25.2 C
United Kingdom
Tuesday, June 23, 2026

More

    ਇਕੱਠ ’ਤੇ ਰੋਕਾਂ ਨੂੰ ਅਰਥੀਆਂ ਸਾੜਨ ਤੇ ਕੇਂਦਰੀ ਆਗੂਆਂ ਦੇ ਘਰਾਂ ਵੱਲ ਮਾਰਚ ਰਾਹੀਂ ਚੁਣੌਤੀ

    ਅਸ਼ੋਕ ਵਰਮਾ
    ਬਠਿੰਡਾ, 14 ਜੁਲਾਈ । ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਕਰੋਨਾ ਸੰਕਟ ਦੀ ਆੜ ’ਚ ਜਨਤਕ ਇਕੱਠਾਂ ’ਤੇ ਪਾਬੰਦੀ ਲਾਉਣ ਦੇ ਫੈਸਲੇ ਦੀ ਵੱਲੋਂ ਸਖਤ ਨਿਖੇਧੀ ਕੀਤੀ ਹੈ। ਜੱਥੇਬੰਦੀ ਨੇ ਪਿੰਡ-ਪਿੰਡ ਅਰਥੀ ਸਾੜ ਰੋਸ ਮੁਜ਼ਾਹਰਿਆਂ ਅਤੇ ਕੇਂਦਰੀ ਮੰਤਰੀਆਂ , ਭਾਜਪਾ-ਅਕਾਲੀ ਐਮ.ਪੀ. ਜਾਂ ਪਾਰਟੀ ਜ਼ਿਲਾ ਪ੍ਰਧਾਨ ਦੇ ਘਰਾਂ ਵੱਲ ਸਮੂਹਕ ਰੋਸ ਮਾਰਚ ਕਰਦਿਆਂ ਹੱਕੀ ਮੰਗਾਂ ਲਈ ਜਨਤਕ ਸੰਘਰਸ਼ ਬਾਕਾਇਦਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਅੱਜ ਇੱਥੇ ਇਸ ਸੰਬੰਧੀ ਜਾਰੀ ਕੀਤੇ ਗਏ ਸਾਂਝੇ ਪ੍ਰੈਸ ਬਿਆਨ ’ਚ ਕਿਹਾ ਗਿਆ ਹੈ ਕਿ ਬਿਨਾਂ ਸ਼ੱਕ ਇਕੱਠ ਸਮੇਂ ਕਰੋਨਾ ਸੰਬੰਧੀ ਸਿਹਤ ਸਾਵਧਾਨੀਆਂ ਦੀ ਬਾਕਾਇਦਾ ਪਾਲਣਾ ਪਹਿਲਾਂ ਵਾਂਗ ਜਾਰੀ ਰੱਖੀ ਜਾਵੇਗੀ।
                   ਉਹਨਾਂ ਦੋਸ਼ ਲਾਇਆ ਕਿ ਪਹਿਲਾਂ ਤਾਂ ਕਰੋਨਾ ਸੰਕਟ ਦੀ ਆੜ ਹੇਠ ਹੀ ਕੇਂਦਰ ਦੀ ਭਾਜਪਾ ਗੱਠਜੋੜ ਹਕੂਮਤ ਨੇ ਤਿੰਨ ਕਿਸਾਨ-ਉਜਾੜੂ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ 2020 ਮੜਨ ਦੇ ਐਲਾਨ ਕਰਨ ਤੋਂ ਇਲਾਵਾ ਤੇਲ ਕੰਪਨੀਆਂ ਨੂੰ ਖੁੱਲੀ ਛੁੱਟੀ ਦੇ ਕੇ ਪੈਟ੍ਰੋਲ, ਡੀਜ਼ਲ ਦੇ ਰੇਟ ਨਜਾਇਜ਼ ਹੀ ਲਗਾਤਾਰ ਅਸਮਾਨੀ ਚਾੜੇ ਜਾ ਰਹੇ ਹਨ ਜਿੰਨਾਂ ਕਾਰਨ ਮਹਿੰਗਾਈ ਅਸਮਾਨ ਛੂਹਣ ਲੱਗੀ ਹੈ। ਇਸੇ ਤਰਾਂ ਹੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਥਰਮਲ ਬਠਿੰਡਾ ਬੰਦ ਕਰਨ ਦਾ ਫੈਸਲਾ ਮੜਿਆ ਜਾ ਰਿਹਾ ਹੈ ਅਤੇ ਫਸਲਾਂ ਦੀ ਸਰਕਾਰੀ ਖਰੀਦ ਠੱਪ ਕਰਕੇ ਕਿਸਾਨਾਂ ਮਜ਼ਦੂਰਾਂ ਤੇ ਆਮ ਕਿਰਤੀਆਂ ਦਾ ਕਚੂੰਬਰ ਕੱਢਣ ਵਾਲੇ ਫੈਸਲੇ ਲਏ ਹਨ । ਉਨਾਂ ਆਖਿਆ ਕਿ ਇੰਨਾਂ ਫੈਸਲਿਆਂ ਖਿਲਾਫ ਜਾਨ-ਹੂਲਵੇਂ ਜਨਤਕ ਸੰਘਰਸ਼ ਸਮੇਂ ਦੀ ਅਣਸਰਦੀ ਲੋੜ ਬਣੀ ਹੋਈ ਹੈ।
            ਉਨਾਂ ਆਖਿਆ ਕਿ ਅਜਿਹੇ ਹਾਲਾਤਾਂ ਨੂੰ ਦੇਖਦਿਆਂ ਜਨਤਕ ਇਕੱਠਾਂ ’ਤੇ ਪਾਬੰਦੀ ਕਿਸੇ ਵੀ ਹਾਲਤ ’ਚ ਸਹਿਣ ਨਹੀਂ ਕੀਤੀ ਜਾਵੇਗੀ। ਉਨਾਂ ਐਲਾਨ ਕੀਤਾ ਕਿ ਪੰਜਾਬ ਦੇ ਕਿਸਾਨਾ ਮਜਦੂਰਾਂ ਵੱਲੋਂ ਪੁਲਿਸ ਕੇਸਾਂ ਸਮੇਤ ਹਰ ਕਿਸਮ ਦਾ ਹਕੂਮਤੀ ਜਬਰ ਵੀ ਸ਼ਾਂਤਮਈ ਜਨਤਕ ਸੰਘਰਸ਼ਾਂ ਰਾਹੀਂ ਠੱਲਿਆ ਜਾਵੇਗਾ। ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਦੇ ਕਿਸਾਨ ਮਾਰੂ ਫੈਸਲਿਆਂ ਵਿਰੁੱਧ ਪੰਜਾਬ ਦੀਆਂ 13 ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਉਲੀਕੇ ਹੋਏ 20 ਤੋਂ 26 ਜੁਲਾਈ ਤੱਕ ਪਿੰਡ-ਪਿੰਡ ਅਰਥੀ ਸਾੜ ਰੋਸ ਮੁਜ਼ਾਹਰਿਆਂ ਅਤੇ 27 ਜੁਲਾਈ ਨੂੰ ਕੇਂਦਰੀ ਮੰਤਰੀਆਂ ਜਾ ਭਾਜਪਾ-ਅਕਾਲੀ ਐਮ.ਪੀ. ਜਾਂ ਪਾਰਟੀ ਜ਼ਿਲਾ ਪ੍ਰਧਾਨ ਦੇ ਘਰਾਂ ਵੱਲ ਸਮੂਹਕ ਰੋਸ ਮਾਰਚ ਕਰਕੇ ਧਰਨੇ ਲਾਉਣ ਦਾ ਤਾਲਮੇਲਵਾਂ ਜਨਤਕ ਸੰਘਰਸ਼ ਪੂਰੇ ਜੀ-ਜਾਨ ਨਾਲ ਸਫ਼ਲ ਕਰਨ ਦਾ ਪੰਜਾਬ ਭਰ ਦੇ ਕਿਸਾਨਾਂ ਮਜ਼ਦੂਰਾਂ ਨੂੰ ਸੱਦਾ ਦਿੱਤਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!