪਸੀ ਭਾਈਚਾਰਕ ਏਕੇ ਅਤੇ ਅਮਨ ਸ਼ਾਂਤੀ ਨਾਲ ਕਿਸੇ ਨੂੰ ਵੀ ਖੇਡਣ ਦੀ ਇਜਾਜਤ ਨਹੀਂ ਦੇਣਗੇ।
ਕੈਪਸਨ : ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ।